ਕਿਸਾਨਾਂ ਵੱਲੋਂ ਖੇਤੀ ਆਰਡੀਨੈਂਸਾਂ ਖ਼ਿਲਾਫ਼ ਟਰੈਕਟਰ ਮਾਰਚ
ਸ਼ਗਨ ਕਟਾਰੀਆ/ ਇਕਬਾਲ ਸਿੰਘ ਸ਼ਾਂਤ
ਬਠਿੰਡਾ/ ਲੰਬੀ, 27 ਜੁਲਾਈ
ਕਿਸਾਨ ਜਥੇਬੰਦੀਆਂ ਦੇ ਸੰਘਰਸ਼ ਤਹਿਤ ਜ਼ਿਲ੍ਹਾ ਬਠਿੰਡਾ ’ਚ ਤਿੰਨ ਥਾਂ ਪ੍ਰਦਰਸ਼ਨ ਹੋਏ। 13 ਜਥੇਬੰਦੀਆਂ ਦੇ ਟਰੈਕਟਰਾਂ ’ਤੇ ਸਵਾਰ ਕਿਸਾਨ ਬਠਿੰਡਾ ’ਚ ਹਰਸਿਮਰਤ ਕੌਰ ਬਾਦਲ ਦਾ ਦਫ਼ਤਰ ਅਤੇ ਮਲੂਕਾ ਪਿੰਡ ’ਚ ਸਾਬਕਾ ਅਕਾਲੀ ਮੰਤਰੀ ਸਿਕੰਦਰ ਸਿੰਘ ਮਲੂਕਾ ਦਾ ਨਿਵਾਸ ਸਥਾਨ ਘੇਰਨ ਪੁੱਜੇ ਜਦਕਿ ਬਠਿੰਡਾ ਤੋਂ ਪਿੰਡ ‘ਬਾਦਲ ਨਿਵਾਸ’ ਦਾ ਘਿਰਾਓ ਕਰਨ ਜਾਂਦੇ ਹੋਏ ਕਿਸਾਨਾਂ ਨੂੰ ਰਸਤੇ ਵਿਚ ਹੀ ਰੋਕ ਲਿਆ ਗਿਆ। ਇਸ ਮੌਕੇ ਪੁਲੀਸ ਨੇ ਪਿੰਡਾਂ ਨੂੰ ਜਾਣ ਵਾਲੇ ਰਸਤਿਆਂ ਦੀ ਨਾਕਾਬੰਦੀ ਕੀਤੀ ਹੋਈ ਸੀ ਜਿਸ ਕਾਰਨ ਆਮ ਲੋਕਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਕਾਰਕੁਨ ਅੱਜ ਸ਼ਹਿਰ ਵਿਚਲੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਦਫ਼ਤਰ ਨੂੰ ਘੇਰਨ ਪਹੁੰਚੇ। ਦਫ਼ਤਰ ਤੋਂ ਕੁੱਝ ਦੂਰੀ ’ਤੇ ਪੁਲੀਸ ਵੱਲੋਂ ਲਾਏ ਬੈਰੀਕੇਡਾਂ ਕਾਰਨ ਵਿਖਾਵਾਕਾਰੀ ਕਿਸਾਨਾਂ ਨੇ ਉਸੇ ਥਾਂ ਬੈਠ ਕੇ ਵਿਖਾਵਾ ਕੀਤਾ ਅਤੇ ਮੌਕੇ ’ਤੇ ਮੌਜੂਦ ਜ਼ਿਲ੍ਹਾ ਅਧਿਕਾਰੀਆਂ ਨੂੰ ਕੇਂਦਰ ਤੇ ਪੰਜਾਬ ਸਰਕਾਰ ਦੇ ਨਾਂ ਮੰਗ-ਪੱਤਰ ਦਿੱਤੇ। ਸੈਂਕੜੇ ਟਰੈਕਟਰਾਂ ’ਤੇ ਸਵਾਰ ਹੋ ਕੇ ਆਏ ਕਿਸਾਨਾਂ ਨੇ ਕੇਂਦਰ ਸਰਕਾਰ ਵੱਲੋਂ ਪਿਛਲੇ ਦਨਿੀਂ ਲਿਆਂਦੇ ਗਏ ਤਿੰਨ ਕਿਸਾਨ ਵਿਰੋਧੀ ਆਰਡੀਨੈਂਸਾਂ ਤੋਂ ਇਲਾਵਾ ਸੋਧੇ ਹੋਏ ਬਿਜਲੀ ਐਕਟ-2020 ਅਤੇ ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ ਨੂੰ ਰੱਦ ਕਰਨ, ਬੁੱਧੀਜੀਵੀਆਂ, ਕਲਾਕਾਰਾਂ, ਸਮਾਜਿਕ ਕਾਰਕੁਨਾਂ ਤੇ ਕਲਮਕਾਰਾਂ ਦੀ ਜ਼ੁਬਾਨਬੰਦੀ ਦੇ ਰੁਝਾਨ ਨੂੰ ਰੋਕਣ, ਕਰਜ਼ੇ ਮੋੜਨੋਂ ਅਸਮਰੱਥ ਕਿਸਾਨਾਂ ਤੇ ਮਜ਼ਦੂਰਾਂ ਦੇ ਕਰਜ਼ੇ ਮੁਆਫ਼ ਕਰਨ, ਖ਼ੁਦਕੁਸ਼ੀ ਪੀੜਤ ਪਰਿਵਾਰਾਂ ਦੇ ਇਕ ਜੀਅ ਨੂੰ ਸਰਕਾਰੀ ਨੌਕਰੀ ਤੇ 5 ਲੱਖ ਦੀ ਰਾਹਤ ਰਾਸ਼ੀ ਦੇਣ, ਜਨਤਕ ਇਕੱਠਾਂ ਤੋਂ ਪਾਬੰਦੀਆਂ ਖਤਮ ਕਰਨ ਜਿਹੀਆਂ ਮੰਗਾਂ ਨੂੰ ਜ਼ੋਰਦਾਰ ਤਰੀਕੇ ਨਾਲ ਉਭਾਰਿਆ। ਕਾਫ਼ਲੇ ਦੀ ਅਗਵਾਈ ਹਰਿੰਦਰ ਕੌਰ ਬਿੰਦੂ ਨੇ ਕੀਤੀ। ਇਸ ਮੌਕੇ ਪਰਮਜੀਤ ਕੌਰ ਪਿੱਥੋ, ਮਾਲਣ ਕੌਰ ਕੋਠਾਗੁਰੂ, ਬਲਦੀਪ ਕੌਰ, ਰਾਜਵਿੰਦਰ ਸਿੰਘ ਰਾਜੂ ਹਾਜ਼ਰ ਸਨ। ਇਸ ਮੌਕੇ ਭਾਕਿਯੂ (ਏਕਤਾ) ਉਗਰਾਹਾਂ ਦੇ ਕਾਰਜਕਾਰੀ ਜਿਲ੍ਹਾ ਪ੍ਰਧਾਨ ਗੁਰਭਗਤ ਸਿੰਘ ਭਲਾਈਆਣਾ, ਬਲਾਕ ਪ੍ਰਧਾਨ ਗੁਰਪਾਸ਼ ਸਿੰਘੇਵਾਲਾ, ਭੁਪਿੰਦਰ ਸਿੰਘ ਚਨੂੰ ਨੇ ਕਿਸਾਨੀ ਦੇ ਨਿਘਾਰ ਲਈ ਰਾਜਸੀ ਤੰਤਰ ਨੂੰ ਜ਼ਿੰਮੇਵਾਰ ਦੱਸਦਿਆਂ ਕਾਂਗਰਸ ਅਤੇ ਅਕਾਲੀ ਭਾਜਪਾ ਨੂੰ ਬਰਾਬਰ ਦਾ ਭਾਈਵਾਲ ਦੱਸਿਆ।
ਜਲੰਧਰ (ਪਾਲ ਸਿੰਘ ਨੌਲੀ): ਕਿਸਾਨ ਜਥੇਬੰਦੀਆਂ ਦੇ ਸੱਦੇ ’ਤੇ ਕੇਂਦਰ ਸਰਕਾਰ ਵਿਰੁੱਧ ਨਕੋਦਰ ਦਾਣਾ ਮੰਡੀ ਵਿੱਚ 300 ਤੋਂ ਵੱਧ ਟਰੈਕਟਰਾਂ ’ਤੇ ਇਕੱਠੇ ਹੋ ਕੇ ਕਿਸਾਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਨਕੋਦਰ ਤੋਂ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਦੇ ਦਫਤਰ ਅੱਗੇ ਧਰਨਾ ਦਿੱਤਾ। ਕਿਸਾਨ ਜਥੇਬੰਦੀਆਂ ਨੇ ਇੱਕਸੁਰ ਤੇ ਇੱਕਜੁੱਟ ਹੁੰਦਿਆਂ ਕੈਪਟਨ ਸਰਕਾਰ ਕੋਲੋਂ ਮੰਗ ਕੀਤੀ ਕਿ ਖੇਤੀ ਆਰਡੀਨੈਂਸਾਂ ਨੂੰ ਰੱਦ ਕਰਨ ਲਈ ਵਿਧਾਨ ਸਭਾ ਦਾ ਹੰਗਾਮੀ ਸੈਸ਼ਨ ਬੁਲਾਇਆ ਜਾਵੇ। ਪੰਜਾਬ ਦੇ ਸਾਰੇ ਵਿਧਾਇਕ ਇੱਕਜੁੱਟ ਹੋ ਕੇ ਵਿਧਾਨ ਸਭਾ ਵਿੱਚ ਇਨ੍ਹਾਂ ਆਰਡੀਨੈਂਸਾਂ ਨੂੰ ਰੱਦ ਕਰਨ ਦਾ ਮਤਾ ਪਾਸ ਕਰਨ।
ਇਸ ਧਰਨੇ ਦੀ ਅਗਵਾਈ ਜਮਹੂਰੀ ਕਿਸਾਨ ਸਭਾ ਦੇ ਆਗੂ ਮਨੋਹਰ ਸਿੰਘ ਗਿੱਲ, ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਸੰਦੀਪ ਅਰੋੜਾ ਤੇ ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਰਣਜੀਤ ਸਿੰਘ ਆਲੀਵਾਲ ਨੇ ਕੀਤੀ। ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਖੇਤੀ ਸੁਧਾਰਾਂ ਦੀ ਆੜ ਹੇਠ ਲਿਆਂਦੇ ਤਿੰਨੋਂ ਆਰਡੀਨੈਂਸ ਕਿਸਾਨਾਂ ਨੂੰ ਖੇਤੀ ਵਿੱਚੋਂ ਬਾਹਰ ਕੱਢ ਦੇਣਗੇ। ਕਿਸਾਨਾਂ ਨੇ ਇਸ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਸਿੱਧੇ ਤੌਰ ’ਤੇ ਜ਼ਿੰਮੇਵਾਰ ਦੱਸਦਿਆਂ ਕਿਹਾ ਕਿ ਆਪਣੇ ਆਪ ਨੂੰ ਕਿਸਾਨ ਹਿਤੈਸ਼ੀ ਅਖਵਾਉਂਦੇ ਅਕਾਲੀ ਦਲ ਨੇ ਕੇਂਦਰ ਵਿੱਚ ਇੱਕ ਵਜ਼ੀਰੀ ਖਾਤਰ ਪੰਜਾਬ ਦੇ ਕਿਸਾਨਾਂ ਅਤੇ ਉਨ੍ਹਾਂ ਦੇ ਬੱਚਿਆਂ ਦਾ ਭਵਿੱਖ ਦਾਅ ’ਤੇ ਲਾ ਦਿੱਤਾ ਹੈ।
ਇਸ ਮੌਕੇ ਜਮਹੂਰੀ ਕਿਸਾਨ ਸਭਾ ਦੇ ਤਹਿਸੀਲ ਆਗੂ ਮੇਜਰ ਸਿੰਘ ਖੁਰਲਾਪੁਰ, ਰਾਮ ਸਿੰਘ ਕੈਮਵਾਲਾ, ਸੁਖਦੇਵ ਦੱਤ ਬਾਂਕਾ, ਹਰਬਿੰਦਰ ਸਿੰਘ ਲਾਡੀ, ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਸਤਨਾਮ ਸਿੰਘ ਲੋਹਗੜ੍ਹ, ਮਿੱਤਰਪਾਲ ਸਿੰਘ ਅਤੇ ਪੰਜਾਬ ਖੇਤ ਮਜ਼ਦੂਰ ਸਭਾ ਦੇ ਸੂਬਾਈ ਆਗੂ ਕਾਮਰੇਡ ਚਰਨਜੀਤ ਸਿੰਘ ਥੰਮੂਵਾਲ, ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਪ੍ਰਧਾਨ ਦਰਸ਼ਨ ਨਾਹਰ, ਮੱਖਣ ਪੱਲ੍ਹਣ, ਕਿਸਾਨ ਸੰਘਰਸ਼ ਕਮੇਟੀ ਦੇ ਤੀਰਥ ਸਿੰਘ ਅਤੇ ਨਿਰਮਲ ਸਿੰਘ ਗੁਰਮੇਲ ਸਿੰਘ ਆਦਿ ਹਾਜ਼ਰ ਸਨ। ਧਰਨੇ ਵਿੱਚ ਪਹੁੰਚੇ ਅਕਾਲੀ ਦਲ ਦੇ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਨੇ ਵਿਸ਼ਵਾਸ ਦੁਆਇਆ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਆਰਡੀਨੈਂਸ ਨੂੰ ਰੱਦ ਕਰਵਾਉਣ ਲਈ ਕੇਂਦਰ ਸਰਕਾਰ ’ਤੇ ਦਬਾਅ ਪਾਉਣਗੇ।
ਬਾਦਲਾਂ ਦਾ ਘਿਰਾਓ ਕਰਨ ਜਾ ਰਹੇ ਕਾਰਕੁਨਾਂ ਨੂੰ ਰੋਕਿਆ
ਉਧਰ ਪਿੰਡ ਬਾਦਲ ’ਚ ਬਾਦਲਾਂ ਦੀ ਰਿਹਾਇਸ਼ ਦਾ ਘਿਰਾਓ ਕਰਨ ਟਰੈਕਟਰਾਂ ਅਤੇ ਮੋਟਰਸਾਈਕਲਾਂ ’ਤੇ ਜਾ ਰਹੇ ਕਿਸਾਨਾਂ ਦੇ ਕਾਫ਼ਲੇ ਨੂੰ ਬਠਿੰਡਾ-ਬਾਦਲ ਮਾਰਗ ’ਤੇ ਪਿੰਡ ਕਾਲਝਰਾਨੀ ਕੋਲ ਪੁਲੀਸ ਨੇ ਨਾਕਾਬੰਦੀ ਕਰ ਕੇ ਰੋਕ ਲਿਆ। ਵਿਖਾਵਾਕਾਰੀ ਨਾਕੇ ਵਾਲੀ ਥਾਂ ’ਤੇ ਹੀ ਬੈਠ ਗਏ ਤੇ ਨਾਅਰੇ ਲਾਏ। ਕਾਫ਼ਲੇ ’ਚ ਸ਼ਾਮਲ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ, ਕੁੱਲ ਹਿੰਦ ਕਿਸਾਨ ਸਭਾ ਦੇ ਬਲਕਰਨ ਸਿੰਘ, ਜਮਹੂਰੀ ਕਿਸਾਨ ਸਭਾ ਦੇ ਦਰਸ਼ਨ ਸਿੰਘ ਫੁੱਲੋਮਿੱਠੀ, ਪੰਜਾਬ ਕਿਸਾਨ ਯੂਨੀਅਨ ਦੇ ਗੁਰਜੰਟ ਸਿੰਘ ਬਾਲਿਆਂਵਾਲੀ ਨੇ ਸੰਬੋਧਨ ਕੀਤਾ। ਪਿੰਡ ਮਲੂਕਾ ਵਿਚ ਵੀ ਕਿਸਾਨ ਜਥੇਬੰਦੀਆਂ ਨੇ ਅਕਾਲੀ ਆਗੂ ਸਿਕੰਦਰ ਸਿੰਘ ਮਲੂਕਾ ਦੇ ਨਿਵਾਸ ਦਾ ਘਿਰਾਓ ਕੀਤਾ। ਇਥੇ ਕਿਰਤੀ ਕਿਸਾਨ ਯੂਨੀਅਨ, ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਲੋਕ ਸੰਗਰਾਮ ਮੋਰਚਾ, ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਦੇ ਆਗੂਆਂ ਸੁਰਜੀਤ ਸਿੰਘ ਫੂਲ, ਅਮਰਜੀਤ ਹਨੀ, ਸੁਖਵਿੰਦਰ ਕੌਰ ਨੇ ਸੰਬੋਧਨ ਕੀਤਾ।