ਮੰਤਰੀ ਨੇ ਨਗਰ ਕੌਂਸਲ ਸੁਨਾਮ ਨੂੰ ਸੌਂਪੇ ਛੇ ਟਾਟਾ ਏਸ
ਪੱਤਰ ਪ੍ਰੇਰਕ
ਸੁਨਾਮ ਊਧਮ ਸਿੰਘ ਵਾਲਾ, 19 ਨਵੰਬਰ
ਕੈਬਨਿਟ ਮੰਤਰੀ ਅਮਨ ਅਰੋੜਾ ਨੇ ਅੱਜ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਛੇ ਨਵੀਆਂ ਟਾਟਾ ਏਸ ਸੌਂਪਦਿਆਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸ਼ਹੀਦ ਊਧਮ ਸਿੰਘ ਦੀ ਧਰਤੀ ਸੁਨਾਮ ਨੂੰ ਹਰ ਸੁਵਿਧਾ ਪੱਖੋਂ ਸਰਵੋਤਮ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ਹਿਰ ਦੀ ਸਾਫ਼-ਸਫ਼ਾਈ ਅਤੇ ਹੋਰ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਕਰੀਬ ਦੋ ਮਹੀਨੇ ਪਹਿਲਾਂ ਹੀ ਤਿੰਨ ਟਰੈਕਟਰ, ਤਿੰਨ ਹਾਈਡ੍ਰੌਲਿਕ ਟਰਾਲੀਆਂ ਅਤੇ ਪੀਣ ਵਾਲੇ ਪਾਣੀ ਦਾ ਟੈਂਕਰ ਨਗਰ ਕੌਂਸਲ ਨੂੰ ਸੌਂਪਿਆ ਗਿਆ ਸੀ ਅਤੇ ਉਸੇ ਕੜੀ ਤਹਿਤ ਅੱਜ ਕਰੀਬ 42 ਲੱਖ ਰੁਪਏ ਦੀ ਲਾਗਤ ਵਾਲੇ ਮੈਕੇਨਾਈਜ਼ਡ ਵ੍ਹੀਕਲ ਟਾਟਾ ਏਸ ਹਰੀ ਝੰਡੀ ਦਿਖਾ ਕੇ ਰਵਾਨਾ ਕੀਤੇ ਗਏ ਹਨ।
ਸ੍ਰੀ ਅਰੋੜਾ ਨੇ ਦੱਸਿਆ ਕਿ ਨਗਰ ਕੌਂਸਲ ਨੂੰ 1.38 ਕਰੋੜ ਰੁਪਏ ਦੀ ਲਾਗਤ ਵਾਲੀ ਮਸ਼ੀਨਰੀ ਮੁਹੱਈਆ ਕਰਵਾਈ ਜਾ ਰਹੀ ਹੈ ਤਾਂ ਜੋ ਹਰ ਪੱਧਰ ਉੱਤੇ ਲੋਕਾਂ ਨੂੰ ਸਰਵੋਤਮ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾ ਸਕਣ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਸਾਰੇ ਕੌਂਸਲਰ ਅਤੇ ਹੋਰ ਸ਼ਖ਼ਸੀਅਤਾਂ ਹਰ ਗਲੀ ਮੁਹੱਲੇ ਵਿੱਚ ਜਾ ਕੇ ਘਰ-ਘਰ ਤੱਕ ਗਿੱਲੇ ਅਤੇ ਸੁੱਕੇ ਕੂੜੇ ਨੂੰ ਵੱਖ-ਵੱਖ ਇਕੱਤਰ ਕਰਨ ਬਾਰੇ ਔਰਤਾਂ ਨੂੰ ਜਾਣਕਾਰੀ ਦੇਣ ਤਾਂ ਜੋ ਟਾਟਾ ਏਸ ਰਾਹੀਂ ਘਰਾਂ ਦੇ ਪਹਿਲੇ ਪੜਾਅ ਤੋਂ ਹੀ ਇਹ ਕੂੜਾ ਵੱਖ-ਵੱਖ ਇਕੱਠਾ ਕੀਤਾ ਜਾ ਸਕੇ। ਇਸ ਮੌਕੇ ਪ੍ਰਧਾਨ ਨਗਰ ਕੌਂਸਲ ਨਿਸ਼ਾਨ ਸਿੰਘ ਟੋਨੀ, ਚੇਅਰਮੈਨ ਮਾਰਕੀਟ ਕਮੇਟੀ ਮੁਕੇਸ਼ ਜੁਨੇਜਾ, ਮੀਤ ਪ੍ਰਧਾਨ ਗੁਰਤੇਜ ਸਿੰਘ ਨਿੱਕਾ ਸਮੇਤ ਹੋਰ ਹਾਜ਼ਰ ਸਨ।