ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਨੂੰ ਸ਼ਰਧਾਂਜਲੀਆਂ
ਕੈਲਗਰੀ:
ਅਰਪਨ ਲਿਖਾਰੀ ਸਭਾ ਕੈਲਗਰੀ ਦੀ ਮਾਰਚ ਮਹੀਨੇ ਦੀ ਮੀਟਿੰਗ ਡਾ. ਜੋਗਾ ਸਿੰਘ ਅਤੇ ਪ੍ਰੋ. ਸੁਖਵਿੰਦਰ ਸਿੰਘ ਥਿੰਦ ਦੀ ਪ੍ਰਧਾਨਗੀ ਹੇਠ ਕੋਸੋ ਹਾਲ ਵਿੱਚ ਹੋਈ। ਸਕੱਤਰ ਗੁਰਚਰਨ ਕੌਰ ਥਿੰਦ ਨੇ ਸਟੇਜ ਤੋਂ ਵਿੱਛੜੀਆਂ ਸ਼ਖ਼ਸੀਅਤਾਂ ਨੂੰ ਸਭਾ ਵੱਲੋਂ ਇੱਕ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਦਿੱਤੀ। ਪਰਿਵਾਰਾਂ ਨਾਲ ਦੁੱਖ ਅਤੇ ਹਮਦਰਦੀ ਦਾ ਪ੍ਰਗਟਾਵਾ ਕੀਤਾ ਗਿਆ। ਇਹ ਮੀਟਿੰਗ ਸ਼ਹੀਦੇ ਆਜ਼ਮ ਭਗਤ ਸਿੰਘ, ਰਾਜ ਗੁਰੂ ਅਤੇ ਸੁਖਦੇਵ ਦੀ ਸ਼ਹੀਦੀ ਨੂੰ ਸਮਰਪਿਤ ਸੀ, ਨਾਲ ਹੀ ਇਸਤਰੀ ਦਿਵਸ ’ਤੇ ਵੀ ਗੱਲ ਕੀਤੀ ਗਈ।
ਮਾ. ਹਰਭਜਨ ਸਿੰਘ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦਿਆਂ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਉਸ ਨੇੇ ਗੁਰਨਾਮ ਸਿੰਘ ਤੀਰ ਦਾ ਵਿਅੰਗ ਲੇਖ ‘ਮੈਨੂੰ ਮੈਥੋਂ ਬਚਾਉ’ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ। ਲਖਵਿੰਦਰ ਸਿੰਘ ਜੌਹਲ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਵਿਛੋੜੇ ਦੀ ਕਵਿਤਾ ਨਾਲ ਹਾਜ਼ਰੀ ਲਗਵਾਈ। ਡਾ. ਮਨਮੋਹਨ ਸਿੰਘ ਬਾਠ ਨੇ ਆਖਿਆ ਕਿ ਅੱਜ ਤੱਕ ਸ਼ਹੀਦਾਂ ਦੇ ਦਿਨ ’ਤੇ ਰਾਜਨੀਤਿਕ ਲੋਕ ਹਮੇਸ਼ਾਂ ਲਾਭ ਲੈਂਦੇ ਰਹੇ ਹਨ, ਇਨ੍ਹਾਂ ਲੋਕਾਂ ਦੀ ਕਹਿਣੀ ਤੇ ਕਰਨੀ ਕਦੇ ਵੀ ਇੱਕ ਨਹੀਂ ਦੇਖੀ। ਉਸ ਨੇ ਮੁਹੰਮਦ ਰਫ਼ੀ ਦਾ ਇੱਕ ਗੀਤ ‘ਜ਼ਿੰਦਗੀ ਕੇ ਸਫ਼ਰ ਮੇਂ ਅਕੇਲੇ ਥੇ ਹਮ’ ਪੇਸ਼ ਕੀਤਾ। ਸਰਦੂਲ ਸਿੰਘ ਲੱਖਾ ਨੇ ਤਿੰਨ ਨਿੱਕੀਆਂ, ਪਰ ਬਹੁਤ ਹੀ ਭਾਵਪੂਰਤ ਕਵਿਤਾਵਾਂ ਸਾਂਝੀਆਂ ਕੀਤੀਆਂ।
ਪ੍ਰੋ. ਸੁਖਵਿੰਦਰ ਸਿੰਘ ਥਿੰਦ ਨੇ ਪਿਛਲੇ ਦਿਨੀਂ ਲਹਿੰਦੇ ਪੰਜਾਬ ਵਿੱਚ ਲਾਹੌਰ ਵਿਖੇ ਹੋਈ ਵਿਸ਼ਵ ਪੰਜਾਬੀ ਕਾਨਫਰੰਸ ਦੀਆਂ ਆਪਣੀਆਂ ਯਾਦਾਂ ਸਾਂਝੀਆਂ ਕਰਦੇ ਹੋਏ ਉਨ੍ਹਾਂ ਲੋਕਾਂ ਦੀ ਮਹਿਮਾਨ ਨਿਵਾਜ਼ੀ ਅਤੇ ਪੰਜਾਬ ਮਾਂ ਬੋਲੀ ਪ੍ਰਤੀ ਸਨੇਹ ਦੀ ਭਰਪੂਰ ਸ਼ਲਾਘਾ ਕੀਤੀ। ਉਸ ਨੇ ਇਹ ਸੁਝਾਅ ਵੀ ਪੇਸ਼ ਕੀਤਾ ਕਿ ਜੇਕਰ ਕੈਲਗਰੀ ਦੀਆਂ ਸਾਹਿਤਕ ਸਭਾਵਾਂ ਵੀ ਰਲ ਮਿਲ ਕੇ ਪੰਜਾਬੀ ਮਾਂ ਬੋਲੀ ਦੇ ਵਿਕਾਸ ਲਈ ਇਹੋ ਜਿਹਾ ਉਪਰਾਲਾ ਕਰਨ ਤਾਂ ਚੰਗਾ ਹੋਵੇਗਾ। ਡਾ. ਜੋਗਾ ਸਿੰਘ ਸਹੋਤਾ ਨੇ ਉਰਦੂ ਦੀ ਰਚਨਾ ‘ਝੂਲੇਂਗੇ ਉਨਕੇ ਨਿਸ਼ਾਂ ਦੇਸ਼ ਕੇ ਲੀਏ ਜੋ ਹੱਸ ਹੱਸ ਹੋਏ ਕੁਰਬਾਂ’ ਨਾਲ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਸ਼ਿਵ ਬਟਾਲਵੀ ਦੀ ਇੱਕ ਗ਼ਜ਼ਲ ‘ਸ਼ਹਿਰ ਤੇਰੇ ਤਰਕਾਲਾਂ ਢਲ਼ੀਆਂ ਗਲ਼ ਲੱਗ ਰੋਈਆਂ ਤੇਰੀਆਂ ਗਲ਼ੀਆਂ’ ਸਾਜ਼ ਨਾਲ ਗਾ ਕੇ ਰੰਗ ਬੰਨ੍ਹਿਆ। ਡਾ. ਹਰਮਿੰਦਰਪਾਲ ਸਿੰਘ ਨੇ ਇਸਤਰੀ ਦਿਵਸ ਦੀ ਗੱਲ ਕਰਦਿਆਂ ਇਸਤਰੀ ਵੱਲੋਂ ਵੱਖ ਵੱਖ ਰਿਸ਼ਤੇ ਨਿਭਾਉਣ ਦੀ ਗੱਲ ਕੀਤੀ। ਉਸ ਨੇ ਆਖਿਆ ਕਿ ਸਿੱਖ ਧਰਮ ਵਿੱਚ ਗੁਰੂਆਂ ਨੇ ਇਸਤਰੀ ਨੂੰ ਬਹੁਤ ਸਤਿਕਾਰ ਦਿੱਤਾ। ਉਸ ਨੇ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਸਾਡੇ ਗੁਰੂ ਘਰਾਂ ਵਿੱਚ ਗੁਰਮੁਖੀ ਦੀਆਂ ਕਲਾਸਾਂ ਦੀ ਸਹੂਲਤ ਮਾਂ ਬੋਲੀ ਦੇ ਪ੍ਰਸਾਰ ਲਈ ਲਾਹੇਵੰਦ ਹੋ ਸਕਦੀ ਹੈ।
ਕਵੀਸ਼ਰ ਜਸਵੰਤ ਨੇ ਭਗਤ ਸਿੰਘ ਅਤੇ ਸਾਥੀਆਂ ਦੀ ਕੁਰਬਾਨੀ ਨੂੰ ਸਿੱਜਦਾ ਕਰਦਿਆਂ ਇੱਕ ਕਵਿਤਾ ਪੇਸ਼ ਕੀਤੀ। ਜਸਵੀਰ ਸਿੰਘ ਸਿਹੋਤਾ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਆਖਿਆ ਕਿ ਇਨਸਾਨ ਦੇ ਇਸ ਦੁਨੀਆ ਤੋਂ ਜਾਣ ਤੋਂ ਬਾਅਦ ਉਹਦੇ ਕੀਤੇ ਕੰਮਾਂ ਨਾਲ ਉਹ ਹਮੇਸ਼ਾਂ ਜਿਉਂਦਾ ਰਹਿੰਦਾ ਹੈ। ਆਉਣ ਵਾਲੀਆਂ ਪੀੜ੍ਹੀਆਂ ਲਈ ਰਾਹ ਦਿਸੇਰੇ ਦਾ ਕੰਮ ਕਰਦਾ ਹੈ। ਇੰਜੀ. ਜੀਰ ਸਿੰਘ ਬਰਾੜ ਨੇ ਇਸਤਰੀ ਦਿਵਸ ਦੀ ਗੱਲ ਅੱਗੇ ਤੋਰਦਿਆਂ ਇਸਤਰੀ ਨੂੰ ਜ਼ਿੰਦਗੀ ਵਿੱਚ ਆਉਂਦੀਆਂ ਮੁਸ਼ਕਲਾਂ ਬਾਰੇ ਆਖਿਆ ਅਤੇ ਕਿਹਾ ਕਿ ਸਾਨੂੰ ਇਨ੍ਹਾਂ ਮੁਸ਼ਕਲਾਂ ਨੂੰ ਰਲ਼ ਮਿਲ਼ ਕੇ ਹੱਲ ਕਰਨਾ ਚਾਹੀਦਾ ਹੈ। ਸਰਬਜੀਤ ਉੱਪਲ ਨੇ ਪੰਜਾਬੀ ਬੋਲੀ ਦੀ ਮਹੱਤਤਾ ਬਾਰੇ ਵਿਚਾਰ ਪੇਸ਼ ਕੀਤੇ ਕਿ ਕਿਵੇਂ ਇਨਸਾਨ ਦੀ ਸ਼ਖ਼ਸੀਅਤ ਬਣਾਉਣ ਵਿੱਚ ਮਾਂ ਬੋਲੀ ਸਹਾਈ ਹੁੰਦੀ ਹੈ। ਉਸ ਨੇ ਇਸਤਰੀ ਦਿਵਸ ਸਬੰਧੀ ਇੱਕ ਕਵਿਤਾ ਪੇਸ਼ ਕੀਤੀ।
ਸੂਖਵਿੰਦਰ ਸਿੰਘ ਤੂਰ ਨੇ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਨੂੰ ਸਿੱਜਦਾ ਕਰਦਿਆਂ ਨਾਲ ਹੀ ਵਿੱਛੜ ਗਏ ਉਸਤਾਦ ਗ਼ਜ਼ਲ-ਗੋ ਕਿਸ਼ਨ ਭਨੋਟ ਦੀ ਮਕਬੂਲ ਗ਼ਜ਼ਲ ਰਾਹੀਂ ਉਸ ਨੂੰ ਸ਼ਰਧਾਂਜਲੀ ਦਿੱਤੀ। ਗੁਰਚਰਨ ਕੌਰ ਥਿੰਦ ਨੇ ਇਸਤਰੀ ਦਿਵਸ, ਪੰਜਾਬੀ ਮਾਂ ਬੋਲੀ ਅਤੇ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ‘ਭਗਤ ਸਿੰਘ ਦੇ ਵਾਰਸੋ ਜ਼ਰਾ ਅੱਖਾਂ ਖੋਲੋ, ਕੀ ਤੋਂ ਕੀ ਤੁਸੀਂ ਬਣਗੇ ਜ਼ਰਾ ਅਪਣਾ ਫੋਲੋ’ ਰਚਨਾ ਸੁਣਾ ਕੇ ਨੌਜੁਆਨੀ ਨੂੰ ਹਲੂਣਾ ਦਿੱਤਾ।
ਸਤਨਾਮ ਸਿੰਘ ਢਾਅ ਨੇ ਆਜ਼ਾਦੀ ਦੇ ਪ੍ਰਵਾਨਿਆਂ, ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਨੂੰ ਸ਼ਰਧਾਂਜਲੀ ਦਿੰਦਿਆਂ, ਪ੍ਰਸਿੱਧ ਢਾਡੀ ਪਾਲ ਸਿੰਘ ਪੰਛੀ ਦੀ ਰਚਨਾ ‘ਲਾ ਕੇ ਜ਼ਿੰਦਾਬਾਦ ਦੇ ਨਾਅਰੇ, ਚੜ੍ਹ ਗਏ ਸਭ ਸ਼ਗਨਾਂ ਦੇ ਖਾਰੇ’ ਕਵੀਸ਼ਰੀ ਰੰਗ ਵਿੱਚ ਭੇਟ ਕੀਤੀ। ਇਨ੍ਹਾਂ ਤੋਂ ਇਲਾਵਾ ਮਹਿੰਦਰ ਕੌਰ ਕਾਲੀਰਾਏ ਅਤੇ ਸੁਖਦੇਵ ਕੌਰ ਢਾਅ ਦੀ ਹਾਜ਼ਰੀ ਵੀ ਜ਼ਿਕਰਯੋਗ ਰਹੀ।
ਖ਼ਬਰ ਸਰੋਤ: ਅਰਪਨ ਲਿਖਾਰੀ ਸਭਾ ਕੈਲਗਰੀ
ਪੰਜਾਬੀ ਸਾਹਿਤਕ ਪ੍ਰੇਮੀਆਂ ਦੀ ਇਕੱਤਰਤਾ
ਲਖਵਿੰਦਰ ਸਿੰਘ ਰਈਆ
ਸਿਡਨੀ:
ਬਾਬਾ ਬੁੱਢਾ ਜੀ ਹਾਲ ਗਲੈਨਵੁੱਡ (ਸਿਡਨੀ) ਵਿੱਚ ਡਾਇਰੈਕਟਰ ਸੀਨੀਅਰ ਸਿਟੀਜ਼ਨ ਤਰਨਜੀਤ ਸਿੰਘ ਦੀ ਦੇਖਰੇਖ ਵਿੱਚ ਪੰਜਾਬੀ ਸਾਹਿਤਕ ਪ੍ਰੇਮੀਆਂ ਦੀ ਮਾਸਿਕ ਇਕੱਤਰਤਾ ਕੀਤੀ ਗਈ।
ਇਸ ਦੌਰਾਨ ਜਸਵਿੰਦਰ ਕੌਰ, ਮਨਪ੍ਰੀਤ ਕੌਰ ਵੇਰਕਾ, ਗਿਆਨੀ ਸੰਤੋਖ ਸਿੰਘ, ਸੁਖਰਾਜ ਸਿੰਘ ਵੇਰਕਾ, ਗੁਰਮੁਖ ਸਿੰਘ, ਕੁਲਦੀਪ ਸਿੰਘ ਜੌਹਲ, ਜਸਪਾਲ ਸਿੰਘ ਸੰਧੂ, ਅਮਰਜੀਤ ਜਗਰਾਓਂ, ਦਰਸ਼ਨ ਸਿੰਘ ਪੰਧੇਰ, ਮੋਹਨ ਸਿੰਘ ਵਾਲੀਆ, ਹਰਦੀਪ ਸਿੰਘ ਕੁਕਰੇਜਾ, ਅਵਤਾਰ ਸਿੰਘ ਖਹਿਰਾ, ਬਿਮਲਾ ਵਰਮਾ, ਜੋਗਿੰਦਰ ਸਿੰਘ ਸੋਹੀ, ਸ਼ਵਿੰਦਰ ਕੌਰ ਬੈਂਸ, ਸੁਰਜੀਤ ਕੌਰ, ਪ੍ਰੀਤ ਕੌਰ ਭੱਠਲ, ਨਰੰਗ ਸਿੰਘ ਖਾਲਸਾ ਅਤੇ ਮਾਸਟਰ ਲਖਵਿੰਦਰ ਸਿੰਘ ਮਾਨ ਆਦਿ ਸਹਿਤਕਾਰ ਪ੍ਰੇਮੀਆਂ ਨੇ ਕਿਰਤ ਦੀ ਲੁੱਟ ਖਸੁੱਟ/ਕਾਣੀ ਵੰਡ, ਗ਼ਰੀਬੀ ਅਤੇ ਅਮੀਰੀ ਦਾ ਪਾੜਾ, ਮੰਡੀਆਂ ਵਿੱਚ ਫ਼ਸਲਾਂ ਦਾ ਰੁਲਣਾ, ਕਿਰਸਾਨੀ ਦੀ ਤ੍ਰਾਸਦੀ, ਸ਼ੁੱਧ ਹਵਾ ਪਾਣੀ ਦਾ ਮਸਲਾ, ਚਮਚਾਗਿਰੀ ਦੀ ਝੂਠੀ ਖੁਸ਼ਾਮਦੀ, ਦੇਸ਼ ਪਿਆਰ, ਇਤਿਹਾਸਕ ਤੱਥਾਂ, ਮਹਿਲਾ ਦਿਵਸ ਮਨਾਉਣ ਦੀ ਸ਼ੋਸ਼ੇਬਾਜ਼ੀ, ਮਰਦ ਤੇ ਔਰਤ ਦੇ ਸੰਤੁਲਿਤ ਰਿਸ਼ਤੇ ਆਦਿ ਵਿਸ਼ਿਆਂ ਨੂੰ ਭਾਵਪੂਰਤ ਵਿਚਾਰਾਂ, ਕਵਿਤਾਵਾਂ ਅਤੇ ਗੀਤਾਂ ਰਾਹੀਂ ਵਰਣਨ ਕੀਤਾ। ਤੂੰਬੀ ਦੀ ਟੁਣਕਾਰ ਦੇ ਜਲਵੇ ਨੇ ਇਸ ਸਾਹਿਤਕ ਫ਼ਿਜ਼ਾ ਵਿੱਚ ਆਪਣਾ ਵੱਖਰਾ ਹੀ ਰੰਗ ਭਰ ਦਿੱਤਾ। ਜੋਗਿੰਦਰ ਸਿੰਘ ਸੋਹੀ ਨੇ ਮੰਚ ਸੰਚਾਲਨ ਕੀਤਾ।
ਸੰਪਰਕ: 61430204832