ਝੱਖੜ ਕਾਰਨ ਆਵਾਜਾਈ ਤੇ ਬਿਜਲੀ ਦੀ ਸਪਲਾਈ ਪ੍ਰਭਾਵਿਤ
ਹਤਿੰਦਰ ਮਹਿਤਾ
ਜਲੰਧਰ, 7 ਜੂਨ
ਇਲਾਕੇ ਵਿੱਚ ਹਨੇਰੀ ਤੇ ਝੱਖੜ ਕਾਰਨ ਦਰੱਖਤ ਅਤੇ ਬਿਜਲੀ ਦੇ ਖੰਬੇ ਡਿੱਗ ਜਾਣ ਕਾਰਨ ਸ਼ਹਿਰ ਅਤੇ ਪੇਂਡੂ ਇਲਾਕਿਆਂ ਵਿੱਚ ਆਵਾਜਾਈ ਤੇ ਬਿਜਲੀ ਦੀ ਸਪਲਾਈ ‘ਤੇ ਕਾਫ਼ੀ ਅਸਰ ਪਿਆ। ਜਲੰਧਰ ਦੇ ਡੀਸੀ ਰੋਡ ‘ਤੇ ਅਤੇ ਸੁਵਿਧਾ ਸੈਂਟਰ ਦੇ ਸਾਹਮਣੇ ਵੱਡਾ ਦਰੱਖਤ ਡਿੱਗਣ ਕਾਰਨ ਆਵਾਜਾਈ ਪ੍ਰਭਾਵਿਤ ਹੋਈ। ਲੋਕਾਂ ਨੂੰ ਬਦਲਵੇਂ ਰਸਤਿਆਂ ਰਾਹੀਂ ਆਪਣੀ ਮੰਜ਼ਿਲ ਤੱਕ ਪਹੁੰਚਣਾ ਪਿਆ। ਵਣ ਵਿਭਾਗ ਦੇ ਮੁਲਾਜ਼ਮਾਂ ਨੇ ਡਿੱਗੇ ਦਰੱਖਤਾਂ ਨੂੰ ਪਾਸੇ ਕਰਵਾ ਕੇ ਆਵਾਜਾਈ ਨੂੰ ਬਹਾਲ ਕਰਵਾਇਆ। ਇਸੇ ਤਰ੍ਹਾਂ ਮੋਤਾ ਸਿੰਘ ਨਗਰ ਵਿੱਚ ਦਰੱਖਤ ਡਿੱਗ ਜਾਣ ਕਾਰਨ ਹੇਠਾਂ ਖੜ੍ਹੇ ਤਿੰਨ ਆਟੋ ਰਿਕਸ਼ੇ ਨੁਕਸਾਨੇ ਗਏ। ਬਸ਼ੀਰਪੁਰਾ ਨੇੜੇ ਦਰੱਖਤ ਡਿੱਗ ਜਾਣ ਕਾਰਨ ਇੱਕ ਆਟੋ ਰਿਕਸ਼ਾ ਦੱਬ ਗਿਆ। ਇਸੇ ਤਰ੍ਹਾਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਕਾਈ ਥਾਵਾਂ ‘ਤੇ ਬਿਜਲੀ ਦੀਆਂ ਤਾਰਾਂ ਟੁੱਟਣ ਅਤੇ ਖੰਬੇ ਡਿੱਗਣ ਕਾਰਨ ਬਿਜਲੀ ਦੀ ਸਪਲਾਈ ‘ਤੇ ਅਸਰ ਪਿਆ ਹੈ। ਮੀਂਹ ਪੈਣ ਕਾਰਨ ਤਾਪਮਾਨ ਵਿਚ ਕਾਫ਼ੀ ਗਿਰਾਵਟ ਆਈ ਹੈ। ਇਸ ਕਰ ਕੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਬੀਤੀ ਰਾਤ ਪਏ ਮੀਂਹ ਕਾਰਨ ਤਾਪਮਾਨ ‘ਚ ਕਰੀਬ 6 ਤੋਂ 8 ਡਿਗਰੀ ਸੈਲਸੀਅਸ ਗਿਰਾਵਟ ਆਈ ਹੈ।
ਇਸੇ ਤਰ੍ਹਾਂ ਜੰਡੂਸਿੰਘਾ, ਕਿਸ਼ਨਗੜ੍ਹ, ਸ਼ਿਕਦਰਪੁਰ, ਨੂਰਮਹਿਲ, ਕੰਦੋਲਾ, ਹਰੀਪੁਰ, ਕਠਾਰ ਤੇ ਪਿੰਡਾਂ ਵਿੱਚ ਹਨੇਰੀ ਕਾਰਨ ਦਰੱਖਤ ਡਿੱਗ ਗਏ। ਅਮਰੂਦਾਂ ਅਤੇ ਅੰਬਾਂ ਦੇ ਬਾਗ ਠੇਕੇ ‘ਤੇ ਲੈਣ ਵਾਲੇ ਦਰਸ਼ਨ ਲਾਲ ਨੇ ਦੱਸਿਆ ਕਿ ਇਸ ਸਾਲ ਦੋਵਾਂ ਫਲਾਂ ਦੇ ਦਰੱਖਤਾਂ ਨੂੰ ਕਾਫ਼ੀ ਫਲ ਲੱਗ ਗਿਆ ਸੀ ਪਰ ਵਾਰ ਵਾਰ ਆ ਰਹੀ ਹਨੇਰੀ ਅਤੇ ਝੱਖੜ ਕਾਰਨ ਅੱਧੇ ਤੋਂ ਜ਼ਿਆਦਾ ਫਲ ਝੜ ਗਿਆ। ਇਸ ਕਾਰਨ ਇਸ ਸਾਲ ਉਸ ਵੱਲੋਂ ਠੇਕੇ ਦੀ ਰਕਮ ਵੀ ਪੂਰੀ ਹੁੰਦੀ ਨਹੀਂ ਦਿਖਾਈ ਦੇ ਰਹੀ।
ਮੀਂਹ ਪੈਣ ਕਾਰਨ ਖਰਬੂਜ਼ਿਆਂ ਅਤੇ ਤਰਬੂਜ਼ ਦੀ ਫ਼ਸਲ ਨੂੰ ਵੀ ਕਾਫ਼ੀ ਨੁਕਸਾਨ ਹੋਇਆ ਹੈ। ਪਿੰਡ ਰਹੀਮਪੁਰ, ਸੱਧੂ ਚੱਠਾ, ਖੀਵਾ, ਕੁਲਾਰ, ਸਿਧਵਾ ਦੋਨਾ ਤੇ ਹੋਰ ਕਈ ਪਿੰਡਾਂ ਵਿਚ ਕਿਸਾਨ ਖਰਬੂਜ਼ੇ ਅਤੇ ਤਰਬੂਜ਼ ਦੀ ਖੇਤੀ ਕਰਦੇ ਹਨ। ਕਿਸਾਨ ਹਰਜੋਵਨ ਸਿੰਘ ਨੇ ਦੱਸਿਆ ਕਿ ਮੀਂਹ ਕਾਰਨ ਖਰਬੂਜ਼ੇ ਅਤੇ ਤਰਬੂਜ਼ ਦੀ ਫ਼ਸਲ ਖ਼ਤਮ ਹੋ ਜਾਂਦੀ ਹੈ ਤੇ ਲੋਕ ਵੀ ਇਨ੍ਹਾਂ ਦੀ ਖ਼ਰੀਦਦਾਰੀ ਕਰਨੀ ਬੰਦ ਕਰ ਦਿੰਦੇ ਹਨ। ਉਨ੍ਹਾਂ ਦੱਸਿਆ ਕਿ ਇਸ ਸਾਲ ਗਰਮੀ ਠੀਕ ਢੰਗ ਨਾਲ ਨਾ ਪੈਣ ਕਾਰਨ ਉਨ੍ਹਾਂ ਨੂੰ ਫ਼ਸਲ ਦਾ ਸਹੀ ਮੁੱਲ ਵੀ ਨਹੀਂ ਮਿਲਿਆ।