ਲੁਧਿਆਣਾ ਵਿੱਚ ਦਿ ਟ੍ਰਿਬਿਊਨ ਰੀਅਲ ਐਸਟੇਟ ਐਕਸਪੋ ਅੱਜ ਤੋਂ
ਗਗਨਦੀਪ ਅਰੋੜਾ
ਲੁਧਿਆਣਾ, 2 ਮਈ
ਲੁਧਿਆਣਾ ਵਿੱਚ ਹੁਣ ਰੀਅਲ ਐਸਟੇਟ ਸੈਕਟਰ ਦੀਆਂ ਸਾਰੀਆਂ ਵੱਡੀਆਂ ਕੰਪਨੀਆਂ ਨਾਲ ਲੋਕ ਸਿੱਧਾ ਰਾਬਤਾ ਕਰ ਸਕਣਗੇ। ਦਰਅਸਲ ‘ਦਿ ਟ੍ਰਿਬਿਊਨ’ ਵੱਲੋਂ ਲੁਧਿਆਣਾ ਵਿੱਚ ਪਹਿਲੀ ਵਾਰ ਦੋ ਰੋਜ਼ਾ ‘ਦਿ ਟ੍ਰਿਬਿਊਨ ਰੀਅਲ ਐਸਟੇਟ ਐਕਸਪੋ ਲੁਧਿਆਣਾ-2025’ ਲਾਇਆ ਜਾ ਰਿਹਾ ਹੈ। ਭਾਈ ਬਾਲਾ ਚੌਕ ਸਥਿਤ ਹੋਟਲ ਪਾਰਕ ਪਲਾਜ਼ਾ ਵਿੱਚ ਦੋ ਦਿਨ ਸ਼ਹਿਰ ਦੇ ਲੋਕ ਇੱਕੋ ਛੱਤ ਥੱਲੇ ਸ਼ਹਿਰ ਦੇ ਸਾਰੇ ਪ੍ਰਾਜੈਕਟਾਂ ਦੇ ਨਮੂਨੇ ਦੇਖ ਸਕਣਗੇ ਤੇ ਕੰਪਨੀਆਂ ਦੇ ਨੁਮਾਇੰਦਿਆਂ ਨਾਲ ਗੱਲਬਾਤ ਕਰ ਸਕਣਗੇ। ਸ਼ਹਿਰ ਵਿੱਚ ਇਹ ਐਕਸਪੋ 3 ਤੇ 4 ਮਈ ਨੂੰ ਕਰਵਾਇਆ ਜਾ ਰਿਹਾ ਹੈ, ਜਿਸ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਸ਼ਨਿੱਚਰਵਾਰ ਸਵੇਰੇ 10 ਵਜੇ ਇਸ ਐਕਸਪੋ ਦਾ ਆਗਾਜ਼ ਹੋਵੇਗਾ ਜਿਸ ਵਿੱਚ ਮੁੱਖ ਮਹਿਮਾਨ ਵੱਜੋਂ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਪੁੱਜਣਗੇ।
ਇਸ ਤੋਂ ਪਹਿਲਾਂ ‘ਦਿ ਟ੍ਰਿਬਿਊਨ’ ਵੱਲੋਂ ਚੰਡੀਗੜ੍ਹ ਵਿੱਚ ਐਕਸਪੋ ਪਿਛਲੇ ਸਾਲ ਕਰਵਾਇਆ ਗਿਆ ਸੀ, ਜਿਸ ਨੂੰ ਚੰਡੀਗੜ੍ਹ ਤੇ ਟ੍ਰਾਈਸਿਟੀ ਦੇ ਲੋਕਾਂ ਨੇ ਕਾਫ਼ੀ ਚੰਗਾ ਹੁੰਗਾਰਾ ਦਿੱਤਾ ਸੀ। ਸਾਲ 2019 ਤੇ 2020 ਵਿੱਚ ਵੀ ਇਹ ਐਕਸਪੋ ਕਰਵਾਇਆ ਗਿਆ ਸੀ। ਹੁਣ ਲੁਧਿਆਣਾ ਵਿੱਚ ਸੂਬੇ ਦਾ ਸਭ ਤੋਂ ਵੱਡਾ ਐਕਸਪੋ 3 ਤੇ 4 ਮਈ ਨੂੰ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਲਗਪਗ 21 ਕੰਪਨੀਆਂ ਆਪਣੇ ਪ੍ਰੋਡਕਟਾਂ ਦੀ ਨੁਮਾਇਸ਼ ਕਰਨਗੀਆਂ। ਇਸ ਤੋਂ ਇਲਾਵਾ ਲੋਕ ਸਿੱਧੇ ਹੀ ਉਸ ਕੰਪਨੀ ਦੇ ਅਧਿਕਾਰੀਆਂ ਨਾਲ ਗੱਲਬਾਤ ਕਰ ਸਕਣਗੇ। ਇਸ ਐਕਸਪੋ ਵਿੱਚ ਮੇਨ ਸਪਾਂਸਰ ਵਜੋਂ ਹੈਂਪਟਨ ਸਕਾਈ ਰਿਐਲਟੀ, ਸਹਿ-ਸਪਾਂਸਰ ਵੱਜੋਂ ਏਜੀਆਈ ਇੰਫਰਾ ਹਿੱਸਾ ਲੈਣਗੇ।
ਇਸ ਤੋਂ ਇਲਾਵਾ ਐਕਸਪੋ ਵਿੱਚ ਦਿ ਵਿਲਕੇਨ ਹਾਈਟਸ, ਵਿਮਾਨਾ ਗਰੁੱਪ, ਜੀਕੇ ਅਸਟੇਟ, ਐੱਸਬੀਪੀ, ਅਤੁੱਲਯਮ, ਬੀਲੇਅਰ, ਲੁਧਿਆਣਾ ਹਾਈਟਸ, ਓਮੈਕਸ, ਐੱਲਡੀਕੋ, ਕੈਮਬੀਅਮ, ਦਾਸ ਐਸੋਸੇਏਟ, ਓਮੇਰਾ, ਵੈਸਟਰਨ ਲਿਵਿੰਗ, ਆਰਆਈਪੀਐੱਸਐੱਸ, ਇਵੋਕ, ਮੈਜੀਕਿਊ ਕੰਪਨੀ ਸ਼ਾਮਲ ਹੋਣਗੀਆਂ। ਇਹ ਐਕਸਪੋ ਦੋਵੇਂ ਦਿਨ ਸਵੇਰੇ 11 ਵਜੇ ਤੋਂ ਸ਼ਾਮ 7 ਵਜੇ ਤੱਕ ਚੱਲੇਗਾ।