ਸਿੱਖ ਕੌਮ ਦੇ ਜਾਂਬਾਜ਼ ਯੋਧੇ ਅਤੇ ਬੇਗ਼ਮ ਸਮਰੂ

ਸਿੱਖ ਕੌਮ ਦੇ ਜਾਂਬਾਜ਼ ਯੋਧਿਆਂ ਵਿੱਚੋਂ ਜਥੇਦਾਰ ਬਘੇਲ ਸਿੰਘ ਦਾ ਨਾਮ ਪਹਿਲੀ ਕਤਾਰ ’ਚ ਆਉਂਦਾ ਹੈ। ਉਸ ਦਾ ਜਨਮ 1730 ਨੂੰ ਮਾਝੇ ਦੇ ਇਤਿਹਾਸਕ ਕਸਬੇ ਝਬਾਲ (ਅੰਮ੍ਰਿਤਸਰ) ਵਿੱਚ ਹੋਇਆ। ਉਸ ਦੇ ਪਰਿਵਾਰ ਦਾ ਸਬੰਧ ਮਾਝੇ ਦੇ 84 ਪਿੰਡਾਂ ਦੇ ਮਾਲਕ ਚੌਧਰੀ ਲੰਗਾਹ ਢਿੱਲੋਂ ਨਾਲ ਜਾ ਜੁੜਦਾ ਹੈ। ਚੌਧਰੀ ਲੰਗਾਹ ਗੁਰੂ ਅਰਜਨ ਦੇਵ ਜੀ ਦਾ ਸ਼ਰਧਾਲੂ ਸੀ ਅਤੇ ਮੁਕਤਸਰ ਦੀ ਜੰਗ ਵਿੱਚ ਆਪਣੇ ਜੌਹਰ ਦਿਖਾਉਣ ਵਾਲੀ ਸਿੰਘਣੀ ਮਾਈ ਭਾਗੋ ਦੇ ਦਾਦਾ ਭਾਈ ਪੈਰੋ ਸ਼ਾਹ ਢਿੱਲੋਂ ਦਾ ਛੋਟਾ ਭਰਾ ਸੀ, ਪਰ ਇਤਿਹਾਸ ਵਿੱਚ ਲਿਖਿਆ ਮਿਲਦਾ ਹੈ ਕਿ ਬਘੇਲ ਸਿੰਘ ਧਾਲੀਵਾਲ ਦਾ ਅਸਲ ਪਿੰਡ ਮੋਗਾ ਜ਼ਿਲ੍ਹੇ ਵਿੱਚ ਰਾਊਕੇ ਕਲਾਂ ਹੈ।
ਇਤਿਹਾਸਕ ਕਸਬੇ ਝਬਾਲ ਵਿੱਚ ਉਸ ਦੇ ਨਾਨਕੇ ਵੀ ਹੋ ਸਕਦੇ ਹਨ। ਝਬਾਲ ਵਿੱਚ ਜਾ ਕੇ ਖੋਜ ਪੜਤਾਲ ਕੀਤੇ ਤੋਂ ਭਾਵੇਂ ਕੋਈ ਵੀ ਇਤਿਹਾਸਕ ਨਿਸ਼ਾਨੀ ਨਹੀਂ ਮਿਲ ਸਕੀ, ਪਰ 12 ਪੱਤੀਆਂ ਤੇ 7 ਗ੍ਰਾਮ ਪੰਚਾਇਤਾਂ ਵਿੱਚੋਂ ਇੱਕ ਪਿੰਡ ਦਾ ਨਾਮ ‘ਝਬਾਲ ਜਥੇਦਾਰ ਬਘੇਲ ਸਿੰਘ’ ਹੈ। ਇਸ ਤੋਂ ਬਿਨਾਂ ਪਿੰਡ ਝਬਾਲ ਖੁਰਦ, ਝਬਾਲ ਸਵਰਗਪੁਰੀ, ਝਬਾਲ ਖਾਮ, ਝਬਾਲ ਪੁਖਤਾ, ਝਬਾਲ ਅੱਡਾ, ਝਬਾਲ ਚੌਧਰੀ ਲੰਗਾਹ ਪਿੰਡ ਵਸੇ ਹੋਏ ਹਨ। ਇਨ੍ਹਾਂ ਵਿੱਚੋਂ ਪਿੰਡ ਝਬਾਲ ਖਾਮ ਵਿੱਚ ਜਥੇਦਾਰ ਬਘੇਲ ਸਿੰਘ ਦੇ ਨਾਮ ’ਤੇ ਗੁਰਦੁਆਰਾ ਸਾਹਿਬ ਮੌਜੂਦ ਹੈ। ਇਤਿਹਾਸਕ ਕਸਬੇ ਝਬਾਲ ਵਿੱਚ ਜਥੇਦਾਰ ਬਘੇਲ ਸਿੰਘ ਦੀ ਯਾਦ ’ਚ ਗੁਰਦੁਆਰਾ ਸਾਹਿਬ ਦੀ ਸਥਾਪਨਾ ਉਕਤ ਜਥੇਦਾਰ ਦੇ ਝਬਾਲ ਨਾਲ ਗਹਿਰੇ ਸਬੰਧਾਂ ਨੂੰ ਉਜਾਗਰ ਕਰਨ ਵਾਲੇ ਤੱਥ ਹਨ।
ਜਥੇਦਾਰ ਬਘੇਲ ਸਿੰਘ ਦੇ ਜੀਵਨ ਸਬੰਧੀ ਇਤਿਹਾਸ ਦੇ ਵਰਕੇ ਫਰੋਲੀਏ ਤਾਂ ਇਹ ਪਤਾ ਲੱਗਦਾ ਹੈ ਕਿ 1748 ਈਸਵੀ ਨੂੰ ਜਿਸ ਵਕਤ ਦਲ ਖਾਲਸਾ ਦਾ ਉਭਾਰ ਹੋ ਰਿਹਾ ਸੀ, ਉਸ ਸਮੇਂ ਲਾਹੌਰ ਜ਼ਿਲ੍ਹੇ ਦੇ ਪਿੰਡ ਬਰਕੀ ਵਿੱਚ ਵਿਰਕ ਗੋਤ ਨਾਲ ਸਬੰਧਿਤ ਕਰੋੜਾ ਸਿੰਘ ਪੈਦਾ ਹੋਇਆ ਜੋ ਪਿੱਛੋਂ ਜਾ ਕੇ ਕਰੋੜ ਸਿੰਘੀਆ ਮਿਸਲ ਦਾ ਸਰਦਾਰ ਬਣਿਆ। ਇਤਿਹਾਸ ਦੱਸਦਾ ਹੈ ਕਿ ਬੇਹੱਦ ਜ਼ਾਲਮ ਮੁਗ਼ਲ ਬਾਦਸ਼ਾਹ ਜ਼ਕਰੀਆ ਖਾਨ ਨੇ 20 ਕੁ ਸਾਲ ਦੀ ਉਮਰ ਵਿੱਚ ਕਰੋੜਾ ਸਿੰਘ ਨੂੰ ਜ਼ਬਰੀ ਮੁਸਲਮਾਨ ਬਣਾ ਦਿੱਤਾ, ਪਰ ਉਹ ਬੜੀ ਜਲਦੀ ਹੀ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਸਿੰਘ ਸਜ ਗਿਆ। ਕਰੋੜਾ ਸਿੰਘ ਦੇ ਆਪਣੇ ਕੋਈ ਪੁੱਤਰ ਨਹੀਂ ਸੀ। ਉਸ ਨੇ ਆਪਣੇ ਘਰੇਲੂ ਨੌਕਰ ਬਘੇਲ ਸਿੰਘ ਨੂੰ ਗੋਦ ਲੈ ਰੱਖਿਆ ਸੀ। 1761 ਨੂੰ ਹੋਈ ਤਰਾਈ ਦੀ ਲੜਾਈ ਦੌਰਾਨ ਕਰੋੜਾ ਸਿੰਘ ਮਾਰਿਆ ਗਿਆ। ਉਸ ਤੋਂ ਬਾਅਦ ਬਘੇਲ ਸਿੰਘ ਨੇ ਕਰੋੜ ਸਿੰਘੀਆ ਮਿਸਲ ਦੀ ਵਾਗਡੋਰ ਸੰਭਾਲੀ।
ਜਥੇਦਾਰ ਬਘੇਲ ਸਿੰਘ
ਜਥੇਦਾਰ ਬਘੇਲ ਸਿੰਘ ਨੇ ਆਪਣੀ ਸੂਝ-ਬੂਝ ਸਦਕਾ ਸਿੱਖ ਮਿਸਲਾਂ ਨੂੰ ਸੰਗਠਿਤ ਕਰਕੇ ਹਿੰਦੁਸਤਾਨ ਦੀ ਰਾਜਧਾਨੀ ਦਿੱਲੀ ਦੇ ਲਾਲ ਕਿਲ੍ਹੇ ਉੱਪਰ ਕੇਸਰੀ ਨਿਸ਼ਾਨ ਸਾਹਿਬ ਲਹਿਰਾ ਕੇ ਹਿੰਦੁਸਤਾਨ ਦੇ ਇਤਿਹਾਸ ਨੂੰ ਇੱਕ ਨਵਾਂ ਮੋੜ ਦਿੱਤਾ। ਜਦੋਂ ਬਘੇਲ ਸਿੰਘ ਨੇ ਕਰੋੜ ਸਿੰਘੀਆ ਮਿਸਲ ਦਾ ਕਾਰਜ ਭਾਰ ਸੰਭਾਲਿਆ ਤਾਂ ਉਸ ਵਕਤ ਦਿੱਲੀ ਦੇ ਤਖ਼ਤ ’ਤੇ ਮੁਗ਼ਲ ਹਾਕਮ ਸ਼ਾਹ ਆਲਮ ਦੂਜਾ ਰਾਜ ਕਰ ਰਿਹਾ ਸੀ। ਬਘੇਲ ਸਿੰਘ ਨੇ ਸਭ ਤੋਂ ਪਹਿਲਾਂ ਹੁਸ਼ਿਆਰਪੁਰ ’ਤੇ ਕਬਜ਼ਾ ਕਰਕੇ ਆਪਣੀ ਜੇਤੂ ਮੁਹਿੰਮ ਦੀ ਸ਼ੁਰੂਆਤ ਕੀਤੀ। ਉਸ ਦੀਆਂ ਤਿੰਨ ਪਤਨੀਆਂ ਸਨ। ਹੁਸ਼ਿਆਰਪੁਰ ਦੇ ਕਸਬਾ ਹਰਿਆਣਾ ਨੂੰ ਆਪਣੀ ਰਾਜਧਾਨੀ ਬਣਾ ਕੇ ਆਪਣੀ ਪਹਿਲੀ ਪਤਨੀ ਰੂਪ ਕੰਵਲ ਨੂੰ ਰਾਜ ਦੇ ਅੰਦਰੂਨੀ ਮਾਮਲਿਆਂ ਦਾ ਪ੍ਰਬੰਧ ਸੌਂਪਿਆ। 1764 ਵਿੱਚ ਸਿੱਖਾਂ ਦੁਆਰਾ ਸਰਹੰਦ ਦੀ ਜਿੱਤ ਅਤੇ ਸਰਹੰਦ ਦੇ ਗਵਰਨਰ ਜ਼ੈਨ ਖਾਨ ਦੀ ਮੌਤ ਪਿੱਛੋਂ ਸਿੱਖ ਸਰਦਾਰਾਂ ਨੇ ਆਪੋ-ਆਪਣੇ ਇਲਾਕੇ ਵੰਡ ਲਏ। ਇਸ ਦੌਰਾਨ ਬਘੇਲ ਸਿੰਘ ਨੇ ਕਰਨਾਲ ਦੇ ਲਾਗੇ ਛਲੌਦੀ, ਜ਼ਮਾਇਤਗੜ੍ਹ, ਖੁਰਦੀਨ, ਕਿਨੌਰੀ ਆਦਿ ’ਤੇ ਕਬਜ਼ਾ ਕਰਕੇ ਛਲੌਦੀ ਨੂੰ ਆਪਣੀ ਦੂਜੀ ਰਾਜਧਾਨੀ ਬਣਾਇਆ। ਇਸ ਦਾ ਸਮੁੱਚਾ ਪ੍ਰਬੰਧ ਆਪਣੀ ਦੂਜੀ ਪਤਨੀ ਰਾਜ ਕੰਵਰ ਨੂੰ ਸੰਭਾਲ ਦਿੱਤਾ। ਤੀਜੀ ਪਤਨੀ ਰਤਨ ਕੌਰ ਨੂੰ ਕਲਾਵਰ ਦਾ ਪ੍ਰਬੰਧ ਸੌਂਪ ਦਿੱਤਾ। ਇਸੇ ਤਰ੍ਹਾਂ 1775 ਨੂੰ ਸਰਦਾਰ ਹਰੀ ਸਿੰਘ ਭੰਗੀ ਨੂੰ ਹਰਾ ਕੇ ਉਸ ਦੇ ਕਬਜ਼ੇ ਵਾਲੇ ਤਿੰਨ ਪਰਗਨੇ ਤਰਨ ਤਾਰਨ, ਸਭਰਾਓਂ ਅਤੇ ਸਰਹਾਲੀ ਨੂੰ ਆਪਣੇ ਕਬਜ਼ੇ ਵਿੱਚ ਕੀਤਾ।
ਸਰਹੰਦ ਜਿੱਤਣ ਤੋਂ ਬਾਅਦ ਨਵਾਬ ਜੱਸਾ ਸਿੰਘ ਆਹਲੂਵਾਲੀਆ ਅਤੇ ਜਥੇਦਾਰ ਬਘੇਲ ਸਿੰਘ ਦੀ ਅਗਵਾਈ ਵਾਲੀਆਂ ਸੰਗਠਿਤ ਫੌਜਾਂ ਨੇ 20 ਫਰਵਰੀ 1764 ਨੂੰ ਸਹਾਰਨਪੁਰ, ਮੁਜ਼ੱਫਰਨਗਰ ਅਤੇ ਮੇਰਠ ਜਿੱਤ ਕੇ ਨਜੀਬਾਬਾਦ, ਮੁਰਾਦਾਬਾਦ ਅਤੇ ਅਨੂਪ ਸ਼ਹਿਰ ’ਤੇ ਜਿੱਤ ਹਾਸਲ ਕੀਤੀ। 22 ਅਪਰੈਲ 1775 ਨੂੰ ਕੁੰਜਪੁਰਾ ਨੇੜਿਉਂ ਯਮੁਨਾ ਨਦੀ ਪਾਰ ਕਰਕੇ 15 ਜੁਲਾਈ 1775 ਨੂੰ ਦਿੱਲੀ ਦੇ ਹੀ ਪਹਾੜਗੰਜ ਅਤੇ ਜੈ ਸਿੰਘਪੁਰਾ ਨੂੰ ਜਿੱਤਿਆ। 1778 ਵਿੱਚ ਮੁਗ਼ਲ ਬਾਦਸ਼ਾਹ ਸ਼ਾਹ ਆਲਮ ਦੂਜਾ ਨੇ ਸਿੱਖਾਂ ਨੂੰ ਸਬਕ ਸਿਖਾਉਣ ਦੇ ਇਰਾਦੇ ਨਾਲ 1 ਲੱਖ ਸਿਪਾਹੀਆਂ ਦੀ ਫੌਜ ਭੇਜੀ। ਮੁਗ਼ਲ ਫੌਜਾਂ ਦੀ ਅਗਵਾਈ ਵਜ਼ੀਰ ਨਵਾਬ ਮਾਜਦ ਉਦ ਦੌਲਾ ਕਰ ਰਿਹਾ ਸੀ, ਦੂਸਰੇ ਪਾਸੇ ਬਘੇਲ ਸਿੰਘ ਇੱਕ ਤਕੜਾ ਯੋਧਾ ਹੋਣ ਦੇ ਨਾਲ ਨਾਲ ਇੱਕ ਚੰਗਾ ਨੀਤੀਘਾੜਾ ਵੀ ਸੀ। ਪਟਿਆਲਾ ਦੇ ਲਾਗੇ ਘਨੌਰ ਵਿੱਚ ਦੋਵੇਂ ਪਾਸਿਉਂ ਚੰਗਾ ਯੁੱਧ ਹੋਇਆ, ਜਿਸ ਵਿੱਚ ਲੱਖਾਂ ਦੀ ਗਿਣਤੀ ਵਾਲੀ ਮੁਗ਼ਲ ਫੌਜ ਨੇ ਬਘੇਲ ਸਿੰਘ ਅੱਗੇ ਗੋਡੇ ਟੇਕ ਦਿੱਤੇ। ਹੁਣ ਗੰਗਾ-ਯਮੁਨਾ ਦੁਆਬ ਦਾ ਸਮੁੱਚਾ ਹਿੱਸਾ ਸਿੱਖਾਂ ਦੇ ਰਹਿਮੋ ਕਰਮ ’ਤੇ ਹੀ ਸੀ। ਇਸ ਤੋਂ ਬਾਅਦ 50,000 ਦੀ ਗਿਣਤੀ ਵਾਲੇ ਦਲ ਖਾਲਸਾ ਨੇ ਦਿੱਲੀ ਵੱਲ ਕੂਚ ਕੀਤਾ।
ਜੱਸਾ ਸਿੰਘ ਆਹਲੂਵਾਲੀਆ
ਫਰਵਰੀ 1783 ਨੂੰ ਗਾਜ਼ੀਆਬਾਦ, ਸ਼ਿਕੋਹਾਬਾਦ, ਅਲੀਗੜ੍ਹ ਅਤੇ ਬੁਲੰਦ ਸ਼ਹਿਰ ਨੂੰ ਆਪਣੇ ਕਬਜ਼ੇ ’ਚ ਕੀਤਾ। ਦਿੱਲੀ ਵਿੱਚ ਦਾਖਲੇ ਸਮੇਂ ਜੱਸਾ ਸਿੰਘ ਆਹਲੂਵਾਲੀਆ ਅਤੇ ਜਥੇਦਾਰ ਬਘੇਲ ਸਿੰਘ ਨੇ ਆਪਣੀ 50,000 ਦੇ ਕਰੀਬ ਸੈਨਾ ਨੂੰ ਦੋ ਹਿੱਸਿਆਂ ਵਿੱਚ ਵੰਡ ਲਿਆ। ਬਘੇਲ ਸਿੰਘ ਨੇ ਆਪਣੀ 30,000 ਫੌਜ ਨੂੰ ਤੀਸ ਹਜ਼ਾਰੀ ਵਾਲੇ ਸਥਾਨ ’ਤੇ ਰੱਖਿਆ। 8 ਮਾਰਚ 1783 ਨੂੰ ਮਲਕਾ ਗੰਜ, ਸਬਜ਼ੀ ਮੰਡੀ, ਮੁਗਲਪੁਰਾ ਅਤੇ ਅਜਮੇਰੀ ਦਰਵਾਜ਼ੇ ਨੂੰ ਬੁਰੀ ਤਰ੍ਹਾਂ ਤਹਿਸ ਨਹਿਸ ਕਰਕੇ ਸਿੱਖ ਫੌਜਾਂ ਅੱਗੇ ਵਧੀਆਂ। ਦੂਜੇ ਪਾਸਿਓਂ ਸਿੱਖ ਜਰਨੈਲ ਜੱਸਾ ਸਿੰਘ ਰਾਮਗੜ੍ਹੀਆ ਆਪਣੇ 10 ਹਜ਼ਾਰ ਸੈਨਿਕਾਂ ਨਾਲ ਹਿਸਾਰ ਵਾਲੇ ਪਾਸਿਓਂ ਦਿੱਲੀ ਪੁੱਜਾ। ਇਸ ਦੌਰਾਨ ਮਿਰਜ਼ਾ ਸ਼ਕੋਹ ਨੇ ਸਿੱਖਾਂ ਨੂੰ ਦਿੱਲੀ ਵਿੱਚ ਦਾਖਲ ਹੋਣ ਤੋਂ ਰੋਕਣਾ ਚਾਹਿਆ, ਪਰ ਅਸਫਲ ਰਿਹਾ। ਇਸ ਤੋਂ ਬਾਅਦ ਫਜ਼ਲ ਅਲੀ ਖਾਨ ਵੀ ਵਿਰੋਧ ਕਰਨ ਲਈ ਅੱਗੇ ਵਧਿਆ, ਪ੍ਰੰਤੂ ਉਸ ਨੂੰ ਵੀ ਮੂੰਹ ਦੀ ਖਾਣੀ ਪਈ। 11 ਮਾਰਚ 1783 ਨੂੰ ਸਮੁੱਚੇ ਸ਼ਹਿਰ ਉੱਪਰ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਸਿੱਖ ਕੌਮ ਦੇ ਤਿੰਨੇ ਪ੍ਰਸਿੱਧ ਜਰਨੈਲ ਅਜਮੇਰੀ ਦਰਵਾਜ਼ਾ ਤੋੜ ਕੇ ਅਤੇ ਹੌਜ਼ ਕਾਜ਼ੀ ਨੂੰ ਤਹਿਸ ਨਹਿਸ ਕਰਕੇ ਬਿਨਾਂ ਕਿਸੇ ਵਿਰੋਧ ਦੇ ਦੀਵਾਨ-ਏ-ਆਮ ’ਤੇ ਕਾਬਜ਼ ਹੋ ਗਏ।
ਤਿੰਨਾਂ ਸਿੱਖ ਜਰਨੈਲਾਂ ਦੀ ਅਗਵਾਈ ਹੇਠ ਦੇਸ਼ ਦੀ ਰਾਜਧਾਨੀ ਦਿੱਲੀ ਦੇ ਲਾਲ ਕਿਲ੍ਹੇ ਉੱਪਰ ਕੇਸਰੀ ਨਿਸ਼ਾਨ ਸਾਹਿਬ ਲਹਿਰਾ ਕੇ ਦੁਨੀਆ ਦੇ ਇਤਿਹਾਸ ਵਿੱਚ ਇੱਕ ਹੋਰ ਸੁਨਹਿਰੀ ਪੰਨਾ ਜੋੜ ਦਿੱਤਾ। ਦਿੱਲੀ ਦੇ ਤਖ਼ਤ ’ਤੇ ਬੈਠਣ ਲਈ ਜਥੇਦਾਰ ਜੱਸਾ ਸਿੰਘ ਰਾਮਗੜ੍ਹੀਆ ਅਤੇ ਨਬਾਵ ਜੱਸਾ ਸਿੰਘ ਆਹਲੂਵਾਲੀਆ ਦੇ ਸੈਨਿਕਾਂ ਨੇ ਆਪੋ ਵਿੱਚ ਇੱਕ ਦੂਜੇ ਖਿਲਾਫ਼ ਤਲਵਾਰਾਂ ਵੀ ਸੂਤ ਲਈਆਂ ਸਨ, ਪਰ ਪ੍ਰਮੁੱਖ ਜਰਨੈਲਾਂ ਦੀ ਸਿਆਣਪ ਨਾਲ ਮਾਮਲਾ ਠੰਢਾ ਪੈ ਗਿਆ। ਸਾਰੀ ਸਿੱਖ ਫੌਜ ਦਾ ਟਿਕਾਣਾ ਸਬਜ਼ੀ ਮੰਡੀ ਵਿੱਚ ਕੀਤਾ ਗਿਆ। ਦਿੱਲੀ ਦੇ ਜੇਤੂ ਜਰਨੈਲ ਜਥੇਦਾਰ ਬਘੇਲ ਸਿੰਘ ਦੇ ਮੁਗ਼ਲ ਬੇਗਮ ਸਮਰੂ ਨਾਲ ਮਿੱਤਰਤਾ ਪੂਰਵਕ ਸਬੰਧ ਸਨ। ਬੇਗ਼ਮ ਸਮਰੂ ਨੇ ਸਿੰਘਾਂ ਦਾ ਮੁਗ਼ਲ ਬਾਦਸ਼ਾਹ ਦਾ ਕੁਝ ਸ਼ਰਤਾਂ ਤਹਿਤ ਸਮਝੌਤਾ ਕਰਵਾ ਦਿੱਤਾ।
ਜੱਸਾ ਸਿੰਘ ਰਾਮਗੜ੍ਹੀਆ
ਇਸ ਸਮਝੌਤੇ ਅਨੁਸਾਰ ਸਿੱਖ ਫੌਜਾਂ ਵੱਲੋਂ ਜਥੇਦਾਰ ਬਘੇਲ ਸਿੰਘ ਦੀ ਅਗਵਾਈ ਹੇਠ ਦਿੱਲੀ ਦੇ ਇਤਿਹਾਸਕ ਗੁਰਦੁਆਰਿਆਂ ਦਾ ਨਿਰਮਾਣ ਕਰਨਾ ਹੋਵੇਗਾ ਅਤੇ ਮੁਗ਼ਲ ਸਲਤਨਤ ਆਪਣੇ ਕੁਲ ਮਾਲੀਏ ਦਾ ਸਾਢੇ 12 ਪ੍ਰਤੀਸ਼ਤ ਸਿੱਖ ਫੌਜਾਂ ਨੂੰ ਦੇਣ ਲਈ ਪਾਬੰਦ ਹੋਵੇਗੀ। ਕਈ ਇਤਿਹਾਸਕਾਰਾਂ ਵੱਲੋਂ ਸਾਢੇ 12 ਪ੍ਰਤੀਸ਼ਤ ਦੀ ਜਗ੍ਹਾ ਸਾਢੇ 37 ਪ੍ਰਤੀਸ਼ਤ ਲਿਖਿਆ ਗਿਆ ਹੈ। ਇਸ ਤੋਂ ਬਿਨਾਂ ਸਿੱਖ ਅੱਗੇ ਤੋਂ ਕਦੇ ਵੀ ਦਿੱਲੀ ਵੱਲ ਨੂੰ ਕੂਚ ਨਹੀਂ ਕਰਨਗੇ। ਸਮਝੌਤੇ ਅਨੁਸਾਰ ਕਰੀਬ 9-10 ਮਹੀਨੇ ਵਿੱਚ ਹੀ ਸਿੱਖ ਫੌਜਾਂ ਵੱਲੋਂ ਦਿੱਲੀ ਵਿੱਚ 6 ਇਤਿਹਾਸਕ ਗੁਰਦੁਆਰਿਆਂ (ਗੁਰਦੁਆਰਾ ਮਾਤਾ ਸੁੰਦਰੀ ਜੀ, ਗੁਰਦੁਆਰਾ ਸ੍ਰੀ ਬੰਗਲਾ ਸਾਹਿਬ, ਗੁਰਦੁਆਰਾ ਸ੍ਰੀ ਬਾਲਾ ਸਾਹਿਬ, ਗੁਰਦੁਆਰਾ ਰਕਾਬ ਗੰਜ ਸਾਹਿਬ, ਗੁਰਦੁਆਰਾ ਮੋਤੀ ਬਾਗ, ਗੁਰਦੁਆਰਾ ਮਜਨੂੰ ਕਾ ਟਿੱਲਾ) ਦਾ ਨਿਰਮਾਣ ਕਰਨ ਤੋਂ ਬਾਅਦ ਦਸੰਬਰ 1783 ਵਿੱਚ ਹੀ ਜਥੇਦਾਰ ਬਘੇਲ ਸਿੰਘ ਤੇ ਹੋਰ ਸਿੱਖ ਜਰਨੈਲਾਂ ਨੇ ਦਿੱਲੀ ਨੂੰ ਛੱਡ ਦਿੱਤਾ।
ਦਿੱਲੀ ਵਿੱਚ ਸਿੱਖਾਂ ਦੇ ਰਾਜ ਦੌਰਾਨ ਚੰਗੀ ਕਾਨੂੰਨ ਵਿਵਸਥਾ ਕਾਇਮ ਰਹੀ। ਘੋੜ ਸਵਾਰ ਸਿੱਖ ਸਰਦਾਰ ਦਿਨ ਰਾਤ ਦਿੱਲੀ ਦੀਆਂ ਗਲੀਆਂ ਵਿੱਚ ਗਸ਼ਤ ਕਰਦੇ। ਦਿੱਲੀ ਦੇ ਨਾਗਰਿਕਾਂ ਨੇ ਅਜਿਹੀ ਕਾਨੂੰਨ ਵਿਵਸਥਾ ਦਹਾਕਿਆਂ ਤੱਕ ਵੀ ਨਹੀਂ ਦੇਖੀ ਸੀ। ਇਸ ਤੋਂ ਬਾਅਦ 1784 ਨੂੰ ਮੁਗ਼ਲ ਹਾਕਮ ਮਰਾਠਿਆਂ ਅਤੇ ਅੰਗਰੇਜ਼ਾਂ ਨੂੰ ਨਜ਼ਰਅੰਦਾਜ਼ ਕਰਕੇ ਬਘੇਲ ਸਿੰਘ ਨੂੰ ਮੁਗ਼ਲ ਸਾਮਰਾਜ ਦਾ ਪ੍ਰਬੰਧਕ (ਰੀਜੈਂਟ) ਨਿਯੁਕਤ ਕਰਨਾ ਚਾਹੁੰਦਾ ਸੀ, ਪਰ ਬਘੇਲ ਸਿੰਘ ਨੇ ਉਕਤ ਪੇਸ਼ਕਸ਼ ਠੁਕਰਾ ਦਿੱਤੀ। ਖੁਸ਼ਵੰਤ ਸਿੰਘ ਵਰਗੇ ਕਈ ਇਤਿਹਾਸਕਾਰ ਲਿਖਦੇ ਹਨ ਕਿ ਅਜਿਹੇ ਅਹੁਦਿਆਂ ਦੀ ਬਘੇਲ ਸਿੰਘ ਦੇ ਜੀਵਨ ਵਿੱਚ ਕੋਈ ਅਹਿਮੀਅਤ ਨਹੀਂ ਸੀ। ਨਾ ਹੀ ਉਸ ਨੂੰ ਕਿਸੇ ਤਰ੍ਹਾਂ ਦੀ ਕੋਈ ਲਾਲਸਾ ਸੀ। ਸੋ ਬਾਦਸ਼ਾਹ ਨੇ 1784 ਦੇ ਅੰਤ ਵਿੱਚ ਮਾਧਾਜੀ ਸਿੰਧੀਆ (ਮਰਾਠਾ ਮੁਖੀ) ਨੂੰ ਆਪਣੇ ਸਾਮਰਾਜ ਦਾ ਪ੍ਰਬੰਧਕ ਨਿਯੁਕਤ ਕਰ ਦਿੱਤਾ। 1785 ਵਿੱਚ ਮਾਧਾਜੀ ਸਿੰਧੀਆ ਨੇ ਬਘੇਲ ਸਿੰਘ ਅਤੇ ਹੋਰ ਸਿੱਖ ਸਰਦਾਰਾਂ ਨਾਲ ਇੱਕ ਸੰਧੀ ਕੀਤੀ ਜਿਸ ਤਹਿਤ ਸਿੱਖ ਸਰਦਾਰ ਸਿੱਖੀ ਸਿਧਾਂਤਾਂ ਸਬੰਧੀ ਕੋਈ ਵੀ ਸਮਝੌਤਾ ਕਰਨ ਲਈ ਰਾਜ਼ੀ ਨਹੀਂ ਹੋਏ।
ਇਸ ਦੌਰਾਨ ਇਹ ਤੈਅ ਹੋਇਆ ਕਿ ਬਾਦਸ਼ਾਹ ਸਿੱਖਾਂ ਨੂੰ ਹਰ ਸਾਲ 10 ਲੱਖ ਰੁਪਏ ਦੀ ਅਦਾਇਗੀ ਕਰੇਗਾ, ਪ੍ਰੰਤੂ ਇਹ ਸੰਧੀ ਬਹੁਤੀ ਦੇਰ ਤੱਕ ਨਾ ਚੱਲ ਸਕੀ। 1787 ਵਿੱਚ ਗੁਲਾਮ ਕਾਦਰ ਰੁਹੇਲਾ ਨੇ ਦਿੱਲੀ ’ਤੇ ਹਮਲਾ ਕਰ ਦਿੱਤਾ। ਬਾਦਸ਼ਾਹ ਨੂੰ ਅੰਨ੍ਹਾਂ ਕਰ ਦਿੱਤਾ, ਪਰ ਮਰਾਠਿਆਂ ਨੇ ਰੁਹੇਲਾ ਨੂੰ ਮਾਰ ਦਿੱਤਾ। 1789 ਵਿੱਚ ਮਾਧਾਜੀ ਸਿੰਧੀਆ ਨੇ ਬਘੇਲ ਸਿੰਘ ਨੂੰ ਇੱਕ ਵੱਡੀ ਜਗੀਰ ਦੇ ਕੇ ਸਿੱਖਾਂ ਨੂੰ ਸ਼ਾਹੀ ਇਲਾਕਿਆਂ ਵਿੱਚ ਦਖਲ ਦੇਣ ਤੋਂ ਰੋਕਿਆ। ਗਿਆਨੀ ਗਿਆਨ ਸਿੰਘ ‘ਪੰਥ ਪ੍ਰਕਾਸ਼’ ਵਿੱਚ ਲਿਖਦੇ ਹਨ ਕਿ ਜਥੇਦਾਰ ਬਘੇਲ ਸਿੰਘ 1802 ਨੂੰ ਹਰਿਆਣਾ (ਹੁਸ਼ਿਆਰਪੁਰ) ਵਿਖੇ ਚਲਾਣਾ ਕਰ ਗਏ। ਇਤਿਹਾਸ ਦੇ ਵਰਕੇ ਫਰੋਲਦਿਆਂ ਇਹ ਵੀ ਪਤਾ ਲੱਗਦਾ ਹੈ ਕਿ ਦਿੱਲੀ ਦੇ ਲਾਲ ਕਿਲ੍ਹੇ ਵਿੱਚ ਮੁਗ਼ਲ ਹਾਕਮ ਜਿਸ ਸਿੱਲ ਪੱਥਰ ਉੱਪਰ ਬੈਠ ਕੇ ਰਾਜ-ਭਾਗ ਚਲਾਇਆ ਕਰਦੇ ਸਨ, ਉਹ ਸਿੱਲ ਪੱਥਰ ਵੀ ਸਿੰਘ ਆਪਣੇ ਨਾਲ ਲੈ ਆਏ ਸਨ, ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਲੰਗਰ ਹਾਲ ਕੋਲ ਸਥਿਤ ਰਾਮਗੜ੍ਹੀਆ ਬੁੰਗਾ ਵਿਖੇ ਹਾਲੇ ਵੀ ਪਿਆ ਹੈ
ਕੌਣ ਸੀ ਬੇਗ਼ਮ ਸਮਰੂ
ਪਹਿਲੇ ਸਿੱਖ ਰਾਜ ਦੇ ਬਾਨੀ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਕਾਲ ਤੋਂ ਬਾਅਦ ਸ਼ੁਰੂ ਹੋਏ ਮਿਸਲ ਕਾਲ ਦੌਰਾਨ ਕਰੋੜ ਸਿੰਘੀਆ ਮਿਸਲ ਦੇ ਸਰਦਾਰ ਜਥੇਦਾਰ ਬਘੇਲ ਸਿੰਘ ਦਾ ਰਾਜ ਜਲੰਧਰ ਤੋਂ ਲੈ ਕੇ ਗੰਗਾ ਅਤੇ ਯਮੁਨਾ ਤੱਕ ਫੈਲਿਆ ਹੋਇਆ ਸੀ। ਇਤਿਹਾਸ ਦੱਸਦਾ ਹੈ ਕਿ ਜਦ ਉਸ ਨੇ ਮੇਰਠ ਦੇ ਇਲਾਕੇ ’ਤੇ ਚੜ੍ਹਾਈ ਕੀਤੀ ਤਾਂ ਉਸ ਦਾ ਸਾਹਮਣਾ ਘੋੜੇ ’ਤੇ ਸਵਾਰ ਬੇਗ਼ਮ ਸਮਰੂ ਨਾਲ ਹੋਇਆ।
ਸਮਰੂ ਨੇ ਰਾਜਨੀਤਿਕ ਦਾਅ ਵਰਤਦਿਆਂ ਘੋੜੇ ਤੋਂ ਉਤਰ ਕੇ ਝੱਟ ਬਘੇਲ ਸਿੰਘ ਨੂੰ ਆਪਣਾ ਭਰਾ ਆਖ ਕੇ ਆਪਣੇ ਜਾਨ-ਮਾਲ ਦੀ ਸਲਾਮਤੀ ਦੇ ਨਾਲ-ਨਾਲ ਆਪਣੀ ਰਿਆਸਤ ਨੂੰ ਵੀ ਬਚਾ ਲਿਆ। ਉਸ ਵੇਲੇ ਤੋਂ ਲੈ ਕੇ ਬੇਗ਼ਮ ਸਮਰੂ ਦੇ ਸਿੱਖ ਜਰਨੈਲਾਂ ਨਾਲ ਅਜਿਹੇ ਸਬੰਧ ਬਣ ਗਏ ਕਿ ਕਦੇ ਵੀ ਸਿੱਖ ਜਰਨੈਲ ਬੇਗ਼ਮ ਸਮਰੂ ਦਾ ਕਹਿਣਾ ਨਹੀਂ ਮੋੜਦੇ ਸਨ। ਜਦ 11 ਮਾਰਚ 1783 ਨੂੰ ਸਿੱਖ ਜਰਨੈਲ ਜਥੇਦਾਰ ਬਘੇਲ ਸਿੰਘ, ਜਥੇਦਾਰ ਜੱਸਾ ਸਿੰਘ ਰਾਮਗੜ੍ਹੀਆ ਅਤੇ ਜਥੇਦਾਰ ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ ਹੇਠ ਸਿੰਘਾਂ ਨੇ ਦਿੱਲੀ ਫਤਿਹ ਕੀਤੀ ਤਾਂ ਉਸ ਵਕਤ ਦਿੱਲੀ ਦੇ ਤਖ਼ਤ ’ਤੇ ਕਾਬਜ਼ ਮੁਗ਼ਲ ਹਾਕਮ ਸ਼ਾਹ ਆਲਮ-2 ਨੇ ਲੁਕ ਛਿਪ ਕੇ ਆਪਣੀ ਜਾਨ ਬਚਾਈ ਅਤੇ ਇੱਕ ਸੰਦੇਸ਼ ਵਾਹਕ ਰਾਹੀਂ ਮੇਰਠ ਅਤੇ ਆਗਰਾ ਦੇ ਲਾਗੇ ਰਿਆਸਤ ਸਰਧਾਨਾਂ ਦੀ ਬੇਗ਼ਮ ਸਮਰੂ ਨੂੰ ਸੁਨੇਹਾ ਭੇਜਿਆ। 12 ਮਾਰਚ ਨੂੰ ਬੇਗ਼ਮ ਸਮਰੂ ਨੇ ਦਿੱਲੀ ਪੁੱਜ ਕੇ ਬਾਦਸ਼ਾਹ ਸ਼ਾਹ ਆਲਮ-2 ਦਾ ਸਿੱਖ ਜਰਨੈਲਾਂ ਨਾਲ ਕੁਝ ਸ਼ਰਤਾਂ ਤਹਿਤ ਸਮਝੌਤਾ ਕਰਵਾ ਦਿੱਤਾ। ਜਿਸ ਨਾਲ ਜਿੱਥੇ ਬਾਦਸ਼ਾਹ ਸ਼ਾਹ ਆਲਮ ਦੀ ਜਾਨ ਬਚ ਗਈ, ਉੱਥੇ ਉਸ ਦਾ ਰਾਜ ਭਾਗ ਵੀ ਸੁਰੱਖਿਅਤ ਰਿਹਾ।
ਦੂਸਰੇ ਪਾਸੇ ਸਿੱਖ ਜਰਨੈਲਾਂ ਨੂੰ ਜਿੱਥੇ ਦਿੱਲੀ ਵਿੱਚ ਇਤਿਹਾਸਕ ਗੁਰਦੁਆਰਿਆਂ ਦਾ ਨਿਰਮਾਣ ਕਰਨ ਦਾ ਆਪਣਾ ਉਦੇਸ਼ ਪੂਰਾ ਹੁੰਦਾ ਜਾਪਿਆ, ਉੱਥੇ ਦੂਸਰੇ ਪਾਸੇ ਉਸ ਸਮੇਂ ਸਿੱਖਾਂ ਨੂੰ ਆਪਣੀ ਰਾਜਸੀ ਸ਼ਕਤੀ ਵਧਾਉਣ ਲਈ ਸਮਾਂ ਵੀ ਮਿਲ ਗਿਆ। ਸਿੱਖ ਜਰਨੈਲਾਂ ਨਾਲ ਇੰਨੀ ਨੇੜਤਾ ਰੱਖਣ ਵਾਲੀ ਬੇਗ਼ਮ ਸਮਰੂ ਦੇ ਜੀਵਨ ਬਾਰੇ ਜਾਣਨਾ ਬੇਹੱਦ ਜ਼ਰੂਰੀ ਹੈ। 1720 ਵਿੱਚ ਜਨਮਿਆ ਵੋਲਟਰ ਰੋਇਨਹਾਰਡ ਲਕਸਮਬਰਗ ਪੱਛਮੀ ਆਸਟਰੀਆ ਦੇ ਬਹੁਤ ਹੀ ਗਰੀਬ ਖਿੱਤੇ ਨਾਲ ਸਬੰਧਿਤ ਸੀ। ਉਸ ਦਾ ਪਿਤਾ ਪੱਥਰ ਦਾ ਕਾਰੀਗਰ ਸੀ। ਉਹ ਕਰੀਬ 1750 ਵਿੱਚ ਭਾਰਤ ਆਇਆ ਅਤੇ ਪਾਂਡੂਚੇਰੀ ਵਿੱਚ ਫਰਾਂਸੀਸੀ ਸਮੁੰਦਰੀ ਜਹਾਜ਼ ਵਿੱਚ ਕੰਮ ਕਰਨ ਲੱਗ ਪਿਆ। ਫਿਰ ਈਸਟ ਇੰਡੀਆ ਕੰਪਨੀ ਵਿੱਚ ਅੰਗਰੇਜ਼ਾਂ ਅਧੀਨ ਨੌਕਰੀ ਕਰਨ ਲੱਗ ਗਿਆ।
ਇਸ ਦੌਰਾਨ ਉਸ ਨੇ ਆਪਣਾ ਨਾਮ ਬਦਲਕੇ ਸੋਮਰਸ ਵੀ ਰੱਖ ਲਿਆ। ਕਈ ਇਤਿਹਾਸਕਾਰ ਇਹ ਵੀ ਲਿਖਦੇ ਹਨ ਕਿ ਸੋਮਰਸ ਉਸ ਦਾ ਉਪ ਨਾਮ ਸੀ। ਉਸ ਤੋਂ ਬਾਅਦ ਅੰਗਰੇਜ਼ੀ ਸਰਕਾਰ ਦੀ ਨੌਕਰੀ ਛੱਡ ਕੇ ਕਰੀਬ 1760 ਵਿੱਚ ਬੰਗਾਲ ਦੇ ਨਵਾਬ ਮੀਰ ਕਾਸਿਮ ਦੇ ਦਰਬਾਰ ਵਿੱਚ ਨੌਕਰੀ ਕਰਨ ਲੱਗ ਪਿਆ। ਉਸ ਨੇ ਆਪਣੀ ਨਿੱਜੀ ਫੌਜ ਬਣਾਈ ਹੋਈ ਸੀ। ਕਈ ਜਗ੍ਹਾ ਲਿਖਿਆ ਮਿਲਦਾ ਹੈ ਕਿ ਉਸ ਨੇ ਮੀਰ ਕਾਸਿਮ ਦੀ ਫੌਜ ਵਿੱਚ ਨੌਕਰੀ ਕਰਨ ਦੀ ਬਜਾਏ ਆਪਣੀ ਫੌਜੀ ਤਾਕਤ ਨਾਲ ਉਸ ਦੀ ਮਦਦ ਕੀਤੀ ਸੀ। ਕਿਉਂਕਿ ਉਹ ਵਧੇਰੇ ਬੋਲੀ ਲਗਾਉਣ ਵਾਲਿਆਂ ਦੀ ਆਪਣੀ ਫੌਜੀ ਤਾਕਤ ਨਾਲ ਮਦਦ ਕਰਦਾ ਸੀ। ਮੀਰ ਕਾਸਿਮ ਅੰਗਰੇਜ਼ੀ ਸਾਮਰਾਜ ਅਧੀਨ ਕੰਮ ਕਰਦਾ ਸੀ। ਇਸ ਲਈ ਅਜਿਹਾ ਵਾਲਟਰ ਨੂੰ ਪਸੰਦ ਨਹੀਂ ਸੀ। ਇਸ ਦੇ ਚੱਲਦਿਆਂ ਉਸ ਨੇ 1763 ਵਿੱਚ ਪਟਨਾ ਦੇ ਵਾਸੀ ਅਤੇ ਕਰੀਬ 150 ਅੰਗਰੇਜ਼ਾਂ ਨੂੰ ਜਾਨ ਤੋਂ ਮਾਰ ਦਿੱਤਾ ਅਤੇ ਅੰਗਰੇਜ਼ਾਂ ਤੋਂ ਜਾਨ ਬਚਾਉਣ ਲਈ ਦਿੱਲੀ ਵੱਲ ਚਲਾ ਗਿਆ। ਉਹ ਫਾਰਸੀ ਦਾ ਬਹੁਤ ਵਧੀਆ ਵਿਦਵਾਨ ਸੀ।
ਉਸ ਨੇ ਆਪਣੀ ਫੌਜੀ ਟੁਕੜੀ ਨਾਲ 1773 ਵਿੱਚ ਆਗਰੇ ਵਿੱਚੋਂ ਜਾਟਾਂ ਦਾ ਕਬਜ਼ਾ ਹਟਾਉਣ ਲਈ ਮੁਗ਼ਲ ਬਾਦਸ਼ਾਹ ਦੀ ਮਦਦ ਕੀਤੀ, ਜਿਸ ਬਦਲੇ ਉਸ ਨੂੰ ਸਰਧਾਨਾ ਦੀ ਅਮੀਰ ਰਿਆਸਤ ਇਨਾਮ ਵਜੋਂ ਸੌਂਪ ਦਿੱਤੀ ਗਈ। ਮੁਗ਼ਲਾਂ ਨਾਲ ਸਮਝੌਤਾ ਕਰਨ ਕਰਕੇ ਉਹ ਅੰਗਰੇਜ਼ਾਂ ਦੇ ਗੁੱਸੇ ਤੋਂ ਬਚਿਆ ਰਿਹਾ। ਥਲੇਕਿਨ ਅੰਗਰੇਜ਼ ਇਤਿਹਾਸਕਾਰ ਜੌਹਨ ਲਾਲ ਲਿਖਦਾ ਹੈ ਕਿ ਅੰਗਰੇਜ਼ਾਂ ਨੇ ਸੋਮਰਸ/ਸੋਮਬਰੇ ਤੋਂ ਛੁਟਕਾਰਾ ਪਾਉਣ ਲਈ ਮੁਗ਼ਲ ਸਾਮਰਾਜ ’ਤੇ ਕਾਫ਼ੀ ਦਬਾਅ ਪਾਇਆ, ਪਰ ਉਹ ਇੰਨਾ ਜ਼ਿਆਦਾ ਚੁਸਤ/ਚਲਾਕ ਸੀ ਕਿ ਸਾਰੀ ਜ਼ਿੰਦਗੀ ਅੰਗਰੇਜ਼ਾਂ ਦੇ ਹੱਥ ਨਾ ਆਇਆ। 1778 ਵਿੱਚ ਉਸ ਦੀ ਮੌਤ ਆਗਰੇ ਵਿੱਚ ਹੋਈ। ਦੂਸਰੇ ਪਾਸੇ ਕਸ਼ਮੀਰੀ ਮੂਲ ਦੇ ਲੁਤਫ ਅਲੀ ਖਾਨ ਦੇ ਘਰ ਜਨਮੀ ਫਰਜ਼ਾਨਾ ਜ਼ੇਬ ਉਨ ਨਿਸਾ ਉਰਫ਼ ਜੋਆਨਾ ਨੋਬਿਲੀਸ ਸੋਮਬਰੇ ਦਾ ਜਨਮ 1753 ਨੂੰ ਮੇਰਠ ਵਿੱਚ ਹੋਇਆ। ਭਾਈ ਕਾਨ੍ਹ ਸਿੰਘ ਨਾਭਾ ਸਮੇਤ ਕਈ ਹੋਰ ਇਤਿਹਾਸਕਾਰ ਉਸ ਦਾ ਜਨਮ 1751 ਵਿੱਚ ਹੋਇਆ ਮੰਨ ਰਹੇ ਹਨ। ਕਈ ਜਗ੍ਹਾ ਫਰਜ਼ਾਨਾ ਦੇ ਪਿਤਾ ਦਾ ਨਾਮ ਅਸਦ ਖਾਨ ਵੀ ਲਿਖਿਆ ਮਿਲਦਾ ਹੈ। ਉਹ ਇੱਕ ਧਨਾਡ ਵਿਅਕਤੀ ਸੀ।
ਲੁਤਫ ਅਲੀ ਖਾਨ ਦੀ ਮੌਤ ਤੋਂ ਬਾਅਦ ਉਸ ਦੀ ਪਹਿਲੀ ਪਤਨੀ ਅਤੇ ਉਸ ਦੇ ਸਪੁੱਤਰ ਨੇ ਫਰਜ਼ਾਨਾ ਅਤੇ ਉਸ ਦੀ ਮਾਂ ਨੂੰ ਜਾਇਦਾਦ ਤੋਂ ਵਾਂਝਾ ਕਰਕੇ ਘਰੋਂ ਕੱਢ ਦਿੱਤਾ। ਫਰਜ਼ਾਨਾ ਅਤੇ ਉਸ ਦੀ ਮਾਂ ਦਿੱਲੀ ਵੱਲ ਨੂੰ ਚੱਲ ਪਈਆਂ। ਦਿੱਲੀ ਪੁੱਜਦਿਆਂ ਫਰਜ਼ਾਨਾ ਦੀ ਮਾਂ ਦੀ ਮੌਤ ਹੋ ਗਈ। ਕੇਵਲ 10 ਵਰ੍ਹਿਆਂ ਦੀ ਬਾਲੜੀ ਫਰਜ਼ਾਨਾ ਨੂੰ ਰੋਂਦਿਆਂ ਦੇਖ ਕੇ ਪ੍ਰਸਿੱਧ ਕਲਾਕਾਰ ਖਾਨੁਮ ਜਨ ਆਪਣੇ ਨਾਲ ਲੈ ਗਈ ਅਤੇ ਉਸ ਨੇ ਫਰਜ਼ਾਨਾ ਨੂੰ ਡਾਂਸਰ (ਨਾਚੀ) ਵਜੋਂ ਸਿਖਲਾਈ ਦਿੱਤੀ। ਸਈਦ ਹੁਸਨ ਸ਼ਾਹ ਆਪਣੇ ਨਾਵਲ ਵਿੱਚ ਵੀ ਖਾਨੁਮ ਜਨ ਬਾਰੇ ਜ਼ਿਕਰ ਕਰ ਰਹੇ ਹਨ। ਫਰਜਾਨਾ ਜ਼ੇਬ ਉਨ ਨਿਸਾ ਉਸ ਵੇਲੇ ਦੀ ਪ੍ਰਸਿੱਧ ਨਾਚੀ ਬਣੀ। ਉਸ ਦਾ ਕੱਦ ਕੇਵਲ ਸਾਢੇ 4 ਫੁੱਟ ਤੱਕ ਹੀ ਸੀ। ਉਹ ਰੰਗ ਰੂਪ ਪੱਖੋਂ ਬੇਹੱਦ ਸੁੰਦਰ ਹੋਣ ਦੇ ਨਾਲ-ਨਾਲ ਬਹੁਤ ਜ਼ਿਆਦਾ ਬਹਾਦਰ ਵੀ ਸੀ। ਦੂਸਰੇ ਪਾਸੇ ਵੋਲਟਰ ਨੇ ਜਦ ਦਿੱਲੀ ਵਿੱਚ ਫਰਜ਼ਾਨਾ ਨੂੰ ਪਹਿਲੀ ਵਾਰ ਦੇਖਿਆ ਤਾਂ ਉਹ ਕਰੀਬ 14 ਸਾਲ ਦੀ ਸੀ। 1765 ਵਿੱਚ 45 ਸਾਲਾ ਵੋਲਟਰ ਨੇ ਫਰਜ਼ਾਨਾ ਨਾਲ ਵਿਆਹ ਕਰਵਾ ਲਿਆ।
ਇਤਿਹਾਸ ਦੇ ਵਰਕੇ ਫਰੋਲੀਏ ਤਾਂ ਪਤਾ ਲੱਗਦਾ ਹੈ ਕਿ 1778 ਵਿੱਚ ਫਰਜ਼ਾਨਾ ਆਪਣੇ ਪਤੀ ਦੀ ਮੌਤ ਤੋਂ ਬਾਅਦ ਇੱਕ ਛੋਟੀ ਜਿਹੀ ਰਿਆਸਤ ਸਰਧਾਨਾ ਦੀ ਸਾਸ਼ਕ ਬਣ ਗਈ। ਉਸ ਨੇ 18ਵੀਂ ਅਤੇ 19ਵੀਂ ਸਦੀ ਵਿੱਚ ਸਰਧਾਨਾ ਰਿਆਸਤ ’ਤੇ ਰਾਜ ਕੀਤਾ। ਪਤੀ ਸੋਮਰਸ ਤੋਂ ਹੀ ਉਸ ਦੀ ਬੇਗ਼ਮ ਦਾ ਨਾਮ ਸਮਰੂ ਪਿਆ। ਇਸ ਨੂੰ ਭਾਰਤ ਦੀ ਇੱਕੋ ਇੱਕ ਅਜਿਹੀ ਸਾਸ਼ਕ ਵਜੋਂ ਜਾਣਿਆ ਜਾਂਦਾ ਹੈ ਜੋ ਆਪਣੀ ਰਿਆਸਤ ਦਾ ਕੰਮ ਸੰਭਾਲਣ ਦੇ ਨਾਲ-ਨਾਲ ਦਿੱਲੀ ਦੇ ਹਾਕਮਾਂ ਦਾ ਰਾਜ ਭਾਗ ਬਚਾਉਣ ਵਿੱਚ ਵੀ ਮਦਦਗਾਰ ਸਾਬਤ ਹੋ ਰਹੀ ਸੀ। ਇਸ ਨੇ ਜਾਰਜ ਥਾਮਸਨ, ਆਰਮੰਡ ਲੇ-ਵਸੋਲਟ ਸਮੇਤ ਕਈ ਹੋਰ ਯੂਰਪੀ ਮੂਲ ਦੇ ਵਿਅਕਤੀਆਂ ਨੂੰ ਆਪਣੇ ਦਰਬਾਰ ਵਿੱਚ ਨੌਕਰੀ ’ਤੇ ਰੱਖ ਕੇ ਬਹੁਤ ਹੀ ਬਹਾਦਰੀ ਨਾਲ ਵੱਖ-ਵੱਖ ਹਾਕਮਾਂ ਨਾਲ ਕਈ ਜੰਗਾਂ ਲੜ ਕੇ ਵੱਡੀਆਂ ਜਿੱਤਾਂ ਹਾਸਲ ਕੀਤੀਆਂ। ਉਸ ਦੇ ਕੋਲ ਕਰੀਬ 4000 ਸੈਨਿਕ ਸਨ। ਉਸ ਦੇ ਪਤੀ ਦੀ ਮੌਤ ਹੋ ਚੁੱਕੀ ਸੀ ਅਤੇ ਉਸ ਨੇ 1793 ਵਿੱਚ ਆਪਣੇ ਰਾਜ ਦਰਬਾਰੀ ਫਰਾਂਸੀਸੀ ਲੇ-ਵਸੋਲਟ ਨਾਲ ਵਿਆਹ ਕਰ ਲਿਆ।
ਜਦ ਉਨ੍ਹਾਂ ਦੇ ਵਿਆਹ ਬਾਰੇ ਰਿਆਸਤ ਦੇ ਲੋਕਾਂ ਨੂੰ ਪਤਾ ਲੱਗਾ ਤਾਂ ਫੌਜ ਨੇ ਬਗਾਵਤ ਕਰ ਦਿੱਤੀ। ਲੇ-ਵਸੋਲਟ ਅਤੇ ਬੇਗ਼ਮ ਸਮਰੂ ਨੇ ਭੱਜ ਕੇ ਜਾਨ ਬਚਾਈ। ਇਸ ਦੌਰਾਨ ਲੇ-ਵਸੋਲਟ ਅਤੇ ਬੇਗ਼ਮ ਸਮਰੂ ਨੂੰ ਫੜ ਲਿਆ ਗਿਆ। ਹਾਲੇ ਉਨ੍ਹਾਂ ਦੇ ਵਿਆਹ ਨੂੰ ਕਰੀਬ 2 ਕੁ ਸਾਲ ਹੀ ਹੋਏ ਸਨ, ਪ੍ਰੰਤੂ ਆਪਣੇ ਰਾਜ ਦੇ ਦੂਸਰੇ ਖਾਸਮ-ਖਾਸ ਜਾਰਜ ਥਾਮਸਨ ਦੀ ਵਿਚੋਲਗੀ ਰਾਹੀਂ ਸਮਰੂ ਦਾ ਖਹਿੜਾ ਛੁੱਟ ਗਿਆ ਅਤੇ ਉਹ ਆਪਣੀ ਰਿਆਸਤ ਦੀ ਸਾਸ਼ਕ ਵਜੋਂ ਮੁੜ ਬਹਾਲ ਹੋ ਗਈ। 1805 ਵਿੱਚ ਅੰਗਰੇਜ਼ੀ ਸਰਕਾਰ ਦੇ ਅਧੀਨ ਹੋ ਕੇ ਆਪਣੀ ਰਿਆਸਤ ਦਾ ਪ੍ਰਬੰਧ ਚਲਾਉਣ ਲੱਗੀ। ਬੇਗ਼ਮ ਸਮਰੂ ਦਾ ਇਲਾਕਾ ਮੁਜ਼ੱਫਰਨਗਰ ਤੋਂ ਅਲੀਗੜ੍ਹ ਤੱਕ ਸੀ। ਉਸ ਨੂੰ ਇੱਕ ਉਦਾਰ ਸਾਸ਼ਕ ਵਜੋਂ ਜਾਣਿਆ ਜਾਂਦਾ ਹੈ। ਉਸ ਨੇ ਆਪਣੀ ਰਿਆਸਤ ਵਿੱਚ ਕਈ ਗਿਰਜ਼ਾਘਰ ਬਣਵਾਏ ਅਤੇ ਕਿਸੇ ਵੀ ਬੇਗੁਨਾਹ ’ਤੇ ਜ਼ੁਲਮ ਕਰਨ ਦੀ ਉਦਾਹਰਨ ਨਹੀਂ ਮਿਲਦੀ।
ਉਸ ਦੇ ਖਾਸ ਮੁਨਸ਼ੀ ਗੋਕਲ ਚੰਦ ਦਾ ਦਾਅਵਾ ਸੀ ਕਿ ਵਾਲਟਰ ਦੇ ਫਰਜ਼ਾਨਾ ਦੀ ਕੁੱਖੋਂ ਤਿੰਨ ਸਪੁੱਤਰ ਹੋਏ, ਪਰ ਤਿੰਨਾਂ ਦੀ ਹੀ ਮੌਤ ਹੋ ਗਈ। ਇਹ ਭੇਤ ਲਗਾਤਾਰ ਬਰਕਰਾਰ ਰਿਹਾ। 27 ਜਨਵਰੀ 1836 ਨੂੰ ਕਰੀਬ 85 ਸਾਲ ਦੀ ਉਮਰ ਵਿੱਚ ਬੇਗ਼ਮ ਸਮਰੂ ਦਾ ਮੇਰਠ ਵਿੱਚ ਦੇਹਾਂਤ ਹੋ ਗਿਆ। ਬੇਗ਼ਮ ਸਮਰੂ ਮਰਨ ਵੇਲੇ ਕਾਫ਼ੀ ਅਮੀਰ ਸੀ। ਉਸ ਦੀ ਕੁਲ ਜਾਇਦਾਦ ਦਾ ਵੱਡਾ ਭਾਗ ਡੇਵਿਡ ਡਾਈਸ ਸੋਂਬਰੇ ਨੂੰ ਮਿਲਿਆ, ਜੋ ਵਾਲਟਰ ਦੀ ਪਹਿਲੀ ਪਤਨੀ ਦਾ ਸਪੁੱਤਰ ਸੀ। ਬੇਗ਼ਮ ਸਮਰੂ ਦੀ ਵਿਰਾਸਤ ਸਾਢੇ 55 ਮਿਲੀਅਨ ਸੋਨੇ ਦੀ ਕੀਮਤ ਦੇ ਬਰਾਬਰ ਹੈ। ਉਸ ਦੀ ਵਿਰਾਸਤ ਅੱਜ ਵੀ ਵਿਵਾਦਪੂਰਨ ਹੈ।
ਉੱਘੇ ਇਤਿਹਾਸਕਾਰ ਡਾ. ਹਰੀ ਰਾਮ ਗੁਪਤਾ ‘ਹਿਸਟਰੀ ਆਫ ਸਿੱਖਜ’ ਵਿੱਚ ਲਿਖਦੇ ਹਨ ਕਿ ਸਿੱਖ ਜਰਨੈਲ ਬੇਗ਼ਮ ਸਮਰੂ ਤੋਂ ਬੇਹੱਦ ਪ੍ਰਭਾਵਿਤ ਹੋਏ ਅਤੇ ਉਸ ਦੀ ਬੇਨਤੀ ਨੂੰ ਕਦੇ ਵੀ ਦਰ ਕਿਨਾਰ ਨਹੀਂ ਕਰਦੇ ਸਨ। ਮਰਹੱਟਿਆਂ, ਰੁਹੇਲਿਆਂ, ਰਾਜਪੂਤਾਂ ਅਤੇ ਅੰਗਰੇਜ਼ਾਂ ਨੇ ਕਈ ਵਾਰ ਦਿੱਲੀ ’ਤੇ ਹਮਲਾ ਕਰਨ ਲਈ ਬੇਗ਼ਮ ਸਮਰੂ ਪਾਸੋਂ ਮਦਦ ਮੰਗੀ, ਪਰ ਉਹ ਆਪਣੇ ਪਿਤਾ ਸਮਾਨ ਸ਼ਾਹ ਆਲਮ ਦੀ ਹਮੇਸ਼ਾ ਵਫ਼ਾਦਾਰ ਰਹੀ। ਦਿੱਲੀ ਦੇ ਤਖ਼ਤ ’ਤੇ ਬੈਠਾ ਬਾਦਸ਼ਾਹ ਸ਼ਾਹ ਆਲਮ-2 ਵੀ ਉਸ ਨੂੰ ਆਪਣੀ ਧੀ ਸਮਝਦਾ ਸੀ ਅਤੇ ਉਸ ਨੂੰ ਪਿਆਰ ਨਾਲ ਜਬੁਨਿਸਾ ਕਿਹਾ ਕਰਦਾ ਸੀ। ਇਹੀ ਪ੍ਰਮੁੱਖ ਕਾਰਨ ਸੀ ਕਿ ਬੇਗ਼ਮ ਸਮਰੂ ਦੀ ਵਿਚੋਲਗੀ ਕਾਰਨ ਦਿੱਲੀ ਫਤਿਹ ਕਰਨ ਵਾਲੇ ਸਿੱਖ ਜਰਨੈਲਾਂ ਹੱਥੋਂ ਸ਼ਾਹ ਆਲਮ-2 ਆਪਣੀ ਜਾਨ ਬਖ਼ਸ਼ੀ ਕਰਵਾਉਣ ਦੇ ਨਾਲ-ਨਾਲ ਆਪਣੀ ਸਲਤਨਤ ਬਚਾਉਣ ਵਿੱਚ ਵੀ ਸਫਲ ਰਿਹਾ।
ਸੰਪਰਕ: 001-778-980-9196
ਫੋਟੋ 1-ਜਥੇਦਾਰ ਬਘੇਲ ਸਿੰਘ, ਜਥੇਦਾਰ ਜੱਸਾ ਸਿੰਘ ਆਹਲੂਵਾਲੀਆ, ਜਥੇਦਾਰ ਜੱਸਾ ਸਿੰਘ ਰਾਮਗੜ੍ਹੀਆ
ਫੋਟੋ 2-ਸਿੰਘਾਂ ਦੀ ਦਿੱਲੀ ’ਤੇ ਚੜ੍ਹਾਈ ਦਾ ਦ੍ਰਿਸ਼।