ਪਿੰਡ ਸਹੌਰ ’ਚੋਂ ਚਿੱਪ ਵਾਲਾ ਮੀਟਰ ਲਾਹ ਕੇ ਅਧਿਕਾਰੀਆਂ ਨੂੰ ਸੌਂਪਿਆ
ਮਹਿਲ ਕਲਾਂ (ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਵੱਲੋਂ ਗੁਰਜੰਟ ਸਿੰਘ ਸਹੌਰ ਦੀ ਅਗਵਾਈ ਹੇਠ ਪਾਵਰਕੌਮ ਦੇ ਐੱਸਡੀਓ ਮਹਿਲ ਕਲਾਂ ਜਸਵਿੰਦਰ ਸਿੰਘ ਨੂੰ ਮੰਗ ਪੱਤਰ ਸੌਂਪ ਕੇ ਚਿੱਪ ਵਾਲੇ ਸਮਾਰਟ ਮੀਟਰ ਲਾਉਣ ਦੀ ਬਜਾਇ ਆਮ ਮੀਟਰ ਲਾਏ ਜਾਣ ਦੀ ਮੰਗ ਕੀਤੀ। ਇਸ ਮੌਕੇ ਕਿਸਾਨਾਂ ਵੱਲੋਂ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੀ ਅਗਵਾਈ ਹੇਠ ਪਿੰਡ ਸਹੌਰ ਵਿੱਚ ਪਾਵਰਕੌਮ ਵੱਲੋਂ ਲਾਇਆ ਚਿੱਪ ਵਾਲਾ ਮੀਟਰ ਉਤਾਰ ਕੇ ਸਬ ਡਿਵੀਜ਼ਨ ਗਰਿੱਡ ਮਹਿਲ ਕਲਾਂ ਵਿੱਚ ਸੌਂਪਿਆ। ਇਸ ਮੌਕੇ ਬੀਕੇਯੂ (ਕਾਦੀਆਂ) ਦੇ ਸਰਕਲ ਪ੍ਰਧਾਨ ਸਰਬਜੀਤ ਸਿੰਘ ਸਹੌਰ, ਦਰਬਾਰਾ ਸਿੰਘ ਸਹੌਰ ਤੇ ਕਾਮਰੇਡ ਬਲਵੀਰ ਸਿੰਘ ਆਦਿ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਿਜਲੀ ਦੇ ਨਿੱਜੀਕਰਨ ਦੀ ਨੀਤੀ ਤਹਿਤ ਸੂਬੇ ਦੀਆਂ ਸਾਂਝੀਆਂ ਥਾਵਾਂ ਅਤੇ ਘਰਾਂ ਵਿੱਚ ਚਿੱਪ ਵਾਲੇ ਬਿਜਲੀ ਮੀਟਰ ਲਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਹਰੇਕ ਪਿੰਡ ’ਚ ਇਨ੍ਹਾਂ ਮੀਟਰਾਂ ਦਾ ਡਟਵਾਂ ਵਿਰੋਧ ਕਰਨਗੇ। ਇਸ ਸਬੰਧੀ ਐੱਸਡੀਓ ਜਸਵਿੰਦਰ ਸਿੰਘ ਨੇ ਕਿਹਾ ਕਿ ਸਰਕਾਰ ਦੇ ਹੁਕਮਾਂ ਤਹਿਤ ਹੀ ਇਹ ਬਿਜਲੀ ਮੀਟਰ ਲਾਏ ਜਾ ਰਹੇ ਹਨ।