Waqf amendment bill: ਮੁਲਤਵੀ ਪ੍ਰਸਤਾਵ ਨੂੰ ਰੱਦ ਕਰਨਾ ਨਿਰਾਸ਼ਾਜਨਕ: ਮਹਿਬੂਬਾ
ਸ਼੍ਰੀਨਗਰ, 7 ਅਪ੍ਰੈਲ
Waqf amendment bill: ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀਡੀਪੀ) ਦੀ ਮੁਖੀ ਮਹਿਬੂਬਾ ਮੁਫ਼ਤੀ ਨੇ ਸੋਮਵਾਰ ਨੂੰ ਵਕਫ਼ ਸੋਧ ਐਕਟ ’ਤੇ ਮੁਲਤਵੀ ਪ੍ਰਸਤਾਵ ਨੂੰ ਰੱਦ ਕਰਨ ਨੂੰ ਬਹੁਤ ਨਿਰਾਸ਼ਾਜਨਕ ਕਰਾਰ ਦਿੱਤਾ ਅਤੇ ਨੈਸ਼ਨਲ ਕਾਨਫਰੰਸ ਸਰਕਾਰ ’ਤੇ ਭਾਜਪਾ ਦੇ ਮੁਸਲਿਮ ਵਿਰੋਧੀ ਏਜੰਡੇ ਅੱਗੇ ਝੁਕਣ ਦਾ ਦੋਸ਼ ਲਗਾਇਆ। ਮੁਫ਼ਤੀ ਨੇ ਐਕਸ ਪੋਸਟ ਵਿਚ ਕਿਹਾ, "ਇਹ ਬਹੁਤ ਨਿਰਾਸ਼ਾਜਨਕ ਹੈ ਕਿ ਜੰਮੂ-ਕਸ਼ਮੀਰ ਵਿਧਾਨ ਸਭਾ ਦੇ ਸਪੀਕਰ ਨੇ ਵਕਫ਼ ਬਿੱਲ ’ਤੇ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਹੈ। ਮਜ਼ਬੂਤ ਲੋਕ ਫ਼ਤਵਾ ਪ੍ਰਾਪਤ ਕਰਨ ਦੇ ਬਾਵਜੂਦ ਸਰਕਾਰ ਭਾਜਪਾ ਦੇ ਮੁਸਲਿਮ ਵਿਰੋਧੀ ਏਜੰਡੇ ਅੱਗੇ ਪੂਰੀ ਤਰ੍ਹਾਂ ਝੁਕਿਆ ਜਾਪਦੀ ਹੈ ਅਤੇ ਦੋਵਾਂ ਧਿਰਾਂ ਨੂੰ ਖੁਸ਼ ਕਰਨ ਦੀ ਸੰਜੀਦਗੀ ਨਾਲ ਕੋਸ਼ਿਸ਼ ਕੀਤੀ ਜਾ ਰਹੀ ਹੈ।
ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਐੱਨਸੀ ਤਾਮਿਲਨਾਡੂ ਦੀ ਸਰਕਾਰ ਤੋਂ ਸਿੱਖ ਸਕਦੀ ਹੈ ਜਿਸਨੇ ਵਕਫ਼ ਬਿੱਲ ਦਾ ਸਖ਼ਤ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ, ‘‘ਜੰਮੂ-ਕਸ਼ਮੀਰ ਇਕੱਲਾ ਮੁਸਲਿਮ ਬਹੁਗਿਣਤੀ ਵਾਲਾ ਖੇਤਰ ਹੈ, ਇਹ ਚਿੰਤਾਜਨਕ ਹੈ ਕਿ ਕਥਿਤ ਤੌਰ ’ਤੇ ਲੋਕ-ਕੇਂਦ੍ਰਿਤ ਸਰਕਾਰ ਵਿਚ ਇਸ ਮਹੱਤਵਪੂਰਨ ਮੁੱਦੇ ’ਤੇ ਬਹਿਸ ਕਰਨ ਦੀ ਹਿੰਮਤ ਵੀ ਨਹੀਂ ਹੈ।’’ -ਪੀਟੀਆਈ