ਪਾਲਤੂ ਕੁੱਤੇ ਨੇ ਪੰਜ ਸਾਲ ਦੇ ਬੱਚੇ ਨੂੰ ਵੱਢਿਆ
ਨਵੀਂ ਦਿੱਲੀ, 12 ਜੂਨ
ਸ਼ਾਹਦਰਾ ਦੀ ਗੀਤਾ ਕਲੋਨੀ ਵਿੱਚ ਅੱਜ ਇੱਕ ਪਾਲਤੂ ਕੁੱਤੇ ਨੇ ਪੰਜ ਸਾਲ ਦੇ ਬੱਚੇ ਨੂੰ ਬੁਰੀ ਤਰ੍ਹਾਂ ਵੱਢ ਲਿਆ। ਇਸ ਮਾਮਲੇ ਵਿੱਚ ਕੁੱਤੇ ਦੇ ਮਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲੀਸ ਨੇ ਦੱਸਿਆ ਕਿ ਪੀੜਤ ਮੁਹਿਬ ਖਾਨ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ, ਜਿਥੇ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਪੁਲੀਸ ਮੁਤਾਬਕ ਸ਼ਨਿਚਰਵਾਰ ਨੂੰ ਸ਼ਾਮ ਦੇ ਕਰੀਬ 7.30 ਵਜੇ ਲੜਕਾ ਗੀਤਾ ਕਲੋਨੀ ਦੇ ਸ਼ਾਸਤਰੀ ਨਗਰ ਇਲਾਕੇ ਵਿੱਚ ਆਪਣੇ ਘਰ ‘ਚ ਖੇਡ ਰਿਹਾ ਸੀ ਤਾਂ ਉਸੇ ਸਮੇਂ ਗੁਆਂਢੀ ਦੇ ਕੁੱਤੇ ਨੇ ਘਰ ‘ਚ ਵੜ ਕੇ ਉਸ ‘ਤੇ ਹਮਲਾ ਕਰ ਦਿੱਤਾ। ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਸ ਮੌਕੇ ਘਰ ਦੇ ਮੈਂਬਰਾਂ ਨੇ ਉਸ ਨੂੰ ਬਚਾਇਆ ਅਤੇ ਲੋਕ ਨਾਇਕ ਹਸਪਤਾਲ ਵਿੱਚ ਭਰਤੀ ਕਰਵਾਇਆ। ਕੁੱਤੇ ਦੇ ਵੱਢਣ ਕਾਰਨ ਬੱਚੇ ਦੇ ਖੱਬੀ ਬਾਂਹ ‘ਤੇ ਸੱਟ ਲੱਗੀ ਹੈ, ਜਿਸ ਦੀ ਸਰਜਰੀ ਕਰਨੀ ਪਈ। ਅਧਿਕਾਰੀ ਨੇ ਦੱਸਿਆ ਕਿ ਜਦੋਂ ਪੀੜਤ ਬੱਚੇ ਦੇ ਪਿਤਾ ਨੇ ਇਸ ਮਾਮਲੇ ਬਾਰੇ ਗੁਆਂਢੀ ਨਾਲ ਗੱਲ ਕਰਨੀ ਚਾਹੀ ਤਾਂ ਪਾਲਤੂ ਕੁੱਤੇ ਦੇ ਮਾਲਕ ਨੇ ਉਨ੍ਹਾਂ ਨੂੰ ਕਥਿਤ ਤੌਰ ‘ਤੇ ਧਮਕੀ ਦਿੱਤੀ। ਪੀੜਤ ਦੇ ਪਿਤਾ ਦੀ ਸ਼ਿਕਾਇਤ ਦੇ ਆਧਾਰ ‘ਤੇ ਭਾਰਤੀ ਦੰਡਾਵਲੀ ਦੀ ਧਾਰਾ 289 (ਜਾਨਵਰਾਂ ਪ੍ਰਤੀ ਲਾਪ੍ਰਵਾਹੀ ਵਾਲਾ ਵਿਵਹਾਰ), 337 (ਜਾਨ ਜਾਂ ਨਿੱਜੀ ਸੁਰੱਖਿਆ ਨੂੰ ਖ਼ਤਰੇ ਵਿਚ ਪਾਉਣ ਵਾਲੇ ਕੰਮ ਨਾਲ ਠੇਸ ਪਹੁੰਚਾਉਣਾ) ਅਤੇ 506 (ਅਪਰਾਧਿਕ ਧਮਕੀ) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਅਧਿਕਾਰੀ ਨੇ ਦੱਸਿਆ ਕਿ ਕੁੱਤੇ ਦੇ ਮਾਲਕ ਯਸ਼ਪਾਲ ਸਿੰਘ (48) ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ| -ਪੀਟੀਆਈ