ਸਟਰੋਕ ਦੇ ਮਰੀਜ਼ਾਂ ਦਾ ਹੋਵੇਗਾ ਮੁਫ਼ਤ ਇਲਾਜ
ਪੱਤਰ ਪ੍ਰੇਰਕ
ਹੁਸ਼ਿਆਰਪੁਰ, 24 ਮਈ
ਸਿਹਤ ਵਿਭਾਗ ਪੰਜਾਬ ਵੱਲੋਂ ਸਟਰੋਕ ਦੇ ਪਾਇਲਟ ਪ੍ਰਾਜੈਕਟ ਦੇ ਤਹਿਤ ਜ਼ਿਲ੍ਹਾ ਹੁਸ਼ਿਆਰਪੁਰ ਦਾ ਸੀਐਮਸੀ ਲੁਧਿਆਣਾ ਨਾਲ ਟਾਈਅੱਪ ਕੀਤਾ ਗਿਆ ਹੈ। ਸੀਨੀਅਰ ਮੈਡੀਕਲ ਅਫ਼ਸਰ ਡਾ. ਸਵਾਤੀ ਨੇ ਦੱਸਿਆ ਕਿ ਇਸ ਪ੍ਰੋਗਰਾਮ ਅਧੀਨ ਸਟਰੋਕ ਦੇ ਮਰੀਜ਼ਾਂ ਨੂੰ ਵੱਡਾ ਫ਼ਾਇਦਾ ਹੋਵੇਗਾ। ਸਿਵਲ ਹਸਪਤਾਲ ਵਿੱਚ ਇਨ੍ਹਾਂ ਮਰੀਜ਼ਾਂ ਲਈ ਵੱਖਰਾ ਵਿਭਾਗ ਅਤੇ ਵੱਖਰੀ ਟੀਮ ਤਾਇਨਾਤ ਕੀਤੀ ਗਈ ਹੈ। ਸਿਵਲ ਹਸਪਤਾਲ ਅੰਦਰ ਸਥਿਤ ਕਰਸਨਾ ਲੈਬ ਜਿਸ ਦਾ ਸਿੱਧਾ ਕਨੈਕਟ ਸੀਐਮਸੀ ਲੁਧਿਆਣਾ ਨਾਲ ਹੋਵੇਗਾ, ਵੱਲੋਂ ਮਰੀਜ਼ ਦੇ ਸਾਰੇ ਟੈਸਟ ਅਤੇ ਸੀਟੀ ਸਕੈਨ ਕਰਨ ਉਪਰੰਤ ਇਸ ਦੀ ਰਿਪੋਰਟ ਨਾਲ ਦੀ ਨਾਲ ਹੀ ਸੀਐਮਸੀ ਲੁਧਿਆਣਾ ਪਹੁੰਚ ਜਾਵੇਗੀ। ਡਾਇਗਨੋਜ਼ ਹੋਣ ਉਪਰੰਤ ਮੈਡੀਕਲ ਸਪੈਸ਼ਲਿਸਟ ਡਾਕਟਰਾਂ ਦੀ ਦੇਖਰੇਖ ਅਧੀਨ ਮਰੀਜ਼ ਨੂੰ ਤੁਰੰਤ ਸੀਐਮਸੀ ਲੁਧਿਆਣਾ ਰੈਫ਼ਰ ਕੀਤਾ ਜਾਵੇਗਾ ਜਿੱਥੇ ਮਰੀਜ਼ ਦੇ ਪਹੁੰਚਣ ਤੋਂ ਪਹਿਲਾਂ ਹੀ ਆਪ੍ਰੇਸ਼ਨ ਥੀਏਟਰ ਤਿਆਰ ਕੀਤਾ ਹੋਵੇਗਾ ਅਤੇ ਮੌਕੇ ’ਤੇ ਡਾਕਟਰਾਂ ਦੀ ਪੂਰੀ ਟੀਮ ਹਾਜ਼ਿਰ ਹੋਵੇਗੀ ਤੇ ਮਰੀਜ਼ ਦਾ ਤੁਰੰਤ ਇਲਾਜ਼ ਸ਼ੁਰੂ ਕਰ ਦਿੱਤਾ ਜਾਵੇਗਾ। ਪ੍ਰਾਈਵੇਟ ਤੌਰ ’ਤੇ ਇਸ ਤਰ੍ਹਾਂ ਦੇ ਇਲਾਜ ’ਤੇ 5 ਤੋਂ 6 ਲੱਖ ਰੁਪਏ ਦਾ ਖ਼ਰਚ ਆਉਂਦਾ ਹੈ ਪਰ ਸਰਕਾਰ ਵਲੋਂ ਇਹ ਸਾਰਾ ਇਲਾਜ ਮੁਫ਼ਤ ਕੀਤਾ ਜਾਵੇਗਾ।