ਗਵਾਲੀਅਰ ਹਸਪਤਾਲ ’ਚ ਅੱਗ ਲੱਗੀ, 190 ਤੋਂ ਵੱਧ ਮਰੀਜ਼ ਦੂਜੇ ਹਸਪਤਾਲ ’ਚ ਤਬਦੀਲ
ਗਵਾਲੀਅਰ, 16 ਮਾਰਚ
Fire in Gwalior hospital, over 190 patients rescued ਮੱਧ ਪ੍ਰਦੇਸ਼ ਦੇ ਗਵਾਲੀਅਰ ਸ਼ਹਿਰ ਵਿਚ ਅੱਜ ਵੱਡੇ ਤੜਕੇ ਸਰਕਾਰੀ ਹਸਪਤਾਲ ਵਿਚ ਅੱਗ ਲੱਗ ਗਈ। ਅੱਗ ਕਰਕੇ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ, ਪਰ 190 ਤੋਂ ਵੱਧ ਮਰੀਜ਼ਾਂ ਨੂੰ ਫੌਰੀ ਹਸਪਤਾਲ ’ਚੋਂ ਬਾਹਰ ਕੱਢਿਆ ਗਿਆ।
ਗਵਾਲੀਅਰ ਦੇ ਕੁਲੈਕਟਰ ਰੁਚਿਕਾ ਚੌਹਾਨ ਨੇ ਕਿਹਾ ਕਿ ਕਮਲਾ ਰਾਜਾ ਹਸਪਤਾਲ, ਜੋ ਗਾਜਰਾ ਰਾਜਾ ਮੈਡੀਕਲ ਕਾਲਜ ਦਾ ਹੀ ਹਿੱਸਾ ਹੈ, ਦੇ ਗਾਇਨਾਕਾਲੋਜੀ ਵਿਭਾਗ ਦੇ ਆਈਸੀਯੂ ਵਿਚ ਏਅਰਕੰਡੀਸ਼ਨਰ ਨੂੰ ਤੜਕੇ ਅੱਗ ਲੱਗ ਗਈ। ਅਧਿਕਾਰੀਆਂ ਨੇ ਕਿਹਾ ਕਿ 190 ਤੋਂ ਵੱਧ ਮਰੀਜ਼ਾਂ, ਜਿਨ੍ਹਾਂ ਵਿਚੋਂ 13 ਆਈਸੀਯੂ ’ਚ ਦਾਖ਼ਲ ਸਨ, ਨੂੰ ਫੌਰੀ ਬਾਹਰ ਕੱਢ ਕੇ ਦੂਜੇ ਹਸਪਤਾਲ ਵਿਚ ਤਬਦੀਲ ਕੀਤਾ ਗਿਆ।
ਚੌਹਾਨ ਨੇ ਕਿਹਾ ਕਿ ਹਸਪਤਾਲ ਦੇ ਗਾਰਡਜ਼ ਨੇ ਆਈਸੀਯੂ ’ਚ ਦਾਖ਼ਲ ਮਰੀਜ਼ਾਂ ਨੂੰ ਫੌਰੀ ਖਿੜਕੀਆਂ ਦੇ ਸ਼ੀਸ਼ੇ ਤੋੜ ਕੇ ਬਾਹਰ ਕੱਢਿਆ ਤੇ ਸੁਪਰ ਸਪੈਸ਼ਲਿਟੀ ਹਸਪਤਾਲ ਵਿਚ ਤਬਦੀਲ ਕੀਤਾ।
ਉਨ੍ਹਾਂ ਕਿਹਾ ਕਿ ਆਈਸੀਯੂ ਤੇ ਹੋਰਨਾਂ ਵਾਰਡਾਂ ਵਿਚ ਦਾਖ਼ਲ ਮਰੀਜ਼ ਸੁਰੱਖਿਅਤ ਹਨ ਤੇ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਲੋਕ ਸੰਪਰਕ ਵਿਭਾਗ ਵੱਲੋਂ ਜਾਰੀ ਰਿਲੀਜ਼ ਵਿਚ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਗਿਆ ਹੈ। -ਪੀਟੀਆਈ