ਨਸ਼ਾ ਤਸਕਰੀ ਰੋਕਣ ਲਈ 5 ਹਜ਼ਾਰ ਨੌਜਵਾਨ ਭਰਤੀ ਕੀਤੇ ਜਾਣਗੇ: ਕਟਾਰੂਚੱਕ
ਐੱਨ ਪੀ ਧਵਨ
ਪਠਾਨਕੋਟ, 26 ਮਾਰਚ
ਪੰਜਾਬ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਸਿਰੇ ਚੜ੍ਹਾਉਣ ਲਈ ਲਈ ਕੌਮਾਂਤਰੀ ਸਰਹੱਦ ’ਤੇ ਬੀਐੱਸਐੱਫ ਤੋਂ ਬਾਅਦ ਪੰਜਾਬ ਦੀ ਰੱਖਿਆ ਦੀ ਦੂਜੀ ਕਤਾਰ ਨੂੰ ਮਜ਼ਬੂਤ ਬਣਾਉਣ ਲਈ ਅਤਿ-ਆਧੁਨਿਕ ਐਂਟੀ ਡਰੋਨ ਤਕਨੀਕ ਤੇ ਹੋਰ ਮਸ਼ੀਨਰੀ ਲਾਈ ਜਾਵੇਗੀ। ਇਸ ਤੋਂ ਇਲਾਵਾ ਸਰਹੱਦੀ ਖੇਤਰ ਦੇ 5 ਹਜ਼ਾਰ ਹੋਮਗਾਰਡ ਜਵਾਨਾਂ ਦੀ ਭਰਤੀ ਕੀਤੀ ਜਾਵੇਗੀ। ਉਨ੍ਹਾਂ ਨੇ ਇਹ ਗੱਲ ਪੰਜਾਬ ਵਿਧਾਨ ਸਭਾ ’ਚ ਪੇਸ਼ ਬਜਟ ਸਬੰਧੀ ਗੱਲਬਾਤ ਦੌਰਾਨ ਆਖੀ।
ਕਟਾਰੂਚੱਕ ਨੇ ਕਿਹਾ, ‘‘ਵਿਧਾਨ ਸਭਾ ਹਲਕਾ ਭੋਆ ਦੇ ਬਲਾਕ ਨਰੋਟ ਜੈਮਲ ਸਿੰਘ ਅਤੇ ਬਮਿਆਲ ਦੇ ਬਿਲਕੁਲ ਨਾਲ ਹੀ ਕੌਮਾਂਤਰੀ ਸਰਹੱਦ ਹੈ। ਇਸ ਸਰਹੱਦ ਨਾਲ ਲੱਗਦੇ ਪਿੰਡਾਂ ਦੇ ਨੌਜਵਾਨਾਂ ਨੂੰ ਹੋਮਗਾਰਡ ’ਚ ਭਰਤੀ ਕੀਤਾ ਜਾਵੇਗਾ।’’ ਉਨ੍ਹਾਂ ਕਿਹਾ ਕਿ ਇਸ ਸਰਹੱਦੀ ਇਲਾਕੇ ਅੰਦਰ ਪਾਕਿਸਤਾਨ ਤੋਂ ਨਸ਼ੀਲੇ ਪਦਾਰਥ ਤੇ ਹਥਿਆਰ ਲੈ ਕੇ ਡਰੋਨ ਆਉਂਦੇ ਹਨ, ਜਿਨ੍ਹਾਂ ਦੇ ਟਾਕਰੇ ਲਈ 110 ਕਰੋੜ ਦੇ ਉਪਕਰਨ ਖਰੀਦੇ ਜਾਣਗੇ। ਇਸ ਤੋਂ ਇਲਾਵਾ ਸਰਹੱਦ ’ਤੇ ਨਸ਼ਾ ਤਸਕਰਾਂ ਨੂੰ ਫੜਨ ਲਈ 758 ਚਾਰ-ਪਹੀਆ ਵਾਹਨ ਅਤੇ 916 ਦੋਪਹੀਆ ਵਾਹਨ ਖਰੀਦ ਕੇ ‘ਸੈਕਿੰਡ ਲਾਈਨ ਆਫ ਡਿਫੈਂਸ’ ਵਿੱਚ ਹੋਮਗਾਰਡ ਜਵਾਨ ਤਾਇਨਾਤ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਇਹ ਠੋਸ ਕਦਮ ਚੁੱਕੇ ਜਾ ਰਹੇ ਹਨ, ਜਿਸ ਨੂੰ ਪਿਛਲੀਆਂ ਸਰਕਾਰਾਂ ਹੱਲ ਕਰਨ ਵਿੱਚ ਅਸਫ਼ਲ ਰਹੀਆਂ ਹਨ। ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਵੱਲੋਂ ਮੋੜਨ ਲਈ ਪੰਜਾਬ ਸਰਕਾਰ 3 ਹਜ਼ਾਰ ਇਨਡੋਰ ਸਟੇਡੀਅਮ ਬਣਵਾਏਗੀ ਤੇ ਖੇਡਾਂ ਲਈ 978 ਕਰੋੜ ਰੁਪਏ ਖਰਚੇ ਜਾਣਗੇ। ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਨੇ ਬਜਟ ’ਚ ਸਿਹਤ ਵਿਭਾਗ, ਲਿੰਕ ਸੜਕਾਂ ਤੇ ਹੋਰ ਖੇਤਰਾਂ ਲਈ ਵੀ ਢੁੱਕਵੀਂ ਰਾਸ਼ੀ ਰੱਖੀ ਹੈ।