‘ਡਰੱਗ ਸੈਂਸਜ਼’ ਦੀ ਸ਼ੁਰੂਆਤ ਮੁੱਖ ਮੰਤਰੀ ਤੇ ਵਿਧਾਇਕਾਂ ਤੋਂ ਹੋਵੇ: ਬਾਜਵਾ
ਆਤਿਸ਼ ਗੁਪਤਾ
ਚੰਡੀਗੜ੍ਹ, 26 ਮਾਰਚ
ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਤੇ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ‘ਆਪ’ ਸਰਕਾਰ ਵੱਲੋਂ ਪੇਸ਼ ਕੀਤੇ ਗਏ 2.36 ਲੱਖ ਕਰੋੜ ਰੁਪਏ ਦੇ ਬਜਟ ਨੂੰ ਝੂਠ ਅਤੇ ਧੋਖੇ ਦੀ ਭਰਮਾਰ ਕਰਾਰ ਦਿੱਤਾ ਤੇ ਕਿਹਾ ਕਿ ਬਜਟ ’ਚ ਔਰਤਾਂ, ਕਿਸਾਨਾਂ, ਜਵਾਨਾਂ, ਨੌਜਵਾਨਾਂ, ਵਿਦਿਆਰਥੀਆਂ ਤੇ ਵਪਾਰੀਆਂ ਸਣੇ ਹਰ ਵਰਗਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਨੇ ਬਜਟ ਦੌਰਾਨ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਸੂਬੇ ਵਿੱਚ ‘ਡਰੱਗ ਸੈਂਸਜ਼’ (ਜਨਗਣਨਾ) ਕਰਵਾਉਣ ਦੀ ਗੱਲ ਕੀਤੀ ਹੈ। ਉਨ੍ਹਾਂ ਕਿਹਾ, ‘‘ਇਸ ‘ਡਰੱਗ ਸੈਂਸਜ਼’ ਦੀ ਸ਼ੁਰੂਆਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਸਮੂਹ ਵਿਧਾਇਕਾਂ ਤੋਂ ਕੀਤੀ ਜਾਣੀ ਚਾਹੀਦੀ ਹੈ। ਪੀਜੀਆਈ ਦੇ ਡਾਕਟਰਾਂ ਦੀ ਅਗਵਾਈ ਹੇਠ ਇੱਕ ਬੋਰਡ ਵੱਲੋਂ ਪਹਿਲਾਂ ਵਿਧਾਨ ਸਭਾ ਵਿੱਚ 117 ਵਿਧਾਇਕਾਂ ਦੇ ਡੋਪ ਟੈਸਟ ਕਰਕੇ ਰਿਪੋਰਟ ਜਨਤਕ ਕੀਤੀ ਜਾਣੀ ਚਾਹੀਦੀ ਹੈ ਅਤੇ ਉਸ ਤੋਂ ਬਾਅਦ ਪੰਜਾਬ ਦੇ ਹੋਰਨਾਂ ਲੋਕਾਂ ਵੱਲ ਵਧਣਾ ਚਾਹੀਦਾ ਹੈ।’’ ਉਨ੍ਹਾਂ ਆਖਿਆ ਕਿ ‘ਆਪ’ ਦੇ ਤਿੰਨ ਸਾਲਾਂ ਦੇ ਸ਼ਾਸਨ ਦੌਰਾਨ ਪੰਜਾਬ ਦੇਸ਼ ਦਾ ਦੂਜਾ ਸਭ ਤੋਂ ਵੱਧ ਕਰਜ਼ੇ ਦੇ ਬੋਝ ਵਾਲਾ ਸੂਬਾ ਬਣ ਗਿਆ ਹੈ ਅਤੇ ਅਗਾਮੀ ਵਿੱਤੀ ਵਰ੍ਹੇ ਵਿੱਚ ‘ਆਪ’ ਸਰਕਾਰ 49,900 ਕਰੋੜ ਰੁਪਏ ਦਾ ਕਰਜ਼ਾ ਲਵੇਗੀ। ਇਸ ਦੇ ਨਤੀਜੇ ਵਜੋਂ ਅਗਲੇ ਵਿੱਤੀ ਸਾਲ ਦੇ ਅੰਤ ਤੱਕ ਸੂਬੇ ਦਾ ਬਕਾਇਆ ਕਰਜ਼ਾ 3.96 ਲੱਖ ਕਰੋੜ ਰੁਪਏ ਹੋ ਜਾਵੇਗਾ।
ਖੇਤੀ ਲਈ ਘੱਟ ਬਜਟ ਰੱਖਣਾ ਕਿਸਾਨਾਂ ਨਾਲ ਮਜ਼ਾਕ
ਬਾਜਵਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਖੇਤੀ ਖੇਤਰ ਲਈ 14,524 ਕਰੋੜ ਰੁਪਏ ਰੱਖੇ ਹਨ, ਜੋ ਕਿ ਕਿਸਾਨਾਂ ਨਾਲ ਕੋਝਾ ਮਜ਼ਾਕ ਹੈ। ਕਾਂਗਰਸੀ ਆਗੂ ਨੇ ਕਿਹਾ ਕਿ ‘ਆਪ’ ਵੱਲੋਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਔਰਤਾਂ ਨੂੰ ਇਕ-ਇਕ ਹਜ਼ਾਰ ਰੁਪਏ ਦੇਣ ਦਾ ਵਾਅਦਾ ਕੀਤਾ ਸੀ, ਜੋ ਤਿੰਨ ਸਾਲ ਬੀਤਣ ਵੀ ਵਫ਼ਾ ਨਹੀਂ ਹੋਇਆ। ਇਸ ਸਮੇਂ ਪੰਜਾਬ ਦੀਆਂ ਔਰਤਾਂ ਦਾ ਸਰਕਾਰ ਵੱਲ 36000-36000 ਰੁਪਏ ਬਕਾਇਆ ਖੜ੍ਹੇ ਹੋ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ‘ਆਪ’ ਨੂੰ ਕਦੇ ਵੀ ਮੁਆਫ਼ ਨਹੀਂ ਕਰਨਗੇ।Advertisement