ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਮਨੁੱਖਾਂ ਤੇ ਪਸ਼ੂਆਂ ਦਾ ਇਲਾਜ ਜਾਰੀ
ਪੱਤਰ ਪ੍ਰੇਰਕ
ਸ਼ਾਹਕੋਟ, 10 ਅਗਸਤ
ਲੋਹੀਆਂ ਖਾਸ ਵਿਚ ਆਏ ਭਿਆਨਕ ਹੜ੍ਹ ਦੌਰਾਨ ਪ੍ਰਸ਼ਾਸਨ ਵੱਲੋਂ ਫਸਲਾਂ, ਘਰਾਂ, ਮਨੁੱਖਾਂ ਅਤੇ ਪਸ਼ੂਆਂ ਨੂੰ ਬਚਾਉਣ ਦੀ ਬਹੁਤ ਵੱਡੀ ਚੁਣੌਤੀ ਸੀ। ਪ੍ਰਸ਼ਾਸਨ ਨੇ ਸਮਾਜ ਸੇਵੀ ਸੰਸਥਾ ਅਤੇ ਆਮ ਲੋਕਾਂ ਦੇ ਸਹਿਯੋਗ ਨਾਲ ਉਸ ਚੁਣੌਤੀ ਨੂੰ ਤਾਂ ਪਾਰ ਕਰ ਲਿਆ, ਪਰ ਉਸ ਦੇ ਸਾਹਮਣੇ ਹੁਣ ਮਨੁੱਖਾਂ ਤੇ ਪਸ਼ੂਆਂ ਨੂੰ ਗੰਭੀਰ ਬਿਮਾਰੀਆਂ ਤੋਂ ਬਚਾਉਣ ਦੀ ਦੂਜੀ ਵੱਡੀ ਚੁਣੌਤੀ ਬਣੀ ਹੋਈ ਹੈ। ਸਿਹਤ ਵਿਭਾਗ ਦੀਆਂ ਟੀਮਾਂ ਹੜ੍ਹ ਪੀੜਤ ਮਨੁੱਖਾਂ ਨੂੰ ਅਤੇ ਪਸ਼ੂ ਪਾਲਣ ਵਿਭਾਗ ਦੀਆਂ ਵੈਟਨਰੀ ਟੀਮਾਂ ਇਸ ਸਮੇਂ ਪਸ਼ੂਆਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਹੜ੍ਹ ਪ੍ਰਭਾਵਿਤ ਪਿੰਡਾਂ ਵਿਚ ਜੰਗੀ ਪੱਧਰ ’ਤੇ ਕੰਮ ਵਿਚ ਜੁਟੀਆਂ ਹੋਈਆਂ ਹਨ। ਲੋਹੀਆਂ ਖਾਸ ਇਲਾਕੇ ਵਿਚ ਤਾਇਨਾਤ ਅਮਨਦੀਪ ਸਿੰਘ ਬਾਗਪੁਰੀ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਪੀੜਤਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ ਦੀਆਂ ਟੀਮਾਂ ਲੋਕਾਂ ਨੂੰ ਡੇਂਗੂ ਤੇ ਮਲੇਰੀਆ ਦੇ ਲਾਰਵੇ ਦੇ ਖਾਤਮੇ ਲਈ ਪਿੰਡਾਂ ਵਿਚ ਸਪਰੇਅ ਕਰ ਰਹੀਆਂ ਹਨ। ਇਸ ਦੇ ਨਾਲ ਹੀ ਲੋਕਾਂ ਨੂੰ ਡੇਂਗੂ, ਮਲੇਰੀਆ ਅਤੇ ਆਈ ਫਲੂ ਵਰਗੀ ਬਿਮਾਰੀ ਤੋਂ ਜਾਗਰੂਕ ਵੀ ਕਰ ਰਹੀਆਂ ਹਨ। ਸੀਨੀਅਰ ਵੈਟਨਰੀ ਡਾਕਟਰ ਅਮਨਦੀਪ ਨੇ ਦੱਸਿਆ ਕਿ ਹੜ੍ਹ ਪ੍ਰਭਾਵਿਤ ਪਿੰਡਾਂ ਵਿਚ ਉਨ੍ਹਾਂ ਦੀਆਂ 13 ਟੀਮਾਂ ਪਸ਼ੂ ਧਨ ਦਾ ਨਿਰੀਖਣ ਕਰ ਰਹੀਆਂ ਹਨ।