ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਰੰਗ ਬਰਸੇ ਭੀਗੇ ਚੁਨਰ ਵਾਲੀ, ਰੰਗ ਬਰਸੇ...

04:00 AM Mar 12, 2025 IST
featuredImage featuredImage

 

Advertisement

ਰਾਬਿੰਦਰ ਸਿੰਘ ਰੱਬੀ

ਭਾਰਤ ਵੱਖ-ਵੱਖ ਰੀਤੀ ਰਿਵਾਜਾਂ ਦਾ ਮੁਲਕ ਹੈ। ਵੱਖਰੇ ਤਿਉਹਾਰ, ਵੱਖਰੇ ਰੰਗ, ਵੱਖਰੀਆਂ ਮਾਨਤਾਵਾਂ ਅਤੇ ਫਿਰ ਵੀ ਸਾਂਝੀ ਵਿਰਾਸਤ। ਸਾਂਝੀਆਂ ਮਿਲਣੀਆਂ। ਭਾਰਤੀਆਂ ਦਾ ਇਹੋ ਦ੍ਰਿਸ਼ਟੀਕੋਣ ਫਿਲਮਸਾਜ਼ਾਂ ਨੇ ਵੀ ਚਿਤਰਿਆ ਹੈ। ਉਨ੍ਹਾਂ ਨੇ ਭਾਰਤੀਆਂ ਦੇ ਸਾਂਝੇ ਸੱਭਿਆਚਾਰ ਨੂੰ ਪੇਸ਼ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਭਾਰਤੀਆਂ ਦਾ ਵਿਸ਼ੇਸ਼ ਤਿਉਹਾਰ ਹੈ ਹੋਲੀ। ਹੋਲੀ ਭਾਰਤ ਵਿੱਚ ਬਹੁਤ ਵੱਡੇ ਪੱਧਰ ਉੱਤੇ ਮਨਾਈ ਜਾਂਦੀ ਹੈ। ਇਸੇ ਲਈ ਫਿਲਮਾਂ ਵਿੱਚ ਵੀ ਹੋਲੀ ਦੇ ਰੰਗ ਬਾਖ਼ੂਬੀ ਚਿਤਰੇ ਗਏ ਹਨ। ਕੁਝ ਗੀਤ ਅਤੇ ਦ੍ਰਿਸ਼ ਤਾਂ ਅਜਿਹੇ ਹਨ, ਜਿਨ੍ਹਾਂ ਬਗੈਰ ਹੋਲੀ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਹੋਲੀ ਦੇ ਸਮਾਗਮਾਂ ਵਿੱਚ ਉਹ ਗੀਤ ਵੱਜਦੇ ਸੁਣਾਈ ਦਿੰਦੇ ਹਨ। ਹੋਲੀ ਦੇ ਦ੍ਰਿਸ਼ਾਂ ਵਿੱਚ ਰੰਗ ਬਿਰੰਗੇ ਚਿਹਰੇ, ਗੁਲਾਲ, ਪਿਚਕਾਰੀਆਂ, ਰੰਗਦਾਰ ਪਾਣੀ ਅਤੇ ਮਸਤੀ ਵਿੱਚ ਹੋਲੀ ਖੇਡਣ ਵਾਲੇ ਦਿਖਾਈ ਦਿੰਦੇ ਹਨ। ਸਭ ਪਾਸੇ ਖ਼ੁਸ਼ੀ ਅਤੇ ਹੁਲਾਸ ਦਾ ਵਾਤਾਵਰਨ ਸਿਰਜਿਆ ਜਾਂਦਾ ਹੈ। ਕਈ ਫਿਲਮਸਾਜ਼ਾਂ ਨੇ ਹੋਲੀ ਨੂੰ ਪੱਛਮੀ ਰੰਗ ਵਿੱਚ ਰੰਗਣ ਦਾ ਯਤਨ ਵੀ ਕੀਤਾ ਹੈ।
ਸਭ ਤੋਂ ਪਹਿਲਾਂ ਸਾਨੂੰ ਏ. ਆਰ. ਕਾਰਦਾਰ ਦੀ ਫਿਲਮ ‘ਹੋਲੀ’ (1940) ਯਾਦ ਆਉਂਦੀ ਹੈ, ਜਿਸ ਵਿੱਚ ਹੋਲੀ ਦੇ ਦ੍ਰਿਸ਼ ਨਾਲ ਹੀ ਫਿਲਮ ਦੀ ਸ਼ੁਰੂਆਤ ਹੁੰਦੀ ਹੈ। ਸਾਰੇ ਹੋਲੀ ਦੇ ਰੰਗਾਂ ਵਿੱਚ ਰੰਗੇ ਨੱਚ ਗਾ ਰਹੇ ਹਨ। ਫਿਲਮ ਵਿੱਚ ਸੁੰਦਰ (ਈਸ਼ਵਰ ਲਾਲ) ਗ਼ਰੀਬ ਹੈ ਜੋ ਆਪਣੀ ਮਾਂ ਅਤੇ ਭੈਣ ਨਾਲ ਰਹਿੰਦਾ ਹੈ। ਚੰਪਾ (ਸਿਤਾਰਾ ਦੇਵੀ) ਅਮੀਰ ਕਲਾਕਾਰ ਹੈ। ਗੀਤ ਬਹੁਤ ਮਕਬੂਲ ਹੋਇਆ ਸੀ ਜੋ ਕਿ ਡੀ. ਐੱਨ ਮਧੋਕ ਨੇ ਲਿਖਿਆ ਅਤੇ ਸਿਤਾਰਾ ਦੇਵੀ, ਅੰਮ੍ਰਿਤ ਲਾਲ ਨਾਗਰ ਨੇ ਗਾਇਆ ਸੀ। ‘ਫਾਗੁਨ ਕੀ ਰੁੱਤ ਆਈ ਰੇ’ ਗੀਤ ਵਿੱਚ ਸੰਗੀਤ ਖੇਮ ਚੰਦ ਪ੍ਰਕਾਸ਼ ਦਾ ਸੀ ਅਤੇ ਮੋਤੀ ਲਾਲ, ਖ਼ੁਰਸ਼ੀਦ, ਈਸ਼ਵਰ ਲਾਲ ਅਤੇ ਸਿਤਾਰਾ ਦੇਵੀ ਪਰਦੇ ਉੱਤੇ ਸਨ।
ਇਸੇ ਤਰ੍ਹਾਂ ਮਹਿਬੂਬ ਖਾਨ ਦੀ ਫਿਲਮ ‘ਔਰਤ’ ਵਿੱਚ ਹੋਲੀ ਦੇ ਗੀਤ ਦਿਖਾਈ ਦਿੱਤੇ, ‘ਜਮੁਨਾ ਤਟ ਸ਼ਿਆਮ ਖੇਲੇ ਹੋਰੀ’ ਅਤੇ ਦੂਜਾ ਗੀਤ ਸੀ, ‘ਆਜ ਹੋਲੀ ਖੇਲੇਂਗੇ ਸਾਜਨ ਕੇ ਸੰਗ।’
ਇਸ ਲੜੀ ਵਿੱਚ ਰਾਜਿੰਦਰ ਸਿੰਘ ਬੇਦੀ ਦੀ ਫਿਲਮ ‘ਫਾਗੁਨ’ (1973) ਦੇਖੀ ਜਾ ਸਕਦੀ ਹੈ। ਗੋਪਾਲ (ਧਰਮਿੰਦਰ) ਗ਼ਰੀਬ ਲੇਖਕ ਹੈ। ਸ਼ਾਂਤੀ (ਵਹੀਦਾ ਰਹਿਮਾਨ) ਮਹਾਰਾਸ਼ਟਰ ਦੇ ਅਮੀਰ ਘਰਾਣੇ ਦੀ ਕੁੜੀ ਹੈ। ਉਨ੍ਹਾਂ ਦਾ ਵਿਆਹ ਹੋ ਜਾਂਦਾ ਹੈ। ਗੋਪਾਲ ਘਰ ਜਵਾਈ ਵਜੋਂ ਰਹਿ ਰਿਹਾ ਹੈ। ਹੋਲੀ ਵਾਲੇ ਦਿਨ ਉਹ ਸ਼ਾਂਤੀ ਉੱਤੇ ਰੰਗ ਪਾ ਦਿੰਦਾ ਹੈ, ਜਿਸ ਨਾਲ ਉਸ ਦੀ ਕੀਮਤੀ ਸਿਲਕ ਦੀ ਸਾੜ੍ਹੀ ਖ਼ਰਾਬ ਹੋ ਜਾਂਦੀ ਹੈ। ਸ਼ਾਂਤੀ ਨਾਲ ਤਕਰਾਰ ਕਾਰਨ ਗੋਪਾਲ ਘਰ ਛੱਡ ਜਾਂਦਾ ਹੈ। ਫਿਲਮ ਦਾ ਗੀਤ ‘ਫਾਗੁਨ ਆਇਓ ਰੇ’ ਲਤਾ ਮੰਗੇਸ਼ਕਰ ਨੇ ਗਾਇਆ ਹੈ।
ਇਸੇ ਤਰ੍ਹਾਂ ਇੱਕ ਹੋਰ ਫਿਲਮ ‘ਹੋਲੀ’ (1984) ਕੇਤਨ ਮਹਿਤਾ ਨੇ ਬਣਾਈ ਸੀ। ਫਿਲਮ ਵਿੱਚ ਕਾਲਜ ਦੇ ਮੁੰਡਿਆਂ ਦੀ ਕਹਾਣੀ ਦਰਸਾਈ ਗਈ ਹੈ। ਮੁੰਡੇ ਹੋਲੀ ਖੇਡਣਾ ਚਾਹੁੰਦੇ ਹਨ। ਕਾਲਜ ਪ੍ਰਿੰਸੀਪਲ (ਓਮ ਪੁਰੀ) ਬਹੁਤ ਸਖ਼ਤ ਹੈ। ਮਿਸਟਰ ਸਿੰਘ (ਨਸੀਰਉਦ ਦੀਨ ਸ਼ਾਹ) ਵਿਦਿਆਰਥੀਆਂ ਦੇ ਪੱਖ ਵਿੱਚ ਹੈ। ਫਿਲਮ ਵਿੱਚ ਆਮਿਰ ਖ਼ਾਨ, ਆਸ਼ੂਤੋਸ਼ ਗੋਵਾਰੀਕਰ, ਡਾ. ਸ੍ਰੀ ਰਾਮ ਲਾਗੂ, ਦੀਪਤੀ ਨਵਲ, ਪਰੇਸ਼ ਰਾਵਲ ਅਤੇ ਮੋਹਨ ਗੋਖਲੇ ਨੇ ਵੀ ਕਿਰਦਾਰ ਅਦਾ ਕੀਤੇ ਹਨ। ਇੱਕ ਮੁੰਡੇ ਦੀ ਹੋਸਟਲ ਵਿੱਚ ਖ਼ੁਦਕੁਸ਼ੀ ਮਗਰੋਂ ਪੁਲੀਸ ਉਨ੍ਹਾਂ ਨੂੰ ਜੇਲ੍ਹ ਜਾਣ ਲਈ ਗੱਡੀ ਵਿੱਚ ਬਿਠਾ ਲੈਂਦੀ ਹੈ ਅਤੇ ਬਾਹਰ ਹੋਰ ਲੋਕ ਉਸੇ ਤਰ੍ਹਾਂ ਹੋਲੀ ਖੇਡ ਰਹੇ ਹਨ। ਨੱਚ ਗਾ ਰਹੇ ਹਨ।

Advertisement


ਰਮੇਸ਼ ਸਿੱਪੀ ਦੀ ਫਿਲਮ ‘ਸ਼ੋਲੇ’ (1975) ਦੀ ਗੱਲ ਕੀਤੀ ਜਾ ਸਕਦੀ ਹੈ। ਇਸ ਫਿਲਮ ਵਿੱਚ ਹੋਲੀ ਦਾ ਬਹੁਤ ਹੀ ਖ਼ੂਬਸੂਰਤ ਗੀਤ ‘ਹੋਲੀ ਕੇ ਦਿਨ ਦਿਲ ਖਿਲ ਜਾਤੇ ਹੈਂ’ (ਗੀਤ ਆਨੰਦ ਬਖ਼ਸ਼ੀ, ਗਾਇਕ ਕਿਸ਼ੋਰ ਕੁਮਾਰ, ਲਤਾ ਮੰਗੇਸ਼ਕਰ, ਸੰਗੀਤ ਆਰ.ਡੀ. ਬਰਮਨ) ਹੈ ਜੋ ਧਰਮਿੰਦਰ, ਹੇਮਾ ਮਾਲਿਨੀ, ਵਿਧਵਾ ਜਯਾ ਭਾਦੁੜੀ, ਅਮਿਤਾਬ ਅਤੇ ਪਿੰਡ ਦੇ ਲੋਕਾਂ ਉੱਤੇ ਫਿਲਮਾਇਆ ਗਿਆ ਹੈ। ਫਿਲਮ ਵਿੱਚ ਜਯਾ ਭਾਦੁੜੀ ਕਹਿੰਦੀ ਹੈ ਕਿ ਰੰਗਾਂ ਨਾਲ ਹੀ ਹੋਲੀ ਹੈ, ਜੇਕਰ ਜ਼ਿੰਦਗੀ ਵਿੱਚ ਰੰਗ ਹੀ ਨਾ ਹੋਣ, ਤਾਂ ਜ਼ਿੰਦਗੀ ਕਿੰਨੀ ਬੇਰੰਗ ਹੋਵੇ।
ਇਸੇ ਤਰ੍ਹਾਂ ਯਸ਼ ਚੋਪੜਾ ਦੀ ਫਿਲਮ ‘ਸਿਲਸਿਲਾ’ (1981) ਦੇਖੀ ਜਾ ਸਕਦੀ ਹੈ। ਇਸ ਫਿਲਮ ਦੇ ਅਹਿਮ ਗੀਤ ‘ਰੰਗ ਬਰਸੇ ਭੀਗੇ ਚੁਨਰ ਵਾਲੀ, ਰੰਗ ਬਰਸੇ’ ਅੱਜ ਵੀ ਹੋਲੀ ਸਮਾਗਮਾਂ ਦਾ ਨੰਬਰ ਇੱਕ ਗੀਤ ਬਣਿਆ ਹੋਇਆ ਹੈ। ਇਹ ਗੀਤ ਅਮਿਤਾਭ ਬੱਚਨ, ਰੇਖਾ, ਜਯਾ ਭਾਦੁੜੀ ਅਤੇ ਸੰਜੀਵ ਕੁਮਾਰ ਉੱਤੇ ਫਿਲਮਾਇਆ ਗਿਆ ਸੀ। ਗੀਤ ਹਰਬੰਸ ਰਾਏ ਬਚਨ, ਜਾਵੇਦ ਅਖ਼ਤਰ, ਨਿਦਾ ਫ਼ਾਜ਼ਲੀ ਅਤੇ ਹਸਨ ਕਮਾਲ ਦਾ ਸੀ। ਸੰਗੀਤ ਸ਼ਿਵ ਹਰੀ ਦਾ ਸੀ। ਫਿਲਮ ਵਿੱਚ ਹੋਲੀ ਨਾਲ ਸਬੰਧਿਤ ਇੱਕ ਦ੍ਰਿਸ਼ ਵੀ ਸੀ।
ਗੋਵਿੰਦ ਮੂਨਸ ਦੀ ਫਿਲਮ ‘ਨਦੀਆ ਕੇ ਪਾਰ’ (1982) ਦਾ ਗੀਤ ‘ਫਾਗੁਨ ਆਇਓ, ਮਸਤੀ ਲਾਇਓ’ (ਗੀਤ ਅਤੇ ਸੰਗੀਤ ਰਵਿੰਦਰ ਜੈਨ, ਗਾਇਕ ਚੰਦਰਾਨੀ ਮੁਖਰਜੀ, ਹੇਮਲਤਾ, ਜਸਪਾਲ ਸਿੰਘ) ਵਿੱਚ ਸਚਿਨ ਅਤੇ ਸਾਧਨਾ ਸਿੰਘ ਸਨ। ਫਿਲਮ ਵਿੱਚ ਪੂਰਾ ਦ੍ਰਿਸ਼ ਵੀ ਹੋਲੀ ਦੇ ਰੰਗਾਂ ਵਿੱਚ ਡੁੱਬਿਆ ਹੋਇਆ ਸੀ।
ਯਸ਼ ਚੋਪੜਾ ਦੀ ਫਿਲਮ ‘ਡਰ’ (1993) ਵਿੱਚ ਹੋਲੀ ਗੀਤ ‘ਐਸੇ ਰੰਗ ਲਗਾਨਾ’ (ਗੀਤ ਅਨੰਦ ਬਖ਼ਸ਼ੀ, ਸੰਗੀਤ ਸ਼ਿਵ ਹਰੀ, ਗਾਇਕ ਅਲਕਾ ਯਾਗਨਿਕ, ਵਿਨੋਦ ਰਾਠੌੜ, ਸੁਦੇਸ਼ ਭੋਸਲੇ) ਵਿੱਚ ਸ਼ਾਹਰੁਖ ਖ਼ਾਨ, ਸੰਨੀ ਦਿਓਲ, ਜੂਹੀ ਚਾਵਲਾ, ਅਨੂਪਮ ਖੇਰ ਅਤੇ ਤਨਵੀ ਆਜ਼ਮੀ ਸਨ। ਇਸ ਫਿਲਮ ਵਿੱਚ ਹੋਲੀ ਨੂੰ ਆਧਾਰ ਬਣਾ ਕੇ ਸ਼ਾਹਰੁਖ ਰੰਗਾਂ ਦਾ ਸਹਾਰਾ ਲੈ ਕੇ ਜੂਹੀ ਨੂੰ ਰੰਗ ਲਗਾ ਕੇ ਜਾਂਦਾ ਹੈ।
ਗੀਤਾਂ ਦੇ ਦੌਰ ਵਿੱਚ ਮਹਿਬੂਬ ਖ਼ਾਨ ਦੀ ਫਿਲਮ ‘ਮਦਰ ਇੰਡੀਆ’ (1957) ਵਿੱਚ ਵੀ ਹੋਲੀ ਦਾ ਗੀਤ ‘ਹੋਲੀ ਆਈ ਰੇ ਕਨਹਾਈ’ ਲਤਾ ਅਤੇ ਸ਼ਮਸ਼ਾਦ ਬੇਗਮ ਨੇ ਗਾਇਆ ਸੀ। ਇਹ ਗੀਤ ਸ਼ਕੀਲ ਬਦਾਯੂੰਨੀ ਨੇ ਲਿਖਿਆ ਸੀ ਅਤੇ ਸੰਗੀਤਕਾਰ ਸੀ ਨੌਸ਼ਾਦ ਅਲੀ। ਪਰਦੇ ਉੱਤੇ ਹੋਲੀ ਦੇ ਰੰਗ ਵਿੱਚ ਨਰਗਿਸ, ਰਾਜ ਕੁਮਾਰ ਅਤੇ ਸੁਨੀਲ ਦੱਤ ਸਨ। ਵੀ ਸ਼ਾਂਤਾਰਾਮ ਦੀ ਫਿਲਮ ‘ਨਵਰੰਗ’ (1959) ਵਿੱਚ ‘ਅਰੇ ਜਾ ਰੇ ਹਟ ਨਟਖਟ’ (ਗੀਤ ਭਰਤ ਵਿਆਸ, ਗਾਇਕ ਆਸ਼ਾ, ਮਹਿੰਦਰ ਕਪੂਰ, ਸੰਗੀਤ ਚਿਤਲਕਰ ਰਾਮਚੰਦਰਾ) ਗੀਤ ਮਹੀਪਾਲ ਅਤੇ ਸੰਧਿਆ ਉੱਤੇ ਫਿਲਮਾਇਆ ਗਿਆ। ਅਧੂਰਥੀ ਸੂਬਾ ਰਾਓ ਦੀ ਫਿਲਮ ‘ਮਸਤਾਨਾ’ (1970) ਦਾ ਗੀਤ ‘ਹੋਲੀ ਖੇਲੇ ਨੰਦ ਲਾਲ’ (ਗਾਇਕ ਮੁਕੇਸ਼, ਰਫ਼ੀ, ਆਸ਼ਾ ਸੰਗੀਤ ਲਕਸ਼ਮੀ ਕਾਂਤ ਪਿਆਰੇ ਲਾਲ) ਸੁਨੀਲ ਦੱਤ, ਪਦਮਨੀ ਅਤੇ ਮਹਿਮੂਦ ਉੱਤੇ ਫਿਲਮਾਇਆ ਗਿਆ ਸੀ। ਅਗਲੇ ਸਾਲ ਸ਼ਕਤੀ ਸਾਮੰਤ ਦੀ ਫਿਲਮ ‘ਕਟੀ ਪਤੰਗ’ (1971) ਦਾ ਗੀਤ ‘ਆਜ ਨਾ ਛੋੜੇਂਗੇ’ (ਗੀਤ ਅਨੰਦ ਬਖ਼ਸ਼ੀ, ਸੰਗੀਤ ਆਰ.ਡੀ. ਬਰਮਨ, ਗਾਇਕ ਲਤਾ ਮੰਗੇਸ਼ਕਰ, ਕਿਸ਼ੋਰ ਕੁਮਾਰ) ਰਾਜੇਸ਼ ਖੰਨਾ ਉੱਤੇ ਸੀ। ਉਸੇ ਸਾਲ ਰਾਜਿੰਦਰ ਭਾਟੀਆ ਦੀ ਫਿਲਮ ‘ਪਰਾਇਆ ਧਨ’ (1971) ਵਿੱਚ ਗੀਤ ‘ਹੋਲੀ ਰੇ ਹੋਲੀ’ (ਗੀਤ ਆਨੰਦ ਬਖ਼ਸ਼ੀ, ਸੰਗੀਤ ਆਰ.ਡੀ. ਬਰਮਨ, ਗਾਇਕ ਮੰਨਾ ਡੇ, ਆਸ਼ਾ ਭੋਸਲੇ) ਹੇਮਾ ਮਾਲਿਨੀ, ਜੈ ਸ਼੍ਰੀ ਟੀ ਅਤੇ ਓਮ ਪ੍ਰਕਾਸ਼ ਉੱਤੇ ਫਿਲਮਾਇਆ ਗਿਆ ਸੀ। ਰਾਜਾ ਠਾਕੁਰ ਦੀ ਫਿਲਮ ‘ਜ਼ਖ਼ਮੀ’ (1975) ਦਾ ਗੀਤ ‘ਜ਼ਖ਼ਮੀ ਦਿਲੋਂ ਕਾ ਬਦਲਾ ਚੁਕਾਨੇ’ (ਗੀਤ ਗੌਹਰ ਕਾਨਪੁਰੀ, ਸੰਗੀਤ ਭੱਪੀ ਲਹਿਰੀ, ਗਾਇਕ ਕਿਸ਼ੋਰ ਕੁਮਾਰ) ਸੁਨੀਲ ਦੱਤ ਅਤੇ ਆਸ਼ਾ ਪਾਰਿਖ ਉੱਤੇ ਫਿਲਮਾਇਆ ਗਿਆ ਸੀ। ਵਿਜੇ ਦੀ ਫਿਲਮ ‘ਜ਼ਿੱਦ’ (1976) ਦਾ ਗੀਤ ‘ਰੰਗ ਲੇ ਕੇ ਦੀਵਾਨੇ ਆ ਗਏ’ (ਗੀਤ ਰਵਿੰਦਰ ਜੈਨ, ਗਾਇਕ ਆਸ਼ਾ, ਜਸਪਾਲ ਸਿੰਘ) ਸਾਰਿਕਾ ਅਤੇ ਸਚਿਨ ਉੱਤੇ ਫਿਲਮਾਇਆ ਗਿਆ। ਉਸੇ ਸਾਲ ਮੋਹਨ ਕੁਮਾਰ ਦੀ ਫਿਲਮ ‘ਆਪ ਬੀਤੀ’ (1976) ਵਿੱਚ ਗੀਤ ‘ਨੀਲਾ, ਪੀਲਾ, ਹਰਾ, ਗੁਲਾਬੀ’ (ਗਾਇਕ ਲਤਾ ਮੰਗੇਸ਼ਕਰ, ਮੰਨਾ ਡੇ, ਮਹਿੰਦਰ ਕਪੂਰ, ਗੀਤ ਅਨੰਦ ਬਖ਼ਸ਼ੀ, ਸੰਗੀਤ ਲਕਸ਼ਮੀ ਕਾਂਤ ਪਿਆਰੇ ਲਾਲ) ਹੇਮਾ ਅਤੇ ਪ੍ਰੇਮ ਨਾਥ ਉੱਤੇ ਫਿਲਮਾਇਆ ਗਿਆ ਸੀ।
ਫਿਰ ਵਿਜੇ ਸ਼ਰਮਾ ਦੀ ਫਿਲਮ ‘ਗੋਪਾਲ ਕ੍ਰਿਸ਼ਨਾ’ (1979) ਵਿੱਚ ਹੋਲੀ ਗੀਤ ‘ਗੋਵਿੰਦਾ ਗੋਪਾਲਾ’ ਹੇਮ ਲਤਾ ਅਤੇ ਜਸਪਾਲ ਸਿੰਘ ਨੇ ਗਾਇਆ ਸੀ ਅਤੇ ਸੰਗੀਤ ਰਵਿੰਦਰ ਜੈਨ ਦਾ ਸੀ। ਪਰਦੇ ਉੱਤੇ ਸਚਿਨ, ਜ਼ਰੀਨਾ ਵਹਾਬ ਅਤੇ ਰੀਤਾ ਭਾਦੁੜੀ ਸਨ। ਵਿਜੇ ਆਨੰਦ ਦੀ ਫਿਲਮ ‘ਰਾਜਪੂਤ’ (1982) ਵਿੱਚ ‘ਭਾਗੀ ਰੇ ਭਾਗੀ ਰੇ ਭਾਗੀ ਬ੍ਰਿਜ ਬਾਲਾ’ (ਗੀਤ ਆਨੰਦ ਬਖ਼ਸ਼ੀ, ਸੰਗੀਤ ਲਕਸ਼ਮੀ ਕਾਂਤ ਪਿਆਰੇ ਲਾਲ, ਗਾਇਕ ਆਸ਼ਾ ਭੋਸਲੇ, ਮਨਹਰ, ਧੀਰਜ ਕੌਰ, ਮਹਿੰਦਰ ਕਪੂਰ) ਵਿੱਚ ਧਰਮਿੰਦਰ, ਵਿਨੋਦ ਖੰਨਾ, ਹੇਮਾ ਮਾਲਿਨੀ ਤੇ ਰਣਜੀਤਾ ਕੌਰ ਸਨ। ਇਸੇ ਸਾਲ ਕੇ ਵਿਸ਼ਵਾਨਾਥ ਦੀ ਫਿਲਮ ‘ਕਾਮਚੋਰ’ (1982) ਦਾ ਗੀਤ ‘ਮਲ ਦੇ ਗੁਲਾਲ ਮੇਰੇ’ (ਗੀਤ ਇੰਦੀਵਰ, ਸੰਗੀਤ ਰਾਜੇਸ਼ ਰੋਸ਼ਨ, ਗਾਇਕ ਲਤਾ, ਕਿਸ਼ੋਰ) ਰਾਕੇਸ਼ ਰੋਸ਼ਨ ਅਤੇ ਜਯਾ ਪ੍ਰਦਾ ਉੱਤੇ ਫਿਲਮਾਇਆ ਗਿਆ। ਸਾਵਨ ਕੁਮਾਰ ਟਾਕ ਦੀ ਫਿਲਮ ‘ਸੌਤਨ’ (1983) ਦਾ ਗੀਤ ‘ਰੰਗ ਲਾਲ ਪੀਲਾ, ਹਰਾ ਨੀਲਾ’ (ਗੀਤ ਕਿਸ਼ੋਰ ਕੁਮਾਰ, ਅਨੂਰਾਧਾ ਪੌਡਵਾਲ) ਰਾਜੇਸ਼ ਖੰਨਾ ਅਤੇ ਟੀਨਾ ਮੁਨੀਮ ਉੱਤੇ ਸੀ।
ਇਸੇ ਤਰ੍ਹਾਂ ਰਾਜ ਕੰਵਰ ਦੀ ਫਿਲਮ ‘ਦੀਵਾਨਾ’ (1992) ਵਿੱਚ ਸ਼ਾਹਰੁਖ ਖ਼ਾਨ ਨੇ ਹੋਲੀ ਦੇ ਰੰਗ ਬਿਖੇਰੇ ਹਨ। ਮੇਹੁਲ ਕੁਮਾਰ ਦੀ ਫਿਲਮ ‘ਕ੍ਰਾਂਤੀਵੀਰ’ (1994) ਵਿੱਚ ‘ਜਨਕਾਰੋ ਜਨਕਾਰੋ’ (ਗੀਤ ਸਮੀਰ, ਗਾਇਕ ਉਦਿਤ ਨਰਾਇਣ, ਸਪਨਾ ਅਵਸਥੀ, ਸੰਗੀਤ ਅਨੰਦ ਮਿਲਿੰਦ) ਵਿੱਚ ਡਿੰਪਲ ਕਪਾਡੀਆ, ਮਮਤਾ, ਨਾਨਾ ਪਾਟੇਕਰ, ਅਤੁਲ ਅਗਨੀਹੋਤਰੀ ਸਨ। ਕੇ.ਸੀ. ਬੋਕਾਡੀਆ ਦੀ ਫਿਲਮ ‘ਮੈਦਾਨ ਏ ਜੰਗ’ (1995) ਦਾ ਗੀਤ ‘ਲੇ ਫਾਗੁਨ ਰੁੱਤ ਆ ਗਈ’ (ਗਾਇਕ ਉਦਿਤ ਨਰਾਇਣ, ਵਿਨੋਦ ਰਾਠੌੜ, ਸਾਧਨਾ ਸਰਗਮ, ਸੰਗੀਤ ਭੱਪੀ ਲਹਿਰੀ) ਮਨੋਜ ਕੁਮਾਰ, ਧਰਮਿੰਦਰ, ਅਕਸ਼ੈ ਕੁਮਾਰ ਅਤੇ ਕ੍ਰਿਸ਼ਮਾ ਕਪੂਰ ਉੱਤੇ ਫਿਲਮਾਇਆ ਗਿਆ। ਪਾਮੇਲਾ ਰੁਕਸ ਦੀ ਕਲਾਸਿਕ ਫਿਲਮ ‘ਟਰੇਨ ਟੂ ਪਾਕਿਸਤਾਨ’ (1998) ਵਿੱਚ ਵੀ ਪਾਕਿਸਤਾਨ ਵੰਡ ਤੋਂ ਬਾਅਦ ਹੋਲੀ ਦਾ ਦ੍ਰਿਸ਼ ਦਿਖਾਈ ਦਿੰਦਾ ਹੈ।
ਅਦਿੱਤਿਆ ਚੋਪੜਾ ਦੀ ਫਿਲਮ ‘ਮੁਹੱਬਤੇਂ’ (2000) ਵੀ ਇਸ ਲੜੀ ਅਧੀਨ ਦੇਖੀ ਜਾ ਸਕਦੀ ਹੈ। ਜਿਸ ਵਿੱਚ ਸ਼ਾਹਰੁਖ ਖ਼ਾਨ, ਅਮਿਤਾਭ ਬੱਚਨ ਦੇ ਗੁਰੂਕੁਲ ਵਿੱਚ ਹੋਲੀ ਦਾ ਸਮਾਗਮ ਮਨਾਉਂਦਾ ਹੈ। ਗੀਤ ‘ਸੋਹਣੀ-ਸੋਹਣੀ’ ਅਨੰਦ ਬਖ਼ਸ਼ੀ ਦਾ ਲਿਖਿਆ ਅਤੇ ਜਤਿਨ ਲਲਿਤ ਦਾ ਸੰਗੀਤਬੱਧ ਹੈ। ਇਹ ਗੀਤ ਉਦਿਤ ਨਰਾਇਣ, ਜਸਪਿੰਦਰ ਨਰੂਲਾ ਅਤੇ ਉਦਭਵ ਨੇ ਗਾਇਆ ਹੈ। ਰਵੀ ਚੋਪੜਾ ਦੀ ਫਿਲਮ ‘ਬਾਗਬਾਨ’ (2003) ਦਾ ਗੀਤ ‘ਹੋਲੀ ਖੇਲੇ ਰਘੂਵੀਰਾ ਅਵਧ ਮੇਂ’ (ਗੀਤ ਹਰਬੰਸ ਰਾਏ ਬਚਨ, ਸਮੀਰ ਸੰਗੀਤ ਉੱਤਮ ਸਿੰਘ, ਆਦੇਸ਼ ਸ੍ਰੀ ਵਾਸਤਵ, ਗਾਇਕ ਅਮਿਤਾਭ ਬੱਚਨ, ਸੁਖਵਿੰਦਰ, ਅਲਕਾ, ਉਦਿਤ) ਅਮਿਤਾਭ ਬੱਚਨ ਅਤੇ ਹੇਮਾ ਮਾਲਿਨੀ ਉੱਤੇ ਸੀ। ਵਿਪੁਲ ਅੰਮ੍ਰਿਤ ਸ਼ਾਹ ਦੀ ਫਿਲਮ ‘ਵਕਤ’ (2011) ਦਾ ਪੱਛਮੀ ਰੰਗ ਵਿੱਚ ਰੰਗਿਆ ਗੀਤ ‘ਡੂ ਮੀ ਏ ਫੇਵਰ ਲੈਟਸ ਪਲੇ ਹੋਲੀ’ (ਗੀਤ ਸਮੀਰ, ਗਾਇਕ ਅਨੂ ਮਲਿਕ, ਸੁਨਿਧੀ ਚੌਹਾਨ) ਅਕਸ਼ੈ ਕੁਮਾਰ ਅਤੇ ਪ੍ਰਿਅੰਕਾ ਚੋਪੜਾ ਉੱਤੇ ਫਿਲਮਾਇਆ ਗਿਆ। ਯਸ਼ ਚੋਪੜਾ ਦੀ ਫਿਲਮ ‘ਮਸ਼ਾਲ’ (2012) ਦਾ ਗੀਤ ‘ਹੋਲੀ ਆਈ ਰੇ’ (ਗੀਤ ਜਾਵੇਦ ਅਖ਼ਤਰ, ਸੰਗੀਤ ਹਿਰਦੇ ਨਾਥ, ਗਾਇਕ ਕਿਸ਼ੋਰ, ਲਤਾ) ਅਨਿਲ ਕਪੂਰ, ਦਲੀਪ ਕੁਮਾਰ, ਵਹੀਦਾ ਰਹਿਮਾਨ ਉੱਤੇ ਫਿਲਮਾਇਆ ਗਿਆ।
ਅਗਲੇ ਸਾਲ ਅਯਾਨ ਮੁਕਰਜੀ ਦੀ ਫਿਲਮ ‘ਯੇਹ ਜਵਾਨੀ ਹੈ ਦੀਵਾਨੀ’ (2013) ਵਿੱਚ ਗੀਤ ‘ਬਲਮ ਪਿਚਕਾਰੀ’ (ਗੀਤਕਾਰ ਅਮਿਤਾਭ ਭੱਟਾਚਾਰਿਆ, ਗਾਇਕ ਸ਼ਲਮਲੀ ਖੋਲਗੜੇ, ਵਿਸ਼ਾਲ ਦਦਲਾਨੀ) ਰਣਵੀਰ ਕਪੂਰ, ਦੀਪਕਾ ਪਾਦੂਕੋਨ ਅਤੇ ਕਾਲਕੀ ਕੋਚਲਿਨ ਉੱਤੇ ਫਿਲਮਾਇਆ ਗਿਆ ਸੀ। ਸੰਜੇ ਲੀਲਾ ਭੰਸਾਲੀ ਦੀ ਫਿਲਮ ‘ਗਲੀਓਂ ਕੀ ਰਾਸਲੀਲਾ-ਰਾਮ ਲੀਲਾ’ (2014) ਵਿੱਚ ‘ਲਹੂ ਮੂੰਹ ਲਗ ਗਿਆ’ (ਗੀਤ ਸਿਧਾਰਥ ਗਰਿਮਾ, ਗਾਇਕ ਸ਼ੈਲ ਹਾਡਾ) ਗੀਤ ਦੀਪਕਾ ਅਤੇ ਰਣਵੀਰ ਉੱਤੇ ਫਿਲਮਾਇਆ ਗਿਆ।
ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਫਿਲਮਸਾਜ਼ਾਂ ਨੇ ਹੋਲੀ ਦੇ ਇਸ ਤਿਉਹਾਰ ਨੂੰ ਪਰਦੇ ਉੱਤੇ ਕਿਸ ਤਰ੍ਹਾਂ ਪੇਸ਼ ਕੀਤਾ ਹੈ। ਹੋਲੀ ਦੀ ਇਹ ਵਿਭਿੰਨਤਾ ਹੀ ਇਸ ਦੀ ਖਾਸੀਅਤ ਹੈ। ਅਸੀਂ ਉਮੀਦ ਕਰਦੇ ਹਾਂ ਕਿ ਫਿਲਮਸਾਜ਼ ਅੱਗੇ ਤੋਂ ਵੀ ਆਪਣੀਆਂ ਫਿਲਮਾਂ ਵਿੱਚ ਇਸ ਦੇ ਸੱਚੇ-ਸੁੱਚੇ ਜਜ਼ਬੇ ਨੂੰ ਪੇਸ਼ ਕਰਨ ਦਾ ਯਤਨ ਕਰਨਗੇ।
ਸੰਪਰਕ: 89689-46129

Advertisement