ਸਾਬਕਾ ਵਿਧਾਇਕ ਦੀ ਕੁੱਟਮਾਰ ’ਚ ਪੁਲੀਸ ਅਧਿਕਾਰੀ ਦਾ ਨਾਂ ਸਾਹਮਣੇ ਆਇਆ
ਪੱਤਰ ਪ੍ਰੇਰਕ
ਮਾਨਸਾ, 1 ਫਰਵਰੀ
ਮਾਨਸਾ ਜ਼ਿਲ੍ਹੇ ਦੇ ਬੁਢਲਾਡਾ ਤੋਂ ਸਾਬਕਾ ਵਿਧਾਇਕ ਅਤੇ ਸੀਨੀਅਰ ਕਾਂਗਰਸੀ ਆਗੂ ਮੰਗਤ ਰਾਏ ਬਾਂਸਲ ਦੀ ਕਰੀਬ ਇੱਕ ਸਾਲ ਪਹਿਲਾਂ ਹੋਈ ਕੁੱਟਮਾਰ ਦੇ ਮਾਮਲੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਦਾਇਰ ਕੀਤੀ ਗਈ ਇੱਕ ਪਟੀਸ਼ਨ ਦੇ ਆਧਾਰ ’ਤੇ ਪੰਜਾਬ ਕ੍ਰਾਈਮ ਬਰਾਂਚ ਮੁਹਾਲੀ, ਫੇਜ਼-4 ਦੇ ਥਾਣੇ ਵਿੱਚ ਕੇਸ ਦਰਜ ਕਰ ਕੇ ਵਿਜੀਲੈਂਸ ਵਿਭਾਗ ਨੂੰ ਅਗਲੇਰੀ ਤਫਤੀਸ਼ ਕਰਨ ਦੀ ਹਦਾਇਤ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਨੇ 24 ਫਰਵਰੀ 2023 ਨੂੰ ਹਰਜਿੰਦਰ ਸਿੰਘ ਢੀਂਡਸਾ ਖ਼ਿਲਾਫ਼ ਸ਼ਿਕਾਇਤ ਦਿੱਤੀ ਸੀ ਜਿਸ ਵਿੱਚ ਹਰਜਿੰਦਰ ਢੀਂਡਸਾ ਤੇ ਉਕਤ ਪੁਲੀਸ ਅਧਿਕਾਰੀ ਦੀ ਮੌਕੇ ’ਤੇ ਹੋਈ ਗੱਲਬਾਤ ਦਾ ਹਵਾਲਾ ਦਿੰਦਿਆਂ ਦੋਹਾਂ ਦੀ ਮਿਲੀਭੁਗਤ ਹੋਣ ਦੇ ਦੋਸ਼ ਲਗਾਏ ਗਏ ਸਨ। ਜਾਂਚ ਦੌਰਾਨ ਵਾਰਦਾਤ ਵੇਲੇ ਦੀਆਂ ਪੁਲੀਸ ਤੇ ਹੋਰਨਾਂ ਵਿਅਕਤੀਆਂ ਦੀਆਂ ਫੋਨ ਕਾਲਾਂ ਵੀ ਪੜਤਾਲੀਆਂ ਗਈਆਂ ਹਨ। ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਹੋਣ ਮਗਰੋਂ ਡਾਇਰੈਕਟਰ ਬਿਊਰੋ ਆਫ ਇਨਵੈਸਟੀਗੇਸ਼ਨ ਪੰਜਾਬ ਦੇ ਹੁਕਮ ’ਤੇ ਡੀਆਈਜੀ ਫਿਰੋਜ਼ਪੁਰ ਰੇਂਜ ਆਰ.ਐੱਸ. ਢਿੱਲੋਂ ਨੇ ਇਸ ਸਬੰਧੀ ਪੜਤਾਲ ਕੀਤੀ ਸੀ। ਉਪਰੰਤ ਮੁਲਜ਼ਮਾਂ ਦੀ ਮਦਦ ਕਰਨ ਵਾਲੇ ਇੱਕ ਪੁਲੀਸ ਅਧਿਕਾਰੀ ਤੇ ਉਸ ਦੇ ਇੱਕ ਰਿਸ਼ਤੇਦਾਰ ਦੀ ਭੂਮਿਕਾ ਸਾਹਮਣੇ ਆਈ ਹੈ। ਇਸ ਮਾਮਲੇ ਦੀ ਜਾਂਚ ਮਾਨਸਾ ਦੇ ਐੱਸਪੀ (ਡੀ) ਬਾਲਕਿਸ਼ਨ ਵੱਲੋਂ ਕੀਤੀ ਜਾ ਰਹੀ ਸੀ।
ਇਸੇ ਦੌਰਾਨ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਨੇ ਕਿਹਾ ਕਿ ਉਸ ਨਾਲ ਸਾਜ਼ਿਸ਼ ਤਹਿਤ ਹੋਈ ਇਸ ਵਧੀਕੀ ਖ਼ਿਲਾਫ਼ ਉਸ ਨੇ ਸ਼ਿਕਾਇਤ ਕੀਤੀ ਸੀ। ਜੇਕਰ ਹਾਲੇ ਵੀ ਇਨਸਾਫ਼ ਨਾ ਮਿਲਿਆ ਤਾਂ ਉਹ ਸਿਖ਼ਰਲੀ ਅਦਾਲਤ ਤੱਕ ਜਾਣਗੇ।