ਉਨ੍ਹਾਂ ਕੀਤਾ ਇਨਸਾਫ਼, ਸਾਡੀ ਉਮਰਾਂ ਦੀ ਸਜ਼ਾ...
ਅਰਵਿੰਦਰ ਜੌਹਲ
ਨਵੰਬਰ 1984 ਦੀ ਸ਼ੁਰੂਆਤ!
ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਆਸਮਾਨ ਤੱਕ ਉੱਚਾ ਉੱਠਦਾ ਧੂੰਆਂ... ਸੜਦੇ ਹੋਏ ਘਰ ਅਤੇ ਵਾਹਨ... ਬਦਹਵਾਸ ਸਿੱਖ ਔਰਤਾਂ, ਜਿਨ੍ਹਾਂ ਦੀਆਂ ਅੱਖਾਂ ਅੱਗੇ ਹੀ ਉਨ੍ਹਾਂ ਦੇ ਪਤੀਆਂ, ਪੁੱਤਾਂ ਅਤੇ ਭਰਾਵਾਂ ਨੂੰ ਜਿਊਂਦੇ ਸਾੜ ਦਿੱਤਾ ਗਿਆ। ਇਹ ਮੰਜ਼ਰ ਦੇਖ ਕੇ ਉਨ੍ਹਾਂ ਦੀਆਂ ਅੱਖਾਂ ਪਥਰਾਅ ਗਈਆਂ। ਮਾਵਾਂ ਦੇ ਨਾਲ ਲੱਗ ਕੇ ਖੜੋਤੇ ਡਰੇ-ਸਹਿਮੇ ਬੱਚੇ ਕਿ ਪਤਾ ਨਹੀਂ ਕਿਹੜੇ ਪਲ ਉਨ੍ਹਾਂ ਨੂੰ ਜਿਊਂਦੇ ਸਾੜ ਦਿੱਤਾ ਜਾਵੇ ਜਾਂ ਬਲਦੇ ਟਾਇਰ ਉਨ੍ਹਾਂ ਦੇ ਗਲ਼ਾਂ ਵਿੱਚ ਪਾ ਦਿੱਤੇ ਜਾਣ। ਦੁੱਖ ਦਾ ਏਨਾ ਵੇਗ ਜੋ ਤੁਹਾਨੂੰ ਹਰ ਤਰ੍ਹਾਂ ਦੇ ਅਹਿਸਾਸ ਤੋਂ ਸੱਖਣਾ ਕਰ ਦੇਵੇ। ਇਹ ਸਾਰੇ ਉਹ ਦ੍ਰਿਸ਼ ਹਨ ਜੋ ਦੇਸ਼ ਦੇ ਲੋਕਤੰਤਰ ਦੇ ਇਤਿਹਾਸ ’ਚ ਫਰੀਜ਼ ਹੋ ਕੇ ਇੱਕ ਰਾਸ਼ਟਰ ਵਜੋਂ ਸਾਨੂੰ ਸਦਾ ਹੀ ਸ਼ਰਮਸਾਰ ਕਰਦੇ ਰਹਿਣਗੇ।
ਇਸੇ ਉਦਾਸ ਅਤੇ ਹਿੰਸਕ ਨਵੰਬਰ ਵਿੱਚ ਕੌਮੀ ਰਾਜਧਾਨੀ ਦਿੱਲੀ ਦੇ ਸਰਸਵਤੀ ਵਿਹਾਰ ਇਲਾਕੇ ਵਿੱਚ ਜਸਵੰਤ ਸਿੰਘ ਅਤੇ ਉਸ ਦੇ ਪੁੱਤਰ ਤਰੁਣਦੀਪ ਸਿੰਘ ਦੇ ਹੋਏ ਕਤਲ ਦੇ ਮਾਮਲੇ ’ਚ 41 ਸਾਲਾਂ ਦੀ ਕਾਨੂੰਨੀ ਪ੍ਰਕਿਰਿਆ ਮਗਰੋਂ 25 ਫਰਵਰੀ 2025 ਨੂੰ ਰਾਊਜ਼ ਐਵੇਨਿਊ ਕੋਰਟ ਨੇ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਸ ਮਾਮਲੇ ਵਿੱਚ ਸੱਜਣ ਕੁਮਾਰ ਦੀ ਅਗਵਾਈ ਹੇਠ ਹਿੰਸਕ ਭੀੜ ਨੇ ਦੋਹਾਂ ਪਿਉ-ਪੁੱਤਰਾਂ ਨੂੰ ਜਿਊਂਦਿਆਂ ਸਾੜ ਕੇ ਮਾਰ ਦਿੱਤਾ ਸੀ। ਸੱਜਣ ਕੁਮਾਰ ਆਪਣੀ ਵਡੇਰੀ ਉਮਰ ਅਤੇ ਪਾਰਕਿਨਸਨ’ਜ਼ ਸਣੇ ਕਈ ਹੋਰ ਬਿਮਾਰੀਆਂ ਤੋਂ ਪੀੜਤ ਹੋਣ ਕਾਰਨ ਸਜ਼ਾ-ਏ-ਮੌਤ ਤੋਂ ਬਚ ਗਿਆ। ਇਸ ਵੇਲੇ ਉਸ ਨੂੰ ਵਾਸ਼ਰੂਮ ਜਾਣ ਲਈ ਵੀ ਸਹਾਰੇ ਦੀ ਲੋੜ ਪੈਂਦੀ ਹੈ। ਇਹ ਦੂਜਾ ਮਾਮਲਾ ਹੈ ਜਿਸ ਵਿੱਚ ਉਸ ਨੂੰ ਉਮਰ ਕੈਦ ਦੀ ਸਜ਼ਾ ਮਿਲੀ ਹੈ। ਇਸ ਤੋਂ ਪਹਿਲਾਂ ਦਿੱਲੀ ਕੈਂਟ ਦੇ ਰਾਜਨਗਰ ਇਲਾਕੇ ਵਿੱਚ ਪੰਜ ਸਿੱਖਾਂ- ਕੁਲਦੀਪ ਸਿੰਘ, ਕੇਹਰ ਸਿੰਘ, ਗੁਰਪ੍ਰੀਤ ਸਿੰਘ, ਰਘੁਵਿੰਦਰ ਸਿੰਘ ਅਤੇ ਨਰਿੰਦਰਪਾਲ ਸਿੰਘ ਦੇ ਕਤਲ ਦੇ ਮਾਮਲੇ ਵਿੱਚ ਉਸ ਨੂੰ ਦਸੰਬਰ 2018 ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ।
ਜੂਨ 1984 ਵਿੱਚ ਦਰਬਾਰ ਸਾਹਿਬ, ਅੰਮ੍ਰਿਤਸਰ ’ਚ ਫ਼ੌਜੀ ਕਾਰਵਾਈ ਮਗਰੋਂ 31 ਅਕਤੂਬਰ ਨੂੰ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਸਿੱਖ ਅੰਗ-ਰੱਖਿਅਕਾਂ ਬੇਅੰਤ ਸਿੰਘ ਤੇ ਸਤਵੰਤ ਸਿੰਘ ਨੇ ਗੋਲੀਆਂ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ ਸੀ। ਉਹ ਦਰਬਾਰ ਸਾਹਿਬ ’ਤੇ ਫ਼ੌਜੀ ਕਾਰਵਾਈ ਲਈ ਇੰਦਰਾ ਗਾਂਧੀ ਨੂੰ ਜ਼ਿੰਮੇਵਾਰ ਸਮਝਦੇ ਸਨ। ਤਤਕਾਲੀ ਪ੍ਰਧਾਨ ਮੰਤਰੀ ਦੀ ਹੱਤਿਆ ਮਗਰੋਂ ਸਿੱਖਾਂ ਨੂੰ ਇਸ ਦੀ ‘ਮਿਸਾਲੀ ਸਜ਼ਾ’ ਦੇਣ ਲਈ ਸੱਜਣ ਕੁਮਾਰ, ਜਗਦੀਸ਼ ਟਾਈਟਲਰ ਅਤੇ ਐੱਚ.ਕੇ.ਐੱਲ. ਭਗਤ ਜਿਹੇ ਕਾਂਗਰਸੀ ਆਗੂਆਂ ਦੀ ਅਗਵਾਈ ਹੇਠ ਯੋਜਨਾਬੱਧ ਢੰਗ ਨਾਲ ਇਸ ਕਤਲੇਆਮ ਨੂੰ ਅੰਜਾਮ ਦਿੱਤਾ ਗਿਆ। ਅਕਸਰ ਇਸ ਨੂੰ ’84 ਦੇ ਦੰਗੇ ਕਿਹਾ ਜਾਂਦਾ ਹੈ, ਪਰ ਇਹ ਕਤਲੇਆਮ ਹੈ, ਇਸ ਨੂੰ ਦੰਗੇ ਨਹੀਂ ਕਿਹਾ ਜਾ ਸਕਦਾ। ਦੰਗੇ ਦੋ ਗੁੱਟਾਂ, ਫ਼ਿਰਕਿਆਂ ਜਾਂ ਭਾਈਚਾਰਿਆਂ ’ਚ ਹੁੰਦੇ ਹਨ ਪਰ ਇਸ ਮੌਕੇ ਕੇਵਲ ਸਿੱਖ ਹੀ ਹਿੰਸਾ ਦਾ ਨਿਸ਼ਾਨਾ ਬਣੇ। ਉਨ੍ਹਾਂ ਜਵਾਬੀ ਕਾਰਵਾਈ ਤਾਂ ਕੀ ਕਰਨੀ ਸੀ, ਉਹ ਤਾਂ ਆਪਣਾ ਬਚਾਅ ਕਰਨ ਜੋਗੇ ਵੀ ਨਹੀਂ ਸਨ। 1984 ਵਿੱਚ ਸਿੱਖ-ਵਿਰੋਧੀ ਹਿੰਸਾ ਦਾ ਪਹਿਲਾ ਝਲਕਾਰਾ ਤਾਂ ਉਦੋਂ ਹੀ ਦੇਖਣ ਨੂੰ ਮਿਲ ਗਿਆ ਸੀ ਜਦੋਂ ਘਟਨਾ ਵਾਲੀ ਸ਼ਾਮ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਉੱਤਰੀ ਯਮਨ ਦੇ ਦੌਰੇ ਤੋਂ ਵਾਪਸ ਆ ਕੇ ਇੰਦਰਾ ਗਾਂਧੀ ਦਾ ਪਤਾ ਲੈਣ ਲਈ ਸਿੱਧੇ ਏਮਸ ਪੁੱਜੇ। ਉਨ੍ਹਾਂ ਦੀ ਸਿੱਖ ਸ਼ਨਾਖ਼ਤ ਕਾਰਨ ਹਜੂਮੀਆਂ ਨੇ ਉਨ੍ਹਾਂ ਦੀਆਂ ਗੱਡੀਆਂ ਦੇ ਕਾਫ਼ਲੇ ’ਤੇ ਪਥਰਾਅ ਕੀਤਾ ਸੀ। ਜੇਕਰ ਦੇਸ਼ ਦੇ ਰਾਸ਼ਟਰਪਤੀ ਦੀਆਂ ਗੱਡੀਆਂ ਦੇ ਕਾਫ਼ਲੇ ’ਤੇ ਪਥਰਾਅ ਹੋ ਸਕਦਾ ਹੈ ਤਾਂ ਫਿਰ ਸਾਧਾਰਨ ਸਿੱਖਾਂ ਲਈ ਬਚਾਅ ਦਾ ਰਾਹ ਹੀ ਕੀ ਬਚਦਾ ਸੀ, ਖ਼ਾਸਕਰ ਉਦੋਂ ਜਦੋਂ ਸੱਤਾ ਦੇ ਸਹਿਯੋਗ ਨਾਲ ਇਸ ਕਿਸਮ ਦੇ ਕਤਲੇਆਮ ਨੂੰ ਅੰਜਾਮ ਦਿੱਤਾ ਜਾ ਰਿਹਾ ਹੋਵੇ। ਪੁਲੀਸ ਨੇ ਕਿਸੇ ਵੀ ਸਥਿਤੀ ਵਿੱਚ ਨਾਗਰਿਕਾਂ ਦੇ ਮੁਹਾਫਿਜ਼ ਦੀ ਭੂਮਿਕਾ ਅਦਾ ਕਰਨੀ ਹੁੰਦੀ ਹੈ ਪਰ ਉਸ ਨੇ ਉਸ ਵੇਲੇ ਨਾ ਕੇਵਲ ਇਹ ਸਭ ਕੁਝ ਦੇਖ ਕੇ ਮੂੰਹ ਫੇਰ ਲਿਆ ਸਗੋਂ ਕਈ ਥਾਈਂ ਹਿੰਸਾ ਤੇ ਕਤਲੇਆਮ ’ਚ ਸਰਗਰਮ ਭੂਮਿਕਾ ਵੀ ਨਿਭਾਈ। ਇੱਕ ਅੰਦਾਜ਼ੇ ਮੁਤਾਬਿਕ ਕੌਮੀ ਰਾਜਧਾਨੀ ਦਿੱਲੀ ਅਤੇ ਦੇਸ਼ ਦੇ ਹੋਰਨਾਂ ਹਿੱਸਿਆਂ ’ਚ ਕੋਈ 3,000 ਤੋਂ ਵੱਧ ਸਿੱਖਾਂ ਦਾ ਕਤਲੇਆਮ ਹੋਇਆ।
ਸੱਤਾ ਦੀ ਤਾਕਤ ਨਾਲ ਸੱਜਣ ਕੁਮਾਰ ਨੂੰ ਬਚਾਉਣ ਦੀ ਕੋਸ਼ਿਸ਼ ਲਗਾਤਾਰ ਜਾਰੀ ਰਹੀ। 1984 ਦੇ ਸਿੱਖ ਕਤਲੇਆਮ ਸਬੰਧੀ ਉਸ ਖ਼ਿਲਾਫ਼ ਐਫਆਈਆਰ 1991 ਵਿੱਚ ਜਾ ਕੇ ਦਰਜ ਹੋ ਸਕੀ। ਇਸ ਕਤਲੇਆਮ ’ਚ ਨਾਮ ਆਉਣ ਦੇ ਬਾਵਜੂਦ ਉਸ ਨੂੰ ਪਾਰਟੀ ਨੇ ਤਿੰਨ ਵਾਰੀ ਲੋਕ ਸਭਾ ਚੋਣ ਲੜਾਈ ਅਤੇ ਉਹ ਚੋਣ ਜਿੱਤ ਕੇ ਲੋਕ ਸਭਾ ਮੈਂਬਰ ਬਣ ਵੀ ਗਿਆ। ਪੀੜਤਾਂ ਲਈ ਇਨਸਾਫ਼ ਦੀ ਲੜਾਈ ਕਿੰਨੀ ਔਖੀ ਸੀ, ਇਸ ਦਾ ਅੰਦਾਜ਼ਾ ਦਿੱਲੀ ਕੈਂਟ ਵਾਲੇ ਪਹਿਲੇ ਮਾਮਲੇ ਤੋਂ ਲਾਇਆ ਜਾ ਸਕਦਾ ਹੈ। ਪਹਿਲੀ ਨਵੰਬਰ ਦੀ ਰਾਤ ਜਿਨ੍ਹਾਂ ਪੰਜ ਸਿੱਖਾਂ ਦੀ ਹੱਤਿਆ ਕੀਤੀ ਗਈ, ਉਨ੍ਹਾਂ ਦੀ ਪਰਿਵਾਰਕ ਮੈਂਬਰ ਜਗਦੀਸ਼ ਕੌਰ ਜਦੋਂ ਮਦਦ ਮੰਗਣ ਲਈ ਪੁਲੀਸ ਚੌਕੀ ਗਈ ਤਾਂ ਪੁਲੀਸ ਵਾਲੇ ਹਿੰਸਕ ਭੀੜ ਨੂੰ ਪੁੱਛ ਰਹੇ ਸਨ, ‘‘ਕਿੰਨੇ ਮੁਰਗੇ ਭੁੰਨ ਦਿੱਤੇ?’’ ਇੱਥੇ ‘ਮੁਰਗਿਆਂ’ ਤੋਂ ਭਾਵ ਸਿੱਖਾਂ ਤੋਂ ਸੀ ਕਿ ਕਿੰਨੇ ਸਿੱਖ ਕਤਲ ਕੀਤੇ ਨੇ। ਉਸ ਰਾਤ 9 ਵਜੇ ਹਿੰਸਕ ਭੀੜ ਨੇ ਜਗਦੀਸ਼ ਕੌਰ ਦੇ ਘਰ ਦਾਖ਼ਲ ਹੋ ਕੇ ਉਸ ਦੇ ਪਤੀ, ਪੁੱਤਰਾਂ ਅਤੇ ਭਰਾਵਾਂ ਸਣੇ ਪੰਜ ਜਣਿਆਂ ਦੀ ਹੱਤਿਆ ਕਰ ਦਿੱਤੀ ਸੀ। ਜਗਦੀਸ਼ ਕੌਰ ਨੇ ਮਗਰੋਂ ਆਪਣੀ ਗਵਾਹੀ ’ਚ ਦੱਸਿਆ ਕਿ ਸਿੱਖਾਂ ਨੂੰ ਨਿਸ਼ਾਨਾ ਬਣਾਉਣ ਦੇ ਨਾਲ-ਨਾਲ ਉਨ੍ਹਾਂ ਹਿੰਦੂਆਂ ’ਤੇ ਵੀ ਨਿਸ਼ਾਨਾ ਸੇਧਿਆ ਗਿਆ ਜੋ ਸਿੱਖਾਂ ਨੂੰ ਬਚਾਉਣ ਦਾ ਯਤਨ ਕਰ ਰਹੇ ਸਨ। ਉਸ ਨੇ ਕਿਹਾ ਕਿ ਸੱਜਣ ਕੁਮਾਰ ਉਦੋਂ ਹਿੰਸਕ ਭੀੜ ਨੂੰ ਹਦਾਇਤਾਂ ਦੇ ਰਿਹਾ ਸੀ, ‘‘ਸਿੱਖੋਂ ਕੋ ਮਾਰੋ, ਜੋ ਹਿੰਦੂ ਬਚਾਨੇ ਆਏ ਹੈਂ, ਉਨ ਕੋ ਭੀ ਮਾਰੋ। ਏਕ ਭੀ ਸਰਦਾਰ ਬਚਨਾ ਨਹੀਂ ਚਾਹੀਏ। ਯੇ ਸਾਂਪ ਕੇ ਬੱਚੇ ਹੈਂ। ਇਨਹੋਂ ਨੇ ਹਮਾਰੀ ਮਾਂ ਕੋ ਮਾਰਾ ਹੈ।’’ ਪੁਲੀਸ ਦੀ ਭੂਮਿਕਾ ਇੱਥੋਂ ਹੀ ਸਪੱਸ਼ਟ ਹੋ ਜਾਂਦੀ ਹੈ ਕਿ ਦਿੱਲੀ ਕੈਂਟ ਇਲਾਕੇ ਵਿੱਚ 341 ਸਿੱਖਾਂ ਦੀਆਂ ਹੱਤਿਆਵਾਂ ਹੋਈਆਂ ਸਨ ਪਰ ਐੱਫ.ਆਈ.ਆਰਜ਼. ਸਿਰਫ਼ ਪੰਜ ਹੀ ਦਰਜ ਹੋਈਆਂ। ਪੁਲੀਸ ਨੇ ਬਹੁਤੇ ਮਾਮਲਿਆਂ ’ਚ ਪੀੜਤਾਂ ਦੀਆਂ ਸ਼ਿਕਾਇਤਾਂ ਦਰਜ ਕਰਨ ’ਚ ਟਾਲਮਟੋਲ ਕੀਤੀ। ਇਸ ਕਤਲੇਆਮ ਨੂੰ ਅੰਜਾਮ ਦੇਣ ਲਈ ਸਿੱਖਾਂ ਦੀ ਸ਼ਨਾਖ਼ਤ ਵੋਟਰ ਸੂਚੀਆਂ ਰਾਹੀਂ ਕੀਤੀ ਗਈ ਸੀ।
ਜਗਦੀਸ਼ ਕੌਰ ਨੂੰ ਇਸ ਮਾਮਲੇ ’ਚ ਨਿਆਂ ਹਾਸਲ ਕਰਨ ਲਈ 34 ਸਾਲ ਲੰਬੀ ਲੜਾਈ ਲੜਨੀ ਪਈ। ਉਸ ਦੇ ਪਰਿਵਾਰ ਦੇ ਪੰਜ ਜੀਆਂ ਦੇ ਕਤਲ ਦੇ ਦੋਸ਼ ਹੇਠ ਦਸੰਬਰ 2018 ਵਿੱਚ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਉਦੋਂ ਇੱਕ ਟੀ.ਵੀ. ਚੈਨਲ ਨਾਲ ਗੱਲਬਾਤ ਮੌਕੇ (ਜਦੋਂ ਸਟੂਡੀਓ ਵਿੱਚ ਇੱਕ ਕਾਂਗਰਸੀ ਆਗੂ ਵੀ ਮੌਜੂਦ ਸੀ) ਕਾਂਗਰਸ ਆਗੂ ਨੂੰ ਮੁਖ਼ਾਤਬ ਹੁੰਦਿਆਂ ਕਹੇ ਜਗਦੀਸ਼ ਕੌਰ ਦੇ ਇਹ ਸ਼ਬਦ ਅੱਜ ਵੀ ਮੇਰੇ ਕੰਨਾਂ ਵਿੱਚ ਗੂੰਜਦੇ ਨੇ: ‘‘ਜੇਕਰ ਮੇਰਾ ਪੁੱਤਰ ਸਰਹੱਦ ’ਤੇ ਸ਼ਹੀਦ ਹੁੰਦਾ ਤਾਂ ਮੈਂ ਸ਼ਹੀਦ ਦੀ ਮਾਂ ਕਹਾਉਂਦੀ। ਜੇਕਰ ਮੇਰਾ ਪਤੀ ਜੰਗ ’ਚ ਸ਼ਹੀਦ ਹੁੰਦਾ ਤਾਂ ਮੈਂ ਸ਼ਹੀਦ ਦੀ ਵਿਧਵਾ ਕਹਾਉਂਦੀ। ਜੇ ਮੇਰੇ ਭਰਾ ਦੇਸ਼ ਲਈ ਸ਼ਹੀਦ ਹੁੰਦੇ ਤਾਂ ਸ਼ਹੀਦਾਂ ਦੀ ਭੈਣ ਕਹਾਉਂਦੀ ਪਰ ਹੁਣ ਮੈਂ ਕੀ ਕਹਾਂ...…ਮੈਨੂੰ ਇਹ ਕਹਿੰਦਿਆਂ ਸ਼ਰਮ ਆਉਂਦੀ ਹੈ ਕਿ ਮੈਂ ਇਸ ਦੇਸ਼ ਦੀ ਧੀ ਹਾਂ।’’
ਜਿਸ ਔਰਤ ਦਾ ਪੂਰਾ ਘਰ-ਪਰਿਵਾਰ ਉੱਜੜ ਗਿਆ ਹੋਵੇ ਅਤੇ ਜਿਸ ਦੀ ਜ਼ਿੰਦਗੀ ’ਚ ਇਕੱਲਤਾ, ਦੁੱਖ ਅਤੇ ਉਦਾਸੀ ਹੀ ਬਾਕੀ ਰਹਿ ਗਈ ਹੋਵੇ, ਉਸ ਅੰਦਰਲੀ ਇਹ ਤਲਖ਼ੀ ਸਮਝ ਪੈਂਦੀ ਹੈ। ਇਹ ਉਨ੍ਹਾਂ ਸਾਰੇ ਪੀੜਤਾਂ ਦੀ ਹੋਣੀ ਹੈ ਜਿਨ੍ਹਾਂ ਇਸ ਕਤਲੇਆਮ ’ਚ ਆਪਣੇ ਪਰਿਵਾਰਾਂ ਦੇ ਜੀਅ ਗੁਆਏ ਹਨ।
ਸਰਸਵਤੀ ਵਿਹਾਰ ਵਾਲੇ ਇਸ ਕੇਸ ਵਿੱਚ ਸੱਜਣ ਕੁਮਾਰ ਨੂੰ ਆਪਣੇ ਅਪਰਾਧ ਲਈ ਸਜ਼ਾ ਮਿਲਣ ’ਚ 41 ਵਰ੍ਹੇ ਲੱਗ ਗਏ। ਦਹਾਕਿਆਂ ਬੱਧੀ ਕਮਿਸ਼ਨ-ਦਰ-ਕਮਿਸ਼ਨ ਬਣਦੇ ਰਹੇ ਅਤੇ ਅਦਾਲਤੀ ਪ੍ਰਕਿਰਿਆ ਆਪਣੀ ਮੱਠੀ ਚਾਲ ਚਲਦੀ ਰਹੀ। ਇਨਸਾਫ਼ ਲੈਣ ਲਈ ਪੀੜਤ ਇੱਕ ਤੋਂ ਦੂਜੀ ਅਦਾਲਤ ਤੱਕ ਭਟਕਦਿਆਂ ਤਰੀਕਾਂ ਭੁਗਤਦੇ ਰਹੇ। ਅਖ਼ੀਰ ਫ਼ੈਸਲਾ ਸੁਣਾ ਦਿੱਤਾ ਗਿਆ। ਪਰ ਕੀ ਸੱਚਮੁੱਚ ਇਨਸਾਫ਼ ਹੋ ਗਿਆ? ਫ਼ੈਸਲੇ ਦੇ ਪੜਾਅ ਤੱਕ ਪੁੱਜਦਿਆਂ ਜਾਂ ਨਿਆਂ ਹਾਸਲ ਕਰਨ ਦੇ ਵੇਲੇ ਤੱਕ ਪਹੁੰਚਦਿਆਂ ਪੀੜਤਾਂ ਦੀਆਂ ਉਮਰਾਂ ਬੀਤ ਗਈਆਂ। ਕੀ ਇਹ ਫ਼ੈਸਲਾ ਉਨ੍ਹਾਂ ਪਰਿਵਾਰਾਂ ਦੇ ਦਿਲਾਂ ਨੂੰ ਧਰਵਾਸ ਦੇਣ ਵਾਲਾ ਹੈ ਜਿਨ੍ਹਾਂ ਦਹਾਕਿਆਂਬੱਧੀ ਇਹ ਦੁੱਖ ਅਤੇ ਸੰਤਾਪ ਹੰਢਾਇਆ ਹੈ? ਆਪਣੇ ਪਿੰਡੇ ’ਤੇ ਪਲ ਪਲ ਪੀੜ ਹੰਢਾਉਂਦਿਆਂ ਅਸਲ ਸਜ਼ਾ ਤਾਂ ਉਨ੍ਹਾਂ ਹੀ ਭੁਗਤੀ ਹੈ।