Punjab News: ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਦੀ ਚੋਣ 12 ਅਪਰੈਲ
ਪਾਰਟੀ ਨੇ ਅੰਮ੍ਰਿਤਸਰ ਵਿਚ ਸੱਦਿਆ ਜਨਰਲ ਇਜਲਾਜ; ਵਰਕਿੰਗ ਕਮੇਟੀ ਨੇ 13 ਅਪਰੈਲ ਨੂੰ ਤਲਵੰਡੀ ਸਾਬੋ ਵਿਖੇ ਸਿਆਸੀ ਕਾਨਫਰੰਸ ਕਰਨ ਦਾ ਵੀ ਕੀਤਾ ਐਲਾਨ; ਸੂਬੇ ਵਿਚ ਅਮਨ ਕਾਨੂੰਨ ਦੀ ਵਿਗੜਦੀ ਹਾਲਤ ਦੇ ਮੱਦੇਨਜ਼ਰ ਮੁੱਖ ਮੰਤਰੀ ਭਗਵੰਤ ਮਾਨ ਦਾ ਅਸਤੀਫ਼ਾ ਮੰਗਿਆ
ਆਤਿਸ਼ ਗੁਪਤਾ
ਚੰਡੀਗੜ੍ਹ, 8 ਅਪਰੈਲ
Punjab News: ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਦੀ ਚੋਣ 12 ਅਪਰੈਲ ਨੂੰ ਕੀਤੀ ਜਾਵੇਗੀ। ਇਸ ਲਈ ਪਾਰਟੀ ਨੇ 12 ਅਪਰੈਲ ਨੂੰ ਤੇਜਾ ਸਿੰਘ ਸਮੁੰਦਰੀ ਹਾਲ, ਸ੍ਰੀ ਦਰਬਾਰ ਸਾਹਿਬ ਕੰਪਲੈਕਸ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਦਲ ਦਾ ਜਨਰਲ ਇਜਲਾਸ ਸੱਦ ਲਿਆ ਹੈ।
ਇਹ ਫ਼ੈਸਲਾ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਦੀ ਅਗਵਾਈ ਹੇਠ ਇਥੇ ਹੋਈ ਵਰਕਿੰਗ ਕਮੇਟੀ ਨੇ ਮੀਟਿੰਗ ਵਿੱਚ ਲਿਆ ਹੈ। ਇਸ ਦੇ ਨਾਲ ਹੀ ਵਰਕਿੰਗ ਕਮੇਟੀ ਨੇ ਫ਼ੈਸਲਾ ਲਿਆ ਕਿ 13 ਅਪਰੈਲ ਨੂੰ ਤਲਵੰਡੀ ਸਾਬੋ ਵਿਖੇ ਵਿਸ਼ਾਲ ਸਿਆਸੀ ਕਾਨਫਰੰਸ ਵੀ ਕੀਤੀ ਜਾਵੇਗੀ।
ਪਾਰਟੀ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਵਰਕਿੰਗ ਕਮੇਟੀ ਨੇ ਸੂਬੇ ਵਿਚ ਅਮਨ ਕਾਨੂੰਨ ਵਿਵਸਥਾ ਦੀ ਵਿਗੜਦੀ ਸਥਿਤੀ ’ਤੇ ਗੰਭੀਰ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਪਹਿਲਾਂ ਪੁਲੀਸ ਥਾਣਿਆਂ ਵਿਚ ਗ੍ਰਨੇਡ ਹਮਲੇ ਹੋਏ ਹਨ ਤੇ ਅੰਮ੍ਰਿਤਸਰ ਵਿਚ ਠਾਕੁਰਦੁਆਰਾ ਮੰਦਰ ਵਿਚ ਵੀ ਗ੍ਰਨੇਡ ਹਮਲਾ ਹੋਇਆ ਹੈ, ਉਸ ਤੋਂ ਬਾਅਦ ਡਾ. ਬੀ ਆਰ ਅੰਬੇਡਕਰ ਦੇ ਬੁੱਤਾਂ ਦਾ ਅਪਮਾਨ ਹੋਇਆ ਹੈ ਤੇ ਹੁਣ ਸੀਨੀਅਰ ਭਾਜਪਾ ਆਗੂ ਮਨੋਰੰਜਨ ਕਾਲੀਆ ਦੀ ਰਿਹਾਇਸ਼ ’ਤੇ ਗ੍ਰਨੇਡ ਹਮਲਾ ਹੋਇਆ ਹੈ।

ਉਨ੍ਹਾਂ ਕਿਹਾ ਕਿ ਵਰਕਿੰਗ ਕਮੇਟੀ ਦਾ ਵਿਚਾਰ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਆਪ ਹੀ ਹਾਲਾਤ ਨੂੰ ਵਸੋਂ ਬਾਹਰ ਹੋਣ ਦਿੱਤਾ ਹੈ ਤੇ ਉਹਨਾਂ ਨੂੰ ਤੁਰੰਤ ਅਸਤੀਫਾ ਦੇਣਾ ਚਾਹੀਦਾ ਹੈ।