ਅਮਰੀਕਾ: ਭਾਰਤੀ ਮੂਲ ਦੇ ਆਈਟੀ ਮਾਹਿਰ ਦੀ ਹਮਲੇ ਮਗਰੋਂ ਮੌਤ
ਵਾਸ਼ਿੰਗਟਨ, 10 ਫਰਵਰੀ
ਇਥੋਂ ਦੇ ਇਕ ਰੇਸਤਰਾਂ ਦੇ ਬਾਹਰ ਕੁੱਟਮਾਰ ਕਾਰਨ ਜ਼ਖ਼ਮੀ ਹੋਏ ਭਾਰਤੀ ਮੂਲ ਦੇ 41 ਵਰ੍ਹਿਆਂ ਦੇ ਆਈਟੀ ਮਾਹਿਰ ਦੀ ਮੌਤ ਹੋ ਗਈ ਹੈ। ਅਮਰੀਕਾ ’ਚ ਪਿਛਲੇ ਕੁਝ ਮਹੀਨਿਆਂ ’ਚ ਭਾਰਤੀ ਮੂਲ ਦੇ ਸੱਤ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਪੀੜਤ ਦੀ ਪਛਾਣ ਅਲੈਗਜ਼ੈਂਡਰੀਆ ਦੇ ਵਸਨੀਕ ਵਿਵੇਕ ਤਨੇਜਾ ਵਜੋਂ ਹੋਈ ਹੈ। ਤਨੇਜਾ ‘ਡਾਇਨਮੋ ਟੈਕਨੋਲੌਜਿਸ’ ਦਾ ਸਹਿ-ਬਾਨੀ ਸੀ ਅਤੇ ਉਹ ਸੰਘੀ ਸਰਕਾਰ ਤੋਂ ਠੇਕੇ ਲੈਣ ਦੇ ਨਾਲ ਉਨ੍ਹਾਂ ਨੂੰ ਸਲਾਹ-ਮਸ਼ਵਰੇ ਵੀ ਦਿੰਦਾ ਸੀ। ਉਸ ’ਤੇ ਵ੍ਹਾਈਟ ਹਾਊਸ ਤੋਂ ਸੱਤ ਬਲਾਕ ਦੂਰ ਫਿਫਟੀਂਥ ਸਟਰੀਟ ਨੌਰਥਵੈਸਟ ਦੇ 1100 ਬਲਾਕ ’ਚ 2 ਫਰਵਰੀ ਨੂੰ ਦੇਰ ਰਾਤ ਦੋ ਵਜੇ ਹਮਲਾ ਹੋਇਆ ਸੀ। ਪੁਲੀਸ ਜਦੋਂ ਮੌਕੇ ’ਤੇ ਪੁੱਜੀ ਤਾਂ ਉਨ੍ਹਾਂ ਨੂੰ ਤਨੇਜਾ ਸੜਕ ਕੰਢੇ ’ਤੇ ਗੰਭੀਰ ਰੂਪ ’ਚ ਜ਼ਖ਼ਮੀ ਹਾਲਤ ’ਚ ਮਿਲਿਆ ਸੀ ਜਿਥੋਂ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ ਸੀ। ਵਾਸ਼ਿੰਗਟਨ ਡੀਸੀ ਦੇ ਇਕ ਟੀਵੀ ਸਟੇਸ਼ਨ ਡਬਲਿਊਯੂਐੱਸਏ ਮੁਤਾਬਕ ਮੁੱਢਲੀ ਜਾਂਚ ’ਚ ਪਤਾ ਲੱਗਾ ਕਿ ਤਨੇਜਾ ਅਤੇ ਇਕ ਅਣਪਛਾਤੇ ਵਿਅਕਤੀ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਬਹਿਸ ਮਗਰੋਂ ਹੱਥੋਪਾਈ ਹੋ ਗਈ ਸੀ। ਮੁਲਜ਼ਮ ਨੇ ਤਨੇਜਾ ਨੂੰ ਜ਼ਮੀਨ ’ਤੇ ਸੁੱਟ ਕੇ ਉਸ ਦਾ ਸਿਰ ਫੁਟਪਾਥ ’ਤੇ ਮਾਰ ਦਿੱਤਾ ਸੀ। ਪੁਲੀਸ ਮੁਲਜ਼ਮ ਦੀ ਭਾਲ ਕਰ ਰਹੀ ਹੈ ਅਤੇ ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ। ਪੁਲੀਸ ਨੇ ਕਿਹਾ ਕਿ ਤਨੇਜਾ ਦਾ ਇਕ ਹੋਰ ਰੇਸਤਰਾਂ ’ਚ ਕਿਸੇ ਵਿਅਕਤੀ ਨਾਲ ਝਗੜਾ ਹੋਇਆ ਸੀ। ਜ਼ਿਕਰਯੋਗ ਹੈ ਕਿ ਇਸ ਹਫ਼ਤੇ ਦੇ ਸ਼ੁਰੂ ’ਚ ਸ਼ਿਕਾਗੋ ’ਚ ਭਾਰਤੀ ਵਿਦਿਆਰਥੀ ਸਈਅਦ ਮਜ਼ਾਹਿਰ ਅਲੀ ’ਤੇ ਲੁਟੇਰਿਆਂ ਨੇ ਹਮਲਾ ਕੀਤਾ ਸੀ। -ਪੀਟੀਆਈ