ਲੋਕ ਨਿਰਮਾਣ ਮੰਤਰੀ ਵੱਲੋਂ ਡਰੇਨ ਦੇ ਪੁਲ ਦਾ ਜਾਇਜ਼ਾ
ਸਿਮਰਪਾਲ ਸਿੰਘ ਬੇਦੀ
ਜੰਡਿਆਲਾ ਗੁਰੂ, 1 ਅਪਰੈਲ
ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਨੇ ਨਜ਼ਦੀਕੀ ਪਿੰਡ ਗਦਲੀ ਨੂੰ ਜਾਂਦੇ ਪੁਲ ਨੂੰ ਚੌੜਾ ਕਰਨ ਦਾ ਐਲਾਨ ਕੀਤਾ। ਕੈਬਨਿਟ ਮੰਤਰੀ ਅੱਜ ਪਿੰਡ ਗਦਲੀ ਦੇ ਦੌਰਾ ਕਰਨ ਪੁੱਜੇ ਹੋਏ ਸਨ। ਇਸ ਦੌਰਾਨ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਸਰਕਾਰ ਲੋਕਾਂ ਨੂੰ ਮੁਢਲੀਆਂ ਸਹੂਲਤਾਂ ਦੇਣ ਲਈ ਵਚਨਬੱਧ ਹੈ ਅਤੇ ਸੂਬੇ ’ਚ ਕੋਈ ਵੀ ਸੜਕ ਕੱਚੀ ਨਹੀਂ ਰਹਿਣ ਦਿੱਤੀ ਜਾਵੇਗੀ। ਈਟੀਓ ਨੇ ਦੱਸਿਆ ਪਿੰਡ ਵਾਸੀਆਂ ਵੱਲੋਂ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ ਕਿ ਖਜਾਲਾ ਤੋਂ ਭੰਗਵਾਂ ਵਾਇਆ ਗਦਲੀ ਸੜਕ ਚੌੜੀ ਹੋ ਚੁੱਕੀ ਹੈ, ਜਿਸ ਕਰਕੇ ਇਸ ਸੜਕ ਉਪਰ ਭਾਰੀ ਆਵਾਜਾਈ ਬਣੀ ਰਹਿੰਦੀ ਹੈ ਪਰ ਗਦਲੀ ਵਿੱਚ ਡਰੇਨ ਉਪਰ ਪੁਲ ਬਹੁਤ ਤੰਗ ਹੈ, ਜਿਸ ਕਰਕੇ ਜਾਮ ਦੀ ਸਥਿਤੀ ਬਣੀ ਰਹਿੰਦੀ ਹੈ ਅਤੇ ਪਿੰਡ ਵਾਸੀਆਂ ਨੂੰ ਕਾਫੀ ਮੁਸ਼ਕਲ ਦਾ ਸਾਮਣਾ ਕਰਨਾ ਪੈਂਦਾ ਹੈ। ਲੋਕ ਨਿਰਮਾਣ ਮੰਤਰੀ ਨੇ ਤੁਰੰਤ ਹੀ ਪੁਲ ਵਾਲੀ ਥਾਂ ਦਾ ਜਾਇਜ਼ਾ ਲਿਆ ਅਤੇ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਪੁਲ ਨੂੰ ਨਵਾਂ 10 ਮੀਟਰ ਚੌੜਾ ਬਣਾ ਦਿੱਤਾ ਜਾਵੇ ਤਾਂ ਜੋ ਲੋਕਾਂ ਦੀ ਮੁਸ਼ਕਲ ਹੱਲ ਹੋ ਸਕੇ। ਉਨ੍ਹਾਂ ਦੱਸਿਆ 1.10 ਕਰੋੜ ਰੁਪਏ ਦੀ ਲਾਗਤ ਨਾਲ ਇਸ ਪੁਲ ਨੂੰ ਚੌੜਾ ਕੀਤਾ ਜਾਵੇਗਾ। ਲੋਕ ਨਿਰਮਾਣ ਮੰਤਰੀ ਨੇ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦਿਆਂ ਕਿਹਾ ਜਲਦ ਤੋਂ ਕੰਮ ਨੂੰ ਸ਼ੁਰੂ ਕਰਵਾਇਆ ਜਾਵੇ। ਈਟੀਓ ਨੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਵੀ ਸੁਣਿਆ ਅਤੇ ਅਧਿਕਾਰੀਆਂ ਨੂੰ ਮੌਕੇ ’ਤੇ ਹੀ ਮੁਸ਼ਕਲਾਂ ਹੱਲ ਕਰਨ ਦੇ ਨਿਰਦੇਸ਼ ਦਿੱਤੇ। ਇਸ ਮੌਕੇ ਚੇਅਰਮੈਨ ਗੁਰਵਿੰਦਰ ਸਿੰਘ, ਸਰਪੰਚ ਅੰਮ੍ਰਿਤਪਾਲ ਸਿੰਘ, ਨਿਸ਼ਾਨ ਸਿੰਘ ਤੇ ਜਗਰੂਪ ਸਿੰਘ ਆਦਿ ਹਾਜ਼ਰ ਸਨ।