ਵਿਆਹ ਦੇ ਬੰਧਨ ਵਿੱਚ ਬੱਝਣਗੇ ਟੋਕੀਓ ਓਲੰਪਿਕ ਹਾਕੀ ਸਟਾਰ ਮਨਦੀਪ ਸਿੰਘ ਤੇ ਉਦਿਤਾ ਕੌਰ
ਦੀਪਕਮਲ ਕੌਰ
ਜਲੰਧਰ, 15 ਮਾਰਚ
ਓਲੰਪੀਅਨ ਹਾਕੀ ਸਟਾਰ ਮਨਦੀਪ ਸਿੰਘ ਅਤੇ ਉਦਿਤਾ ਦੂਹਨ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ। ਦੋਵਾਂ ਵੱਲੋਂ ਮਾਡਲ ਟਾਊਨ ਦੇ ਗੁਰਦੁਆਰੇ ਵਿੱਚ 21 ਮਾਰਚ ਨੂੰ ਲਾਵਾਂ ਲਈਆਂ ਜਾਣਗੀਆਂ। ਮਨਦੀਪ ਸਿੰਘ ਜਲੰਧਰ ਅਤੇ ਉਦਿਤਾ ਕੌਰ ਹਿਸਾਰ ਨਾਲ ਸਬੰਧਤ ਹਨ। ਦੋਵੇਂ ਖਿਡਾਰੀ ਟੋਕੀਓ ਓਲੰਪਿਕ ਖੇਡਾਂ-2020 ਵਿੱਚ ਸ਼ਾਮਲ ਹੋਏ ਭਾਰਤੀ ਦਲ ਦਾ ਹਿੱਸਾ ਸਨ। ਇਸ ਦੌਰਾਨ ਮਨਦੀਪ ਸਿੰਘ ਦੀ ਅਗਵਾਈ ਵਾਲੀ ਪੁਰਸ਼ ਟੀਮ ਨੇ ਟੋਕੀਓ ਖੇਡਾਂ ਵਿੱਚ ਕਾਂਸੀ ਦਾ ਤਗ਼ਮਾ ਜਿੱਤ ਕੇ ਪੈਰਿਸ ਓਲੰਪਿਕ-2024 ਲਈ ਕੁਆਲੀਫਾਈ ਕੀਤਾ ਸੀ, ਜਦੋਂਕਿ ਭਾਰਤੀ ਮਹਿਲਾ ਟੀਮ ਟੋਕੀਓ ਵਿੱਚ ਚੌਥੇ ਸਥਾਨ ’ਤੇ ਰਹੀ ਸੀ। ਉਹ ਪੈਰਿਸ ਓਲੰਪਿਕ ਲਈ ਕੁਆਲੀਫਾਈ ਨਹੀਂ ਕਰ ਸਕੀ।
ਇਸ ਸ਼ਾਨਦਾਰ ਵਿਆਹ ਸਮਾਗਮ ਲਈ ਜੋੜੇ ਦੇ ਪਰਿਵਾਰਾਂ ਵੱਲੋਂ ਸੱਦਾ ਪੱਤਰ ਵੰਡੇ ਜਾ ਰਹੇ ਹਨ।
ਮਨਦੀਪ ਵੱਲੋਂ 19 ਮਾਰਚ ਦੀ ਸ਼ਾਮ ਨੂੰ ਡੀਜੇ ਪਾਰਟੀ ਰੱਖੀ ਗਈ ਹੈ ਜਿਸ ਵਿੱਚ ਭਾਰਤੀ ਹਾਕੀ ਟੀਮ ਦੇ ਖਿਡਾਰੀਆਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ।
ਵਿਆਹ 21 ਮਾਰਚ ਨੂੰ ਸਵੇਰੇ ਇੱਕ ਗੁਰਦੁਆਰੇ ਵਿੱਚ ਸਿੱਖ ਰੀਤੀ-ਰਿਵਾਜਾਂ ਅਨੁਸਾਰ ਹੋਵੇਗਾ।
ਅਗਲੇ ਦਿਨ ਪਤਵੰਤਿਆਂ ਲਈ ਰਿਸੈਪਸ਼ਨ ਪਾਰਟੀ ਰੱਖਣ ਦੀ ਵੀ ਯੋਜਨਾ ਹੈ।