Punjab news ਡੱਬਵਾਲੀ ਰੇਲਵੇ ਸਟੇਸ਼ਨ ’ਤੇ ਹੋਲੀ ਦੇ ਨਾਂਅ ’ਤੇ ਪ੍ਰਧਾਨ ਮੰਤਰੀ ਮੋਦੀ ਦੇ ਬੁੱਤ ਦਾ ਅਪਮਾਨ
ਇਕਬਾਲ ਸਿੰਘ ਸ਼ਾਂਤ
ਡੱਬਵਾਲੀ, 16 ਮਾਰਚ
Punjab news ਹੋਲੀ ਮੌਕੇ ਡੱਬਵਾਲੀ ਦੇ ਮਾਡਰਨ ਰੇਲਵੇ ਸਟੇਸ਼ਨ ’ਤੇ ਸ਼ਰਾਰਤੀ ਅਨਸਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੂਰਤੀ ਦਾ ਅਪਮਾਨ ਕੀਤਾ। ਹੋਲੀ ਖੇਡਦੇ ਸਮੇਂ ਸ਼ਰਾਰਤੀ ਅਨਸਰਾਂ ਨੇ ਪ੍ਰਧਾਨ ਮੰਤਰੀ ਦੇ ਬੁੱਤ ਦੇ ਚਿਹਰੇ ’ਤੇ ਲਾਲ ਰੰਗ ਮਲ ਦਿੱਤਾ।
ਪ੍ਰਧਾਨ ਮੰਤਰੀ ਦਾ ਇਹ ਬੁੱਤ ਅੰਮ੍ਰਿਤ ਭਾਰਤ ਰੇਲਵੇ ਸਟੇਸ਼ਨ ਯੋਜਨਾ ਤਹਿਤ ਡੱਬਵਾਲੀ ਰੇਲਵੇ ਸਟੇਸ਼ਨ ’ਤੇ ਸਥਾਪਿਤ ਹੈ। ਹੋਲੀ ਨੂੰ ਦੋ ਦਿਨ ਲੰਘਣ ਮਗਰੋਂ ਵੀ ਰੇਲਵੇ ਸਟੇਸ਼ਨ ਪ੍ਰਬੰਧਨ ਨੇ ਹੋਲੀ ਦੇ ਨਾਂਅ ’ਤੇ ਪ੍ਰਧਾਨ ਮੰਤਰੀ ਦੇ ਬੁੱਤ ਦੇ ਕੀਤੇ ਅਪਮਾਨ ’ਤੇ ਚੁੱਪੀ ਧਾਰੀ ਹੋਈ ਹੈ। ਉਂਝ ਆਮ ਲੋਕਾਂ ਵਿੱਚ ਇਸ ਬਾਰੇ ਰੋਸ ਹੈ।
ਜ਼ਿਕਰਯੋਗ ਹੈ ਕਿ ਰੇਲਵੇ ਸਟੇਸ਼ਨ ’ਤੇ ਵੱਡੀ ਗਿਣਤੀ ਵਿੱਚ ਰੇਲਵੇ ਅਧਿਕਾਰੀ/ਕਰਮਚਾਰੀ ਤਾਇਨਾਤ ਹਨ। ਰੇਲਵੇ ਪੁਲੀਸ ਸੁਰੱਖਿਆ ਲਈ ਵੱਖਰੇ ਤੌਰ ’ਤੇ ਤਾਇਨਾਤ ਹੈ। ਆਮ ਲੋਕਾਂ ਦਾ ਕਹਿਣਾ ਹੈ ਕਿ ਸਥਾਨਕ ਲੋਕਾਂ ਨੂੰ ਪਲੈਟਫਾਰਮ ਟਿਕਟਾਂ ਲਈ ਤੰਗ ਪ੍ਰੇਸ਼ਾਨ ਕਰਨ ਵਾਲੇ ਰੇਲਵੇ ਤੰਤਰ ਅਤੇ ਰੇਲਵੇ ਪੁਲੀਸ ਨੂੰ ਪ੍ਰਧਾਨ ਮੰਤਰੀ ਦੇ ਬੁੱਤ ਦਾ ਅਪਮਾਨ ਵਿਖਾਈ ਨਹੀਂ ਦਿੱਤਾ।
ਸਟੇਸ਼ਨ ਪ੍ਰਬੰਧਨ ਵੱਲੋਂ ਤਿਉਹਾਰੀ ਰੰਗਾਂ ਨਾਲ ਬਦਰੰਗ ਕੀਤੇ ਪੀਐੱਮ ਦੇ ਬੁੱਤ ਨੂੰ ਸਾਫ਼ ਕਰਨ ਲਈ ਕੋਈ ਪਹਿਲ ਨਹੀਂ ਕੀਤੀ ਗਈ ਅਤੇ ਨਾ ਹੀ ਅਜੇ ਤੱਕ ਪ੍ਰਧਾਨ ਮੰਤਰੀ ਦੇ ਬੁੱਤ ਦੇ ਅਪਮਾਨ ਵਿਰੁੱਧ ਕੋਈ ਕਾਰਵਾਈ ਸਾਹਮਣੇ ਆਈ ਹੈ।
ਜ਼ਿਕਰਯੋਗ ਹੈ ਕਿ ਡੱਬਵਾਲੀ ਸ਼ਹਿਰ ਵਿੱਚ ਹੋਲੀ ਮੌਕੇ ਸੈਂਕੜੇ ਨੌਜਵਾਨਾਂ ਨੇ ਰੰਗ ਖੇਡਣ ਦੇ ਨਾਂਅ ’ਤੇ ਪੂਰਾ ਦਿਨ ਸ਼ਹਿਰ ਵਿੱਚ ਹੰਗਾਮਾ ਕੀਤਾ ਸੀ, ਜਿਸ ਪ੍ਰਤੀ ਪੁਲੀਸ-ਪ੍ਰਸ਼ਾਸਨ ਦਾ ਨਰਮ ਰਵੱਈਆ ਵੇਖਣ ਨੂੰ ਮਿਲਿਆ।
ਚੇਤੇ ਰਹੇ ਕਿ ਹੋਲੀ ਮੌਕੇ ਹਰਿਆਣਾ ਦੇ ਭਿਵਾਨੀ ਜ਼ਿਲ੍ਹੇ ਵਿਚ ਨੌਜਵਾਨ ਨੇ ਸਾਬਕਾ ਉਪ ਪ੍ਰਧਾਨ ਮੰਤਰੀ ਸਵਰਗੀ ਚੌਧਰੀ ਦੇਵੀ ਲਾਲ ਦੇ ਬੁੱਤ ’ਤੇ ਚੜ੍ਹਨ ਦੀ ਹਿਮਾਕਤ ਕੀਤੀ ਸੀ। ਬਾਅਦ ਵਿੱਚ ਮਾਮਲਾ ਪੁਲੀਸ ਕੋਲ ਪੁੱਜਣ ’ਤੇ ਨੌਜਵਾਨਾਂ ਨੇ ਪਰਿਵਾਰਾਂ ਸਮੇਤ ਮੁਆਫੀ ਮੰਗ ਕੇ ਖਹਿੜਾ ਛੁਡਵਾਇਆ।
ਪੀਐੱਮ ਦੇ ਬੁੱਤ ਦੇ ਅਪਮਾਨ ਬਾਰੇ ਡੱਬਵਾਲੀ ਰੇਲਵੇ ਦਫ਼ਤਰ ਵਿੱਚ ਤਾਇਨਾਤ ਇੱਕ ਕਰਮਚਾਰੀ ਨੇ ਕਿਹਾ ਕਿ ਹੋਲੀ ਮਨਾਉਂਦੇ ਭਲੇ ਮਾਣਸਾਂ ਨੇ ਪ੍ਰਧਾਨ ਮੰਤਰੀ ਨੂੰ ਵੀ ਨਹੀਂ ਬਖਸ਼ਿਆ।