ਯੂਐੱਨ ਮਿਸ਼ਨ ਵੱਲੋਂ ਸਿੱਖ ਤੇ ਧਾਰਮਿਕ ਘੱਟਗਿਣਤੀਆਂ ’ਤੇ ਹਮਲਿਆਂ ਬਾਰੇ ਰਿਪੋਰਟ ਤਿਆਰ
ਸੰਯੁਕਤ ਰਾਸ਼ਟਰ, 28 ਜੁਲਾਈ
ਅਫ਼ਗ਼ਾਨਿਸਤਾਨ ਵਿਚਲੇ ਯੂਐੱਨ ਮਿਸ਼ਨ ਨੇ ਜੰਗ ਦੇ ਝੰਬੇ ਇਸ ਮੁਲਕ ਵਿੱਚ ਇਸਲਾਮਿਕ ਦਹਿਸ਼ਤਗਰਦਾਂ ਵੱਲੋਂ ਸਿੱਖ ਭਾਈਚਾਰੇ ਤੇ ਹੋਰਨਾਂ ਧਾਰਮਿਕ ਘੱਟਗਿਣਤੀਆਂ ’ਤੇ ਕੀਤੇ ਹਮਲਿਆਂ ਬਾਰੇ ਰਿਪੋਰਟ ਤਿਆਰ ਕੀਤੀ ਹੈ। ਰਿਪੋਰਟ ਮੁਤਾਬਕ ਮੌਜੂਦਾ ਸਾਲ (2020) ਦੇ ਪਹਿਲੇ ਅੱਧ ਵਿੱਚ ਹੁਣ ਤਕ 3400 ਤੋਂ ਵੱਧ ਆਮ ਨਾਗਰਿਕ ਹਲਾਕ ਜਾਂ ਫਿਰ ਜ਼ਖ਼ਮੀ ਹੋਏ ਹਨ। ‘ਦਿ ਪ੍ਰੋਟੈਕਸ਼ਨ ਆਫ਼ ਸਿਵਿਲੀਅਨਜ਼ ਇਨ ਆਰਮਡ ਕਨਫਲਿਕਟ’ ਨਾਂ ਦੀ ਇਸ ਰਿਪੋਰਟ ਵਿੱਚ ਅਫ਼ਗਾਨਿਸਤਾਨ ਵਿੱਚ ਸੰਯੁਕਤ ਰਾਸ਼ਟਰ ਦੇ ਸਹਾਇਕ ਮਿਸ਼ਨ (ਯੂਐੱਨਏਐੱਮਏ) ਨੇ ਕਿਹਾ ਕਿ 2020 ਦੇ ਪਹਿਲੇ ਅੱਧ ਵਿੱਚ ਅਫ਼ਗ਼ਾਨਿਸਤਾਨ ਦੇ ਆਮ ਨਾਗਰਿਕਾਂ ਨੂੰ ਅਸਰਅੰਦਾਜ਼ ਕਰਨ ਵਾਲੀ ਹਿੰਸਾ ਇਕਸਾਰ ਨਹੀਂ ਸੀ। ਸੰਯੁਕਤ ਰਾਸ਼ਟਰ ਨੇ ਇਸ ਅਰਸੇ
ਦੌਰਾਨ ਹੋਏ ਹਮਲਿਆਂ ’ਚ 1282 ਮੌਤਾਂ ਤੇ 2176 ਜ਼ਖ਼ਮੀਆਂ ਦਾ ਅੰਕੜਾ ਦਰਜ ਕੀਤਾ ਹੈ। ਰਿਪੋਰਟ ਮੁਤਾਬਕ ਯੂਐੱਨਏਐੱਮਏ ਨੇ ਇਰਾਕ ਦੀ ਇਸਲਾਮਿਕ ਸਟੇਟ ਤੇ ਦਿ ਲੇਵੈਂਟ-ਖੋਰਾਸਾਨ ਪ੍ਰੋਵਿੰਸ (ਆਈਐੱਸਆਈਐੱਲ-ਕੇਪੀ) ਵੱਲੋਂ ਅਫ਼ਗ਼ਾਨਿਸਤਾਨ ਦੇ ਧਾਰਮਿਕ ਘੱਟਗਿਣਤੀਆਂ, ਜਨਿ੍ਹਾਂ ਵਿੱਚ ਸਿੱਖ ਭਾਈਚਾਰਾ ਤੇ ਸ਼ੀਆ ਮੁਸਲਿਮ ਆਬਾਦੀ ਵੀ ਸ਼ਾਮਲ ਹੈ, ਉੱਤੇ ਹੋਏ ਹਮਲਿਆਂ ਨੂੰ ਦਸਤਾਵੇਜ਼ ਦੇ ਰੂਪ ਵਿੱਚ ਇਕੱਤਰ ਕੀਤਾ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪਿਛਲੇ ਸਾਲ (2019) ਦੇ ਇਸ ਅਰਸੇ ਦੇ ਮੁਕਾਬਲੇ ਇਸ ਵਾਰ ਆਮ ਨਾਗਰਿਕਾਂ ਦੀਆਂ ਮੌਤਾਂ ਵਿੱਚ 13 ਫੀਸਦ ਨਿਘਾਰ ਆਇਆ ਹੈ। ਚੇਤੇ ਰਹੇ ਕਿ ਇਸ ਸਾਲ ਮਾਰਚ ਵਿੱਚ ਹਥਿਆਰਬੰਦ ਬੰਦੂਕਧਾਰੀਆਂ ਤੇ ਖੁ਼ਦਕੁਸ਼ ਬੰਬਾਰਾਂ ਵੱਲੋਂ ਸ਼ੋਰ ਬਾਜ਼ਾਰ ਖੇਤਰ ਵਿਚਲੇ ਗੁਰਦੁਆਰੇ ’ਤੇ ਕੀਤੇ ਹਮਲੇ ਵਿੱਚ ਘੱਟੋ-ਘੱਟ 25 ਸਿੱਖ ਸ਼ਰਧਾਲੂ ਮਾਰੇ ਗਏ ਸੀ ਤੇ ਅੱਠ ਹੋਰ ਜ਼ਖ਼ਮੀ ਹੋ ਗਏ ਸਨ। ਇਸ ਹਮਲੇ ਪਿੱਛੇ ਆਈਐੱਸਆਈਐੱਲ-ਕੇ ਦੇ ਮੁਖੀ ਅਸਲਮ ਫ਼ਾਰੂਕੀ, ਜੋ ਕਿ ਪਾਕਿਸਤਾਨੀ ਨਾਗਰਿਕ ਹੈ, ਦਾ ਹੱਥ ਸੀ। ਰਿਪੋਰਟ ਮੁਤਾਬਕ ਆਮ ਨਾਗਰਿਕਾਂ ਦੀਆਂ ਮੌਤਾਂ ਘਟਣ ਪਿੱਛੇ ਅਸਲ ਕਾਰਨ ਖਿੱਤੇ ਵਿੱਚ ਕੌਮਾਂਤਰੀ ਫੌਜੀ ਬਲਾਂ ਤੇ ਇਸਲਾਮਿਕ ਸਟੇਟ ਦੇ ਅਪਰੇਸ਼ਨਾਂ ਦਾ ਘਟਣਾ ਹੈ।
-ਪੀਟੀਆਈ