ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜੋ ਘਰੀਂ ਨਾ ਪਰਤ ਸਕੇ...

10:31 AM Mar 02, 2025 IST
featuredImage featuredImage

ਸੰਜੇ ਸੂਰੀ ਦੀ ਪੁਸਤਕ ‘1984: ਸਿੱਖ-ਵਿਰੋਧੀ ਦੰਗੇ’ ਦੇ ਕੁਝ ਅੰਸ਼:

Advertisement

ਮੋਹਨ ਸਿੰਘ ਉਨ੍ਹਾਂ ਹਜ਼ਾਰਾਂ ਸਿੱਖਾਂ ਵਿੱਚੋਂ ਇੱਕ ਸੀ ਜੋ ਵਾਪਸ ਉੱਥੇ ਨਹੀਂ ਜਾ ਸਕਿਆ ਜਿੱਥੇ ਕਦੇ ਉਸ ਦਾ ਘਰ ਸੀ। ਤਕਰੀਬਨ ਇੱਕ ਹਜ਼ਾਰ ਹੋਰਨਾਂ ਵਾਂਗ ਉਸ ਨੂੰ ਦੋ ਕਮਰਿਆਂ ਵਾਲੇ ਘਰਾਂ ਦੀ ਕਲੋਨੀ ਤਿਲਕ ਵਿਹਾਰ ਵਿੱਚ ਮੁੜ ਵਸਾਇਆ ਗਿਆ। ਉੱਜੜ ਗਏ ਸਿੱਖਾਂ ਦਾ ਇੱਥੇ ਮੁੜ ਵਸੇਬਾ ਕੀਤਾ ਗਿਆ ਸੀ। ਇਹ ਕਲੋਨੀ ਪੱਛਮੀ ਦਿੱਲੀ ਵਿੱਚ ਖੁਸ਼ਹਾਲ ਤਿਲਕ ਨਗਰ ਦੇ ਲਾਗੇ ਵਸਾਈ ਗਈ ਸੀ। ਇਹ ਦੋ ਕਮਰਿਆਂ ਵਾਲੇ ਘਰ ਹਰ ਪਰਿਵਾਰ ਲਈ ਉਨ੍ਹਾਂ ਘਰਾਂ ਵਰਗੇ ਹੀ ਸਨ ਜਿਹੜੇ ਉਨ੍ਹਾਂ ’ਚੋਂ ਜ਼ਿਆਦਾਤਰ ਨੇ ਸੁਲਤਾਨਪੁਰੀ ਅਤੇ ਤ੍ਰਿਲੋਕਪੁਰੀ ਵਿੱਚ ਪਹਿਲਾਂ ਮੁੜ ਵਸਾਈਆਂ ਬਸਤੀਆਂ ਵਿੱਚ ਛੱਡੇ ਸਨ। ਇਹ ਉਨ੍ਹਾਂ ਦਾ ਦੂਜਾ ਮੁੜ-ਵਸੇਬਾ ਸੀ।
ਮੈਂ ਜਦੋਂ 2014 ਦੀਆਂ ਗਰਮੀਆਂ ਵਿੱਚ ਤਿਲਕ ਵਿਹਾਰ ਵਾਲੇ ਉਸ ਦੇ ਘਰ ਉਹਨੂੰ ਮਿਲਣ ਗਿਆ ਤਾਂ ਉਹ ਮੁੜ-ਵੱਸੇ ਨਾਲੋਂ ਅਣ-ਵੱਸਿਆ ਵੱਧ ਮਹਿਸੂਸ ਕਰਦਾ ਸੀ। ਮੰਜੇ ’ਤੇ ਬੈਠਾ ਅੱਜ ਵੀ ਉਹ ਤੀਹ ਸਾਲ ਪਹਿਲਾਂ ਮੇਰੇ ਚੇਤੇ ਵਿੱਚ ਵੱਸੇ ਮੋਹਨ ਸਿੰਘ ਵਰਗਾ ਹੀ ਜਾਪਦਾ ਸੀ। ਉਦੋਂ ਉਹ ਤ੍ਰਿਲੋਕਪੁਰੀ ਕਤਲੇਆਮ ਵਿੱਚੋਂ ਬਚ ਕੇ, ਉੱਥੋਂ ਦੀਆਂ ਗਲੀਆਂ ਵਿੱਚ ਕੀਤੇ ਗਏ ਸੈਂਕੜੇ ਸਿੱਖਾਂ ਦੇ ਕਤਲਾਂ ਦੀ ਕਹਾਣੀ ਦੱਸਣ ਲਈ ਸਾਡੇ ਕੋਲ ‘ਇੰਡੀਅਨ ਐਕਸਪ੍ਰੈੱਸ’ ਦੇ ਦਫ਼ਤਰ ਪਹੁੰਚ ਗਿਆ ਸੀ।
ਮੈਂ ਉਸ ਨੂੰ ਪਛਾਣ ਲਿਆ। ਉਹ ਪਹਿਲਾਂ ਨਾਲੋਂ ਵੱਧ ਧੌਲਾ ਵੀ ਹੋ ਗਿਆ ਸੀ ਅਤੇ ਭਾਰਾ ਵੀ, ਪਰ ਉਹ ਮੈਨੂੰ ਪਛਾਣ ਨਾ ਸਕਿਆ। ਅਸੀਂ ਬਹੁਤ ਸਾਲਾਂ ਤੋਂ ਇੱਕ ਦੂਜੇ ਦੇ ਸੰਪਰਕ ਵਿੱਚ ਨਹੀਂ ਸਾਂ। ਉਸ ਵੇਲੇ ‘ਇੰਡੀਅਨ ਐਕਸਪ੍ਰੈੱਸ’ ਪੁੱਜਣ ਵਾਲੇ ਮੋਹਨ ਸਿੰਘ ਦਾ ਬਿੰਬ ਮੇਰੇ ਚੇਤਿਆਂ ਵਿੱਚ ਪੱਕਾ ਉੱਕਰ ਗਿਆ ਸੀ, ਹਾਲਾਂਕਿ ਉਸ ਦੇ ਲਈ ਤਾਂ ਮੈਂ ਉਸ ਦਿਨ ਮਿਲਣ ਵਾਲਾ ਇੱਕ ਰਿਪੋਰਟਰ ਹੀ ਸਾਂ। ਏਨੇ ਸਾਲਾਂ ਦੌਰਾਨ ਉਸ ਨੂੰ ਬਹੁਤ ਸਾਰੇ ਰਿਪੋਰਟਰ ਮਿਲੇ ਹੋਣਗੇ। ਉਸ ਨੂੰ ਮੇਰਾ ਨਾਂ ਤਾਂ ਯਾਦ ਸੀ, ਪਰ ਮੇਰੀ ਸ਼ਕਲ ਯਾਦ ਨਹੀਂ ਸੀ।
ਮੈਂ ਜਦੋਂ ਉਸ ਨੂੰ ਮਿਲਣ ਗਿਆ ਤਾਂ ਉਹ ਮੂਹਰਲੇ ਕਮਰੇ ਵਿੱਚ ਟੁੱਟੇ ਜਿਹੇ ਪੁਰਾਣੇ ਮੰਜੇ ਉੱਤੇ ਸੁੱਤਾ ਹੋਇਆ ਸੀ ਅਤੇ ਨਾਲ ਉਹਦੀ ਪਤਨੀ ਪਈ ਹੋਈ ਸੀ। ਤਿਲਕ ਵਿਹਾਰ ਵਿੱਚ ਤੁਸੀਂ ਵੱਖਰੇ ਬੈੱਡਰੂਮ ਬਾਰੇ ਨਹੀਂ ਸੋਚ ਸਕਦੇ। ਉਹ ਮੂਹਰਲਾ ਕਮਰਾ ਉਸ ਮੰਜੇ ਨਾਲੋਂ ਬਹੁਤਾ ਵੱਡਾ ਨਹੀਂ ਸੀ ਜੋ ਇਸ ਵਿੱਚ ਡਾਹਿਆ ਹੋਇਆ ਸੀ। ਉਹੋ ਜਿਹਾ ਹੀ ਇੱਕ ਕਮਰਾ ਪਿੱਛੇ ਸੀ, ਬਸ ਇਹੋ ਸੀ ਉਸ ਦਾ ਮੁੜ ਤੇ ਮੁੜ-ਵਸੇਬਾ। ਮੂਹਰਲਾ ਕਮਰਾ ਮੰਜੇ ਤੋਂ ਇਲਾਵਾ ਉੱਥੇ ਡਹੀਆਂ ਦੋ ਕੁਰਸੀਆਂ ਨੇ ਵੀ ਛੋਟਾ ਕੀਤਾ ਹੋਇਆ ਸੀ। ਇੱਕ ਕੁਰਸੀ ਉੱਤੇ ਇੱਕ ਨੌਜਵਾਨ ਬੈਠਾ ਸੀ ਅਤੇ ਦੂਜੀ ਉੱਤੇ ਇੱਕ ਔਰਤ। ਉਹ ਗੁਆਂਢਣ ਸੀ। ਉਸ ਨੌਜਵਾਨ ਨੇ ਮੇਰੇ ਲਈ ਕੁਰਸੀ ਖਾਲੀ ਕਰ ਦਿੱਤੀ। ਮੈਂ ਬੈਠ ਗਿਆ ਅਤੇ ਦੁਬਾਰਾ ਆਪਣੀ ਜਾਣ-ਪਛਾਣ ਕਰਵਾਈ।
ਮੋਹਨ ਸਿੰਘ ਨੂੰ ਅਜੇ ਵੀ ਮੇਰਾ ਚੇਤਾ ਨਹੀਂ ਸੀ ਆਇਆ। ਮੈਂ ਉਸ ਦਾ ਹਾਲ-ਚਾਲ ਪੁੱਛਿਆ। ਉਸ ਨੇ ਦੱਸਿਆ ਕਿ ਹੁਣ ਉਹ ਬਹੁਤਾ ਤੁਰ-ਫਿਰ ਨਹੀਂ ਸਕਦਾ। ਉਹਦੀਆਂ ਲੱਤਾਂ ਵਿੱਚ ਕੋਈ ਸਮੱਸਿਆ ਸੀ, ਉਹ ਕਈ ਸਾਲਾਂ ਤੋਂ ਇਸ ਨਾਲ ਜੂਝ ਰਿਹਾ ਸੀ। ਉਸ ਦੇ ਬੱਚੇ ਵੱਡੇ ਹੋ ਗਏ ਸਨ; ਉਨ੍ਹਾਂ ਦਾ ਪਰਿਵਾਰ ਹੁਣ ਵੱਡਾ ਹੋ ਗਿਆ ਸੀ। ਕੁਰਸੀ ’ਤੇ ਬੈਠੀ ਉਨ੍ਹਾਂ ਦੀ ਗੁਆਂਢਣ ਗੱਲਬਾਤ ਵਿੱਚ ਲਗਾਤਾਰ ਦਖਲ ਦਿੰਦੀ ਰਹੀ। ਉਹ ਹੋਰ ਜਾ ਵੀ ਕਿੱਥੇ ਸਕਦੀ ਸੀ, ਸਿਵਾਏ ਇਸ ਦੇ ਕਿ ਆਪਣੇ ਘਰ ਚਲੀ ਜਾਂਦੀ।
ਆਪਣੀ ਬਿਮਾਰੀ ਅਤੇ ਬੇਰੁਜ਼ਗਾਰੀ ਬਾਰੇ ਦੱਸਣ ਲਈ ਮੋਹਨ ਸਿੰਘ ਕੋਲ ਬਹੁਤਾ ਕੁਝ ਨਹੀਂ ਸੀ। ਫਿਰ ਸਾਡੀ ਗੱਲਬਾਤ ਓਧਰ ਨੂੰ ਮੁੜ ਪਈ ਜਦੋਂ ਨਵੰਬਰ ’84 ਦੀ ਹਿੰਸਾ ਤੇ ਕਤਲੇਆਮ ਨੇ ਉਸ ਦੀ ਜ਼ਿੰਦਗੀ ਸਦਾ ਲਈ ਬਦਲ ਦਿੱਤੀ, ਬਦਲ ਕੀ ਦਿੱਤੀ ਕਹਿ ਸਕਦੇ ਹੋ ਕਿ ਤਬਾਹ ਹੀ ਕਰ ਦਿੱਤੀ। ਇਸ ਮੁਲਾਕਾਤ ਦੌਰਾਨ ਉਸ ਨੇ ਮੇਰੇ ਨਾਲ ’84 ਦੇ ਪੀੜਤਾਂ ਲਈ ਨਿਆਂ ਬਾਰੇ ਹੀ ਗੱਲ ਕੀਤੀ ਜੋ ਉਸ ਨੂੰ ਕਦੇ ਮਿਲਿਆ ਹੀ ਨਹੀਂ। ਨਿਆਂ ਨਾ ਉਸ ਨੂੰ ਮਿਲਿਆ ਸੀ ਤੇ ਨਾ ਉਸ ਦੇ ਕਿਸੇ ਗੁਆਂਢੀ ਨੂੰ ਜਿਨ੍ਹਾਂ ਦੇ ਪਰਿਵਾਰ ਦੇ ਜੀਅ ਅਤੇ ਸਕੇ ਸਬੰਧੀ ਇਸ ਹਿੰਸਾ ਵਿੱਚ ਮਾਰੇ ਗਏ ਸਨ।
ਉਸ ਦੀ ਨਿਆਂ ਦੀ ਭਾਲ ਦੀ ਕਹਾਣੀ ਪਹਿਲੀ ਨਵੰਬਰ 1984 ਦੀ ਸਵੇਰ ਨੂੰ ਤ੍ਰਿਲੋਕਪੁਰੀ ਤੋਂ ਜਾਨ ਬਚਾ ਕੇ ਨਿਕਲਣ ਦੇ ਇੱਕ ਘੰਟੇ ਵਿੱਚ ਹੀ ਸ਼ੁਰੂ ਹੋ ਗਈ ਸੀ। ਉਹਨੂੰ ਆਪਣੇ ਬਚ ਨਿਕਲਣ ਦੇ ਉਸ ਦਿਨ ਬਾਰੇ ਹਰ ਗੱਲ ਯਾਦ ਸੀ, ਜਦੋਂ ਪਹਿਲਾਂ ਉਸ ਨੇ ਜਮਨਾ ਪਾਰ ਪੁਲੀਸ ਹੈੱਡਕੁਆਰਟਰ ਵਿੱਚ ਜਾਣ ਦੀ ਕੋਸ਼ਿਸ਼ ਕੀਤੀ ਸੀ ਕਿਉਂਕਿ ਸਥਾਨਕ ਪੁਲੀਸ ਕਾਤਲਾਂ ਦਾ ਸਾਥ ਦੇ ਰਹੀ ਸੀ। ‘‘ਉਨ੍ਹਾਂ ਨੇ ਮੈਨੂੰ ਅੰਦਰ ਜਾਣ ਹੀ ਨਹੀਂ ਦਿੱਤਾ, ਮੈਂ ਕਿਸ ਨੂੰ ਰਿਪੋਰਟ ਕਰਦਾ? ਮੈਂ ਕਿਸ ਨੂੰ ਸ਼ਿਕਾਇਤ ਕਰਦਾ ? ਉਨ੍ਹਾਂ ਗੇਟ ਤੋਂ ਹੀ ਮੈਨੂੰ ਮੋੜ ਦਿੱਤਾ। ਮੈਂ ਅੰਦਰ ਜਾ ਕੇ ਦੱਸਣਾ ਚਾਹੁੰਦਾ ਸਾਂ ਕਿ ਸਾਡੇ ਲੋਕ ਮਾਰੇ ਜਾ ਰਹੇ ਹਨ, ਸਾਡੇ ਘਰ ਤਬਾਹ ਕੀਤੇ ਜਾ ਰਹੇ ਹਨ। ਇਮਾਰਤ ਦੇ ਬਾਹਰ ਇੱਕ ਬੰਦੂਕਧਾਰੀ ਸਿਪਾਹੀ ਖੜ੍ਹਾ ਸੀ। ਉਹਨੇ ਮੈਨੂੰ ਅੰਦਰ ਹੀ ਨਹੀਂ ਜਾਣ ਦਿੱਤਾ। ਮੈਨੂੰ ਪਤਾ ਨਹੀਂ ਸੀ ਲੱਗ ਰਿਹਾ ਕਿ ਪੁਲੀਸ ਹੈੱਡਕੁਆਰਟਰ ਤੋਂ ਕਿਧਰ ਜਾਵਾਂ। ਮੈਂ ਵਾਪਸ ਨਹੀਂ ਜਾ ਸਕਦਾ ਸਾਂ। ਜਾਣਦਾ ਸਾਂ ਕਿ ਮੈਂ ਵਾਪਸ ਗਿਆ ਤਾਂ ਉਹ ਮੈਨੂੰ ਮਾਰ ਦੇਣਗੇ ਜਾਂ ਮੈਨੂੰ ਵਾਪਸੀ ਦੇ ਰਸਤੇ ’ਤੇ ਹੀ ਕੋਈ ਮਾਰ ਦੇਵੇਗਾ। ਇਸ ਲਈ ਮੈਂ ‘ਇੰਡੀਅਨ ਐਕਸਪ੍ਰੈੱਸ’ ਅਤੇ ‘ਜਨਸੱਤਾ’ ਦੇ ਦਫ਼ਤਰ ਵਿੱਚ ਆਇਆ। ਉਨ੍ਹੀਂ ਦਿਨੀਂ ਮੈਂ ਆਟੋ ਰਿਕਸ਼ਾ ਚਲਾਉਂਦਾ ਸਾਂ। ਮੈਂ ਆ ਕੇ ਸਾਰੇ ਹਾਲਤ ਤੁਹਾਨੂੰ ਦੱਸੇ। ਰੱਬ ਦਾ ਸ਼ੁਕਰ ਹੈ ਕਿ ਤੁਸੀਂ ਮਦਦ ਕੀਤੀ।’’
ਮੋਹਨ ਸਿੰਘ ਮੁੜ ਕੇ ਕਦੇ ਤ੍ਰਿਲੋਕਪੁਰੀ ਨਹੀਂ ਗਿਆ। ਹਕੀਕਤ ਇਹ ਹੈ ਕਿ ਉਸ ਕਤਲੇਆਮ ’ਚੋਂ ਬਚਿਆ ਕੋਈ ਵੀ ਸ਼ਖ਼ਸ ਵਾਪਸ ਨਹੀਂ ਗਿਆ। ‘‘ਅਸੀਂ ਫਰਸ਼ ਬਾਜ਼ਾਰ ਥਾਣੇ ਦੇ ਸ਼ਰਨਾਰਥੀ ਕੈਂਪ ਵਿੱਚ ਚਲੇ ਗਏ, ਜੋ ਸ਼ਾਹਦਰਾ ਵਿੱਚ ਝਿਲਮਿਲ ਕਲੋਨੀ ਦੇ ਲਾਗੇ ਸੀ,’’ ਉਸ ਨੇ ਕਿਹਾ। ‘‘ਅਸੀਂ 1985 ਵਿੱਚ ਤਿਲਕ ਵਿਹਾਰ ਦੀ ਇਹ ਅਲਾਟਮੈਂਟ ਮਿਲਣ ਤੱਕ ਕੈਂਪ ਵਿੱਚ ਹੀ ਰਹੇ।’’
ਉਸ ਸਵੇਰ ਪੁਲੀਸ ਹੈੱਡਕੁਆਰਟਰ ਵਾਂਗ ਮੋਹਨ ਸਿੰਘ ਨੂੰ ਹੁਣ ਤੱਕ ਇੱਕ ਤੋਂ ਬਾਅਦ ਇੱਕ, ਹਰ ਉਸ ਦਰ ਤੋਂ ਮੋੜ ਦਿੱਤਾ ਗਿਆ ਹੈ, ਜਿੱਥੇ ਵੀ ਉਸ ਨੇ ਨਿਆਂ ਦੀ ਗੁਹਾਰ ਲਈ ਦਸਤਕ ਦਿੱਤੀ- ਪੁਲੀਸ ਨੇ, ਸਥਾਪਿਤ ਹੋਏ ਜਾਂਚ ਕਮਿਸ਼ਨਾਂ ਨੇ, ਸਥਾਨਕ ਪ੍ਰਸ਼ਾਸਨ ਨੇ, ਸਿਆਸੀ ਆਗੂਆਂ ਨੇ। ਅਨਿਆਂ ਝੱਲਣਾ ਕੋਈ ਸੌਖਾ ਨਹੀਂ ਹੁੰਦਾ।
ਮੋਹਨ ਸਿੰਘ ਨੇ ਦੱਸਿਆ, ‘‘ਸੁਪਰੀਮ ਕੋਰਟ ਦੀਆਂ ਦੋ ਪੜਤਾਲਾਂ ਹੋਈਆਂ, ਕੁਝ ਹੋਰ ਵੀ ਹੋਈਆਂ। ਇਸ ਦੇ ਬਾਵਜੂਦ ਕਿਸੇ ਵੀ ਕਾਤਲ ਨੂੰ ਸਜ਼ਾ ਨਹੀਂ ਦਿੱਤੀ ਗਈ, ਕਿਸੇ ਨੇ ਵੀ ਉਨ੍ਹਾਂ ਸਿਪਾਹੀਆਂ ਖ਼ਿਲਾਫ਼ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਿਹੜੇ ਸਾਡੇ ਲੋਕਾਂ ਨੂੰ ਬਚਾਉਣ ਵਿੱਚ ਅਸਫਲ ਰਹੇ। ਮੈਂ (ਮਿਸ਼ਰਾ) ਇਨਕੁਆਇਰੀ ਕਮਿਸ਼ਨ ਸਾਹਮਣੇ ਗਵਾਹੀ ਦਿੱਤੀ ਸੀ। ਮੈਂ ਉਨ੍ਹਾਂ ਨੂੰ ਉਹ ਸਭ ਦੱਸਿਆ ਜੋ ਅੱਖੀਂ ਦੇਖਿਆ ਸੀ, ਪਰ ਕੁਝ ਵੀ ਨਹੀਂ ਹੋਇਆ। ਮੈਂ ਅੱਖੀਂ ਦੇਖਿਆ ਕਿ ਕਤਲ ਕਿਸ ਨੇ ਕੀਤੇ, ਮੈਂ ਐੱਸ.ਐੱਚ.ਓ. ਤੇ ਹੌਲਦਾਰ ਸਾਹਮਣੇ ਕਤਲ ਹੁੰਦੇ ਦੇਖੇ। ਪਰ ਕਿਸੇ ਨੂੰ ਵੀ ਸਜ਼ਾ ਨਹੀਂ ਹੋਈ (ਐੱਸ.ਐੱਚ.ਓ. ਨੂੰ ਮਗਰੋਂ ਕੁਝ ਸਮੇਂ ਲਈ ਮੁਅੱਤਲ ਕੀਤਾ ਗਿਆ ਸੀ)। ਇਹ ਸਾਰਾ ਕੁਝ ਮੈਂ ਨਾਨਾਵਤੀ ਕਮਿਸ਼ਨ ਸਾਹਮਣੇ ਵੀ ਆਖਿਆ ਸੀ ਪਰ ਫਿਰ ਵੀ ਕੁਝ ਨਹੀਂ ਹੋਇਆ।’’
‘‘ਤੇ ਕਾਤਲ ਕੌਣ ਸਨ?’’
‘‘ਸਥਾਨਕ ਆਗੂ ਸਨ, ਕਾਂਗਰਸ ਪਾਰਟੀ ਦੇ। ਅਸੀਂ ਉਨ੍ਹਾਂ ਦੇ ਨਾਂ ਵੀ ਦੱਸੇ ਸਨ।’’ ਉਹਨੇ ਉਹ ਨਾਂ ਫਿਰ ਲਏ, ਜੋ ਉਸ ਨੂੰ ਅਜੇ ਵੀ ਬਾਖ਼ੂਬੀ ਯਾਦ ਹਨ।
‘‘ਤੁਸੀਂ ਆਪਣੀ ਗਵਾਹੀ ਲਿਖਤੀ ਰੂਪ ਵਿੱਚ ਦਿੱਤੀ ਸੀ?’’ ‘‘ਹਾਂ ਜੀ। ਪਰ ਹਲਫ਼ਨਾਮੇ ਦੇਣ ਮਗਰੋਂ ਵੀ ਕੁਝ ਨਹੀਂ ਹੋਇਆ, ਕੇਸਾਂ ਤੋਂ ਬਾਅਦ ਵੀ ਕੁਝ ਨਹੀਂ ਹੋਇਆ। ਉੱਥੇ ਉਹ ਪੁਲੀਸ ਇੰਸਪੈਕਟਰ ਅਤੇ ਇੱਕ ਹੌਲਦਾਰ ਖੜ੍ਹਾ ਸੀ ਜਿਸ ਨੇ ਮਾਰਨ ਦਾ ਹੁਕਮ ਦਿੱਤਾ, ਪਰ ਅੰਤ ਕਿਸੇ ਨੂੰ ਵੀ ਸਜ਼ਾ ਨਹੀਂ ਦਿੱਤੀ ਗਈ।
‘‘ਤੁਸੀਂ ਹੁਣ ਕੀ ਕਰਦੇ ਹੋ?’’
‘‘ਮੈਨੂੰ ਆਟੋ ਰਿਕਸ਼ਾ ਚਲਾਉਣਾ ਛੱਡਣਾ ਪਿਆ। ਮੇਰੇ ਗੋਡੇ ਹੁਣ ਚਲਦੇ ਨਹੀਂ। ਮੈਂ ਬੇਰੁਜ਼ਗਾਰ ਹਾਂ।’’
‘‘ਇਨ੍ਹਾਂ ਸਾਰੀਆਂ ਦੁਸ਼ਵਾਰੀਆਂ ਮਗਰੋਂ ਤੁਸੀਂ ਕੀ ਮਹਿਸੂਸ ਕਰਦੇ ਹੋ?’’
‘‘ਮੈਨੂੰ ਬਹੁਤ ਗੁੱਸਾ ਆਉਂਦਾ ਹੈ। ਜੇ ਤੁਸੀਂ ਤੀਹ ਸਾਲ ਨਿਆਂ ਲਈ ਸੰਘਰਸ਼ ਕੀਤਾ ਹੋਵੇ ਅਤੇ ਤੁਹਾਨੂੰ ਇਨਸਾਫ਼ ਮਿਲਿਆ ਹੀ ਨਾ ਹੋਵੇ ਤਾਂ ਇਹ ਕਿਵੇਂ ਹੋ ਸਕਦਾ ਹੈ ਕਿ ਤੁਹਾਨੂੰ ਗੁੱਸਾ ਨਾ ਆਵੇ? ਕੇਸ ਚਲਦੇ ਰਹੇ, ਚਲਦੇ ਰਹੇ। ਸਾਡੇ ਲੋਕ ਮਾਰੇ ਗਏ, ਸਾਡੇ ਘਰ ਲੁੱਟ ਲਏ ਗਏ, ਸਾਡਾ ਘਰ-ਬਾਰ ਗੁਆਚ ਗਿਆ। ਹਰ ਚੀਜ਼ ਤਬਾਹ ਕਰ ਦਿੱਤੀ ਗਈ। ਇਉਂ ਲੱਗਦਾ ਹੈ ਜਿਵੇਂ ਅਸੀਂ ਹੁਣ ਵੀ ਸੜਕਾਂ ’ਤੇ ਮਾਰੇ ਮਾਰੇ ਫਿਰਦੇ ਹੋਈਏ।’’
‘‘ਤੁਸੀਂ ਸਾਰੇ ਇਨ੍ਹਾਂ ਦੋ ਕਮਰਿਆਂ ਵਿੱਚ ਗੁਜ਼ਾਰਾ ਕਿਵੇਂ ਕਰਦੇ ਹੋ?’’
‘‘ਜਦੋਂ ਮੈਂ ਇੱਥੇ ਆਇਆ ਸਾਂ, ਮੇਰੇ ਨਾਲ ਮੇਰੀ ਪਤਨੀ ਅਤੇ ਬੱਚੇ ਸਨ। ਹੁਣ ਉਹ ਵੱਡੇ ਹੋ ਗਏ ਹਨ ਅਤੇ ਮੇਰੇ ਪੋਤੇ ਪੋਤੀਆਂ ਵੀ ਹਨ। ਇਨ੍ਹਾਂ ’ਚੋਂ ਕਿੰਨੇ ਹੀ ਘਰਾਂ ਵਿੱਚ ਚਾਰ ਚਾਰ ਪਰਿਵਾਰ ਰਹਿੰਦੇ ਹਨ। ਕਿੰਨੀ ਕੁ ਥਾਂ ਹੈ, ਤੁਸੀਂ ਦੇਖ ਹੀ ਸਕਦੇ ਹੋ। ਇਉਂ ਰਹਿਣਾ ਬਹੁਤ ਔਖਾ ਹੈ। ਸਾਡੇ ’ਚੋਂ ਕਿਸੇ ਕੋਲ ਵੀ ਹੋਰ ਥਾਂ ਖਰੀਦਣ ਜਾਂ ਕਿਰਾਏ ’ਤੇ ਹੀ ਲੈਣ ਵਾਸਤੇ ਕੋਈ ਪੈਸਾ ਨਹੀਂ।’’
‘‘ਕੀ ਸਿੱਖ ਆਗੂਆਂ ਨੇ ਕੋਈ ਮਦਦ ਕੀਤੀ ਹੈ?’’
‘‘ਉਹ ਸਿਰਫ਼ ਚੋਣਾਂ ਸਮੇਂ ਹੀ ਬੋਲਦੇ ਹਨ। ਅੱਗੇ ਪਿੱਛੇ ਨਹੀਂ।’’ ‘‘... ਅਕਾਲੀ ਵੀ ਨਹੀਂ?’’ ‘‘ਉਹ ਸਾਡੇ ਵਕੀਲਾਂ ਦੀ ਫੀਸ ਨਹੀਂ ਦਿੰਦੇ, ਉਹ ਸਾਡੇ ਮੁਕੱਦਮੇ ਨਹੀਂ ਲੜਦੇ ਅਤੇ ਤੁਸੀਂ, ਪ੍ਰੈੱਸ ਵਾਲੇ, ਤੁਸੀਂ ਕੀ ਕਹਿ ਸਕਦੇ ਹੋ? ਤੁਸੀਂ ਕਿੰਨਾ ਕੁ ਕਹਿ ਸਕਦੇ ਹੋ? ਅਤੇ ਸੁਣਦਾ ਕੌਣ ਹੈ? ਏਨੇ ਦਹਾਕੇ ਤੁਸੀਂ ਸਾਰੇ ਕਿੱਥੇ ਰਹੇ?’’
‘‘ਮੈਂ ਬਾਹਰ ਗਿਆ ਹੋਇਆ ਸਾਂ।’’
ਮੈਂ ਇਹੋ ਕਹਿ ਸਕਦਾ ਸਾਂ। ਹਾਂ, ਮੈਂ ਉਨ੍ਹਾਂ ਦੀ ਕਹਾਣੀ ਛੱਡ ਦਿੱਤੀ ਹੋਈ ਸੀ, ਮੈਂ ਇਸ ਵਿੱਚੋਂ ਬਾਹਰ ਨਿਕਲ ਗਿਆ ਸਾਂ। ਖ਼ਬਰਾਂ ਦੇਣਾ ਤੇ ਅੱਗੇ ਵਧ ਜਾਣਾ ਮੇਰਾ ਪੇਸ਼ਾ ਹੈ। ਪਰ 1984 ਦਾ ਕਤਲੇਆਮ ਮਹਿਜ਼ ਖ਼ਬਰ ਨਹੀਂ ਸੀ। ਇਹ ਅੱਜ ਵੀ ਯਾਦਾਂ ਤੇ ਦੁੱਖ ਭਰੇ ਅਹਿਸਾਸਾਂ ਨਾਲ ਭਰੀ ਕਹਾਣੀ ਹੈ। ਇਸ ਨੇ ਮੈਨੂੰ ਅਤੇ ਇਸ ਨਾਲ ਵਾਬਸਤਾ ਰਹੇ ਹਰ ਪੱਤਰਕਾਰ ਨੂੰ ਬਦਲ ਦਿੱਤਾ। ਸਦਮੇ ਦੇ ਉਨ੍ਹਾਂ ਪਲਾਂ ਨੇ ਸਾਡੇ ਦਰਮਿਆਨ ਇੱਕ ਖ਼ਾਮੋਸ਼ ਰਿਸ਼ਤਾ ਬਣਾ ਦਿੱਤਾ ਸੀ, ਪਰ ਮੈਂ ਇਸ ’ਚੋਂ ਬਾਹਰ ਨਿਕਲ ਗਿਆ ਹਾਂ। ਮੇਰੇ ਇਸ ਵਿਅਰਥ ਦੇ ਅਪਰਾਧ ਬੋਧ ਦਾ ਹੁਣ ਕੀ ਫ਼ਾਇਦਾ ਸੀ, ਪਰ ਮੋਹਨ ਸਿੰਘ ਹਮੇਸ਼ਾ ਮੇਰੀਆਂ ਯਾਦਾਂ ਵਿੱਚ ਉੱਭਰਿਆ ਰਿਹਾ ਹੈ। ਇਨ੍ਹਾਂ ਸਾਰੇ ਸਾਲਾਂ ਦੌਰਾਨ ਮੈਂ ਉਸ ਵਿੱਚੋਂ ਹੀ ਹਰ ਕਿਸੇ ਦੀ ਕਹਾਣੀ ਪੜ੍ਹਦਾ ਰਿਹਾ ਹਾਂ। ਹੁਣ ਵੀ ਮੈਂ ਉਸ ਰਾਹੀਂ ਹੀ ਉਹ ਅਨਿਆਂ ਦੇਖ ਰਿਹਾ ਹਾਂ ਜੋ ਹਰ ਕਿਸੇ ਨੇ ਹੰਢਾਇਆ ਅਤੇ ਹੰਢਾਈ ਜਾ ਰਿਹਾ ਹੈ। ਮੇਰੇ ਲਈ ਉਸ ਦੀ ਕਹਾਣੀ ਹੀ ਹੋਰ ਸਭ ਦੀ ਕਹਾਣੀ ਹੈ, ਉਦੋਂ ਵੀ ਅਤੇ ਹੁਣ ਵੀ।
ਇਹ ਇੱਕ ਹਜ਼ਾਰ ਲੋਕ ਇਸ ਰਿਸ਼ਤੇ ਵਿੱਚ ਬੱਝੇ ਹੋਏ ਹਨ ਕਿ ਉਨ੍ਹਾਂ ਆਪਣੇ ਪਿਆਰਿਆਂ ਨੂੰ ਇਕੱਠੇ ਮਰਦਿਆਂ ਦੇਖਿਆ ਹੈ ਤੇ ਇਨ੍ਹਾਂ ਨੂੰ ਕਿਸੇ ਨੇ ਕਦੇ ਨਿਆਂ ਨਹੀਂ ਦਿਵਾਇਆ। ਤਿਲਕ ਵਿਹਾਰ ਵਿੱਚ ਇਨ੍ਹਾਂ ਸਾਰੇ ਲੋਕਾਂ ਨੂੰ ਇੱਕ ਥਾਂ ਇਕੱਠੇ ਕਰ ਦਿੱਤਾ ਗਿਆ ਹੈ। ਇਸਨੂੰ ‘ਅਨਿਆਂ ਨਗਰ’ ਆਖ ਸਕਦੇ ਹਾਂ ਜਿਸ ਨੂੰ ਸਮੂਹਿਕ ਸੰਤਾਪ ਨੇ ਇਕੱਠਿਆਂ ਕੀਤਾ ਹੈ। ਇਨ੍ਹਾਂ ਦੀ ਜਿੱਤ ਇਹ ਹੈ ਕਿ ਉਹ 1984 ਨੂੰ ਪਾਰ ਕਰ ਆਏ ਹਨ, ਉਨ੍ਹਾਂ ਨੂੰ ਰਹਿਣ ਲਈ ਉਹੋ ਜਿਹਾ ਹੀ ਥਾਂ ਮਿਲ ਗਿਆ ਹੈ ਜਿਸ ਵਿੱਚ ਪਹਿਲਾਂ ਰਹਿੰਦੇ ਸਨ ਅਤੇ ਹਰ ਕਿਸੇ ਨੂੰ ਕੁਝ ਲੱਖ ਰੁਪਏ ਮੁਆਵਜ਼ੇ ਵਜੋਂ ਮਿਲ ਗਏ ਹਨ। ਹੋਰ ਕੀ ਮੰਗ ਸਕਦੇ ਹਨ ਉਹ?
ਤਿਲਕ ਵਿਹਾਰ ਦਾ ‘ਵਿਹਾਰ’ ਕੁਥਾਵੇਂ ਰੱਖਿਆ ਹੋਇਆ ਹੈ। ਇਸ ਮੰਦੇਹਾਲ ਜਗ੍ਹਾ ਦੀ ਪਿੱਠ ਦਿੱਲੀ ਦੀਆਂ ਅਮੀਰ ਤਰੀਨ ਕਾਲੋਨੀਆਂ ਨਾਲ ਲੱਗਦੀ ਹੈ ਜਿਵੇਂ ਵਸੰਤ ਵਿਹਾਰ। ਪਰ ਤਿਲਕ ਵਿਹਾਰ ਗੰਦੀ ਬਸਤੀ ਹੈ ਜਿਹੜੀ ਸਮਾਂ ਲੰਘਣ ਨਾਲ ਹੋਰ ਗੰਦੀ ਹੋ ਗਈ ਹੈ ਕਿਉਂਕਿ ਉਨ੍ਹਾਂ ਦੋ ਕਮਰਿਆਂ ਵਿੱਚ ਹੋਰ ਭੀੜ ਜਮ੍ਹਾਂ ਹੋ ਗਈ ਹੈ ਜਿਹੜੇ ਇੱਕ-ਇੱਕ ਪਰਿਵਾਰ ਨੂੰ 1985 ਦੇ ਅੰਤ ਵਿੱਚ ਦਿੱਤੇ ਗਏ ਸਨ।
ਤਿਲਕ ਵਿਹਾਰ ਦੇ ਪ੍ਰਵੇਸ਼ ਦੁਆਰ ਉੱਤੇ ਇੱਕ ਝੁੱਗੀ ਵਿੱਚ ਫਰਸ਼ ਉੱਤੇ ਦਰੀ ਵਿਛਾਈ ਹੋਈ ਹੈ। ਜਿਸ ਦਿਨ ਮੋਹਨ ਸਿੰਘ ਨੂੰ ਲੱਭਦਿਆਂ ਮੈਂ ਇਸ ਅੰਦਰ ਝਾਕਿਆ ਤਾਂ ਤਕਰੀਬਨ ਵੀਹ ਬਹੁਤ ਬੁੱਢੇ ਵਿਅਕਤੀ ਬੈਠੇ ਜਾਂ ਲੇਟੇ ਹੋਏ ਦਿਸੇ। ਲੱਗਦਾ ਸੀ ਕਿ ਕਾਫ਼ੀ ਸਮੇਂ ਤੋਂ ਇਨ੍ਹਾਂ ਕੋਲ ਹੋਰ ਕੋਈ ਕੰਮ ਨਹੀਂ। ਮਈ ਦੀ ਉਸ ਗਰਮ ਦੁਪਹਿਰ ਵਿੱਚ ਮੇਜ਼ ’ਤੇ ਰੱਖਿਆ ਪੱਖਾ ਹੀ ਉਨ੍ਹਾਂ ਨੂੰ ਹਵਾ ਝੱਲ ਰਿਹਾ ਸੀ।
ਉਹ ਢਾਰਾ ਅਜਿਹੇ ਬਜ਼ੁਰਗਾਂ ਲਈ ਬੈਠਣ ਵਾਸਤੇ ਬਣਾਇਆ ਗਿਆ ਸੀ ਜਿਨ੍ਹਾਂ ਲਈ ਘਰਾਂ ਵਿੱਚ ਕੋਈ ਥਾਂ ਨਹੀਂ ਸੀ। ਇਸ ਝੁੱਗੀ ’ਚ ਬੈਠੇ ਬਜ਼ੁਰਗਾਂ ਨੇ ਹੀ ਮੈਨੂੰ ਮੋਹਨ ਸਿੰਘ ਦੇ ਘਰ ਦਾ ਰਾਹ ਦੱਸਿਆ ਸੀ। ਤਿਲਕ ਵਿਹਾਰ ਵਿੱਚ ਹਰ ਕੋਈ ਜਾਣਦਾ ਹੈ ਕਿ ਕੌਣ ਕਿੱਥੇ ਰਹਿੰਦਾ ਹੈ, ਕਿੱਥੇ ਰਹਿੰਦਾ ਸੀ ਅਤੇ ਕਿਸ ਨੇ 1984 ਦੀ ਹਿੰਸਾ ਵਿੱਚ ਕਿਵੇਂ ਤੇ ਕਿੰਨੇ ਮੈਂਬਰ ਗੁਆਏ ਸਨ। ਤਿਲਕ ਵਿਹਾਰ ਦੇ ਹਰ ਘਰ ਦੀ ਇਹੋ ਦੁੱਖ ਭਰੀ ਕਹਾਣੀ ਹੈ।
ਉਨ੍ਹਾਂ ਤਿੰਨ ਦਿਨਾਂ ਦੀਆਂ ਸਿਰਫ਼ ਦੋ ਕਹਾਣੀਆਂ ਹਨ, 3000 ਕਹਾਣੀਆਂ ਨਹੀਂ- ਉਨ੍ਹਾਂ ਦੀ ਕਹਾਣੀ ਜੋ ਮਾਰੇ ਗਏ ਅਤੇ ਉਨ੍ਹਾਂ ਦੀ ਕਹਾਣੀ ਜੋ ਬਚ ਗਏ। ਅਸੀਂ ਦੋਵੇਂ ਕਹਾਣੀਆਂ ਬਥੇਰੀ ਵਾਰ ਸੁਣ ਲਈਆਂ। ਹੁਣ ਬਹੁਤੇ ਜਣੇ ਹੋਰ ਨਹੀਂ ਸੁਣਨਾ ਚਾਹੁੰਦੇ, ਸਿਵਾਏ ਕਿਸੇ ਬਰਸੀ ਜਾਂ ਵਰ੍ਹੇਗੰਢ ਦੇ, ਉਹ ਵੀ ਮੂੰਹ ਭੁਆਂ ਕੇ ਇੱਕ-ਦੋ ਮਿੰਟਾਂ ਲਈ।
ਹੁਣ ਇੱਕ ਹੋਰ ਸਮੱਸਿਆ ਬਣ ਗਈ ਸੀ ਕਿ ਬਾਹਰ ਵਾਲਿਆਂ ਲਈ ਮੋਹਨ ਸਿੰਘ ਅਤੇ ਉਸ ਦੇ ਗੁਆਂਢੀਆਂ ਦੀ ਵੇਦਨਾ ਕੋਈ ਅਰਥ ਨਹੀਂ ਰੱਖਦੀ ਸੀ। ਹਰ ਕਿਸੇ ਨੇ ਮੰਨ ਲਿਆ ਸੀ ਕਿ ਮੋਹਨ ਸਿੰਘ ਅਤੇ ਉਹਦੇ ਵਰਗੇ ਹੋਰ ਉਸ ਅਤੀਤ ਨਾਲ ਜੁੜੇ ਹਨ ਜਿਸ ਨੂੰ ਭੁਲਾ ਦੇਣਾ ਹੀ ਚੰਗਾ ਹੋਵੇਗਾ।
ਗ਼ੌਰਤਲਬ ਹੈ ਕਿ ਅਮਰੀਕਾ ਵਿੱਚ ਹੋਏ 9/11 ਦੇ ਹਮਲੇ ਵਿੱਚ ਵੀ 3000 ਵਿਅਕਤੀ ਮਾਰੇ ਗਏ ਸਨ, ਪਰ ਵਿਸ਼ਵ ਵਪਾਰ ਕੇਂਦਰ ਦੇ ਹਮਲੇ ਅਤੇ ਦਿੱਲੀ ਦੰਗਿਆਂ ਮਗਰੋਂ ਪਿੱਛੇ ਰਹਿ ਗਏ ਪਰਿਵਾਰਕ ਮੈਂਬਰਾਂ ਦੇ ਹਾਲਾਤ ਵਿੱਚ ਵੱਡਾ ਫ਼ਰਕ ਹੈ। ਨਿਊਯਾਰਕ ਵਿੱਚ ਸਰਕਾਰ ਹਮਲਾਵਰਾਂ ਦੇ ਪਿੱਛੇ ਪੈ ਗਈ ਸੀ ਜਦੋਂਕਿ ਦਿੱਲੀ ਵਿੱਚ ਸਰਕਾਰ ਅਤੇ ਪੁਲੀਸ ਨੇ ਪਹਿਲਾਂ ਇਹ ਕੋਸ਼ਿਸ਼ ਕੀਤੀ ਕਿ ਹਮਲੇ ਨਾ ਰੋਕੇ ਜਾਣ ਅਤੇ ਫਿਰ ਇਹ ਕਿ ਸਰਕਾਰ ਕਾਤਲਾਂ ਦਾ ਪਿੱਛਾ ਨਾ ਕਰੇ। ਇੱਕ ਫ਼ਰਕ ਇਹ ਵੀ ਸੀ ਕਿ ਨਿਊਯਾਰਕ ਵਿੱਚ ਹਮਲਾ ਬੇਗਾਨਿਆਂ ਨੇ ਕੀਤਾ ਸੀ, ਪਰ ਦਿੱਲੀ ਵਿੱਚ ਪੀੜਤਾਂ ਨੂੰ ਬੇਗਾਨੇ ਬਣਾਇਆ ਜਾ ਰਿਹਾ ਸੀ। ਅਮਰੀਕਾ ਨੇ ਕੁਝ ਇਨਸਾਫ਼ ਕਰਨ ਲਈ ਓਸਾਮਾ ਬਿਨ ਲਾਦੇਨ ਨੂੰ ਮਾਰ ਮੁਕਾਇਆ ਸੀ ਜਦੋਂਕਿ ਦਿੱਲੀ ਕਤਲੇਆਮ ਦੇ ਪੀੜਤਾਂ ਨੂੰ ਨਿਆਂ ਨਹੀਂ ਮਿਲ ਸਕਿਆ।
ਸਾਡੇ ਨੇਤਾਵਾਂ ਅਤੇ ਅਧਿਕਾਰੀਆਂ ਨੇ ਤੱਥਾਂ ਦਾ ਗਲਾ ਘੁੱਟਣ ਅਤੇ ਸੱਚ ਉੱਤੇ ਪਰਦਾ ਪਾਉਣ ਲਈ ਦਲੀਲਾਂ ਘੜ ਲਈਆਂ। ਇਸ ਲੱਛੇਦਾਰ ਭਾਸ਼ਾ ਨੇ ਦੋਸ਼ੀਆਂ ਅਤੇ ਉਨ੍ਹਾਂ ਦੇ ਸਰਪ੍ਰਸਤਾਂ ਨੂੰ ਹੀ ਬਚਾਇਆ।
ਮੋਹਨ ਸਿੰਘ ਅਤੇ ਉਸ ਦੇ ਗੁਆਂਢੀ ਹੁਣ ਉਹ ਕਹਾਣੀਆਂ ਹੀ ਸੁਣਾਉਂਦੇ ਹਨ ਜਿਨ੍ਹਾਂ ਨੂੰ ਹੋਰ ਸੁਣਿਆ ਨਹੀਂ ਜਾਂਦਾ। ਬੇਇਨਸਾਫ਼ੀ ਦੀਆਂ ਇਹ ਕਹਾਣੀਆਂ ਹਾਲੇ ਖ਼ਤਮ ਨਹੀਂ ਹੋਈਆਂ।
ਹੁਣ ਮੋਹਨ ਸਿੰਘ ਅਤੇ ਉਸ ਵਰਗੇ ਹੋਰ ਲੋਕਾਂ ਦੇ ਪੱਖ ਵਿੱਚ ਕੀ ਬਚਿਆ ਹੈ? ਬਸ ਕਾਨੂੰਨ...। ਨਿਆਂ ਦੇਣ ਲਈ ਕਦੇ ਕਿਸੇ ਕਮਿਸ਼ਨ ਦੀ ਲੋੜ ਨਹੀਂ ਪੈਂਦੀ। ਇਹ ਸਮੇਂ ਦੀ ਲੋੜ ਹੈ ਕਿ ਸਰਕਾਰ ਚਾਹੇ ਕਿਸੇ ਪਾਰਟੀ ਦੀ ਹੋਵੇ, ਸਿੱਧ ਹੋਏ ਤੱਥਾਂ ਨੂੰ ਲਿਖਤੀ ਕਾਨੂੰਨ ਦੇ ਮੁਤਾਬਿਕ ਜਾਂਚੇ ਅਤੇ ਪੀੜਤਾਂ ਨੂੰ ਨਿਆਂ ਮਿਲਣਾ ਯਕੀਨੀ ਬਣਾਵੇ।
(ਪੰਜਾਬੀ ਰੂਪ: ਗੁਰਨਾਮ ਕੰਵਰ; ਲੋਕਗੀਤ ਪ੍ਰਕਾਸ਼ਨ, ਮੁਹਾਲੀ)

Advertisement
Advertisement