ਜਲੰਧਰ ਖੇਤਰ ਦੀ ਆਬੋ-ਹਵਾ ਹੋਰ ਖ਼ਰਾਬ ਹੋਈ
ਹਤਿੰਦਰ ਮਹਤਿਾ
ਜਲੰਧਰ, 4 ਨਵੰਬਰ
ਜਲੰਧਰ ਖੇਤਰ ਵਿੱਚ ਪਰਾਲੀ ਦੇ ਧੂੰਏਂ ਕਾਰਨ ਆਬੋ ਹਵਾ ਖਰਾਬ ਹੋ ਗਈ ਹੈ ਅਤੇ ਲੋਕਾਂ ਨੂੰ ਸਾਹ ਲੈਣ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੱਥੇ ‘ਗ੍ਰੀਨ’ ਤੇ ‘ਯੈਲੋ’ ਤੋਂ ਬਾਅਦ ਹਵਾ ਦੀ ਗੁਣਵੱਤਾ ਰੈੱਡ ਜ਼ੋਨ ਵਿੱਚ ਪੁੱਜ ਗਈ ਹੈ। ਅੱਜ ਸਾਰਾ ਦਿਨ ਆਸਮਾਨ ਵਿੱਚ ਧੂੰਆਂ ਚੜ੍ਹਿਆ ਰਿਹਾ।
ਜਾਣਕਾਰੀ ਅਨੁਸਾਰ ਖੇਤਰ ਵਿੱਚ ਹਵਾ ਦੀ ਗੁਣਵੱਤਾ ‘ਖਰਾਬ ਸ਼੍ਰੇਣੀ’ ਵਿੱਚ ਦਰਜ ਕੀਤੀ ਗਈ ਹੈ। ਅੱਜ ਏਅਰ ਕੁਆਲਿਟੀ ਇੰਡੈਕਸ 287 ਤੋਂ 291 ਵਿਚਕਾਰ ਰਿਹਾ। ਜ਼ਿਕਰਯੋਗ ਹੈ ਕਿ ਏਅਰ ਕੁਆਲਿਟੀ ਇੰਡੈਕਸ ਵਿੱਚ ਇਹ ਵਾਧਾ ਇੱਕ ਹਫ਼ਤੇ ਤੋਂ ਵੀ ਘੱਟ ਸਮੇਂ ਵਿੱਚ ਹੋਇਆ ਹੈ। ਪਿਛਲੇ ਦੋ ਦਿਨਾਂ ਵਿੱਚ ਹਵਾ ਦੀ ਗੁਣਵੱਤਾ ਦਾ ਸੂਚਕ ਅੰਕ 200 (ਖਰਾਬ ਸ਼੍ਰੇਣੀ) ਤੋਂ ਉੱਪਰ ਸੀ। ਮੌਸਮ ਵਿਭਾਗ ਅਨੁਸਾਰ ਖੇਤਰ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਮਗਰੋਂ ਹਵਾ ਦੀ ਗੁਣਵੱਤਾ ਵਿੱਚ ਕਾਫ਼ੀ ਨਿਘਾਰ ਆਇਆ ਹੈ। ਅਕਤੂਬਰ ਦੇ ਮਹੀਨੇ ਅਤੇ ਨਵੰਬਰ ਦੇ ਪਹਿਲੇ ਦਿਨ ਹਵਾ ਦੀ ਗੁਣਵੱਤਾ ਦਾ ਪੱਧਰ 51 ਤੋਂ 100 ਦੇ ਵਿਚਕਾਰ (ਤਸੱਲੀਬਖਸ਼), 101 ਤੋਂ 200 ਵਿਚਕਾਰ ਦਰਮਿਆਨਾ ਦਰਜ ਕੀਤਾ ਗਿਆ ਸੀ। ਏਅਰ ਕੁਆਲਿਟੀ ਇੰਡੈਕਸ ਵਿੱਚ ਪਹਿਲਾ ਵਾਧਾ 2 ਅਤੇ 3 ਨਵੰਬਰ ਨੂੰ ਦੇਖਿਆ ਗਿਆ ਸੀ। 2 ਨਵੰਬਰ ਨੂੰ ਏਕਿਊਆਈ 220 ਅਤੇ 3 ਨਵੰਬਰ ਨੂੰ 273 ਸੀ। ਇਸ ਤੋਂ ਪਹਿਲਾਂ 28 ਅਕਤੂਬਰ ਨੂੰ ਜਲੰਧਰ ਵਿੱਚ ਏਅਰ ਕੁਆਲਿਟੀ ਇੰਡੈਕਸ 147 ਦਰਜ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਏਕਿਊਆਈ 0 ਤੋਂ 50 ਵਿਚਕਾਰ ਚੰਗਾ, 51 ਤੋਂ 100 ਵਿਚਕਾਰ ਤਸੱਲੀਬਖਸ਼, 100 ਤੋਂ 200 ਵਿਚਕਾਰ ਦਰਮਿਆਨਾ, 200 ਤੋਂ 300 ਵਿਚਕਾਰ ਖਰਾਬ, 300 ਤੋਂ 400 ਵਿਚਕਾਰ ਬਹੁਤ ਖਰਾਬ ਤੇ 400 ਤੋਂ 500 ਵਿਚਕਾਰ ਗੰਭੀਰ ਮੰਨਿਆ ਜਾਂਦਾ ਹੈ।ਛਾਤੀ ਦੇ ਮਾਹਿਰ ਡਾਕਟਰ ਐੱਚ.ਜੇ ਸਿੰਘ ਨੇ ਕਿਹਾ ਕਿ ਪ੍ਰਦੂਸ਼ਣ ਕਾਰਨ ਬੱਚਿਆਂ ਵਿੱਚ ਖੰਘ ਅਤੇ ਸਾਹ ਦੀਆਂ ਸਮੱਸਿਆਵਾਂ ਵਿੱਚ ਅਚਾਨਕ ਵਾਧਾ ਹੋਇਆ ਹੈ। ਆਮ ਓਪੀਡੀ ਵਿੱਚ ਮਰੀਜ਼ਾਂ ਦੀ ਗਿਣਤੀ ਵਿੱਚ 20 ਫ਼ੀਸ ਵਧੀ ਹੈ। ਇਸ ਦੌਰਾਨ ਉਨ੍ਹਾਂ ਮਰੀਜ਼ਾਂ ਨੂੰ ਇਹ ਵੀ ਸਲਾਹ ਦਿੱਤੀ ਕਿ ਉਹ ਘਰ ਦੇ ਅੰਦਰ ਹੀ ਰਹਿਣ ਅਤੇ ਸਵੇਰ ਦੀ ਸੈਰ ਨਾ ਕਰਨ। ਸਿਵਲ ਸਰਜਨ ਜਲੰਧਰ ਡਾ. ਰਮਨ ਸ਼ਰਮਾ ਨੇ ਕਿਹਾ ਕਿ ਸਥਤਿੀ ਦਾ ਜਾਇਜ਼ਾ ਲੈਣ ਲਈ 6 ਨਵੰਬਰ ਨੂੰ ਮੀਟਿੰਗ ਕੀਤੀ ਜਾਵੇਗੀ।