ਅਮਰੀਕਾ: ਦੁਕਾਨ ’ਚ ਗੋਲੀਬਾਰੀ ਵਿੱਚ ਭਾਰਤੀ ਮੂਲ ਦੇ ਪਿਓ-ਧੀ ਦੀ ਮੌਤ
ਨਿਊਯਾਰਕ, 23 ਮਾਰਚ
ਅਮਰੀਕਾ ਦੇ ਸੂਬੇ ਵਰਜੀਨੀਆ ਵਿੱਚ ਇੱਕ ਸਟੋਰ ’ਚ 56 ਸਾਲਾ ਭਾਰਤੀ ਮੂਲ ਦੇ ਵਿਅਕਤੀ ਅਤੇ ਉਸ ਦੀ 24 ਸਾਲਾ ਧੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪੁਲੀਸ ਨੇ ਘਟਨਾ ਦੇ ਸਬੰਧ ਵਿੱਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ।
ਜਾਣਕਾਰੀ ਮੁਤਾਬਕ, ਪ੍ਰਦੀਪ ਕੁਮਾਰ ਪਟੇਲ ਅਤੇ ਉਸ ਦੀ ਧੀ ਐਕੋਮੈਕ ਕਾਊਂਟੀ ਦੇ ਲੈਂਕਫੋਰਡ ਹਾਈਵੇਅ ’ਤੇ ਸਥਿਤ ਸਟੋਰ ਵਿੱਚ ਕੰਮ ਕਰ ਰਹੇ ਸਨ। ਇਸੇ ਦੌਰਾਨ ਗੋਲੀਬਾਰੀ ਦੀ ਇਹ ਘਟਨਾ ਵਾਪਰ ਗਈ। ਐਕੋਮੈਕ ਕਾਊਂਟੀ ਵਰਜੀਨੀਆ ਦੇ ਪੂਰਬੀ ਤੱਟ ’ਤੇ ਸਥਿਤ ਹੈ। ਅਖ਼ਬਾਰ ‘ਸ਼ੋਰ ਡੇਲੀ ਨਿਊਜ਼’ ਮੁਤਾਬਕ, ਐਕੋਮੈਕ ਕਾਊਂਟੀ ਸ਼ੈਰਿਫ ਦਫ਼ਤਰ ਨੇ ਕਿਹਾ ਕਿ 20 ਮਾਰਚ ਨੂੰ ਗੋਲੀਬਾਰੀ ਦੀ ਸੂਚਨਾ ਮਿਲਣ ਮਗਰੋਂ ਸਵੇਰੇ 5.30 ਵਜੇ ਅਧਿਕਾਰੀ ਵਾਰਦਾਤਾ ਵਾਲੀ ਥਾਂ ’ਤੇ ਗਏ। ਮੌਕੇ ’ਤੇ ਪੁੱਜੇ ਅਧਿਕਾਰੀਆਂ ਨੇ ਦੇਖਿਆ ਕਿ ਗੋਲੀ ਲੱਗਣ ਕਾਰਨ ਜ਼ਖ਼ਮੀ ਹੋਇਆ ਇੱਕ ਵਿਅਕਤੀ ਬੇਸੁੱਧ ਪਿਆ ਸੀ। ਇਮਾਰਤ ਦੀ ਤਲਾਸ਼ੀ ਦੌਰਾਨ ਉੱਥੇ ਇੱਕ ਔਰਤ ਜ਼ਖ਼ਮੀ ਹਾਲਤ ਵਿੱਚ ਮਿਲੀ। ਉਸ ਨੂੰ ਸੈਂਟਾਰਾ ਨੋਰਫੋਕ ਜਨਰਲ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ।
ਐਕੋਮੈਕ ਕਾਊਂਟੀ ਸ਼ੈਰਿਫ ਨੇ ਵੀਰਵਾਰ ਦੇਰ ਰਾਤ ਦੱਸਿਆ ਕਿ ਉਨ੍ਹਾਂ ਨੇ ਗੋਲੀਬਾਰੀ ਦੇ ਸਬੰਧ ਵਿੱਚ ਜੌਰਜ ਫਰੇਜ਼ੀਅਰ ਡੈਵਲੋਨ ਵ੍ਹਾਰਟਨ ਨਾਮ ਦੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਨੂੰ ਐਕੋਮੈਕ ਜੇਲ੍ਹ ਵਿੱਚ ਰੱਖਿਆ ਗਿਆ ਹੈ। ਉਸ ’ਤੇ ਫਰਸਟ-ਡਿਗਰੀ ਹੱਤਿਆ, ਫਰਸਟ-ਡਿਗਰੀ ਹੱਤਿਆ ਦੀ ਕੋਸ਼ਿਸ਼ ਅਤੇ ਅਣਅਧਿਕਾਰਤ ਤੌਰ ’ਤੇ ਹਥਿਆਰ ਰੱਖਣ ਦੇ ਦੋਸ਼ ਹੇਠ ਦੋ ਕੇਸ ਦਰਜ ਕੀਤੇ ਗਏ ਹਨ। ਗੋਲੀਬਾਰੀ ਦਾ ਕਾਰਨ ਹਾਲੇ ਪਤਾ ਨਹੀਂ ਲੱਗ ਸਕਿਆ। - ਪੀਟੀਆਈ