ਦਿੱਲੀ-ਐੱਨਸੀਆਰ ਵਿੱਚ ਹਫ਼ਤੇ ਦੇ ਅੰਤ ਤੱਕ 70 ਰੁਪਏ ਕਿੱਲੋ ਮਿਲਣਗੇ ਟਮਾਟਰ
ਪੱਤਰ ਪ੍ਰੇਰਕ
ਨਵੀਂ ਦਿੱਲੀ, 10 ਅਗਸਤ
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਸਰਕਾਰ ਨੇ ਦਰਾਮਦ ਪਾਬੰਦੀਆਂ ਨੂੰ ਹਟਾ ਕੇ ਨੇਪਾਲ ਤੋਂ ਟਮਾਟਰਾਂ ਦੀ ਦਰਾਮਦ ਸ਼ੁਰੂ ਕਰ ਦਿੱਤੀ ਹੈ। ਵਿੱਤ ਮੰਤਰੀ ਨੇ ਵੀਰਵਾਰ ਨੂੰ ਇੱਥੇ ਕਿਹਾ ਕਿ ਦਿੱਲੀ-ਐੱਨਸੀਆਰ ਵਿੱਚ ਟਮਾਟਰ ਇਸ ਹਫਤੇ ਦੇ ਅੰਤ ਵਿੱਚ 70 ਰੁਪਏ ਪ੍ਰਤੀ ਕਿੱਲੋ ਦੀ ਸਬਸਿਡੀ ਵਾਲੀ ਦਰ ’ਤੇ ਵੇਚੇ ਜਾਣਗੇ। ਲੋਕ ਸਭਾ ਵਿੱਚ ਬੋਲਦਿਆਂ ਸੀਤਾਰਮਨ ਨੇ ਕਿਹਾ ਕਿ ਐੱਨਸੀਸੀਐੱਫ (ਨੈਸ਼ਨਲ ਕੋਆਪ੍ਰੇਟਿਵ ਕੰਜ਼ਿਊਮਰਜ਼ ਫੈਡਰੇਸ਼ਨ ਆਫ ਇੰਡੀਆ ਲਿਮਟਿਡ) ਇਸ ਹਫਤੇ ਦੇ ਅੰਤ ਵਿੱਚ 70 ਰੁਪਏ ਪ੍ਰਤੀ ਕਿੱਲੋ ਦੀ ਸਬਸਿਡੀ ਵਾਲੀ ਦਰ ਨਾਲ ਦਿੱਲੀ-ਐੱਨਸੀਆਰ ਵਿੱਚ ਟਮਾਟਰਾਂ ਦੀ ਵਿਕਰੀ ਦੀ ਯੋਜਨਾ ਬਣਾ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਤੱਕ ਐੱਨਸੀਸੀਐਫ ਨੇ ਰਾਜਸਥਾਨ, ਦਿੱਲੀ-ਐੱਨਸੀਆਰ ਅਤੇ ਉੱਤਰ ਪ੍ਰਦੇਸ਼ ਵਿੱਚ 8,84,612 ਕਿੱਲੋ ਟਮਾਟਰ ਵੰਡੇ ਹਨ ਅਤੇ ਇਹ ਆਉਣ ਵਾਲੇ ਦਿਨਾਂ ਵਿੱਚ ਜਾਰੀ ਰਹੇਗਾ। ਮੁੱਖ ਉਤਪਾਦਕ ਖੇਤਰਾਂ ਵਿੱਚ ਭਾਰੀ ਮੀਂਹ ਪੈਣ ਕਾਰਨ ਸਪਲਾਈ ਵਿੱਚ ਵਿਘਨ ਪੈਣ ਕਾਰਨ ਪਿਛਲੇ ਹਫ਼ਤੇ ਟਮਾਟਰ ਦੀਆਂ ਕੀਮਤਾਂ ਵਿੱਚ ਅਚਾਨਕ ਵਾਧਾ ਹੋਇਆ ਸੀ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਆਂਧਰਾ ਪ੍ਰਦੇਸ਼ ਅਤੇ ਕਰਨਾਟਕ ਦੀਆਂ ਥੋਕ ਮੰਡੀਆਂ ਵਿੱਚ ਟਮਾਟਰਾਂ ਦੀਆਂ ਕੀਮਤਾਂ 100 ਰੁਪਏ ਤੋਂ ਹੇਠਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ ਤੇ ਉਮੀਦ ਹੈ ਕਿ ਇਹ ਸਾਡੀ ਮਦਦ ਕਰੇਗਾ। ਅੱਜ ਕੋਲਾਰ ਮੰਡੀ ਰਾਹੀਂ ਟਮਾਟਰ ਬੁੱਕ ਕੀਤੇ ਹਨ ਤੇ 85 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਦਿੱਲੀ ਆ ਰਹੇ ਹਨ। ਸੀਤਾਰਮਨ ਨੇ ਦੱਸਿਆ ਕਿ ਸਰਕਾਰ ਨੇ ਦਰਾਮਦ ਪਾਬੰਦੀਆਂ ਨੂੰ ਹਟਾ ਕੇ ਨੇਪਾਲ ਤੋਂ ਟਮਾਟਰ ਦੀ ਦਰਾਮਦ ਵੀ ਸ਼ੁਰੂ ਕਰ ਦਿੱਤੀ ਹੈ। ਨੇਪਾਲ ਤੋਂ ਟਮਾਟਰਾਂ ਦੀ ਪਹਿਲੀ ਖੇਪ ਸ਼ੁੱਕਰਵਾਰ ਤੱਕ ਵਾਰਾਣਸੀ, ਕਾਨਪੁਰ ਪਹੁੰਚਣ ਦੀ ਸੰਭਾਵਨਾ ਹੈ।