Punjab News: ਅੰਮ੍ਰਿਤਸਰ ਹਵਾਈ ਅੱਡੇ ਤੇ ਭਾਰਤੀ ਯਾਤਰੀ ਕੋਲੋਂ 7.7 ਕਿਲੋ ਗਾਂਜਾ ਬਰਾਮਦ
ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 7 ਅਪਰੈਲ
Punjab News: ਸਥਾਨਕ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਤਾਇਨਾਤ ਕਸਟਮ ਵਿਭਾਗ ਨੇ ਇਕ ਭਾਰਤੀ ਯਾਤਰੀ ਕੋਲੋਂ 7.7 ਕਿਲੋ ਨਸ਼ੀਲਾ ਪਦਾਰਥ ਗਾਂਜਾ ਬਰਾਮਦ ਕੀਤਾ ਹੈ।
ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਕ ਵਿਅਕਤੀ ਏਅਰ ਇੰਡੀਆ ਦੀ ਉਡਾਨ ਰਾਹੀਂ ਲਗਭਗ 11:30 ਵਜੇ ਹਵਾਈ ਅੱਡੇ ਤੇ ਪੁੱਜਿਆ ਸੀ। ਉਨ੍ਹਾਂ ਦੱਸਿਆ ਕਿ ਵਿਅਕਤੀ ਦੇ ਸਮਾਨ ਦੀ ਜਾਂਚ ਦੌਰਾਨ ਨਸ਼ੀਲਾ ਪਦਾਰਥ ਬਰਾਮਦ ਹੋਇਆ, ਜਿਸ ਦਾ ਵਜਨ ਲਗਭਗ 7.7 ਕਿਲੋ ਹੈ ਅਤੇ ਇਸ ਦੀ ਮਾਰਕੀਟ ਕੀਮਤ 7.7 ਕਰੋੜ ਰੁਪਏ ਹੈ।
ਪ੍ਰਾਪਤ ਤਸਵੀਰਾਂ ਅਨੁਸਾਰ ਕਾਬੂ ਕੀਤੇ ਵਿਅਕਤੀ ਨੇ ਵੱਖ-ਵੱਖ ਤਰ੍ਹਾਂ ਦੀਆਂ ਡੱਬੀਆਂ ਵਿਚ ਪਾਇਆ ਹੋਇਆ ਸੀ।
ਅਧਿਕਾਰੀਆਂ ਅਨੁਸਾਰ ਵਿਅਕਤੀ ਦੀ ਸ਼ਨਾਖਤ ਚੰਨਣ ਸਿੰਘ ਵਜੋਂ ਹੋਈ ਹੈ ਅਤੇ ਉਸ ਕੋਲ ਭਾਰਤੀ ਪਾਸਪੋਰਟ ਸੀ। ਤਸਕਰੀ ਕਰਕੇ ਲਿਆਂਦਾ ਗਿਆ ਇਹ ਨਸ਼ੀਲਾ ਪਦਾਰਥ ਖਾਣ ਪੀਣ ਵਾਲੀਆਂ ਵਸਤਾਂ ਦੇ ਪੈਕੇਟ ਵਿੱਚ ਬੰਦ ਸੀ। ਇਸ ਸਬੰਧੀ ਐੱਨਡੀਪੀਐੱਸ ਐਕਟ ਤਹਿਤ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।