ਡਿਪਟੀ ਕਮਿਸ਼ਨਰ ਵੱਲੋਂ ਪਿੰਡ ਹੈਡੋਂ ਬੇਟ ਦਾ ਦੌਰਾ
ਗੁਰਦੇਵ ਸਿੰਘ ਗਹੂੰਣ
ਬਲਾਚੌਰ, 25 ਅਗਸਤ
ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਬਲਾਚੌਰ ਵਿਖੇ ਸਤਲੁਜ ਦਰਿਆ ਦੇ ਨਾਲ ਲੱਗਦੇ ਪਿੰਡ ਹੈਡੋਂ ਬੇਟ ਦਾ ਦੌਰਾ ਕਰਕੇ ਪ੍ਰਭਾਵਿਤ ਹੋਈਆਂ ਫ਼ਸਲਾਂ ਦੀ ਗਿਰਦਾਵਰੀ ਕਰਨ ਅਤੇ ਨੀਵੀਂ ਥਾਂ ‘ਤੇ ਇਕੱਠੇ ਹੋਏ ਪਾਣੀ ਦੀ ਨਿਕਾਸੀ ਦੇ ਲਈ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ। ਇਸ ਮੌਕੇ ਉਨ੍ਹਾਂ ਦੇ ਨਾਲ ਐਸ.ਡੀ.ਐਮ ਬਲਾਚੌਰ ਬਿਕਰਮਜੀਤ ਸਿੰਘ ਵੀ ਮੌਜੂਦ ਸਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਦਰਿਆ ਨਾਲ ਲੱਗਦੇ ਪਿੰਡ ਹੇਡੋਂ ਬੇਟ ਵਿਖੇ ਦਰਿਆ ਦਾ ਪਾਣੀ ਬੰਨ੍ਹਾਂ ਨੂੰ ਪਾਰ ਕਰਕੇ ਖੇਤਾਂ ਦੇ ਵਿੱਚ ਇਕੱਠਾ ਹੋ ਗਿਆ ਹੈ, ਜਿਸ ਨਾਲ ਫ਼ਸਲਾਂ ਨੂੰ ਵੀ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਮੌਕੇ ’ਤੇ ਦੌਰਾ ਕਰਕੇ ਪਾਇਆ ਗਿਆ ਕਿ ਇਹ ਪਿੰਡ ਦੇ ਦਰਿਆ ਦੇ ਕੰਢਿਆਂ ਦਾ ਕੁਝ ਹਿੱਸਾ ਰੂਪਨਗਰ ਦੇ ਨਾਲ ਲੱਗਦਾ ਹੈ, ਜਿਸ ਕਰਕੇ ਇਥੇ ਕੰਮ ਕਰਨ ਵਿੱਚ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮੁਸ਼ਕਿਲਾਂ ਆਉਂਦੀਆਂ ਹਨ। ਉਨ੍ਹਾਂ ਕਿਹਾ ਕਿ ਜਿਹੜਾ ਹਿੱਸਾ ਸਾਡੇ ਜ਼ਿਲ੍ਹੇ ਨਾਲ ਲੱਗਦਾ ਹੈ, ਉਸ ਹਿੱਸੇ ਵਿੱਚ ਸਿੰਚਾਈ ਵਿਭਾਗ, ਜੰਗਲਾਤ ਵਿਭਾਗ ਅਤੇ ਬੀਡੀਪੀਓ ਨੂੰ ਹਦਾਇਤ ਕਰਕੇ ਆਪਸੀ ਤਾਲਮੇਲ ਰਾਹੀਂ ਖਰਾਬ ਹੋਏ ਬੰਨ੍ਹ ਨੂੰ ਮਜ਼ਬੂਤ ਕਰਨ ਅਤੇ ਇਕੱਠੇ ਹੋਏ ਪਾਣੀ ਦੀ ਨਿਕਾਸੀ ਲਈ ਨਿਰਦੇਸ਼ ਦੇ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਇਹ ਟੀਮ ਆਪਸੀ ਸਲਾਹ ਨਾਲ ਕੰਮ ਕਰਦੇ ਹੋਏ ਪਾਣੀ ਦੀ ਨਿਕਾਸੀ ਅਤੇ ਬੰਨ੍ਹ ਦੀ ਮਜ਼ਬੂਤੀ ਦੇ ਲਈ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਹੜ੍ਹਾਂ ਨਾਲ ਖਰਾਬ ਹੋਈ ਫ਼ਸਲ ਦੀ ਗਿਰਦਾਵਰੀ ਕਰਵਾਉਣ ਦੇ ਲਈ ਵੀ ਪਟਵਾਰੀ ਸਮੇਤ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕਰ ਦਿੱਤੀ ਗਈ ਹੈ। ਇਸ ਦੌਰਾਨ ਮੌਕੇ ‘ਤੇ ਉਨ੍ਹਾਂ ਪ੍ਰਿੰਸੀਪਲ ਸਕੱਤਰ ਜਲ ਸਰੋਤ ਵਿਭਾਗ ਕ੍ਰਿਸ਼ਨ ਕੁਮਾਰ ਨਾਲ ਫੋਨ ’ਤੇ ਰੂਪਨਗਰ ਜ਼ਿਲ੍ਹੇ ਨਾਲ ਲੱਗਦੇ ਇਸ ਪਿੰਡ ਦੇ ਦਰਿਆ ਦੇ ਨਾਲ ਖਰਾਬ ਹੋਏ ਹਿੱਸੇ ਨੂੰ ਠੀਕ ਕਰਨ ਲਈ ਨਵਾਂਸ਼ਹਿਰ ਪ੍ਰਸ਼ਾਸਨ ਨੂੰ ਪਾਵਰਾਂ ਦੇਣ ਲਈ ਗੱਲਬਾਤ ਕੀਤੀ ਗਈ, ਜਿਸ ’ਤੇ ਉਨ੍ਹਾਂ ਵਲੋਂ ਬਿਨ੍ਹਾਂ ਕਿਸੇ ਦੇਰੀ ਦੇ ਕੰਮ ਕਰਵਾਉਣ ਲਈ ਸਹਿਮਤੀ ਦਿੱਤੀ ਗਈ।