ਜਾਅਲੀ ਸਮਰਸੀਬਲ ਮੋਟਰਾਂ ਬਣਾ ਕੇ ਵੇਚਣ ਵਾਲੇ ਦੋ ਕਾਬੂ
ਅਸ਼ੋਕ ਸ਼ਰਮਾ
ਅਜਨਾਲਾ, 21 ਅਗਸਤ
ਰਜਿਸਟਰਡ ਸਮਰਸੀਬਲ ਮੋਟਰਾਂ ਬਣਾਉਣ ਵਾਲੀ ਕੰਪਨੀ ਦੇ ਨਾਂ ਹੇਠ ਜਾਅਲੀ ਸਮਰਸੀਬਲ ਮੋਟਰਾਂ ਬਣਾ ਕੇ ਤੇ ਊਨ੍ਹਾਂ ’ਤੇ ਕੰਪਨੀ ਦੀਆਂ ਮੋਹਰਾਂ ਲਗਾ ਕੇ ਵੇਚਣ ਵਾਲੇ ਦੋ ਵਿਅਕਤੀਆਂ ਨੂੰ ਪੁਲੀਸ ਨੇ 116 ਨਕਲੀ ਮੋਟਰਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਹ ਮੋਟਰਾਂ ਇਕ ਕਾਰ ਵਿੱਚੋਂ ਬਰਾਮਦ ਹੋਈਆਂ। ਪੁਲੀਸ ਨੇ ਮੁਲਜ਼ਮਾਂ ਪ੍ਰਿਆ ਮੋਟਰਜ਼ ਦੇ ਮਾਲਕ ਕੁਲਦੀਪ ਸਿੰਘ ਵਾਸੀ ਅੰਮ੍ਰਿਤਸਰ ਤੇ ਜਗਰੂਪ ਸਿੰਘ ਵਾਸੀ ਚੈਨਪੁਰ ਰਾਮ ਤੀਰਥ ਰੋਡ, ਥਾਣਾ ਰਾਜਾਸਾਂਸੀ ਵਿਰੁੱਧ ਕੇਸ ਦਰਜ ਕੀਤਾ ਹੈ।
ਥਾਣਾ ਅਜਨਾਲਾ ਦੇ ਐੱਸਐੱਚਓ ਇੰਸਪੈਕਟਰ ਸਤੀਸ਼ ਕੁਮਾਰ ਨੇ ਦੱਸਿਆ ਕਿ ਸਪੀਡ ਮੋਟਰਜ਼ ਲਿਮਿਟਡ ਚੰਡੀਗੜ੍ਹ ਦੇ ਫੀਲਡ ਅਫ਼ਸਰ ਪਵਨ ਕੁਮਾਰ ਨੇ ਪੁਲੀਸ ਨੂੰ ਕੀਤੀ ਸ਼ਿਕਾਇਤ ਵਿੱਚ ਦੱਸਿਆ ਸੀ ਕਿ ਉਕਤ ਵਿਅਕਤੀ ਆਪਣੀਆਂ ਬਣਾਈਆਂ ਮੋਟਰਾਂ ’ਤੇ ਊਨ੍ਹਾਂ ਦੀ ਕੰਪਨੀ ਦੀਆਂ ਮੋਹਰਾਂ ਲਗਾ ਕੇ ਕੰਪਨੀ ਦੇ ਨਾਂ ਹੇਠ ਜਾਅਲੀ ਸਮਰਸੀਬਲ ਮੋਟਰਾਂ ਵੇਚਣ ਦਾ ਧੰਦਾ ਕਰ ਰਹੇ ਹਨ।
ਸ਼ਾਮ ਸਮੇਂ ਏਐੱਸਆਈ ਮੇਜਰ ਸਿੰਘ ਨੇ ਪਵਨ ਕੁਮਾਰ ਨੂੰ ਨਾਲ ਲੈ ਕੇ ਅੰਮ੍ਰਿਤਸਰ ਸੜਕ ਨੇੜੇ ਸਾਈਂ ਮੰਦਰ ਕੋਲ ਨਾਕਾ ਲਾਇਆ ਹੋਇਆ ਸੀ। ਇਸ ਦੌਰਾਨ ਇਕ ਇਨੋਵਾ ਗੱਡੀ ਨੰਬਰ ਪੀਬੀ02ਬੀਵਾਈ-3949 ਅੰਮ੍ਰਿਤਸਰ ਵੱਲੋਂ ਅਜਨਾਲਾ ਨੂੰ ਆਉਂਦੀ ਦਿਖਾਈ ਦਿੱਤੀ। ਪੁਲੀਸ ਪਾਰਟੀ ਨੇ ਜਦੋਂ ਗੱਡੀ ਰੋਕ ਕੇ ਉਸ ਦੀ ਤਲਾਸ਼ੀ ਲਈ ਤਾਂ ਉਸ ਵਿਚੋਂ ਸਪੀਡ ਮੋਟਰਜ਼ ਦੀਆਂ ਮੋਹਰਾਂ ਵਾਲੀਆਂ 116 ਸਮਰਸੀਬਲ ਮੋਟਰਾਂ ਬਰਾਮਦ ਹੋਈਆਂ। ਮੌਕੇ ’ਤੇ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਨੇ ਮੰਨਿਆ ਕਿ ਉਹ ਆਪਣੀਆਂ ਤਿਆਰ ਕੀਤੀਆਂ ਮੋਟਰਾਂ ’ਤੇ ਕੰਪਨੀ ਦੀਆਂ ਜਾਅਲੀ ਮੋਹਰਾਂ ਲਗਾ ਕੇ ਕੰਪਨੀ ਦੇ ਨਾਂ ’ਤੇ ਵੇਚਣ ਦਾ ਧੰਦਾ ਕਰਦੇ ਹਨ।