IPL ਪੰਜਾਬ ਕਿੰਗਜ਼ ਨੇ ਚੇਨੱਈ ਸੁਪਰ ਕਿੰਗਜ਼ ਨੂੰ 18 ਦੌੜਾਂ ਨਾਲ ਹਰਾਇਆ
ਮੁੱਲਾਂਪੁਰ(ਚੰਡੀਗੜ੍ਹ), 8 ਅਪਰੈਲ
ਮੇਜ਼ਬਾਨ ਪੰਜਾਬ ਕਿੰਗਜ਼ ਦੀ ਟੀਮ ਨੇ ਅੱਜ ਇਥੇ ਇੰਡੀਅਨ ਪ੍ਰੀਮੀਅਰ ਲੀਗ ਦੇ ਮੁਕਾਬਲੇ ਵਿਚ ਚੇਨੱਈ ਸੁਪਰ ਕਿੰਗਜ਼ ਦੀ ਟੀਮ ਨੂੰ 18 ਦੌੜਾਂ ਨਾਲ ਹਰਾ ਦਿੱਤਾ। ਚੇਨੱਈ ਦੀ ਟੀਮ ਪੰਜਾਬ ਦੀ ਟੀਮ ਵੱਲੋਂ ਦਿੱਤੇ 220 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਨਿਰਧਾਰਿਤ 20 ਓਵਰਾਂ ਵਿਚ 5 ਵਿਕਟਾਂ ਦੇ ਨੁਕਸਾਨ ਨਾਲ 201 ਦੌੜਾਂ ਹੀ ਬਣਾ ਸਕੀ। ਚੇਨੱਈ ਲਈ ਡੈਵੇਨ ਕੌਨਵੇਅ ਨੇ 69, ਸ਼ਿਵਮ ਦੂਬੇ ਨੇ 42 ਤੇ ਰਚਿਨ ਰਵਿੰਦਰਾ ਨੇ 36 ਦੌੜਾਂ ਬਣਾਈਆਂ। ਮਹਿੰਦਰ ਸਿੰਘ ਧੋਨੀ ਨੇ 12 ਗੇਂਦਾਂ ਵਿਚ 27 ਤੇਜ਼ਤਰਾਰ ਦੌੜਾਂ ਬਣਾਈਆਂ। ਪੰਜਾਬ ਲਈ ਲੌਕੀ ਫਰਗੂਸਨ ਨੇ ਦੋ ਵਿਕਟਾਂ ਲਈਆਂ।
ਇਸ ਤੋਂ ਪਹਿਲਾਂ ਨੌਜਵਾਨ ਓਪਨਰ ਪ੍ਰਿਯਾਂਸ਼ ਆਰੀਆ(103) ਦੇ ਪਲੇਠੇ ਆਈਪੀਐੱਲ ਸੈਂਕੜੇ ਦੀ ਬਦੌਲਤ ਪੰਜਾਬ ਕਿੰਗਜ਼ ਦੀ ਟੀਮ ਨੇ ਚੇਨੱਈ ਸੁਪਰ ਕਿੰਗਜ਼ ਨੂੰ ਜਿੱਤ ਲਈ 220 ਦੌੜਾਂ ਦਾ ਟੀਚਾ ਦਿੱਤਾ ਹੈ। ਪੰਜਾਬ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 6 ਵਿਕਟਾਂ ਦੇ ਨੁਕਸਾਨ ਨਾਲ 219 ਦੌੜਾਂ ਬਣਾਈਆਂ। ਆਰੀਆ ਨੇ 42 ਗੇਂਦਾਂ ਵਿਚ 7 ਚੌਕਿਆਂ ਤੇ ਨੌਂ ਛੱਕਿਆਂ ਦੀ ਮਦਦ ਨਾਲ 103 ਦੌੜਾਂ ਬਣਾਈਆਂ। ਆਰੀਆ ਨੇ 39 ਗੇਂਦਾਂ ਵਿਚ ਆਪਣਾ ਸੈਂਕੜਾ ਪੂਰਾ ਕੀਤਾ, ਜੋ ਇਸ ਟੂਰਨਾਮੈਂਟ ਦਾ ਪੰਜਵਾਂ ਸਭ ਤੋਂ ਤੇਜ਼ ਸੈਂਕੜਾ ਹੈ। ਇੰਡੀਅਨ ਪ੍ਰੀਮੀਅਰ ਲੀਗ ਦਾ ਸਭ ਤੋਂ ਤੇਜ਼ ਸੈਂਕੜਾ ਜੜਨ ਦਾ ਰਿਕਾਰਡ ਵੈਸਟ ਇੰਡੀਜ਼ ਦੇ ਕ੍ਰਿਸ ਗੇਲ ਦੇ ਨਾਮ ਦਰਜ ਹੈ। ਗੇਲ ਨੇ 2013 ਵਿਚ ਮਹਿਜ਼ 30 ਗੇਂਦਾਂ ’ਤੇ ਸੈਂਕੜਾ ਬਣਾਇਆ ਸੀ।
ਆਰੀਆ ਤੋਂ ਇਲਾਵਾ ਸ਼ਸ਼ਾਂਕ ਸਿੰਘ ਨੇ 36 ਗੇਂਦਾਂ ’ਤੇ 52 ਦੌੜਾਂ ਦੀ ਨਾਬਾਦ ਪਾਰੀ ਖੇਡੀ। ਮਾਰਕੋ ਜੈਨਸਨ ਵੀ 19 ਗੇਂਦਾਂ ਵਿਚ 34 ਦੌੜਾਂ ਨਾਲ ਨਾਬਾਦ ਰਿਹਾ। ਚੇਨੱਈ ਸੁਪਰ ਕਿੰਗਜ਼ ਲਈ ਖ਼ਲੀਲ ਅਹਿਮਦ ਨੇ 45 ਦੌੜਾਂ ਬਦਲੇ 2 ਜਦੋਂਕਿ ਰਵੀਚੰਦਰਨ ਅਸ਼ਿਵਨ ਨੇ 48 ਦੌੜਾਂ ਬਦਲ ਦੋ ਵਿਕਟਾਂ ਲਈਆਂ। -ਪੀਟੀਆਈ