ਸਿੱਧੂ ਮੂਸੇਵਾਲਾ ਹੱਤਿਆ: ਸ਼ਾਰਪ ਸ਼ੂਟਰ ਟੀਨੂ ਤੇ ਬਰਖ਼ਾਸਤ ਇੰਸਪੈਕਟਰ ਨੂੰ ਕੈਦ
ਜੋਗਿੰਦਰ ਸਿੰਘ ਮਾਨ
ਮਾਨਸਾ, 23 ਅਪਰੈਲ
ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਹੱਤਿਆ ਮਾਮਲੇ ਵਿੱਚ ਮਾਨਸਾ ਅਦਾਲਤ ਨੇ ਅੱਜ ਸ਼ਾਰਪ ਸ਼ੂਟਰ ਦੀਪਕ ਟੀਨੂ ਅਤੇ ਬਰਖ਼ਾਸਤ ਇੰਸਪੈਕਟਰ ਪ੍ਰਿਤਪਾਲ ਸਿੰਘ ਨੂੰ ਕੈਦ ਦੀ ਸਜ਼ਾ ਸੁਣਾਈ ਹੈ। ਸੀਆਈਏ ਸਟਾਫ ਮਾਨਸਾ ਦੇ ਬਰਖ਼ਾਸਤ ਇੰਚਾਰਜ ਪ੍ਰਿਤਪਾਲ ਸਿੰਘ ’ਤੇ ਦੀਪਕ ਟੀਨੂ ਨੂੰ ਫਰਾਰ ਕਰਵਾਉਣ ਵਿੱਚ ਮਦਦ ਕਰਨ ਦਾ ਦੋਸ਼ ਹੈ। ਜੁਡੀਸ਼ਲ ਮੈਜਿਸਟਰੇਟ ਕਰਨ ਅਗਰਵਾਲ ਦੀ ਅਦਾਲਤ ਨੇ ਪ੍ਰਿਤਪਾਲ ਸਿੰਘ ਨੂੰ 1 ਸਾਲ 11 ਮਹੀਨਿਆਂ ਦੀ ਸਜ਼ਾ ਅਤੇ 5 ਹਜ਼ਾਰ ਰੁਪਏ ਜੁਰਮਾਨਾ ਲਾਇਆ ਹੈ। ਇਸੇ ਤਰ੍ਹਾਂ ਦੀਪਕ ਟੀਨੂ ਨੂੰ 2 ਸਾਲ ਦੀ ਕੈਦ ਅਤੇ ਦੋ ਹਜ਼ਾਰ ਰੁਪਏ ਜੁਰਮਾਨਾ ਲਾਇਆ ਗਿਆ ਹੈ। ਇਹ ਦੋਵੇਂ ਇਸ ਵੇਲੇ ਜੇਲ੍ਹ ਵਿੱਚ ਬੰਦ ਹਨ। ਇਸ ਦੌਰਾਨ ਅਦਾਲਤ ਨੇ ਦੀਪਕ ਟੀਨੂ ਦੀ ਪ੍ਰੇਮਿਕਾ ਜਤਿੰਦਰ ਕੌਰ ਅਤੇ ਭਰਾ ਸਮੇਤ 8 ਜਣਿਆਂ ਨੂੰ ਬਰੀ ਕਰ ਦਿੱਤਾ ਹੈ। ਜਿਨ੍ਹਾਂ ਨੂੰ ਬਰੀ ਕੀਤਾ ਗਿਆ ਹੈ, ਉਨ੍ਹਾਂ ਵਿੱਚ ਜਤਿੰਦਰ ਕੌਰ ਤੋਂ ਇਲਾਵਾ ਕੁਲਦੀਪ ਕੋਹਲੀ, ਬਿੱਟੂ, ਰਜਿੰਦਰ ਗੋਰਾ, ਸੁਨੀਲ ਲੋਈਆ, ਸਰਬਜੋਤ ਸਿੰਘ, ਰਾਜਵੀਰ ਸਿੰਘ ਤੇ ਚਿਰਾਗ ਸ਼ਾਮਲ ਹੈ। ਇਨ੍ਹਾਂ ਵਿਅਕਤੀਆਂ ’ਤੇ ਵੀ ਦੀਪਕ ਟੀਨੂ ਨੂੰ ਫਰਾਰ ਕਰਵਾਉਣ ਵਿੱਚ ਮਦਦ ਕਰਨ ਦਾ ਦੋਸ਼ ਸੀ। ਸਿੱਧੂ ਹੱਤਿਆ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਗਿਆ ਦੀਪਕ ਟੀਨੂ ਪਹਿਲੀ ਅਕਤੂਬਰ 2022 ਨੂੰ ਪੁਲੀਸ ਹਿਰਾਸਤ ’ਚੋਂ ਫਰਾਰ ਹੋ ਗਿਆ ਸੀ। ਪੁਲੀਸ ਜਾਂਚ ’ਚ ਸਾਹਮਣੇ ਆਇਆ ਕਿ ਦੀਪਕ ਟੀਨੂ ਨੂੰ ਫਰਾਰ ਕਰਵਾਉਣ ਪਿੱਛੇ ਸੀਆਈਏ ਸਟਾਫ਼ ਮਾਨਸਾ ਦੇ ਇੰਚਾਰਜ ਪ੍ਰਿਤਪਾਲ ਸਿੰਘ ਦਾ ਹੱਥ ਸੀ। ਮਗਰੋਂ ਪ੍ਰਿਤਪਾਲ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਧਾਰਾ-311 ਤਹਿਤ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ।
ਮੂਸੇਵਾਲਾ ਦਾ ਪਰਿਵਾਰ ਸਜ਼ਾ ਵਧਵਾਉਣ ਲਈ ਲਵੇਗਾ ਕਾਨੂੰਨੀ ਸਲਾਹ
ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਤਾਇਆ ਚਮਕੌਰ ਸਿੰਘ ਸਿੱਧੂ ਨੇ ਕਿਹਾ ਕਿ ਪ੍ਰਿਤਪਾਲ ਸਿੰਘ ਅਤੇ ਦੀਪਕ ਟੀਨੂ ਨੂੰ ਸੁਣਾਈ ਗਈ ਸਜ਼ਾ ਬਹੁਤ ਘੱਟ ਹੈ। ਸਜ਼ਾ ਵਧਵਾਉਣ ਲਈ ਉਹ ਕਾਨੂੰਨੀ ਮਾਹਿਰਾਂ ਦੀ ਸਲਾਹ ਨਾਲ ਅਗਲਾ ਫ਼ੈਸਲਾ ਲੈਣਗੇ।