ਸੂਆ ਵਾਰ-ਵਾਰ ਟੁੱਟਣ ਕਾਰਨ ਕਿਸਾਨਾਂ ਦਾ ਰੋਸ ਵਧਿਆ
ਰਮੇਸ਼ ਭਾਰਦਵਾਜ/ ਸਤਨਾਮ ਸਿੰਘ ਸੱਤੀ
ਲਹਿਰਾਗਾਗਾ/ ਸੂਨਾਮ ਊਧਮ ਸਿੰਘ ਵਾਲਾ, 16 ਜੂਨ
ਇੱਥੋਂ ਨੇੜਲੇ ਪਿੰਡ ਗੋਬਿੰਦਗੜ ਜੇਜੀਆਂ ਵਿਖੇ ਭਰਾਤਰੀ ਕਿਸਾਨ ਜਥੇਬੰਦੀਆਂ ਵੱਲੋਂ ਕਿਸਾਨਾਂ ਦੇ ਖੇਤਾਂ ਦੀ ਸਿੰਜਾਈ ਲਈ ਬਣਿਆ ਸੂਆ ਟੁੱਟਣ ਕਾਰਨ ਤੇ ਸਬੰਧਤ ਅਧਿਕਾਰੀਆਂ ਵੱਲੋਂ ਕੋਈ ਵੀ ਗੱਲ ਨਾ ਸੁਣਨ ਦੇ ਰੋਸ ਵਜੋਂ ਅੱਜ ਪੰਜਾਬ ਸਰਕਾਰ ਅਤੇ ਸਬੰਧਤ ਮਹਿਕਮੇ ਖਿਲਾਫ ਰੋਸ ਪ੍ਰਗਟਾਉਂਦਿਆਂ ਨਹਿਰੀ ਮਹਿਕਮੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ।
ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੇ ਜ਼ਿਲਾ ਕਾਰਜਕਾਰੀ ਪ੍ਰਧਾਨ ਸੰਤ ਰਾਮ ਛਾਜਲੀ ਤੇ ਬਲਜੀਤ ਸਿੰਘ ਗੋਬਿੰਦਗੜ੍ਹ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਪਰੈਲ 2023 ਵਿੱਚ ਨਹਿਰੀ ਮਹਿਕਮੇ ਵੱਲੋਂ ਕਿਸਾਨਾਂ ਦੇ ਖੇਤਾਂ ਨੂੰ ਪਾਣੀ ਦੇਣ ਲਈ ਪਿੰਡ ਗੋਬਿੰਦਗੜ੍ਹ ਜੇਜੀਆਂ ਵਿਖੇ ਸੂਆ ਬਣਾਇਆ ਗਿਆ ਸੀ, ਜਿਸ ਵਿੱਚ ਠੇਕੇਦਾਰ ਨੇ ਕਥਿਤ ਘਟੀਆ ਮਟੀਰੀਅਲ ਲਾ ਕੇ ਲੱਖਾਂ ਰੁਪਏ ਦਾ ਘਪਲਾ ਕੀਤਾ। ਕਿਸਾਨਾਂ ਵੱਲੋਂ ਵਾਰ-ਵਾਰ ਸਬੰਧਿਤ ਮਹਿਕਮੇ ਨੂੰ ਸੂਚਿਤ ਕੀਤਾ ਗਿਆ, ਪ੍ਰੰਤੂ ਮਹਿਕਮੇ ਵਾਲਿਆਂ ਨੇ 26 ਅਣਪਛਾਤੇ ਕਿਸਾਨਾਂ ਖਿਲਾਫ ਪਰਚੇ ਦਰਜ ਕਰਵਾ ਕੇ ਕਿਸਾਨਾਂ ਦੀ ਆਵਾਜ਼ ਨੂੰ ਦਬਾਉਣਾ ਚਾਹਿਆ। ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਹਰ ਕਿਸਾਨ ਨੂੰ ਹਰੇਕ ਏਕੜ ਵਿੱਚ ਨਹਿਰੀ ਪਾਣੀ ਦੇਣ ਦਾ ਵਾਅਦਾ ਕੀਤਾ ਗਿਆ ਸੀ ਪਰ ਗੋਬਿੰਦਗੜ੍ਹ ਜੇਜੀਆਂ ਦੇ ਕਿਸਾਨਾਂ ਦੇ ਖੇਤਾਂ ਵਿੱਚ ਪਾਣੀ ਨਹੀਂ ਪਹੁੰਚ ਰਿਹਾ ਕਿਉਂਕਿ ਠੇਕੇਦਾਰ ਨੇ ਸੂਏ ਦਾ ਬੈਡ ਹੀ ਨਹੀਂ ਬਣਾਇਆ ਸਗੋਂ ਘਟੀਆ ਮਟੀਰੀਅਲ ਲਾ ਕੇ ਸੂਆ ਬਣਾ ਦਿੱਤਾ, ਜੋ ਕਿ ਕੁਝ ਸਮਾਂ ਪਹਿਲਾਂ ਪਾਣੀ ਆਉਣ ਕਾਰਨ ਥਾਂ ਥਾਂ ਤੋਂ ਟੁੱਟ ਗਿਆ। ਸਬੰਧਤ ਮਹਿਕਮੇ ਨੇ ਸੂਏ ਤੇ ਥਾਂ ਥਾਂ ਟਾਕੀਆਂ ਲਾ ਕੇ ਕੰਮ ਚਾਲੂ ਕਰ ਦਿੱਤਾ।
ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ 15 ਏਕੜ ਟੇਲ ਤੱਕ ਪਾਈਪਲਾਈਨ ਪਾ ਕੇ ਕਿਸਾਨਾਂ ਨੂੰ ਪਾਣੀ ਦੀ ਸਹੂਲਤ ਦਿੱਤੀ ਜਾਵੇ। ਭਾਰਤੀ ਕਿਸਾਨ ਯੂਨੀਅਨ ਬਲਾਕ ਪ੍ਰਧਾਨ ਮੱਖਣ ਸਿੰਘ ਪਾਪੜਾ ਦਾ ਕਹਿਣਾ ਹੈ ਕਿ ਜੇਕਰ ਧਰਨੇ ਤੋਂ ਵੀ ਸਬੰਧਤ ਮਹਿਕਮੇ ਨੇ ਸਾਡੀ ਆਵਾਜ਼ ਨੂੰ ਨਹੀਂ ਸੁਣਿਆ ਤਾਂ ਉਹ ਆਵਾਜਾਈ ਰੋਕ ਕੇ ਸੜਕਾਂ ਜਾਮ ਕਰਨਗੇ। ਇਸ ਤੋਂ ਬਾਅਦ ਵੀ ਜੇ ਮਸਲਾ ਨਾ ਹੱਲ ਹੋਇਆ ਤਾਂ ਰੇਲਾਂ ਰੋਕਣ ਦਾ ਪ੍ਰੋਗਰਾਮ ਬਣਾਇਆ ਜਾਵੇਗਾ।
ਥਾਣਾ ਮੁਖੀ ਨੇ ਕਿਸਾਨਾਂ ਦੀ ਅਧਿਕਾਰੀਆਂ ਨਾਲ ਮੀਟਿੰਗ ਕਰਵਾਈ
ਥਾਣਾ ਛਾਜਲੀ ਦੇ ਮੁਖੀ ਗੁਰਮੀਤ ਸਿੰਘ ਨੇ ਸਿੰਚਾਈ ਅਧਿਕਾਰੀਆਂ ਨਾਲ ਕਿਸਾਨਾਂ ਦੀ ਮੀਟਿੰਗ ਕਰਨ ਉਪਰੰਤ ਧਰਨਾ ਸਮਾਪਤ ਕਰਵਾਇਆ। ਸਿੰਚਾਈ ਵਿਭਾਗ ਦੇ ਐਸਡੀਓ ਆਰੀਅਨ ਅਨੇਜਾ ਨੇ ਕਿਸਾਨਾਂ ਨੂੰ ਪਾਈਪ ਲਾਈਨ ਪ੍ਰੋਜੈਕਟ ਦੀ ਪਰਪੋਜ਼ਲ ਬਣਾ ਕੇ ਵਿਭਾਗ ਨੂੰ ਭੇਜਣ ਦਾ ਵਿਸ਼ਵਾਸ ਦਿਵਾਇਆ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੇ ਜਰਨਲ ਸਕੱਤਰ ਬਲਜੀਤ ਸਿੰਘ ਗੋਬਿੰਦਗੜ੍ਹ ਜੇਜੀਆਂ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਆਗੂ ਸੁਖਵਿੰਦਰ ਸਿੰਘ ਗਾਗੀ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਹਰਪ੍ਰੀਤ ਸਿੰਘ, ਹਰਬੰਸ ਸਿੰਘ ਗੋਬਿੰਦਗੜ੍ਹ ਜੇਜੀਆਂ, ਪਰਮਜੀਤ ਕੌਰ ਭਾਈ ਕੀ ਪਿਸ਼ੌਰ, ਭੀਮ ਆਰਮੀ ਦੇ ਜ਼ਿਲ੍ਹਾ ਆਗੂ ਰੋਹੀ ਸਿੰਘ ਨੇ ਸੰਬੋਧਨ ਕੀਤਾ।