ਪ੍ਰਸ਼ਾਸਨ ਨੇ ਸਕੂਲ ਦੇ ਖੇਡ ਮੈਦਾਨ ਨੂੰ ਜੜ੍ਹੇ ਤਾਲੇ ਦੀਆਂ ਚਾਬੀਆਂ ਮੋੜੀਆਂ
ਗੁਰਦੀਪ ਸਿੰਘ ਲਾਲੀ
ਸੰਗਰੂਰ, 16 ਜੂਨ
ਜ਼ਿਲ੍ਹਾ ਪ੍ਰਸ਼ਾਸਨ ਨੇ ਖਾਲਸਾ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੇ ਖੇਡ ਮੈਦਾਨ ਦੀਆਂ ਚਾਬੀਆਂ ਸਕੂਲ ਪ੍ਰਬੰਧਕ ਕਮੇਟੀ ਨੂੰ ਵਾਪਸ ਕਰ ਦਿੱਤੀਆਂ ਹਨ ਜਿਸ ਕਰਕੇ ਇਹ ਮਾਮਲਾ ਨਿਬੜ ਗਿਆ ਹੈ। ਅਜਿਹਾ ਦੂਜੀ ਵਾਰ ਹੋਇਆ ਹੈ ਜਦੋਂ ਪ੍ਰਸ਼ਾਸਨ ਵਲੋਂ ਸਕੂਲ ਦੇ ਖੇਡ ਮੈਦਾਨ ਵਾਲੀ ਸਰਕਾਰੀ ਜਗ੍ਹਾ ਨੂੰ ਕਥਿਤ ਰੂਪ ਵਿਚ ਆਪਣੇ ਅਧੀਨ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਕਰੀਬ ਤਿੰਨ ਦਿਨ ਪਹਿਲਾਂ ਸ਼ਹਿਰ ਦੇ ਖਾਲਸਾ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੇ ਖੇਡ ਮੈਦਾਨ ਦੀ ਜਗ੍ਹਾ ਨੂੰ ਲੈ ਕੇ ਪ੍ਰਸ਼ਾਸਨ ਅਤੇ ਸਕੂਲ ਪ੍ਰਬੰਧਕ ਕਮੇਟੀ ਵਿਚਕਾਰ ਉਸ ਸਮੇਂ ਵਿਵਾਦ ਹੋ ਗਿਆ ਸੀ ਕਿ ਜਦੋਂ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਸਕੂਲ ਦੇ ਖੇਡ ਮੈਦਾਨ ਦੇ ਮੁੱਖ ਗੇਟ ਉਪਰ ਲੱਗਿਆ ਤਾਲਾ ਉਤਾਰ ਕੇ ਆਪਣਾ ਤਾਲਾ ਜੜ੍ਹ ਦਿੱਤਾ ਸੀ ਅਤੇ ਕੁੱਝ ਪੁਲੀਸ ਮੁਲਾਜ਼ਮ ਵੀ ਗੇਟ ’ਤੇ ਬਿਠਾ ਦਿੱਤੇ ਸਨ। ਸਕੂਲ ਪ੍ਰਬੰਧਕ ਕਮੇਟੀ ਵਲੋਂ ਪ੍ਰਸ਼ਾਸ਼ਨ ਦੀ ਇਸ ਕਾਰਵਾਈ ਉਪਰ ਸਖਤ ਇਤਰਾਜ਼ ਜਤਾਇਆ ਸੀ ਕਿਉਂਕਿ ਇਹ ਕਾਰਵਾਈ ਨੂੰ ਪ੍ਰਸ਼ਾਸ਼ਨ ਵਲੋਂ ਚੁੱਪ ਚੁਪੀਤੇ ਹੀ ਅੰਜ਼ਾਮ ਦਿੱਤਾ ਗਿਆ ਸੀ। ਸਕੂਲ ਪ੍ਰਬੰਧਕ ਕਮੇਟੀ ਦੇ ਸਕੱਤਰ ਐਡਵੋਕੇਟ ਮਹਿੰਦਰ ਸਿੰਘ ਗਿੱਲ ਨੇ ਇਸ ਕਾਰਵਾਈ ਨੂੰ ਧੱਕੇਸ਼ਾਹੀ ਕਰਾਰ ਦਿੰਦਿਆਂ ਮਾਮਲਾ ਅਦਾਲਤ ਵਿਚ ਲਿਜਾਣ ਦੀ ਗੱਲ ਆਖੀ ਸੀ। ਸਕੂਲ ਦੇ ਕਲਰਕ ਸੰਤੋਖ ਸਿੰਘ ਨੇ ਦਾਅਵਾ ਕੀਤਾ ਸੀ ਕਿ ਖੇਡ ਮੈਦਾਨ (ਯਾਦਗਾਰੀ ਸੁਰਜੀਤ ਸਿੰਘ ਮਾਨਸ਼ਾਹੀਆ ਸਟੇਡੀਅਮ) ਵਾਲੀ ਜਗ੍ਹਾ ਸਾਲ 1979 ਵਿਚ ਸਕੂਲ ਨੇ 99 ਸਾਲਾਂ ਲੀਜ਼ ’ਤੇ ਲਈ ਸੀ ਜਿਸ ਸਬੰਧੀ ਬਕਾਇਆ ਕਾਗਜ਼ਾਤ ਸਕੂਲ ਪ੍ਰਬੰਧਕ ਕਮੇਟੀ ਕੋਲ ਮੌਜੂਦ ਸਨ। ਇਸ ਬਦਲੇ ਸਕੂਲ ਵਲੋਂ ਪ੍ਰਸ਼ਾਸ਼ਨ ਨੂੰ ਨਿਰਧਾਰਿਤ ਸ਼ਰਤਾਂ ਅਨੁਸਾਰ ਕਿਰਾਇਆ ਵੀ ਦਿੱਤਾ ਜਾਂਦਾ ਹੈ। ਸਕੂਲ ਪ੍ਰਬੰਧਕ ਕਮੇਟੀ ਦੇ ਸਕੱਤਰ ਐਡਵੋਕੇਟ ਮਹਿੰਦਰ ਸਿੰਘ ਗਿੱਲ ਦਾ ਕਹਿਣਾ ਹੈ ਕਿ ਪ੍ਰਸ਼ਾਸ਼ਨਿਕ ਅਧਿਕਾਰੀਆਂ ਵਲੋਂ ਫੋਨ ਕਰਕੇ ਚਾਬੀਆਂ ਵਾਪਸ ਕਰ ਦਿੱਤੀਆਂ ਹਨ।
ਉਧਰ ਐਸਡੀਐਮ ਚਰਨਜੋਤ ਸਿੰਘ ਵਾਲੀਆ ਦਾ ਕਹਿਣਾ ਹੈ ਕਿ ਇਹ ਕੋਈ ਵੱਡਾ ਮਸਲਾ ਨਹੀਂ ਸੀ। ਸਕੂਲ ਪ੍ਰਬੰਧਕ ਕਮੇਟੀ ਵਲੋਂ ਰਿਕਾਰਡ ਵਿਖਾ ਦਿੱਤਾ ਸੀ ਜਿਸ ਮਗਰੋਂ ਤਾਲੇ ਦੀਆਂ ਚਾਬੀਆਂ ਦੇ ਦਿੱਤੀਆਂ ਹਨ।