ਕਾਰਾਂ ਦੀ ਟੱਕਰ ਕਾਰਨ ਦੋ ਜ਼ਖਮੀ
11:16 AM Nov 19, 2023 IST
ਪੱਤਰ ਪ੍ਰੇਰਕ
ਪਠਾਨਕੋਟ, 18 ਨਵੰਬਰ
ਇੱਥੇ ਚੰਬਾ ਨੈਸ਼ਨਲ ਹਾਈਵੇਅ ’ਤੇ ਸਥਿਤ ਚੱਕੀ ਬਘਾਰ ਤੋਂ ਬੁੰਗਲ ਤੱਕ ਦੇ ਰਸਤੇ ਵਿੱਚ ਆਰਮੀ ਵੱਲੋਂ ਬੈਰੀਕੇਡ ਵਜੋਂ ਲਗਾਏ ਡਰੰਮਾਂ ਕਾਰਨ ਬੀਤੀ ਰਾਤ 2 ਕਾਰਾਂ ਆਪਸ ਵਿੱਚ ਟਕਰਾ ਗਈਆਂ। ਇਸ ਕਾਰਨ ਇੱਕ ਕਾਰ ਵਿੱਚ ਬੈਠੇ ਦੋ ਜਣੇ ਜ਼ਖ਼ਮੀ ਹੋ ਗਏ। ਇਸ ਹਾਦਸੇ ਬਾਰੇ ਟੈਕਸੀ ਕਾਰ ਚਾਲਕ ਇਸ਼ਾਂਤ ਸ਼ਰਮਾ ਵਾਸੀ ਚੰਬਾ ਨੇ ਦੱਸਿਆ ਕਿ ਉਹ ਚੰਬਾ ਤੋਂ ਪਠਾਨਕੋਟ ਵੱਲ ਸਵਾਰੀਆਂ ਛੱਡਣ ਜਾ ਰਿਹਾ ਸੀ ਤਾਂ ਰਾਤ ਨੂੰ ਕਰੀਬ 11 ਵਜੇ ਉਹ ਜਦੋਂ ਇਸ ਸਥਾਨ ’ਤੇ ਪੁੱਜੇ ਤਾਂ ਸੜਕ ’ਤੇ ਦੋਵੇਂ ਤਰਫ਼ ਲੱਗੇ ਡਰੰਮਾਂ ਕਾਰਨ ਰਸਤਾ ਤੰਗ ਸੀ। ਇਸ ਨਾਲ ਸਾਹਮਣੇ ਤੋਂ ਆ ਰਹੀ ਕਾਰ ਨਾਲ ਉਨ੍ਹਾਂ ਦੀ ਟੱਕਰ ਹੋ ਗਈ ਜਿਸ ਕਰ ਕੇ ਟੈਕਸੀ ਵਿੱਚ ਬੈਠੇ ਨਰਿੰਦਰ ਸਿੰਘ (42) ਪੁੱਤਰ ਹਰਪਾਲ ਸਿੰਘ ਅਤੇ ਸੁਸ਼ੀਲ ਕੁਮਾਰ (40) ਪੁੱਤਰ ਹੰਸਰਾਜ ਦੋਵੇਂ ਵਾਸੀ ਚੰਬਾ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਇਲਾਜ ਲਈ ਨੇੜੇ ਪੈਂਦੇ ਪ੍ਰਾਈਵੇਟ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
Advertisement
Advertisement