ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜ਼ਿੰਦਗੀ ਦੇ ਰਾਹ ਬਦਲੇ ਪਰ ...

04:20 AM Mar 09, 2025 IST
featuredImage featuredImage

ਅਰਵਿੰਦਰ ਜੌਹਲ

Advertisement

ਹਰ ਵਰ੍ਹੇ ਕੌਮਾਂਤਰੀ ਮਹਿਲਾ ਦਿਵਸ ਮਨਾ ਕੇ ਅਸੀਂ ਔਰਤਾਂ ਦੇ ਸ਼ਕਤੀਕਰਨ, ਬਰਾਬਰੀ ਅਤੇ ਉਨ੍ਹਾਂ ਦੇ ਸਮਾਨ ਅਧਿਕਾਰਾਂ ਦੀ ਗੱਲ ਕਰਦੇ ਹਾਂ ਪਰ ਹਕੀਕਤ ਇਹ ਹੈ ਕਿ ਵੱਖ-ਵੱਖ ਖੇਤਰਾਂ ’ਚ ਮਰਦਾਂ ਦੇ ਮੋਢੇ ਨਾਲ ਮੋਢਾ ਡਾਹ ਕੇ ਕੰਮ ਕਰਨ ਦੇ ਬਾਵਜੂਦ ਔਰਤ ਕਦੇ ਵੀ ਘਰ-ਪਰਿਵਾਰ ਦੀਆਂ ਜ਼ਿੰਮੇਵਾਰੀਆਂ ਤੋਂ ਮੁਕਤ ਨਹੀਂ ਹੁੰਦੀ। ਕੰਮਕਾਜੀ ਔਰਤਾਂ ਦੂਹਰੀ ਚੱਕੀ ਪੀਂਹਦੀਆਂ ਹਨ। ਇੱਕ ਪਾਸੇ ਜਿੱਥੇ ਕੰਮਕਾਜ ਵਾਲੀ ਥਾਂ ’ਤੇ ਉਨ੍ਹਾਂ ਨੂੰ ਆਪਣੇ ਆਪ ਨੂੰ ਸਾਬਤ ਕਰਨ ਲਈ ਮਰਦਾਂ ਤੋਂ ਵੱਧ ਨਿੱਠ ਕੇ ਕੰਮ ਕਰਨਾ ਪੈਂਦਾ ਹੈ, ਉੱਥੇ ਘਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਦਾ ਬੋਝ ਵੀ ਨਾਲੋ-ਨਾਲ ਚੁੱਕਣਾ ਪੈਂਦਾ ਹੈ।
ਸਾਡੀ ਸਮਾਜਿਕ ਬਣਤਰ ’ਚ ਪਰਿਵਾਰ ਇੱਕ ਮੂਲ ਇਕਾਈ ਹੈ ਜਿਸ ਦਾ ਮੁੱਖ ਧੁਰਾ ਔਰਤ ਹੈ ਤੇ ਪਰਿਵਾਰ ਦਾ ਸਾਰਾ ਤਾਣਾ-ਬਾਣਾ ਉਸ ਦੁਆਲੇ ਹੀ ਘੁੰਮਦਾ ਹੈ। ਸਾਡੇ ਸਮਾਜ ਵਿੱਚ ਸਮਝਿਆ ਜਾਂਦਾ ਹੈ ਕਿ ਮਰਦ ਦੀ ਜ਼ਿੰਮੇਵਾਰੀ ਸਿਰਫ਼ ਪਰਿਵਾਰ ਲਈ ਕਮਾਈ ਕਰਨਾ ਹੈ। ਔਰਤਾਂ ਨੇ ਪੜ੍ਹ-ਲਿਖ ਕੇ ਵੱਖ-ਵੱਖ ਖੇਤਰਾਂ ਵਿੱਚ ਕਦਮ ਅੱਗੇ ਵਧਾਉਂਦਿਆਂ ਪਰਿਵਾਰ ਲਈ ਕਮਾਈ ਕਰਨ ਦੀ ਜ਼ਿੰਮੇਵਾਰੀ ਤਾਂ ਵੰਡਾ ਲਈ ਪਰ ਘਰ ਪ੍ਰਤੀ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਨੂੰ ਕਿਸੇ ਨੇ ਨਹੀਂ ਵੰਡਾਇਆ ਅਤੇ ਉਨ੍ਹਾਂ ਸਿਰ ਦੂਹਰਾ ਬੋਝ ਆ ਪਿਆ।
ਅੰਕੜਾ ਅਤੇ ਸਰਕਾਰੀ ਯੋਜਨਾਵਾਂ ਲਾਗੂ ਕਰਨ ਸਬੰਧੀ ਮੰਤਰਾਲੇ ਨੇ ਔਰਤਾਂ ਅਤੇ ਮਰਦਾਂ ਵੱਲੋਂ ਕੀਤੇ ਜਾਂਦੇ ਘਰੇਲੂ ਕੰਮਕਾਜ ਦੇ ਜਿਹੜੇ ਅੰਕੜੇ ਜਾਰੀ ਕੀਤੇ ਹਨ ਉਨ੍ਹਾਂ ਤੋਂ ਸਮੁੱਚੀ ਸਥਿਤੀ ਸਪੱਸ਼ਟ ਹੋ ਜਾਂਦੀ ਹੈ। ਔਰਤਾਂ ਅਤੇ ਮਰਦਾਂ ਦੇ ਘਰ ਦੇ ਕੰਮ ਦੇ ਘੰਟਿਆਂ ਬਾਰੇ ਕੀਤੇ ਗਏ ਸਰਵੇਖਣ ਤੋਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਔਰਤਾਂ ਦੀਆਂ ਘਰੇਲੂ ਜ਼ਿੰਮੇਵਾਰੀਆਂ ਮਰਦਾਂ ਦੇ ਮੁਕਾਬਲੇ ਕਿਤੇ ਜ਼ਿਆਦਾ ਹਨ। ਇਨ੍ਹਾਂ ਅੰਕੜਿਆਂ ਅਨੁਸਾਰ ਇੱਕ ਔਰਤ ਰੋਜ਼ਾਨਾ ਘਰੇਲੂ ਕੰਮਾਂ ਵਿੱਚ 289 ਮਿੰਟ ਬਿਤਾਉਂਦੀ ਹੈ ਜੋ ਕਿ ਮਰਦਾਂ ਨਾਲੋਂ 201 ਮਿੰਟ ਵੱਧ ਹਨ। ਮਰਦਾਂ ਵੱਲੋਂ ਜੇਕਰ ਘਰੇਲੂ ਕੰਮਾਂ ’ਚ ਸਹਿਯੋਗ ਕੀਤਾ ਵੀ ਜਾਂਦਾ ਹੈ ਤਾਂ ਇਸ ਤਰ੍ਹਾਂ ਅਹਿਸਾਨ ਜਤਾਇਆ ਜਾਂਦਾ ਹੈ ਜਿਵੇਂ ਉਨ੍ਹਾਂ ਬਹੁਤ ਵੱਡਾ ਕੰਮ ਕਰ ਦਿੱਤਾ ਹੋਵੇ। ਕੋਈ ਵੀ ਕੰਮਕਾਜੀ ਔਰਤ ਜੇਕਰ ਦਫ਼ਤਰੋਂ ਥੱਕੀ-ਟੁੱਟੀ ਘਰ ਜਾਏ ਤਾਂ ਉਸ ਨੂੰ ਘੱਟ-ਵੱਧ ਹੀ ਇਹ ਸਹੂਲਤ ਮਿਲਦੀ ਹੈ ਕਿ ਬੂਹੇ ਵੜਦਿਆਂ ਹੀ ਕੋਈ ਉਸ ਦਾ ਬੈਗ ਫੜ ਲਏ ਜਾਂ ਉਸ ਨੂੰ ਪਾਣੀ ਦਾ ਗਲਾਸ ਦੇ ਦੇਵੇ ਅਤੇ ਇਸ ਤੋਂ ਮਗਰੋਂ ਟਰੇਅ ਵਿੱਚ ਸਜਾ ਕੇ ਉਸ ਨੂੰ ਗਰਮ ਗਰਮ ਚਾਹ ਦਾ ਕੱਪ ਦੇ ਦੇਵੇ। ਹਕੀਕੀ ਸਥਿਤੀ ਇਹ ਹੈ ਕਿ ਘਰ ਵੜਨ ਤੋਂ ਬਾਅਦ ਬਹੁਤੀਆਂ ਔਰਤਾਂ ਦਾ ਹਾਲ ਇਹ ਹੁੰਦਾ ਹੈ ਕਿ ਉਹ ਭਾਵੇਂ ਜਿੰਨੀਆਂ ਵੀ ਥੱਕੀਆਂ-ਟੁੱਟੀਆਂ ਦਫ਼ਤਰੋਂ ਆਈਆਂ ਹੋਣ, ਕੱਪੜੇ ਬਦਲ ਕੇ ਸਿੱਧੇ ਰਸੋਈ ਦਾ ਰੁਖ਼ ਕਰਦਿਆਂ ਘਰੇਲੂ ਕੰਮਾਂ ’ਚ ਜੁੱਟ ਜਾਂਦੀਆਂ ਹਨ। ਜਿਹੜੀਆਂ ਬੀਬੀਆਂ ਨੌਕਰੀ ਨਹੀਂ ਕਰਦੀਆਂ ਉਹ ਸਵੇਰੇ ਅੱਖ ਖੁੱਲ੍ਹਣ ਤੋਂ ਲੈ ਕੇ ਰਾਤ ਸੌਣ ਤੱਕ ਦਾ ਸਮਾਂ ਬੱਚਿਆਂ, ਪਤੀ ਅਤੇ ਸੱਸ-ਸਹੁਰੇ ਦੀ ਸੇਵਾ ’ਚ ਗੁਜ਼ਾਰਦੀਆਂ ਨੇ। ਸਾਰਿਆਂ ਨੂੰ ਲਹਿੰਦਾ-ਲਹਿੰਦਾ ਫੁਲਕਾ ਖੁਆਉਣਾ ਉਨ੍ਹਾਂ ਦੀ ਨੈਤਿਕ ਜ਼ਿੰਮੇਵਾਰੀ ਤੈਅ ਕਰ ਦਿੱਤੀ ਜਾਂਦੀ ਹੈ। ਪਰਿਵਾਰ ਦੇ ਕਿਸੇ ਵੀ ਕੰਮ ’ਚ ਥੋੜ੍ਹਾ-ਮੋਟਾ ਉੱਪਰ-ਥੱਲੇ ਹੋ ਜਾਵੇ ਤਾਂ ਸਭ ਦੇ ਮੂੰਹ ਮੋਟੇ ਹੋ ਜਾਂਦੇ ਹਨ।
ਇਹ ਵਰਤਾਰਾ ਪਿੰਡਾਂ ਅਤੇ ਸ਼ਹਿਰਾਂ ’ਚ ਇੱਕ ਸਮਾਨ ਹੀ ਹੈ। ਸ਼ਹਿਰਾਂ ’ਚ ਜਿੱਥੇ ਕੰਮਕਾਜੀ ਔਰਤਾਂ ਦਫ਼ਤਰਾਂ ਆਦਿ ’ਚ ਜਾ ਕੇ ਕੰਮ ਕਰਦੀਆਂ ਹਨ, ਉੱਥੇ ਪੇਂਡੂ ਔਰਤਾਂ ਦੇ ਕੰਮਕਾਰ ਵੀ ਦਿਨ ਚੜ੍ਹਨ ਤੋਂ ਪਹਿਲਾਂ ਹੀ ਸ਼ੁਰੂ ਹੋ ਜਾਂਦੇ ਹਨ ਅਤੇ ਸੂਰਜ ਢਲਣ ਮਗਰੋਂ ਵੀ ਨਹੀਂ ਮੁੱਕਦੇ। ਇਨ੍ਹਾਂ ’ਚ ਘਰ ਦੇ ਕੰਮ ਹੀ ਸ਼ਾਮਿਲ ਨਹੀਂ ਸਗੋਂ ਪਸ਼ੂ ਸਾਂਭਣ ਤੋਂ ਲੈ ਕੇ ਖੇਤਾਂ ਤੱਕ ਦੇ ਕੰਮ ਦੀ ਜ਼ਿੰਮੇਵਾਰੀ ਵੀ ਉਨ੍ਹਾਂ ਨੂੰ ਨਿਭਾਉਣੀ ਪੈਂਦੀ ਹੈ। ਇਸ ਦੇ ਨਾਲ ਨਾਲ ਘਰ ਦਾ ਰੋਟੀ-ਟੁੱਕ, ਬੱਚਿਆਂ ਅਤੇ ਬਜ਼ੁਰਗਾਂ ਦੀ ਸੰਭਾਲ ਤਾਂ ਉਨ੍ਹਾਂ ਦਾ ਹੀ ਫਰਜ਼ ਮੰਨਿਆ ਜਾਂਦਾ ਹੈ। ਉਨ੍ਹਾਂ ਨੂੰ ਕਿਸੇ ਪਾਸਿਉਂ ਵੀ ਸਾਹ ਨਹੀਂ ਆਉਂਦਾ ਕਿਉਂਕਿ ਉਨ੍ਹਾਂ ਲਈ ਕਿਹੜਾ ਕੰਮ ਦੇ ਘੰਟੇ ਨਿਸ਼ਚਿਤ ਹਨ। ਸਿਤਮਜ਼ਰੀਫ਼ੀ ਇਹ ਹੈ ਕਿ ਏਨੀ ਮਿਹਨਤ ਮੁਸ਼ੱਕਤ ਦੀ ਵੀ ਕੋਈ ਬਣਦੀ ਕਦਰ ਨਹੀਂ ਕਰਦਾ ਅਤੇ ਨਾ ਹੀ ਉਨ੍ਹਾਂ ਨੂੰ ਵਡਿਆਉਂਦਾ ਹੈ।
ਇਹ ਗੱਲ ਵਾਰ-ਵਾਰ ਕੀਤੀ ਜਾਂਦੀ ਹੈ ਕਿ ਅੱਜ ਔਰਤਾਂ ਨੂੰ ਮਰਦਾਂ ਦੇ ਬਰਾਬਰ ਸਮਝਿਆ ਜਾਂਦਾ ਹੈ ਅਤੇ ਹਰ ਖੇਤਰ ’ਚ ਔਰਤਾਂ ਮੋਹਰੀ ਭੂਮਿਕਾ ਨਿਭਾ ਰਹੀਆਂ ਹਨ। ਠੀਕ ਹੈ, ਸਾਡੀਆਂ ਨਾਨੀਆਂ, ਦਾਦੀਆਂ ਘਰੇਲੂ ਸੁਆਣੀਆਂ ਸਨ ਜਿਨ੍ਹਾਂ ਦੀ ਜ਼ਿੰਮੇਵਾਰੀ ਆਪਣੇ ਪਰਿਵਾਰ ਦੀ ਸਾਂਭ-ਸੰਭਾਲ ਕਰਨਾ ਸੀ ਤੇ ਪੈਸੇ ਕਮਾਉਣ ਦੀ ਜ਼ਿੰਮੇਵਾਰੀ ਉਨ੍ਹਾਂ ਦੇ ਪਤੀਆਂ ਦੀ ਸੀ। ਫਿਰ ਔਰਤਾਂ ਨੇ ਸਿੱਖਿਅਤ ਹੋਣ ਮਗਰੋਂ ਪ੍ਰੋਫੈਸ਼ਨਲ ਜ਼ਿੰਦਗੀ ਵਿੱਚ ਕਦਮ ਤਾਂ ਰੱਖੇ ਪਰ ਸਮਾਜ ਦੇ ਤੈਅ ਮਾਪਦੰਡਾਂ ਅਨੁਸਾਰ ਘਰੇਲੂ ਕੰਮਾਂ ਦੀਆਂ ਜ਼ਿੰਮੇਵਾਰੀਆਂ ਤੋਂ ਪਤੀਆਂ ਵਾਂਗ ਫਾਰਗ ਹੋਣ ਦੀ ਸਹੂਲਤ ਉਨ੍ਹਾਂ ਨੂੰ ਹਾਸਲ ਨਾ ਹੋਈ।
ਜੇ ਮੈਂ ਆਪਣੇ ਅਖ਼ਬਾਰੀ ਕਿੱਤੇ ਦੀ ਗੱਲ ਕਰਾਂ ਤਾਂ ਇਸ ਵਿੱਚ ਅੱਜ ਔਰਤਾਂ/ਕੁੜੀਆਂ ਦੀ ਭਰਵੀਂ ਗਿਣਤੀ ਹੈ। ਅਖ਼ਬਾਰਾਂ ਵਿੱਚ ਡਿਊਟੀ ਖ਼ਤਮ ਹੁੰਦਿਆਂ ਤਕਰੀਬਨ ਅੱਧੀ ਰਾਤ ਹੋ ਜਾਂਦੀ ਹੈ। ਜੇਕਰ ਕਿਤੇ ਆਖ਼ਰੀ ਮੌਕੇ ਕੋਈ ਅਹਿਮ ਖ਼ਬਰ ਆ ਗਈ ਤਾਂ ਤੁਹਾਨੂੰ ਹਰ ਹਾਲ ਲੈਣੀ ਹੀ ਪਵੇਗੀ। ਮਤਲਬ ਕਿ ਛੁੱਟੀ ਦੇ ਸਮੇਂ ਤੋਂ ਬਾਅਦ ਵੀ ਤੁਹਾਨੂੰ ਰੁਕਣਾ ਪਵੇਗਾ। ਕਿਸੇ ਵੀ ਸੂਰਤ ਵਿੱਚ ਤੁਸੀਂ ਕੰਮ ਅਧੂਰਾ ਛੱਡ ਕੇ ਨਹੀਂ ਜਾ ਸਕਦੇ। ਜਦੋਂ ਵੀ ਕਦੇ ਅਜਿਹੀ ਸਥਿਤੀ ਪੈਦਾ ਹੁੰਦੀ ਹੈ ਤਾਂ ਉਸ ਵੇਲੇ ਡਿਊਟੀ ’ਤੇ ਹਾਜ਼ਰ ਕੁੜੀਆਂ ਦੇ ਚਿਹਰੇ ਦੀ ਪ੍ਰੇਸ਼ਾਨੀ, ਘਬਰਾਹਟ ਅਤੇ ਵਾਰ-ਵਾਰ ਘੜੀ ਵੱਲ ਦੇਖਣਾ ਮੈਨੂੰ ਸਮਝ ਤਾਂ ਪੈਂਦਾ ਹੈ ਪਰ ਚਾਹੁੰਦਿਆਂ ਹੋਇਆਂ ਵੀ ਉਨ੍ਹਾਂ ਨੂੰ ਘੜੀ ਦੇਖ ਕੇ ਛੁੱਟੀ ਕਰਨ ਦੀ ਰਿਆਇਤ ਨਹੀਂ ਦਿੱਤੀ ਜਾ ਸਕਦੀ। ਕੌੜੀ ਹਕੀਕਤ ਇਹ ਹੈ ਕਿ ਆਪਣੀ ਪ੍ਰੋਫੈਸ਼ਨਲ ਜ਼ਿੰਦਗੀ ’ਚ ਜੇਕਰ ਤੁਸੀਂ ਆਪਣੇ ਮਰਦ ਸਹਿਯੋਗੀਆਂ ਦੇ ਮੁਕਾਬਲੇ ਤਰੱਕੀ ਦੇ ਬਰਾਬਰ ਮੌਕੇ ਹਾਸਲ ਕਰਨੇ ਹਨ ਤਾਂ ਤੁਹਾਨੂੰ ਆਪਣੇ ਕਿੱਤੇ ਦੀਆਂ ਜ਼ਿੰਮੇਵਾਰੀਆਂ ਵੀ ਬਰਾਬਰ ਹੀ ਚੁੱਕਣੀਆਂ ਪੈਣਗੀਆਂ। ਉੱਥੇ ਤੁਸੀਂ ਆਪਣੇ ਘਰ-ਪਰਿਵਾਰ ਦੀਆਂ ਜ਼ਿੰਮੇਵਾਰੀਆਂ ਦਾ ਰੋਣਾ ਨਹੀਂ ਰੋ ਸਕਦੇ।
ਇੱਕ ਵਾਰੀ ਮੁੱਖ ਡੈਸਕ ’ਤੇ ਇੰਚਾਰਜ ਵਜੋਂ ਇੱਕ ਲੜਕੀ ਡਿਊਟੀ ਨਿਭਾਅ ਰਹੀ ਸੀ ਕਿ ਆਖ਼ਰੀ ਮੌਕੇ ਮਹੱਤਵਪੂਰਨ ਖ਼ਬਰ ਆ ਗਈ। ਹੁਣ ਉਸ ਨੂੰ ਪੰਨੇ ਨਵੇਂ ਸਿਰਿਓਂ ਵਿਉਂਤ ਕੇ ਐਡੀਸ਼ਨ ਦੇਣਾ ਪੈਣਾ ਸੀ। ਮੈਂ ਖ਼ੁਦ ਵੀ ਉੱਥੇ ਮੌਜੂਦ ਸੀ ਪਰ ਆਪਣਾ ਕੰਮ ਤਾਂ ਉਸ ਨੇ ਹੀ ਕਰ ਕੇ ਜਾਣਾ ਸੀ। ਨਵੀਂ ਸਥਿਤੀ ਮੁਤਾਬਿਕ ਜਿੰਨਾ ਵੀ ਸਮਾਂ ਲੱਗਿਆ, ਉਸ ਨੇ ਉਹ ਕੰਮ ਪੂਰਾ ਕੀਤਾ ਪਰ ਉਹ ਲਗਾਤਾਰ ਬੇਚੈਨ ਨਜ਼ਰ ਆ ਰਹੀ ਸੀ। ਖ਼ੈਰ, ਜਿਵੇਂ-ਕਿਵੇਂ ਕੰਮ ਪੂਰਾ ਕਰ ਕੇ ਉਹ ਦਫ਼ਤਰ ਦੀ ਗੱਡੀ ਵਿੱਚ ਘਰ ਲਈ ਰਵਾਨਾ ਹੋ ਗਈ। ਅਗਲੇ ਦਿਨ ਉਸ ਨੇ ਮੈਨੂੰ ਆ ਕੇ ਦੱਸਿਆ ਕਿ ਜਦੋਂ ਉਹ ਘਰ ਪੁੱਜੀ ਤਾਂ ਉਸ ਦੇ ਮਾਪੇ ਬੂਹੇ ’ਚ ਹੀ ਖੜ੍ਹੇ ਸਨ ਅਤੇ ਉਸ ਕੋਲੋਂ ਉਨ੍ਹਾਂ ਤਰ੍ਹਾਂ-ਤਰ੍ਹਾਂ ਦੇ ਸਵਾਲ ਪੁੱਛੇ ਕਿ ਏਨੀ ਦੇਰ ਕਿਵੇਂ ਹੋ ਗਈ? ਇਹ ਗੱਲ ਦੱਸਦਿਆਂ ਉਸ ਦੀਆਂ ਅੱਖਾਂ ’ਚ ਹੰਝੂ ਆ ਗਏ। ਹਾਲਾਂਕਿ ਦਫ਼ਤਰ ’ਚ ਸੀਨੀਅਰ ਵਜੋਂ ਮੈਂ ਹਮੇਸ਼ਾ ਹੀ ਇਨ੍ਹਾਂ ਸਭ ਤੋਂ ਬਾਅਦ ਘਰ ਜਾਂਦੀ ਹਾਂ। ਇੱਥੇ ਉਸ ਬੱਚੀ ਦੀ ਦੁਬਿਧਾ ਦੇਖੋ, ਉਹ ਮੇਰੀ ਨਿਗਰਾਨੀ ਹੇਠ ਕੰਮ ਕਰ ਰਹੀ ਸੀ, ਮੈਂ ਔਰਤ ਹੋ ਕੇ ਵੀ ਉਸ ਨੂੰ ਮਹਿਜ਼ ਔਰਤ ਹੋਣ ਕਰ ਕੇ ਕੰਮ ’ਚ ਕੋਈ ਰਿਆਇਤ ਨਹੀਂ ਸੀ ਦੇ ਸਕਦੀ। ਇਸ ਕਿੱਤੇ ’ਚ ਔਰਤਾਂ ਨੂੰ ਆਪਣੇ ਪਰਿਵਾਰਕ ਮਸਲੇ ਦਫ਼ਤਰ ਤੋਂ ਬਾਹਰ ਛੱਡ ਕੇ ਆਉਣੇ ਪੈਂਦੇ ਹਨ। ਇੱਕ ਦਿਨ ਅਚਾਨਕ ਇੱਕ ਹੋਰ ਮਹਿਲਾ ਸਹਿਯੋਗੀ ਮੇਰੇ ਕਮਰੇ ’ਚ ਦਾਖ਼ਲ ਹੋਈ। ਉਸ ਦੇ ਹੱਥ ਵਿੱਚ ਇੱਕ ਲਿਫ਼ਾਫ਼ਾ ਸੀ ਤੇ ਉਸ ਦਾ ਚਿਹਰਾ ਉਤਰਿਆ ਹੋਇਆ ਸੀ। ਉਸ ਨੂੰ ਦੇਖ ਕੇ ਮੈਨੂੰ ਅਹਿਸਾਸ ਹੋ ਗਿਆ ਕਿ ਕੋਈ ਵੱਡਾ ਮਸਲਾ ਹੈ। ਕੁਝ ਦੇਰ ਮੇਰੇ ਸਾਹਮਣੇ ਚੁੱਪ-ਚਾਪ ਬੈਠਣ ਤੋਂ ਬਾਅਦ ਉਸ ਨੇ ਹੌਲੀ-ਹੌਲੀ ਲਿਫ਼ਾਫ਼ਾ ਮੇਜ਼ ਉੱਤੇ ਰੱਖਦਿਆਂ ਗੱਲ ਸ਼ੁਰੂ ਕੀਤੀ ਕਿ ਉਹ ਨੌਕਰੀ ਛੱਡਣੀ ਚਾਹੁੰਦੀ ਹੈ। ਮੈਂ ਸਵਾਲ ਕੀਤਾ ਕਿ ਕਿਸੇ ਨੇ ਕੁਝ ਆਖਿਆ ਹੈ, ਉਸ ਦਾ ਜਵਾਬ ਸੀ ‘ਨਹੀਂ’। ਗੱਲ ਕਰਦਿਆਂ-ਕਰਦਿਆਂ ਉਹ ਅੱਖਾਂ ਭਰ ਆਈ। ਮੈਂ ਉਸ ਨੂੰ ਸਮਝਾਇਆ, ‘‘ਏਨੀ ਚੰਗੀ ਨੌਕਰੀ ਹੈ, ਠੀਕ-ਠਾਕ ਤਨਖਾਹ ਹੈ, ਫਿਰ ਤੂੰ ਕਿਉਂ ਨੌਕਰੀ ਛੱਡਣਾ ਚਾਹੁੰਦੀ ਹੈਂ?’’ ਜਵਾਬ ਦਿੰਦਿਆਂ ਉਸ ਦਾ ਗੱਚ ਭਰ ਆਇਆ, ‘‘ਮੇਰੇ ਕੋਲੋਂ ਘਰ ਅਤੇ ਦਫ਼ਤਰ ਦੋਹੀਂ ਥਾਈਂ ਹੀ ਠੀਕ ਤਰ੍ਹਾਂ ਕੰਮ ਨਹੀਂ ਹੁੰਦਾ।’’ ਉਸ ਦੇ ਬੱਚੇ ਛੋਟੇ ਸਨ, ਉਨ੍ਹਾਂ ਦੀ ਦੇਖ-ਭਾਲ ਦੇ ਨਾਲ-ਨਾਲ ਸਮੁੱਚੇ ਪਰਿਵਾਰ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਵੀ ਉਸੇ ਸਿਰ ਸੀ। ਉਸ ਦਾ ਕਹਿਣਾ ਸੀ, ‘‘ਮੈਂ ਕਿਸੇ ਕੋਲੋਂ ਇਹ ਨਹੀਂ ਕਹਾਉਣਾ ਚਾਹੁੰਦੀ ਕਿ ਆਪਣੇ ਪਰਿਵਾਰ ਦੇ ਮਸਲੇ ਦਫ਼ਤਰ ਲਿਆ ਕੇ ਕੋਈ ਰਿਆਇਤ ਹਾਸਲ ਕਰਨਾ ਚਾਹੁੰਦੀ ਹਾਂ।’’ ਏਨਾ ਕਹਿੰਦਿਆਂ ਉਸ ਨੇ ਆਪਣੇ ਅਸਤੀਫ਼ੇ ਵਾਲਾ ਲਿਫ਼ਾਫ਼ਾ ਮੇਰੇ ਹੱਥ ਫੜਾ ਦਿੱਤਾ। ਮੈਂ ਉਸ ਨੂੰ ਕਿਹਾ, ‘‘ਸਟਾਫ਼ ਦਾ ਸੰਕਟ ਹੈ, ਤੇਰਾ ਅਸਤੀਫ਼ਾ ਪ੍ਰਵਾਨ ਨਹੀਂ ਹੋ ਸਕਦਾ। ਤੂੰ ਦੱਸ ਤੇਰੀ ਕਿਵੇਂ ਮਦਦ ਕਰਾਂ?’’ ਹਮਦਰਦੀ ਦੇ ਬੋਲ ਸੁਣ ਕੇ ਉਹ ਹੁਬਕੀਂ ਰੋਣ ਲੱਗ ਪਈ। ਅਖ਼ੀਰ ਮੈਂ ਉਸ ਹੱਥੋਂ ਅਸਤੀਫ਼ੇ ਵਾਲਾ ਲਿਫ਼ਾਫ਼ਾ ਫੜ ਲਿਆ ਪਰ ਨਾਲ ਹੀ ਇਹ ਵੀ ਕਿਹਾ, ‘‘ਮੈਂ ਇਸ ਨੂੰ ਕਿਸੇ ਵੀ ਸੂਰਤ ਵਿੱਚ ਪ੍ਰਵਾਨ ਨਹੀਂ ਕਰਨਾ।’’ ਉਸ ਦਾ ਜਵਾਬ ਸੀ, ‘‘ਨਹੀਂ ਮੈਡਮ, ਮੇਰੀ ਬਸ ਹੋ ਗਈ ਹੈ। ਇਸ ਰਾਹੇ ਮੈਥੋਂ ਹੋਰ ਨਹੀਂ ਤੁਰਿਆ ਜਾਂਦਾ।’’
ਖ਼ੈਰ, ਮੈਂ ਉਸ ਦੀ ਹਾਲਤ ਦੇਖਦਿਆਂ ਉਸ ਨੂੰ ਸਮਝਾਇਆ ਕਿ ਫਿਲਹਾਲ ਉਹ ਕੁਝ ਦਿਨ ਦੀ ਛੁੱਟੀ ਕਰ ਲਵੇ। ਮੈਨੂੰ ਲੱਗਦਾ ਸੀ ਕਿ ਘਰੇਲੂ ਮੁਹਾਜ਼ ’ਤੇ ਕੰਮ ’ਚ ਨਿਭਣ ਲੱਗਿਆਂ ਕਿਤੇ ਉਹ ਊਣੀ ਰਹਿ ਗਈ ਹੋਣੀ ਐ ਤੇ ਉਸ ਨੂੰ ਜਦੋਂ ਇਸ ਊਣੇਪਣ ਦਾ ਅਹਿਸਾਸ ਕਰਵਾਇਆ ਗਿਆ ਹੋਵੇਗਾ ਤਾਂ ਉਹ ਜਜ਼ਬਾਤੀ ਹੋ ਕੇ ਅਸਤੀਫ਼ਾ ਦੇਣ ਤੁਰ ਪਈ। ਔਰਤ ਹੋਣ ਕਰ ਕੇ ਮੈਂ ਉਸ ਦੀਆਂ ਸਮੱਸਿਆਵਾਂ ਸਮਝ ਸਕਦੀ ਸੀ।
ਉਸ ਦਾ ਉਹ ਅਸਤੀਫ਼ਾ ਪੱਤਰ ਅੱਜ ਵੀ ਦਫ਼ਤਰ ਵਿੱਚ ਮੇਰੇ ਨਿੱਜੀ ਕਾਗਜ਼ਾਂ ਵਿੱਚ ਸਾਂਭਿਆ ਪਿਆ ਹੈ। ਜਦ ਵੀ ਕਾਗਜ਼ ਫਰੋਲਦਿਆਂ ਉਹ ਪੱਤਰ ਮੈਨੂੰ ਨਜ਼ਰੀਂ ਪੈਂਦਾ ਹੈ, ਮੈਨੂੰ ਜਾਪਦਾ ਹੈ ਜਿਵੇਂ ਉਹ ਮਹਿਜ਼ ਅਸਤੀਫ਼ਾ ਨਹੀਂ ਸਗੋਂ ਕੰਮਕਾਜੀ ਔਰਤਾਂ ਦੀਆਂ ਮਜਬੂਰੀਆਂ ਦੀ ਉਹ ਵਿਥਿਆ ਹੈ ਜੋ ਇਸ ਆਧੁਨਿਕ ਯੁੱਗ ਵਿੱਚ ਵੀ ਨਹੀਂ ਬਦਲੀ।

Advertisement
Advertisement