ਡੀਸੀ ਵੱਲੋਂ ਜਿਮਨੇਜ਼ੀਅਮ ਹਾਲਾਂ ਦੀ ਮੁਰੰਮਤ ’ਚ ਊਣਤਾਈਆਂ ਦਾ ਨੋਟਿਸ
ਗੁਰਨਾਮ ਸਿੰਘ ਅਕੀਦਾ
ਪਟਿਆਲਾ, 16 ਜੂਨ
ਇੱਥੋਂ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਪੋਲੋ ਗਰਾਊਂਡ ਦੇ ਜਿਮਨੇਜ਼ੀਅਮ ਹਾਲ ਦੀ ਛੱਤ ਦੀ ਮੁਰੰਮਤ ਦੇ ਕੰਮ 'ਚ ਊਣਤਾਈਆਂ ਪਾਏ ਜਾਣ ਦਾ ਗੰਭੀਰ ਨੋਟਿਸ ਲੈਂਦਿਆਂ ਸਬੰਧਤ ਅਧਿਕਾਰੀਆਂ ਪਾਸੋਂ ਇਸ ਦਾ ਜਵਾਬ ਮੰਗਿਆ ਹੈ। ਅੱਜ ਇਥੇ ਉਨ੍ਹਾਂ ਜ਼ਿਲ੍ਹਾ ਸਪੋਰਟਸ ਕਾਉਂਸਲ ਦੀ ਬੈਠਕ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਖਿਡਾਰੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ 'ਚ ਕਿਸੇ ਵੀ ਤਰ੍ਹਾਂ ਦੀ ਕੁਤਾਹੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਮੀਟਿੰਗ 'ਚ ਵਧੀਕ ਡਿਪਟੀ ਕਮਿਸ਼ਨਰ (ਜ) ਇਸ਼ਾ ਸਿੰਗਲ ਤੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਨਵਰੀਤ ਕੌਰ ਸੇਖੋਂ ਵੀ ਹਾਜ਼ਰ ਸਨ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਖੇਡ ਵਿਭਾਗ ਦੇ ਸਵਿਮਿੰਗ ਪੂਲ ਦੀ ਮੁਰੰਮਤ ਦੇ ਕੰਮ ਦਾ ਜਾਇਜ਼ਾ ਲੈਂਦਿਆਂ ਕਿਹਾ ਕਿ ਸਵਿਮਿੰਗ ਪੂਲ ਵਿੱਚ ਬਾਥਰੂਮ ਤੇ ਚੇਂਜਿੰਗ ਰੂਮ ਦੀ ਰੇਨੋਵੇਸ਼ਨ ਲਈ 15 ਲੱਖ ਰੁਪਏ ਜਾਰੀ ਕਰ ਦਿੱਤੇ ਗਏ ਹਨ ਤੇ ਹੁਣ ਜਲਦ ਹੀ ਟੈਂਡਰ ਕਰਕੇ ਕੰਮ ਮੁਕੰਮਲ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਖੇਡ ਵਿਭਾਗ ਦੀ ਇਹ ਡਿਊਟੀ ਹੈ ਕਿ ਉਹ ਖਿਡਾਰੀਆਂ ਨੂੰ ਖੇਡ ਲਈ ਸਾਜ਼ਗਾਰ ਮਾਹੌਲ ਪ੍ਰਦਾਨ ਕਰੇ। ਡਾ. ਪ੍ਰੀਤੀ ਯਾਦਵ ਨੇ ਰਾਜਾ ਭਲਿੰਦਰ ਸਿੰਘ ਸਪੋਰਟਸ ਕੰਪਲੈਕਸ (ਪੋਲੋ ਗਰਾਊਂਡ) ਦੀ ਸਾਫ਼ ਸਫ਼ਾਈ ਤੁਰੰਤ ਕਰਵਾਉਣ ਦੀ ਹਦਾਇਤ ਕਰਦਿਆਂ ਕਿਹਾ ਕਿ ਇਥੇ ਖਿਡਾਰੀਆਂ ਤੋਂ ਇਲਾਵਾ ਵੱਡੀ ਗਿਣਤੀ ਸ਼ਹਿਰ ਵਾਸੀ ਸਵੇਰੇ ਤੇ ਸ਼ਾਮ ਸਮੇਂ ਸੈਰ ਅਤੇ ਕਸਰਤ ਲਈ ਆਉਂਦੇ ਹਨ। ਇਥੇ ਬਣੇ ਬਾਥਰੂਮਾਂ ਵਿੱਚ ਸਫ਼ਾਈ ਦੇ ਨਾਲ ਨਾਲ ਪੀਣ ਵਾਲੇ ਪਾਣੀ ਦਾ ਵੀ ਢੁਕਵਾਂ ਪ੍ਰਬੰਧ ਯਕੀਨੀ ਬਣਾਇਆ ਜਾਵੇ। ਡਿਪਟੀ ਕਮਿਸ਼ਨਰ ਨੇ ਕੋਚਾਂ ਨੂੰ ਖਿਡਾਰੀਆਂ ਨੂੰ ਮਿਲਣ ਵਾਲੀਆਂ ਸਹੂਲਤਾਂ ਦਾ ਵਿਸ਼ੇਸ਼ ਧਿਆਨ ਦੇਣ ਦੀਆਂ ਹਦਾਇਤ ਕੀਤੀਆਂ। ਉਨ੍ਹਾਂ ਆਨਲਾਈਨ ਮੀਟਿੰਗ ਨਾਲ ਜੁੜੇ ਜ਼ਿਲ੍ਹੇ ਦੇ ਸਮੂਹ ਐਸਡੀਐਮਜ਼ ਪਾਸੋਂ ਪਿੰਡਾਂ ਵਿੱਚ ਖੇਡ ਮੈਦਾਨ ਬਣਾਉਣ ਦੇ ਕੰਮ ਦਾ ਜਾਇਜ਼ਾ ਵੀ ਲਿਆ। ਡਾ. ਪ੍ਰੀਤੀ ਯਾਦਵ ਨੇ ਸਖ਼ਤੀ ਨਾਲ ਕਿਹਾ ਕਿ ਖੇਡ ਮੈਦਾਨਾਂ ਅਤੇ ਸਟੇਡੀਅਮਜ਼ ਵਿੱਚ ਸਫਾਈ ਵਿੱਚ ਕੋਈ ਕਮੀ ਨਾ ਰਹਿ ਜਾਵੇ ਤੇ ਜੇਕਰ ਕੋਈ ਖਾਮੀ ਸਾਹਮਣੇ ਆਈ ਤਾਂ ਸਬੰਧਤ ਅਧਿਕਾਰੀ ਇਸ ਲਈ ਖ਼ੁਦ ਜਿੰਮੇਵਾਰ ਹੋਣਗੇ।