‘ਤੂੰ ਬਾਹਰ ਮਿਲ’: ਚੈੱਕ ਬਾਊਂਸ ਮਾਮਲੇ ਵਿਚ ਦੋਸ਼ੀ ਨੇ ਜੱਜ ਨੂੰ ਧਮਕੀ ਦਿੱਤੀ
ਨਵੀਂ ਦਿੱਲੀ, 22 ਅਪਰੈਲ
ਇੱਥੋਂ ਦੀ ਦਵਾਰਕਾ ਅਦਾਲਤ ਦਾ ਪਿਛਲੇ ਦਿਨੀਂ ਇਕ ਹੈਰਾਨੀਜਨਕ ਵਾਕਿਆ ਸਾਹਮਣੇ ਆਇਆ ਹੈ, ਜਿੱਥੇ ਇਕ ਦੋਸ਼ੀ ਅਤੇ ਉਸਦੇ ਵਕੀਲ ਨੇ ਚੈੱਕ ਬਾਊਂਸ ਮਾਮਲੇ ਵਿੱਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਜੱਜ ਨੂੰ ਕਥਿਤ ਤੌਰ ’ਤੇ ਜਾਨੋਂ ਮਾਰਨ ਦੀਆਂ ਧਮਕੀ ਦੇ ਦਿੱਤੀ। ਜਾਣਕਾਰੀ ਅਨੁਸਾਰ ਇਕ ਵਿਅਕਤੀ ਜਿਸਨੂੰ ਦੋਸ਼ੀ ਪਾਏ ਜਾਣ ਉਪਰੰਤ 22 ਮਹੀਨੇ ਦੀ ਕੈਦ ਅਤੇ 6,65,000 ਰੁਪਏ ਦਾ ਜੁਰਮਾਨਾ ਲਗਾਇਆ ਗਿਆ ਸੀ, ਕਥਿਤ ਤੌਰ ’ਤੇ ਗੁੱਸੇ ਵਿੱਚ ਭੜਕ ਉੱਠਿਆ ਅਤੇ ਜੱਜ ਨੂੰ ਧਮਕੀ ਦਿੱਤੀ। ਦੋਸ਼ੀ ਸੇਵਾ ਮੁਕਤ ਸਰਕਾਰੀ ਅਧਿਆਪਕ ਹੈ, ਨੇ ਮਹਿਲਾ ਜੱਜ ਨੂੰ ਕਥਿਤ ਤੌਰ ’ਤੇ ਕਿਹਾ, ‘‘ਤੂੰ ਹੈ ਕੀ ਚੀਜ਼... ਤੂੰ ਬਾਹਰ ਮਿਲ ਦੇਖਦੇ ਹਾਂ ਕਿਵੇਂ ਘਰ ਪਹੁੰਚਦੀ ਹੈ।’’
ਵਿਅਕਤੀ ਨੇ ਜੱਜ ’ਤੇ ਵਸਤੂ ਸੁੱਟਣ ਦੀ ਕੋਸ਼ਿਸ਼ ਕੀਤੀ
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ 2 ਅਪਰੈਲ ਦਾ ਹੈ, ਬੀਤੀ 5 ਅਪਰੈਲ ਨੂੰ ਜੱਜ ਨੇ ਮਾਮਲਾ ਪ੍ਰਿੰਸੀਪਲ ਜ਼ਿਲ੍ਹਾ ਅਤੇ ਸੈਸ਼ਨ ਜੱਜ ਦਵਾਰਕਾ ਨੂੰ 2 ਅਪਰੈਲ ਦੇ ਹੁਕਮ ਦੇ ਅਨੁਸਾਰ ਢੁਕਵੀਂ ਕਾਰਵਾਈ ਕਰਨ ਲਈ ਹਾਈ ਕੋਰਟ ਨੂੰ ਰੈਫਰ ਕਰਨ ਲਈ ਭੇਜਿਆ। ਘਟਨਾ ਵਾਲੇ ਦਿਨ ਜੁਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ (ਜੇਐਮਐਫਸੀ) ਸ਼ਿਵਾਂਗੀ ਮੰਗਲਾ ਨੇ ਫੈਸਲਾ ਸੁਣਾਇਆ ਅਤੇ ਵਿਕਅਤੀ ਨੂੰ ਦੋਸ਼ੀ ਠਹਿਰਾਉਂਦਿਆਂ ਸਜ਼ਾ ’ਤੇ ਬਹਿਸ ਲਈ ਮਾਮਲੇ ਨੂੰ ਸੂਚੀਬੱਧ ਕੀਤਾ। ਅਦਾਲਤ ਨੇ ਨੋਟ ਕੀਤਾ ਕਿ ਦੋਸ਼ੀ ਆਪਣੇ ਹੱਕ ਵਿਚ ਫੈਸਲਾ ਨਾ ਹੋਣ ਬਾਰੇ ਸੁਣਨ ਤੋਂ ਬਾਅਦ, ਉਹ ਖੁੱਲ੍ਹੀ ਅਦਾਲਤ ਵਿੱਚ ਜੱਜ ’ਤੇ ਗੁੱਸੇ ਨਾਲ ਭੜਕ ਉੱਠਿਆ ਕਿ ਉਸਨੂੰ ਦੋਸ਼ੀ ਠਹਿਰਾਉਣ ਦਾ ਫੈਸਲਾ ਕਿਵੇਂ ਦਿੱਤਾ ਜਾ ਸਕਦਾ ਹੈ।
ਜੱਜ ਨੇ ਹੁਕਮ ਵਿਚ ਕਿਹਾ, ‘‘ਦੋਸ਼ੀ ਨੇ ਜੱਜ ਦੀ ਮਾਂ ਵਿਰੁੱਧ ਟਿੱਪਣੀ ਕਰਦੇ ਹੋਏ ਖੁੱਲ੍ਹੀ ਅਦਾਲਤ ਵਿੱਚ ਉਨ੍ਹਾਂ ਨੂੰ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ।’’ ਦੋਸ਼ੀ ਨੇ ਇੱਕ ਵਸਤੂ ਵੀ ਫੜੀ ਹੋਈ ਸੀ ਅਤੇ ਹੱਕ ਵਿਚ ਫੈਸਲਾ ਨਾ ਆਉਣ ਤੋਂ ਬਾਅਦ ਉਹ ਜੱਜ ’ਤੇ ਸੁੱਟਣ ਦੀ ਕੋਸ਼ਿਸ਼ ਕੀਤੀ।
ਦੋਸ਼ੀ ਅਤੇ ਵਕੀਲ ਦੋਹਾਂ ’ਤੇ ਜੱਜ ਨੂੰ ਪਰੇਸ਼ਾਨ ਕਰਨ ਦੇ ਦੋਸ਼
ਜੱਜ ਨੇ ਨੋਟ ਕੀਤਾ ਕਿ ਦੋਸ਼ੀ ਅਤੇ ਉਸ ਦੇ ਵਕੀਲ ਨੇ ਉਸ ਨੂੰ ਮਾਨਸਿਕ ਅਤੇ ਸਰੀਰਕ ਤੌਰ ’ਤੇ ਪਰੇਸ਼ਾਨ ਕਰਦਿਆਂ ਮੰਗ ਕੀਤੀ ਕਿ ਉਹ ਆਪਣੀ ਨੌਕਰੀ ਤੋਂ ਅਸਤੀਫਾ ਦੇਵੇ ਅਤੇ ਦੋਸ਼ੀ ਨੂੰ ਬਰੀ ਕਰ ਦੇਵੇ। ਜੱਜ ਨੇ ਹੁਕਮ ਵਿਚ ਕਿਹਾ, ‘‘ਫਿਰ, ਉਨ੍ਹਾਂ ਦੋਵਾਂ ਨੇ ਨੌਕਰੀ ਤੋਂ ਅਸਤੀਫਾ ਦੇਣ ਲਈ ਮਾਨਸਿਕ ਅਤੇ ਸਰੀਰਕ ਤੌਰ ’ਤੇ ਪਰੇਸ਼ਾਨ ਕੀਤਾ। ਦੋਹਾਂ ਨੇ ਦੋਸ਼ੀ ਨੂੰ ਬਰੀ ਕਰਨ ਲਈ ਮੁੜ ਪਰੇਸ਼ਾਨ ਕੀਤਾ, ਅਜਿਹਾ ਨਾ ਕਰਨ ’ਤੇ ਉਹ ਮੇਰੇ ਵਿਰੁੱਧ ਸ਼ਿਕਾਇਤ ਦਰਜ ਕਰਵਾਉਣਗੇ ਅਤੇ ਜ਼ਬਰਦਸਤੀ ਅਸਤੀਫੇ ਦਾ ਪ੍ਰਬੰਧ ਕਰਨਗੇ।’’
ਅਦਾਲਤ ਨੇ ਦੋਸ਼ੀ ਦੇ ਵਤੀਰੇ ’ਤੇ ਚਿੰਤਾ ਪਰਗਟ ਕੀਤੀ ਅਤੇ ਕੌਮੀ ਮਹਿਲਾ ਕਮਿਸ਼ਨ ਦੇ ਸਾਹਮਣੇ ਉਸ ਵਿਰੁੱਧ ਢੁਕਵੇਂ ਕਦਮ ਚੁੱਕਣ ਦਾ ਫੈਸਲਾ ਕੀਤਾ। ਦੋਸ਼ੀ ਦੇ ਵਕੀਲ ਅਤੁਲ ਕੁਮਾਰ ਨੂੰ ਇਹ ਵੀ ਕਾਰਨ ਦੱਸਣ ਲਈ ਕਿਹਾ ਗਿਆ ਕਿ ਉਸਨੂੰ ਮਾਣਹਾਨੀ ਦੀ ਕਾਰਵਾਈ ਸ਼ੁਰੂ ਕਰਨ ਲਈ ਹਾਈ ਕੋਰਟ ਕਿਉਂ ਨਾ ਭੇਜਿਆ ਜਾਵੇ। ਅਦਾਲਤ ਨੇ ਦੋਸ਼ੀ ਨੂੰ 22 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਹੈ। ਉਸਨੂੰ 6,65,000 ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ।
ਵਕੀਲ ਦਾ ਬਿਆਨ ਵੀ ਆਇਆ ਸਾਹਮਣੇ
ਦੋਸ਼ੀ ਦੇ ਵਕੀਲ ਨੇ ਕਿਹਾ ਕਿ ਦੋਸ਼ੀ 63 ਸਾਲਾ ਸੇਵਾਮੁਕਤ ਸਰਕਾਰੀ ਅਧਿਆਪਕ ਹੈ ਅਤੇ ਆਪਣੀ ਪੈਨਸ਼ਨ ’ਤੇ ਗੁਜ਼ਾਰਾ ਕਰ ਰਿਹਾ ਹੈ। ਅੱਗੇ ਇਹ ਵੀ ਕਿਹਾ ਗਿਆ ਕਿ ਦੋਸ਼ੀ ਦੇ ਤਿੰਨ ਵੱਡੇ ਨਿਰਭਰ ਪੁੱਤਰ ਹਨ ਜੋ ਬੇਰੁਜ਼ਗਾਰ ਹਨ, ਦੋਸ਼ੀ 'ਤੇ ਨਰਮੀ ਵਾਲਾ ਨਜ਼ਰੀਆ ਰੱਖਣ ਅਤੇ ਘੱਟੋ-ਘੱਟ ਸਜ਼ਾ ਦੇਣ ਦੀ ਬੇਨਤੀ ਕੀਤੀ ਗਈ ਸੀ। ਹਾਲਾਂਕਿ ਦੋਸ਼ੀ ਨੂੰ ਉੱਚ ਅਦਾਲਤ ਵਿੱਚ ਫੈਸਲੇ ਨੂੰ ਚੁਣੌਤੀ ਦੇਣ ਲਈ ਜ਼ਮਾਨਤ ਦਿੱਤੀ ਗਈ ਸੀ। -ਏਐੱਨਆਈ