ਮੰਤਰੀ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ
ਸੁਖਦੇਵ ਸਿੰਘ
ਅਜਨਾਲਾ, 29 ਮਾਰਚ
ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅਜਨਾਲਾ ਵਿੱਚ ਲੋਕ ਦਰਬਾਰ ਲਗਾ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਮੌਕੇ ’ਤੇ ਹੀ ਬਹੁਤੇ ਮਸਲਿਆਂ ਦਾ ਹੱਲ ਕੀਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਇਹ ਲੋਕ ਦਰਬਾਰ ਇਸੇ ਤਰ੍ਹਾਂ ਜਾਰੀ ਰਹਿਣਗੇ ਤਾਂ ਜੋ ਲੋਕਾਂ ਦੇ ਮਸਲੇ ਹੱਲ ਹੁੰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਲੋਕਾਂ ਦੇ ਮਸਲੇ ਤੁਰੰਤ ਹੱਲ ਕੀਤੇ ਜਾਣ। ਕੈਬਨਿਟ ਮੰਤਰੀ ਨੇ ਯੁੱਧ ਨਸ਼ਿਆਂ ਵਿਰੁੱਧ ਸ਼ੁਰੂ ਕੀਤੀ ਮੁਹਿੰਮ ਸਬੰਧੀ ਕਿਹਾ ਕਿ ਸਿਰਫ ਮਾਨ ਸਰਕਾਰ ਵੱਲੋਂ ਹੀ ਸੂਬੇ ਨੂੰ ਨਸ਼ਾਮੁਕਤ ਕਰਨ ਦੇ ਉਦੇਸ਼ ਨਾਲ ਚਲਾਈ ਜਾ ਰਹੀ ਇਸ ਮੁਹਿੰਮ ਦੇ ਨਤੀਜੇ ਸਾਹਮਣੇ ਆ ਰਹੇ ਹਨ ਕਿਉਂਕਿ ਸੂਬੇ ਵਿੱਚ ਹਜ਼ਾਰਾਂ ਹੀ ਨਸ਼ਾ ਤਸਕਰਾਂ ਖ਼ਿਲਾਫ਼ ਕੇਸ ਦਰਜ ਕਰਕੇ ਜੇਲ੍ਹਾਂ ਵਿੱਚ ਭੇਜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਸਿਹਤਮੰਦ ਸਮਾਜ ਦੇ ਸਿਰਜਣਾ ਲਈ ਬਜਟ ਵਿੱਚ ਖੇਡਾਂ ਲਈ ਵਿਸ਼ੇਸ਼ ਪ੍ਰਬੰਧ ਕੀਤਾ ਹੈ ਜਿਸ ਤਹਿਤ ਵੱਡੇ ਵੱਡੇ ਖੇਡ ਸਟੇਡੀਅਮ ਬਣਾ ਕੇ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕੀਤਾ ਜਾਵੇਗਾ। ਉਨ੍ਹਾਂ ਵਿਧਾਨ ਸਭਾ ਸੈਸ਼ਨ ਵਿੱਚ ਸਮਾਜ ਸੇਵੀ ਬਾਬਾ ਸੀਚੇਵਾਲ ’ਤੇ ਵਿਰੋਧੀ ਧਿਰ ਵੱਲੋਂ ਬਿਆਨਬਾਜ਼ੀ ਦੀ ਨਿਖੇਧੀ ਵੀ ਕੀਤੀ। ਇਸ ਮੌਕੇ ਖੁਸ਼ਪਾਲ ਸਿੰਘ ਧਾਲੀਵਾਲ, ਓਐੱਸਡੀ ਗੁਰਜੰਟ ਸਿੰਘ ਸੋਹੀ, ਬੀਡੀਪੀਓ ਸਿਤਾਰਾ ਸਿੰਘ ਅਤੇ ਜਸਬੀਰ ਕੌਰ, ਡੀਐੱਸਪੀ ਗੁਰਵਿੰਦਰ ਸਿੰਘ ਔਲਖ ਅਤੇ ਪ੍ਰਧਾਨ ਜਸਪਾਲ ਸਿੰਘ ਢਿੱਲੋਂ ਆਦਿ ਹਾਜ਼ਰ ਸਨ।