ਬਿਰਧ ਔਰਤ ਦਾ ਕਤਲ ਕਰ ਕੇ ਗਹਿਣੇ ਲੁੱਟੇ
ਹਤਿੰਦਰ ਮਹਿਤਾ
ਜਲੰਧਰ, 2 ਮਈ
ਥਾਣਾ ਨੰਬਰ ਛੇ ਦੀ ਹੱਦ ’ਚ ਪੈਂਦੇ ਮੋਤਾ ਸਿੰਘ ਨਗਰ ’ਚ ਲੁਟੇਰਿਆਂ ਵੀਰਵਾਰ ਨੂੰ ਬਿਰਧ ਔਰਤ ਦਾ ਕਤਲ ਕਰ ਕੇ ਗਹਿਣੇ ਤੇ ਮੋਬਾਈਲ ਲੁੱਟ ਲਿਆ। ਇਹ ਘਟਨਾ ਦੁਪਹਿਰ 12 ਵਜੇ ਤੋਂ 2 ਵਜੇ ਦੇ ਵਿਚਕਾਰ ਵਾਪਰੀ। ਇਸ ਤੋਂ ਬਾਅਦ ਪੁਲੀਸ ਨੂੰ ਸੂਚਿਤ ਕੀਤਾ ਗਿਆ।
ਭਾਜਪਾ ਆਗੂ ਅਸ਼ੋਕ ਸਰੀਨ ਹਿੱਕੀ ਨੇ ਦੱਸਿਆ ਕਿ ਉਨ੍ਹਾਂ ਦੇ ਤਾਇਆ ਭੀਮਸੇਨ ਦੁੱਗਲ ਆਪਣੀ ਪਤਨੀ ਨਾਲ ਮੋਤਾ ਸਿੰਘ ਨਗਰ ’ਚ ਰਹਿੰਦੇ ਹਨ। ਇਨ੍ਹਾਂ ਦੇ ਦੋਵੇਂ ਬੇਟੇ ਵਿਦੇਸ਼ ਰਹਿੰਦੇ ਹਨ। ਉਹ ਕੁਝ ਸਾਮਾਨ ਖ਼ਰੀਦਣ ਲਈ ਬਾਜ਼ਾਰ ਗਏ ਸਨ। ਪਿੱਛੇ ਉਨ੍ਹਾਂ ਦੀ ਪਤਨੀ ਘਰ ’ਚ ਇਕੱਲੀ ਸੀ। ਦੁਪਹਿਰ ਕਰੀਬ ਦੋ ਵਜੇ ਜਦੋਂ ਘਰ ਪਰਤੇ ਤਾਂ ਕੋਠੀ ਦਾ ਬਾਹਰ ਵਾਲਾ ਦਰਵਾਜ਼ਾ ਬੰਦ ਸੀ। ਖੜਕਾਉਣ ’ਤੇ ਅੰਦਰੋਂ ਕਿਸੇ ਨੇ ਦਰਵਾਜ਼ਾ ਨਾ ਖੋਲ੍ਹਿਆ। ਉਨ੍ਹਾਂ ਗੁਆਂਢੀਆਂ ਦੀ ਮਦਦ ਨਾਲ ਬਾਹਰ ਵਾਲਾ ਦਰਵਾਜ਼ਾ ਖੁਲ੍ਹਵਾਇਆ। ਅੰਦਰ ਜਾ ਕੇ ਦੇਖਿਆ ਤਾਂ ਪਤਨੀ ਘਰ ਦੇ ਉਸ ਕਮਰੇ ’ਚ ਨੀਮ ਬੇਹੋਸ਼ ਪਈ ਸੀ। ਬਾਅਦ ’ਚ ਡਾਕਟਰ ਨੇ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ। ਉਨ੍ਹਾਂ ਦੀ ਇਕ ਰਿਸ਼ਤੇਦਾਰ ਨੇ ਪਤਨੀ ਦੇ ਸਰੀਰ ਦੇ ਗਹਿਣੇ ਚੈੱਕ ਕਰਨ ਲਈ ਕਿਹਾ। ਦੇਖਣ ’ਤੇ ਪਤਾ ਲੱਗਿਆ ਕਿ ਉਨ੍ਹਾਂ ਦੇ ਦੋਵੇਂ ਬਰੇਸਲੇਟ, ਤਿੰਨ ਅੰਗੂਠੀਆਂ ਤੇ ਮੋਬਾਈਲ ਫੋਨ ਗਾਇਬ ਸੀ। ਹੱਥਾਂ ’ਤੇ ਸੱਟਾਂ ਦੇ ਨਿਸ਼ਾਨ ਸਨ ਤੇ ਸਰੀਰ ਕੂਹਣੀਆਂ ਤੋਂ ਹੱਥਾਂ ਤੱਕ ਨੀਲਾ ਸੀ। ਇਸ ਤੋਂ ਬਾਅਦ ਉਨ੍ਹਾਂ ਪੁਲੀਸ ਕੰਟਰੋਲ ਰੂਮ ਨੂੰ ਜਾਣਕਾਰੀ ਦਿੱਤੀ ਗਈ।
ਸੂਚਨਾ ਮਿਲਣ ’ਤੇ ਥਾਣਾ 6 ਦੇ ਇੰਚਾਰਜ ਸਬ ਇੰਸਪੈਕਟਰ ਭੂਸ਼ਣ ਕੁਮਾਰ ਮੌਕੇ ’ਤੇ ਪੁੱਜ ਗਏ। ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਤੇ ਕੁਝ ਹੀ ਸਮੇਂ ’ਚ ਏਡੀਸੀਪੀ ਹੈੱਡ ਕੁਆਰਟਰ ਸੁਖਵਿੰਦਰ ਸਿੰਘ, ਏਸੀਪੀ ਮਾਡਲ ਟਾਊਨ ਰੂਪਦੀਪ ਕੌਰ ਡੌਗ ਸਕੁਐਡ ਤੇ ਫਿੰਗਰਪ੍ਰਿੰਟ ਮਾਹਿਰ ਟੀਮ ਨਾਲ ਮੌਕੇ ’ਤੇ ਪੁੱਜ ਗਏ। ਏਡੀਸੀਪੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਇਸ ਘਟਨਾ ਦੀ ਜਾਣਕਾਰੀ ਦੇਰ ਰਾਤ ਮਿਲੀ ਅਤੇ ਉਹ ਮੌਕੇ ’ਤੇ ਪੁਲੀਸ ਪਾਰਟੀ ਸਮੇਤ ਆ ਗਏ। ਉਨ੍ਹਾਂ ਕਿਹਾ ਕਿ ਲੁੱਟ ਜ਼ਰੂਰ ਹੋਈ ਹੈ ਪਰ ਕਤਲ ਦਾ ਕਾਰਨ ਅਜੇ ਪਤਾ ਨਹੀਂ ਲੱਗਿਆ। ਫਿਲਹਾਲ ਪੁਲੀਸ ਨੇ ਲਾਸ਼ ਪੋਸਟ ਮਾਰਟਮ ਲਈ ਭੇਜ ਦਿੱਤੀ ਹੈ।