Punjab News: ਨੈਸ਼ਨਲ ਹਾਈਵੇਅ ’ਤੇ ਬਣੀਆਂ 100 ਤੋਂ ਵੱਧ ਝੁੱਗੀਆਂ ’ਤੇ ਚੱਲਿਆ ਬੁਲਡੋਜ਼ਰ, ਵਿਰੋਧ ਕਰਦੀਆਂ ਪਰਵਾਸੀ ਔਰਤਾਂ ਦੀ ਕੁੱਟਮਾਰ
ਪਰਵਾਸੀਆਂ ਨੇ ਸੜਕ ’ਤੇ ਸਾਮਾਨ ਰੱਖ ਕੇ ਹਾਈਵੇਅ ਕੀਤਾ ਜਾਮ; ਪ੍ਰਸ਼ਾਸਨ ’ਤੇ ਲਾਏ ਅਚਨਚੇਤ ਕਾਰਵਾਈ ਕਰਨ ਦੇ ਦੋਸ਼
ਬਲਵਿੰਦਰ ਸਿੰਘ ਹਾਲੀ
ਕੋਟਕਪੂਰਾ, 8 ਅਪਰੈਲ
Punjab News: ਕੋਟਕਪੂਰਾ-ਬਠਿੰਡਾ ਨੈਸ਼ਨਲ ਹਾਈਵੇਅ ’ਤੇ ਪਿਛਲੇ ਕਈ ਸਾਲਾਂ ਤੋਂ ਕਬਜ਼ਾ ਕਰ ਕੇ ਝੁੱਗੀਆਂ ਬਣਾਈ ਬੈਠੇ ਪਰਵਾਸੀਆਂ ਦੀਆਂ 100 ਤੋਂ ਵੱਧ ਝੁੱਗੀਆਂ ’ਤੇ ਅੱਜ ਬੁਲਡੋਜ਼ਰ ਚਲਾਕੇ ਸਾਰੀਆਂ ਝੁੱਗੀਆਂ ਨੂੰ ਢਾਹ ਦਿੱਤਾ ਗਿਆ। ਚਾਰ ਵਿਭਾਗਾਂ ਨੇ ਰਲ ਕੇ ਪੁਲੀਸ ਦੀ ਮਦਦ ਨਾਲ ਇਹ ਕਾਰਵਾਈ ਲੱਗਪਗ 4 ਘੰਟਿਆਂ ਵਿੱਚ ਨੇਪਰੇ ਚਾੜ੍ਹੀ।
ਇਸ ਦੌਰਾਨ ਪਰਵਾਸੀ ਔਰਤਾਂ ਨੇ ਬੁਲਡੋਜ਼ਰ ਕਾਰਵਾਈ ਦਾ ਜ਼ੋਰਦਾਰ ਵਿਰੋਧ ਕੀਤਾ ਤਾਂ ਤੈਸ਼ ਵਿੱਚ ਆ ਕੇ ਇੱਕ ਵਿਅਕਤੀ ਨੇ ਇਨ੍ਹਾਂ ਔਰਤਾਂ ਦੀ ਕਥਿਤ ਤੌਰ ’ਤੇ ਕੁੱਟਮਾਰ ਵੀ ਕੀਤੀ, ਜਿਸ ਦੀ ਵੀਡੀਓ ਸੋਸ਼ਲ ਮੀਡੀਆ `ਤੇ ਵਾਇਰਲ ਹੋ ਗਈ। ਗੁੱਸੇ ਵਿੱਚ ਆਈਆਂ ਔਰਤਾਂ ਨੇ ਆਪਣਾ ਸਮਾਨ ਹਾਈਵੇਅ `ਤੇ ਰੱਖ ਕੇ ਇਸ ਨੂੰ ਕਾਫੀ ਸਮਾਂ ਜਾਮ ਕਰੀ ਰੱਖਿਆ।
ਜਾਣਕਾਰੀ ਦੇ ਅਨੁਸਾਰ ਲਗਪਗ 25 ਸਾਲਾਂ ਤੋਂ ਕੋਟਕਪੂਰਾ-ਬਠਿੰਡਾ ਸੜਕ `ਤੇ ਦਾਣਾ ਮੰਡੀ ਦੇ ਨਾਲ ਨਾਲ 150 ਤੋਂ ਵੱਧ ਪਰਵਾਸੀ ਪਰਿਵਾਰ ਝੁੱਗੀਆਂ ਬਣਾ ਕੇ ਰਹਿ ਰਹੇ ਸਨ। ਪਿਛਲੇ ਮਹੀਨੇ ਮੰਡੀ ਦੀ ਕੰਧ ਦੇ ਅੰਦਰਲੀਆਂ ਝੁੱਗੀਆਂ ਤਾਂ ਮਾਰਕੀਟ ਕਮੇਟੀ ਨੇ ਪਹਿਲਾਂ ਹੀ ਹਟਾ ਦਿੱਤੀਆਂ ਸਨ ਅਤੇ ਬਾਹਰ ਵਾਲੀਆਂ ਇਨ੍ਹਾਂ ਝੁੱਗੀਆਂ ਨੂੰ ਬਾਗਬਾਨੀ ਵਿਭਾਗ ਨੇ ਨੋਟਿਸ ਜਾਰੀ ਕਰ ਕੇ ਹਟਾਉਣ ਲਈ ਕਿਹਾ ਹੋਇਆ ਸੀ।

ਮੰਗਲਵਾਰ ਦੀ ਸਵੇਰ ਮਾਰਕੀਟ ਕਮੇਟੀ, ਨਗਰ ਕੌਂਸਲ, ਪਾਵਰਕਾਮ ਅਤੇ ਬਾਗਬਾਨੀ ਵਿਭਾਗ ਨੇ ਐਸਡੀਐਮ ਵਰਿੰਦਰ ਕੁਮਾਰ ਅਤੇ ਡੀਐਸਪੀ ਜਤਿੰਦਰ ਸਿੰਘ ਦੀ ਅਗਵਾਈ ਵਿੱਚ ਝੁੱਗੀਆਂ ਹਟਾਉਣ ਦੀ ਕਾਰਵਾਈ ਸ਼ੁਰੂ ਕੀਤੀ। ਇਸ ਕਾਰਵਾਈ ਦੌਰਾਨ ਪਰਵਾਸੀ ਮਜ਼ਦੂਰਾਂ ਦੀਆਂ ਔਰਤਾਂ ਨੇ ਜਦੋਂ ਇਸ ਦਾ ਵਿਰੋਧ ਕਰਨਾ ਸ਼ੁਰੂ ਕੀਤਾ ਤਾਂ ਪੁਲੀਸ ਨੂੰ ਤਾਕਤ ਦਾ ਇਸਤੇਮਾਲ ਕਰਨਾ ਪਿਆ। ਫਿਰ ਵੀ ਇਨ੍ਹਾਂ ਔਰਤਾਂ ਨੇ ਆਪਣਾ ਘਰੇਲੂ ਸਾਮਾਨ ਮੰਜੇ, ਕਣਕ, ਬਾਲਣ, ਮੋਟਰਸਾਈਕਲ ਅਤੇ ਪੱਖਿਆਂ ਆਦਿ ਨੂੰ ਸੜਕ ਉਪਰ ਬਾਹਰ ਰੱਖ ਲਿਆ ਅਤੇ ਸੜਕ ਨੂੰ ਜਾਮ ਕਰ ਲਿਆ।
ਇਹ ਦੇਖ ਕੇ ਲੰਘਣ ਵਾਲੇ ਕਈ ਵਾਹਨਾਂ ਵਾਲਿਆਂ ਨਾਲ ਵੀ ਇਨ੍ਹਾਂ ਦੀ ਝੜਪ ਹੋਈ ਅਤੇ ਇੱਕ ਵਿਅਕਤੀ ਨੇ ਤਾਂ ਤੈਸ਼ ਵਿੱਚ ਆ ਕੇ ਇਨ੍ਹਾਂ ਔਰਤਾਂ ਦੀ ਕੁੱਟਮਾਰ ਵੀ ਕੀਤੀ। ਪਰਵਾਸੀ ਮਜ਼ਦੂਰਾਂ ਨੇ ਕਿਹਾ ਕਿ ਉਨ੍ਹਾਂ ਉਪਰ ਇੱਕਦਮ ਕਾਰਵਾਈ ਸ਼ੁਰੂ ਕਰ ਦਿੱਤੀ ਅਤੇ ਸਾਮਾਨ ਚੁੱਕਣ ਦਾ ਮੌਕਾ ਵੀ ਨਹੀਂ ਦਿੱਤਾ ਗਿਆ।
ਇੱਕ ਮਹੀਨਾ ਪਹਿਲਾਂ ਨੋਟਿਸ ਦਿੱਤਾ ਸੀ: SDM
ਐਸਡੀਐਮ ਵਰਿੰਦਰ ਕੁਮਾਰ ਨੇ ਕਿਹਾ ਕਿ ਪਿਛਲੇ ਕਾਫੀ ਅਰਸੇ ਤੋਂ ਮੰਡੀ ਵਾਲਿਆਂ ਅਤੇ ਰਾਹਗੀਰਾਂ ਦੀਆਂ ਸ਼ਕਾਇਤਾਂ ਆ ਰਹੀਆਂ ਸਨ ਕਿ ਇਨ੍ਹਾਂ ਕਰ ਕੇ ਇਸ ਖੇਤਰ ਵਿੱਚ ਲੁੱਟਖੋਹ ਦੀਆਂ ਵਾਰਦਾਤਾਂ ਵਧ ਰਹੀਆਂ ਹਨ ਅਤੇ ਬੱਚਿਆਂ ਦੇ ਸੜਕ `ਤੇ ਖੇਡਣ ਕਰ ਕੇ ਟ੍ਰੈਫਿਕ ਵਿੱਚ ਰੁਕਾਵਟ ਆ ਰਹੀ ਹੈ ਅਤੇ ਐਕਸੀਡੈਂਟ ਵੀ ਹੋ ਰਹੇ ਹਨ। ਇਸ ਕਰਕੇ ਇਹ ਕਾਰਵਾਈ ਕੀਤੀ ਗਈ ਹੈ, ਪਰ ਫਿਰ ਵੀ ਇੱਕ ਮਹੀਨਾ ਪਹਿਲਾਂ ਇਨ੍ਹਾਂ ਨੂੰ ਨੋਟਿਸ ਦੇ ਦਿੱਤਾ ਸੀ।