ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਦਿਆਲੂ

09:14 PM Jun 23, 2023 IST

ਦਿਆਲੂ

Advertisement

ਮੁਹੰਮਦ ਅੱਬਾਸ ਧਾਲੀਵਾਲ

ਘਰ ਦੇ ਦਰਵਾਜ਼ੇ ਦੀ ਘੰਟੀ ਵੱਜੀ ਤਾਂ ਰਸੋਈ ‘ਚ ਭਾਂਡੇ ਮਾਂਜਣ ਵਿੱਚ ਮਸਰੂਫ ਅਰਾਧਨਾ ਨੇ ਫੌਰਨ ਹੱਥ ਧੋਣ ਉਪਰੰਤ ਬਾਹਰਲਾ ਬੂਹਾ ਆ ਖੋਲ੍ਹਿਆ। ਬੂਹਾ ਖੁੱਲ੍ਹਦੇ ਹੀ ਬਾਹਰ ਉਸ ਨੂੰ ਆਪਣੀ ਜਮਾਤਣ ਸਹੇਲੀ ਕੁਲਜੀਤ ਨਜ਼ਰ ਆਈ। ਉਸ ਨੂੰ ਵੇਖ ਕੇ ਉਸ ਦਾ ਮੁਰਝਾਇਆ ਚਿਹਰਾ ਇਕਦਮ ਖ਼ੁਸ਼ੀ ਨਾਲ ਖਿੜ ਗਿਆ।

Advertisement

ਅਰਾਧਨਾ ਹੱਸ ਕੇ ਕੁਲਜੀਤ ਨੂੰ ਗਲਵਕੜੀ ਪਾ ਘਰ ਅੰਦਰ ਲਿਆਉਂਦਿਆਂ ਬੋਲੀ, ”ਅੱਜ ਕਿਧਰੋਂ ਸੂਰਜ ਨਿਕਲ ਆਇਆ?”

ਕੁਲਜੀਤ ਨੇ ਕਿਹਾ, ”ਤੈਨੂੰ ਮਿਲਿਆਂ ਬਹੁਤ ਸਮਾਂ ਹੋ ਗਿਆ ਸੀ। ਅੱਜ ਤੁਹਾਡੇ ਸ਼ਹਿਰ ਆਪਣੀ ਨਨਾਣ ਨੂੰ ਮਿਲਣ ਆਈ ਸਾਂ। ਸੋਚਿਆ, ਤੈਨੂੰ ਵੀ ਮਿਲਦੀ ਜਾਵਾਂ…।”

ਅਰਾਧਨਾ ਨੇ ਕੁਲਜੀਤ ਨਾਲ ਘਰ ਦੀ ਲੌਬੀ ‘ਚ ਪ੍ਰਵੇਸ਼ ਕਰਦਿਆਂ ਕਿਹਾ, ”ਆਹ ਤਾਂ ਤੂੰ ਬਹੁਤ ਹੀ ਵਧੀਆ ਕੀਤਾ… ਤੇਰਾ ਚਿਹਰਾ ਵੇਖ ਕੇ ਜਿਵੇਂ ਸੀਨੇ ਠੰਢ ਪੈ ਗਈ। ਦੱਸ ਹੁਣ ਤੇਰੀ ਕੀ ਸੇਵਾ ਕਰਾਂ?”

ਕੁਲਜੀਤ ਲੌਬੀ ‘ਚ ਲੱਗੇ ਸੋਫੇ ‘ਤੇ ਬੈਠਦਿਆਂ ਤੇ ਅਰਾਧਨਾ ਦਾ ਹੱਥ ਫੜ ਕੇ ਉਸ ਨੂੰ ਆਪਣੇ ਨਾਲ ਬਿਠਾਉਂਦਿਆਂ ਬੋਲੀ, ”ਨਹੀਂ ਅਰਾਧਨਾ, ਮੈਂ ਸਭ ਕੁਝ ਆਪਣੀ ਨਨਾਣ ਘਰੋਂ ਖਾ ਪੀ ਕੇ ਆਈ ਹਾਂ… ਬਸ ਤੈਨੂੰ ਮਿਲਣ ਨੂੰ ਦਿਲ ਕਰਦਾ ਸੀ। ਸੋ ਚਲੀ ਆਈ। ਤੂੰ ਦੱਸ ਆਪਣਾ ਹਾਲ ਚਾਲ ਕਿਵੇਂ ਲੰਘ ਰਹੀ ਹੈ ਜ਼ਿੰਦਗੀ। ਨਾਲੇ ਜੀਜਾ ਜੀ ਕਿੱਥੇ ਨੇ, ਵਿਖਾਈ ਨਹੀਂ ਦੇ ਰਹੇ ਕਿਧਰੇ!”

ਅਰਾਧਨਾ ਨੂੰ ਜਗਜੀਤ ਨਾਲ ਵਿਆਹੀ ਨੂੰ ਕੋਈ ਚਾਲੀ ਸਾਲ ਹੋਣ ਵਾਲੇ ਸਨ, ਪਰ ਇੰਨਾ ਲੰਮਾ ਸਮਾਂ ਇਕੱਠੇ ਰਹਿਣ ਦੇ ਬਾਵਜੂਦ ਹਾਲੇ ਤੱਕ ਉਨ੍ਹਾਂ ਵਿੱਚ ਆਪਸੀ ਸਮਝ ਨਹੀਂ ਬਣ ਸਕੀ ਸੀ। ਸ਼ਾਇਦ ਇਸ ਦਾ ਵੱਡਾ ਕਾਰਨ ਜਗਜੀਤ ‘ਚ ਕੁੱਟ ਕੁੱਟ ਕੇ ਭਰੀ ਹਉਮੈਂ ਸੀ। ਇਸ ਨੂੰ ਅਰਾਧਨਾ ਨੇ ਕਈ ਵਾਰ ਪਾਰ ਕਰਨ ਦੀ ਕੋਸ਼ਿਸ਼ ਵੀ ਕੀਤੀ, ਪਰ ਉਹ ਸਫ਼ਲ ਨਾ ਹੋ ਸਕੀ। ਉਨ੍ਹਾਂ ਦੇ ਦੋ ਪੁੱਤਰ ਸਨ ਜੋ ਵਿਆਹ ਦਿੱਤੇ ਸਨ ਤੇ ਅੱਜਕੱਲ੍ਹ ਦੋਵੇਂ ਬਾਹਰਲੇ ਦੇਸ਼ ਵਿੱਚ ਰਹਿੰਦੇ ਸਨ। ਤਿੰਨ ਕੁ ਸਾਲ ਪਹਿਲਾਂ ਜਗਜੀਤ ਵੀ ਆਪਣੀ ਸਰਕਾਰੀ ਨੌਕਰੀ ਤੋਂ ਸੇਵਾਮੁਕਤ ਹੋ ਗਿਆ ਸੀ। ਸੇਵਾਮੁਕਤ ਹੋਣ ਉਪਰੰਤ ਉਹ ਸ਼ਹਿਰ ‘ਚ ਚੱਲ ਰਹੀਆਂ ਕਈ ਤਰ੍ਹਾਂ ਦੀਆਂ ਸਮਾਜ ਸੇਵੀ ਜਥੇਬੰਦੀਆਂ ਨਾਲ ਜੁੜ ਗਿਆ ਸੀ। ਉਹ ਸਾਰਾ ਦਿਨ ਸੋਸਾਇਟੀਆਂ ਦੇ ਕੰਮਾਂ ਵਿੱਚ ਫਿਰਦਾ ਰਹਿੰਦਾ। ਇਸ ਦੌਰਾਨ ਉਹ ਗ਼ਰੀਬ ਬੱਚਿਆਂ ਨੂੰ ਮੁਫ਼ਤ ਕਿਤਾਬਾਂ ਮੁਹੱਈਆ ਕਰਵਾਉਂਦੇ, ਬੇਸਹਾਰਾ ਤੇ ਵਿਧਵਾ ਔਰਤਾਂ ਦੇ ਘਰੀਂ ਮਹੀਨੇ ਦੀ ਮਹੀਨੇ ਰਾਸ਼ਨ ਦੀਆਂ ਕਿਟਾਂ ਪਹੁੰਚਾਉਂਦੇ। ਇਸ ਤਰ੍ਹਾਂ ਕੁਝ ਹੀ ਸਾਲਾਂ ਵਿੱਚ ਜਗਜੀਤ ਨੇ ਸ਼ਹਿਰ ‘ਚ ਦਿਆਲੂ ਵਿਅਕਤੀ ਦੇ ਰੂਪ ਵਿੱਚ ਆਪਣੀ ਵਧੀਆ ਪਛਾਣ ਬਣਾ ਲਈ ਸੀ।

ਇਧਰ ਅਰਾਧਨਾ ਸਾਰਾ ਦਿਨ ਘਰ ਦੇ ਕੰਮ-ਧੰਦੇ ਲੱਗੀ ਰਹਿੰਦੀ ਤੇ ਕਈ ਵਾਰ ਬਹੁਤ ਜ਼ਿਆਦਾ ਥੱਕ ਟੁੱਟ ਜਾਂਦੀ, ਪਰ ਉਸ ਦੇ ਦੁੱਖ ਦਰਦਾਂ ਨਾਲ ਜਗਜੀਤ ਨੂੰ ਕੋਈ ਬਹੁਤਾ ਸਰੋਕਾਰ ਨਹੀਂ ਸੀ। ਅਰਾਧਨਾ ਨੂੰ ਉਸ ਦੇ ਪੁੱਤਰ ਕਦੀ ਕਦਾਈਂ ਕੁਝ ਪੈਸੇ ਆਪਣੀਆਂ ਪਤਨੀਆਂ ਤੋਂ ਚੋਰੀ ਛੁਪੇ ਭੇਜ ਦਿੰਦੇ। ਜਗਜੀਤ ਜਿਸ ਦੇ ਪੈਸਿਆਂ ‘ਤੇ ਉਸ ਦਾ ਹੱਕ ਸੀ, ਵੱਲੋਂ ਉਸ ਨੂੰ ਇੱਕ ਪੈਸੇ ਨਹੀਂ ਸੀ ਮਿਲਦਾ।

ਵਸਦੇ ਘਰਾਂ ਵਿੱਚ ਰਹਿਣ ਵਾਲੀਆਂ ਔਰਤਾਂ ਦੀਆਂ ਵੀ ਸੌ ਲੋੜਾਂ ਹੁੰਦੀਆਂ ਹਨ, ਘਰ ‘ਚ ਆਉਣ ਵਾਲੇ ਕਿਸੇ ਆਏ ਗਏ ਦੇ ਹੱਥ ਧਰਨੇ ਹੁੰਦੇ ਹਨ ਜਾਂ ਆਪਣੇ ਵਾਸਤੇ ਕੋਈ ਲੀੜਾ-ਕੱਪੜਾ ਲੈਣਾ ਹੁੰਦਾ ਹੈ। ਇਹ ਸਭ ਜਾਣਦਿਆਂ ਵੀ ਜਗਜੀਤ ਅਰਾਧਨਾ ਨੂੰ ਕੋਈ ਪੈਸਾ ਦਿੰਦਾ ਨਹੀਂ ਸੀ। ਜੇਕਰ ਸਬਜ਼ੀ ਭਾਜੀ ਲਿਆਉਣ ਲਈ ਉਸ ਨੂੰ ਪੈਸੇ ਦੇ ਵੀ ਦਿੰਦਾ ਤਾਂ ਪਾਈ ਪਾਈ ਦਾ ਹਿਸਾਬ ਲੈਂਦਾ। ਅੱਜ ਵੀ ਹੁਣ ਜਦੋਂ ਕੁਲਜੀਤ ਅਰਾਧਨਾ ਕੋਲ ਆਈ ਸੀ ਤਾਂ ਉਸ ਦੇ ਆਉਣ ਤੋਂ ਪਹਿਲਾਂ ਦਾ ਜਗਜੀਤ ਕਿਤੇ ਗਿਆ ਹੋਇਆ ਸੀ। ਇਸੇ ਕਾਰਨ ਅਰਾਧਨਾ ਨੇ ਕੁਲਜੀਤ ਨੂੰ ਜਗਜੀਤ ਦੇ ਸੰਦਰਭ ਵਿੱਚ ਮਾਯੂਸੀ ਭਰੇ ਲਹਿਜੇ ‘ਚ ਇਹੋ ਕਿਹਾ, ”ਮੈਨੂੰ ਕਿਹੜਾ ਦੱਸ ਕੇ ਜਾਂਦੇ ਹਨ… ਗਏ ਹੋਣਗੇ ਕਿਧਰੇ ਆਪਣੇ ਸੋਸ਼ਲ ਵੈੱਲਫੇਅਰ ਦੇ ਮੈਂਬਰ ਦੋਸਤਾਂ ਨਾਲ, ਕਿਸੇ ਵਿਧਵਾ ਯਤੀਮ ਦੀ ਮਦਦ ਕਰਨ।”

ਕੁਲਜੀਤ ਖ਼ੁਸ਼ੀ ਜ਼ਾਹਰ ਕਰਦਿਆਂ ਆਖਣ ਲੱਗੀ, ”ਇਹ ਤਾਂ ਚੰਗੀ ਗੱਲ ਏ… ਭਲਾ ਇਹਦੇ ‘ਚ ਦੁਖੀ ਹੋਣ ਦੀ ਕੀ ਲੋੜ ਹੈ ਤੈਨੂੰ!”

ਅਰਾਧਨਾ ਆਪਣੀ ਅੰਦਰੂਨੀ ਪੀੜਾ ਨੂੰ ਸਹੇਲੀ ਸਾਹਮਣੇ ਪ੍ਰਗਟਾਉਂਦਿਆਂ ਹੰਝੂ ਭਰੀਆਂ ਅੱਖਾਂ ਨਾਲ ਬੋਲੀ, ”ਕੁਲਜੀਤ ਇਹ ਵੀ ਕਿਧਰਲੀ ਦਿਆਲਤਾ ਹੈ ਕਿ ਪਤਨੀ ਦੀਆਂ ਜ਼ਰੂਰਤਾਂ ਨੂੰ ਨਜ਼ਰਅੰਦਾਜ਼ ਕਰ ਕੇ ਅਸੀਂ ਸਮਾਜ ਸੇਵੀ ਅਖਵਾਉਂਦੇ ਫਿਰੀਏ।” ਥੋੜ੍ਹਾ ਰੁਕ ਕੇ ਫਿਰ ਆਖਣ ਲੱਗੀ, ”ਇੱਕ ਨੌਕਰਾਣੀ ਨੂੰ ਵੀ ਜੇਕਰ ਆਪਾਂ ਘਰ ਚ’ ਰੱਖਦੇ ਹਾਂ ਤਾਂ ਉਸ ਨੂੰ ਵੀ ਮਹੀਨੇ ਦਾ ਪੰਦਰਾਂ ਸੌ ਦੋ ਹਜ਼ਾਰ ਦਿੰਦੇ ਹਾਂ… ਪਰ ਮੇਰੇ ਵੱਲ ਵੇਖ.. ਘਰ ਦੇ ਸਾਰੇ ਕੰਮ ਕਰਦੀ ਹਾਂ ਖਾਣਾ ਬਣਾਉਂਦੀ ਹਾਂ, ਭਾਂਡੇ ਮਾਂਜਦੀ ਹਾਂ, ਕੱਪੜੇ ਧੋਂਦੀ ਹਾਂ ਤੇ ਘਰ ਦਾ ਸਾਰਾ ਝਾੜੂ ਪੋਚਾ ਕਰਦੀ ਹਾਂ… ਪਰ ਮੇਰੀ ਹਥੇਲੀ ‘ਤੇ ਇੱਕ ਪੈਸਾ ਵੀ ਨਹੀਂ ਧਰਦੇ ਤੇਰੇ ਜੀਜਾ ਜੀ।”

ਕੁਲਜੀਤ ਅਰਾਧਨਾ ਨਾਲ ਸਹਿਮਤੀ ਜਤਾਉਂਦਿਆਂ ਬੋਲੀ, ”ਇਹ ਤਾਂ ਸੱਚਮੁੱਚ ਬੜੀ ਮਾੜੀ ਗੱਲ ਹੈ ਜੱਗੀ ਲਈ… ਉਸ ਨੂੰ ਸਭ ਤੋਂ ਪਹਿਲਾਂ ਆਪਣੇ ਘਰ ਪਰਿਵਾਰ ਦੇ ਹੱਕਾਂ ਦਾ ਖ਼ਿਆਲ ਰੱਖਣਾ ਚਾਹੀਦਾ ਹੈ। ਸਮਾਜ ਸੇਵੀ ਬਣਨਾ ਬਾਅਦ ਦੀ ਗੱਲ ਹੈ।”

ਅਰਾਧਨਾ ਉਦਾਸੀ ਭਰੇ ਲਹਿਜੇ ‘ਚ ਆਖਣ ਲੱਗੀ, ”ਕੁਲਜੀਤ! ਰੋਣਾ ਇਸੇ ਗੱਲ ਦਾ ਏ… ਆਪਣੇ ਆਪ ਨੂੰ ਦਿਆਲੂ ਅਖਵਾਉਣ ਲਈ… ਸਵੇਰੇ ਹੀ ਨਿਕਲ ਜਾਂਦੇ ਨੇ… ਤੇ ਫਿਰ ਅਕਸਰ ਦੇਰ ਰਾਤ ਘਰ ਆਉਂਦੇ ਨੇ। ਹੁਣ ਤੂੰ ਹੀ ਦੱਸ ਭਲਾ ਇਹ ਕਿਧਰ ਦੀ ਦਿਆਲਤਾ ਹੈ ਕਿ ਪਤਨੀ ਨੂੰ ਤਾਂ ਪੈਸੇ ਪੈਸੇ ਦੀ ਮੁਥਾਜ ਕਰ ਦੇਵੋ… ਤੇ ਖ਼ੁਦ ਫੋਕੀ ਵਾਹ-ਵਾਹ ਲਈ ਖ਼ੁਦ ਨੂੰ ਲੋਕਾਂ ‘ਤੇ ਲੁਟਾਉਂਦੇ ਫਿਰੋ।”

ਇੰਨੇ ਨੂੰ ਦਰਵਾਜ਼ੇ ਦੀ ਘੰਟੀ ਵੱਜੀ। ਅਰਾਧਨਾ ਆਪਣੀ ਗੱਲ ਵਿਚਾਲੇ ਹੀ ਛੱਡ ਕੇ ਦਰਵਾਜ਼ਾ ਖੋਲ੍ਹਣ ਲਈ ਚਲੀ ਗਈ। ਇਧਰ ਸੋਫੇ ‘ਤੇ ਬੈਠੀ ਕੁਲਜੀਤ ਜਦੋਂ ਬਾਹਰੋਂ ਆਉਂਦੇ ਜਗਜੀਤ ਨੂੰ ਵੇਖਦੀ ਹੈ ਤਾਂ ਪਤਾ ਨਹੀਂ ਕਿਉਂ ਉਸ ਨੂੰ ਉਸ ਦਾ ਉੱਚਾ ਲੰਮਾ ਕੱਦ ਅਰਾਧਨਾ ਤੋਂ ਕਿਤੇ ਛੋਟਾ ਨਜ਼ਰ ਆਉਂਦਾ ਹੈ।

ਸੰਪਰਕ: 98552-59650

* * *

ਸੱਚ ਦੀ ਰਾਹ ‘ਤੇ ਤੁਰਦਿਆਂ

ਪ੍ਰਤਾਪ ‘ਪਾਰਸ’ ਗੁਰਦਾਸਪੁਰੀ

ਜੇਲ੍ਹ ਗਏ ਮੱਘਰ ਸਿੰਘ ਦੇ ਪਿੱਛੋਂ ਹੀ ਫ਼ੌਜ ਵਿੱਚ ਭਰਤੀ ਹੋਇਆ ਪੁੱਤਰ ਅੱਜ ਛੁੱਟੀ ਆ ਰਿਹਾ ਸੀ। ਉਸ ਨੂੰ ਚੌਦਾਂ ਸਾਲਾਂ ਬਾਅਦ ਪਹਿਲੀ ਵਾਰ ਗਲ਼ ਨਾਲ ਲਗਾਉਣ ਦੇ ਚਾਅ ਨੇ ਮੱਘਰ ਸਿੰਘ ਨੂੰ ਸਾਰੀ ਰਾਤ ਸੌਣ ਨਹੀਂ ਦਿੱਤਾ। ਦਿਨ ਚੜ੍ਹਦੇ ਹੀ ਛੇਤੀ-ਛੇਤੀ ਡੰਗਰ ਵੱਛੇ ਨੂੰ ਪੱਠੇ-ਦੱਥੇ ਪਾ ਕੇ ਅਤੇ ਚਾਹ ਦਾ ਕੱਪ ਪੀ ਕੇ ਸਾਈਕਲ ਫੜ੍ਹ ਪਿੰਡੋਂ ਹਟਵੇਂ ਸ਼ਹਿਰੋਂ ਆਉਂਦੀ ਮੁੱਖ ਸੜਕ ‘ਤੇ ਬਣੇ ਛੋਟੇ ਜਿਹੇ ਬੱਸ ਅੱਡੇ ਉੱਤੇ ਜਾ ਪਹੁੰਚਿਆ। ਬੱਸ ਅੱਡੇ ਉੱਤੇ ਬਣੇ ਸੀਮਿੰਟ ਦੇ ਬੈਂਚ ਉੱਤੇ ਬੈਠਾ-ਬੈਠਾ ਮੱਘਰ ਸਿੰਘ ਆਪਣੇ ਅਤੀਤ ਵਿੱਚ ਗੁਆਚ ਗਿਆ।

ਮੱਘਰ ਸਿੰਘ ਇੱਕ ਮੱਧਵਰਗੀ ਪਰਿਵਾਰ ਵਿੱਚ ਪੈਦਾ ਹੋਇਆ ਸੀ ਜਿਸ ਦਾ ਸੁਪਨਾ ਸੀ ਕਿ ਉਹ ਪੜ੍ਹਾਈ ਕਰਕੇ ਕੁਝ ਨਾ ਕੁਝ ਜ਼ਰੂਰ ਬਣੇਗਾ, ਪਰ ਆਰਥਿਕ ਤੰਗੀਆਂ ਕਰਕੇ ਉਹ ਸਿਰਫ਼ ਪੰਜ ਜਮਾਤਾਂ ਤੱਕ ਹੀ ਪੜ੍ਹਾਈ ਕਰ ਸਕਿਆ ਸੀ। ਮਾਪਿਆਂ ਨੇ ਉਸ ਨੂੰ ਪੜ੍ਹਾਉਣ ਦੀ ਬਜਾਏ ਖੇਤੀਬਾੜੀ ਦੇ ਕੰਮ ਵਿੱਚ ਲਗਾ ਦਿੱਤਾ। ਉਸ ਦਾ ਪਿੰਡ ਪਾਕਿਸਤਾਨ ਨਾਲ ਲੱਗਦੀ ਸਰਹੱਦ ਦੇ ਨੇੜੇ ਪੈਂਦਾ ਸੀ। ਖੇਤੀਬਾੜੀ ਦੇ ਕੰਮ-ਕਾਜ ਕਰਨ ਲਈ ਉਸ ਨੂੰ ਬਾਰਡਰ ‘ਤੇ ਪੈਂਦੇ ਖੇਤਾਂ ਵਿੱਚ ਜਾਣਾ ਪੈਂਦਾ। ਉਸ ਵਕਤ ਸਰਹੱਦ ‘ਤੇ ਕੰਡਿਆਲੀ ਤਾਰ ਨਹੀਂ ਲੱਗੀ ਹੋਈ ਸੀ ਜਿਸ ਕਰਕੇ ਲੋਕ ਆਮ ਹੀ ਉਰਵਾਰ-ਪਾਰ ਚਲੇ ਜਾਇਆ ਕਰਦੇ ਸਨ। ਉਹ ਜਦੋਂ ਆਪਣੀਆਂ ਅੱਖਾਂ ਸਾਹਮਣੇ ਨਸ਼ੇ ਅਤੇ ਹਥਿਆਰਾਂ ਦੀ ਤਸਕਰੀ ਹੁੰਦੀ ਵੇਖਦਾ ਤਾਂ ਉਸ ਦਾ ਦਿਲ ਬਹੁਤ ਦੁਖੀ ਹੁੰਦਾ। ਉਹ ਇਹ ਹੀ ਸੋਚਦਾ ਕਿ ਇਹ ਨਸ਼ੇ ਅਤੇ ਹਥਿਆਰ ਮੇਰੇ ਪੰਜਾਬ ਦੀ ਜਵਾਨੀ ਨੂੰ ਗਲਤ ਦਿਸ਼ਾ ਵੱਲ ਤੋਰ ਰਹੇ ਹਨ। ਉਹ ਬਹੁਤ ਕੁਝ ਕਰਨਾ ਚਹੁੰਦਾ, ਪਰ ਬੁਰਾ ਅੰਜਾਮ ਸੋਚ ਕੇ ਚੁੱਪ ਕਰਕੇ ਬੈਠ ਜਾਂਦਾ। ਜਵਾਨ ਹੋਇਆ ਮੱਘਰ ਸਿੰਘ ਆਪਣੇ ਦਿਲ ਵਿੱਚ ਲੱਖਾਂ ਖ਼ਿਆਲ ਸਮੋਈ ਚੁੱਪ-ਚੁੱਪ ਰਹਿੰਦਾ। ਮਾਪਿਆਂ ਨੇ ਉਸ ਦੀ ਉਦਾਸੀ ਦਾ ਸਹੀ ਕਾਰਨ ਜਾਣੇ ਬਿਨਾਂ ਹੀ ਉਸ ਦੇ ਮੇਚ ਦਾ ਰਿਸ਼ਤਾ ਲੱਭ ਕੇ ਉਸ ਦਾ ਵਿਆਹ ਕਰ ਦਿੱਤਾ ਪਰ ਵਿਆਹ ਵੀ ਉਸ ਦੀ ਬੇਚੈਨੀ ਅਤੇ ਉਦਾਸੀ ਦੂਰ ਨਾ ਕਰ ਸਕਿਆ। ਵਿਆਹ ਤੋਂ ਸਾਲ ਬਾਅਦ ਹੀ ਮੱਘਰ ਸਿੰਘ ਦੇ ਘਰ ਪੁੱਤਰ ਕਿਰਨਦੀਪ ਸਿੰਘ ਨੇ ਜਨਮ ਲੈ ਲਿਆ। ਕੁਝ ਸਮਾਂ ਮੱਘਰ ਸਿੰਘ ਉਸ ਪਰਮਾਤਮਾ ਵੱਲੋਂ ਪ੍ਰਾਪਤ ਹੋਈ ਪੁੱਤਰ ਦੀ ਦਾਤ ਕਰਕੇ ਪਰਿਵਾਰ ਵਿੱਚ ਖ਼ੁਸ਼ ਰਹਿਣ ਲੱਗ ਪਿਆ। ਉਸ ਨੇ ਕਿਰਨਦੀਪ ਨੂੰ ਤਿੰਨ ਸਾਲ ਦਾ ਹੁੰਦਿਆਂ ਹੀ ਪਿੰਡ ਨੇੜੇ ਪੈਂਦੇ ਇੱਕ ਕਸਬੇ ਦੇ ਅੰਗਰੇਜ਼ੀ ਸਕੂਲ ਵਿੱਚ ਪੜ੍ਹਨ ਲਈ ਦਾਖ਼ਲ ਕਰਵਾ ਦਿੱਤਾ। ਉਸ ਨੇ ਕਿਰਨਦੀਪ ਨਾਲ ਆਪਣੇ ਖੁਸ਼ਹਾਲ ਪਰਿਵਾਰ ਦੇ ਸੁਪਨੇ ਸਜਾਉਣੇ ਸ਼ੁਰੂ ਕਰ ਦਿੱਤੇ ਪਰ ਜਦੋਂ ਉਸ ਦੀਆਂ ਅੱਖਾਂ ਅੱਗੇ ਸਰਹੱਦ ਤੋਂ ਹੁੰਦੀ ਨਸ਼ੇ ਅਤੇ ਹਥਿਆਰਾਂ ਦੀ ਤਸਕਰੀ ਦੇ ਦ੍ਰਿਸ਼ ਘੁੰਮਦੇ ਤਾਂ ਉਹ ਖ਼ੁਸ਼ ਹੁੰਦਾ-ਹੁੰਦਾ ਇਕਦਮ ਉਦਾਸ ਅਤੇ ਭੈਅਭੀਤ ਹੋ ਜਾਂਦਾ। ਉਹ ਸੋਚਦਾ ਕਿ ਕਿਤੇ ਕਿਰਨਦੀਪ ਵੱਡਾ ਹੋ ਕੇ ਇਸ ਅਪਰਾਧ ਦੀ ਦੁਨੀਆਂ ਵਿੱਚ ਸ਼ਾਮਿਲ ਨਾ ਹੋ ਜਾਵੇ। ਇਸ ਕਸ਼ਮਕਸ਼ ਵਿੱਚ ਉਸ ਦੀ ਜ਼ਿੰਦਗੀ ਦੇ ਦਸ-ਗਿਆਰਾਂ ਸਾਲ ਬੀਤ ਗਏ। ਹੁਣ ਕਿਰਨਦੀਪ ਅੱਠਵੀਂ ਜਮਾਤ ਵਿੱਚ ਸੀ ਤੇ ਉਹ ਗਲੀਆਂ-ਮੋੜਾਂ ਉੱਤੇ ਮੁੰਡਿਆਂ ਨਾਲ ਬਹਿੰਦਾ-ਉੱਠਦਾ ਇਸ ਤਸਕਰੀ ਦੇ ਹੁੰਦੇ ਕਾਲੇ ਕਾਰਿਆਂ ਬਾਰੇ ਜਾਣ ਕੇ ਆਪਣੇ ਪਿਤਾ ਤੋਂ ਸਵਾਲ ਪੁੱਛਣ ਲੱਗ ਪਿਆ ਸੀ। ਮੱਘਰ ਸਿੰਘ ਇਸ ਬਰਬਾਦੀ ਦੀ ਅੱਗ ਦਾ ਸੇਕ ਆਪਣੇ ਘਰ ਨੂੰ ਆਉਂਦਾ ਵੇਖ ਹੁਣ ਆਪਣੀ ਜ਼ਮੀਰ ਦੀ ਆਵਾਜ਼ ਨੂੰ ਹੋਰ ਨਾ ਦਬਾ ਸਕਿਆ। ਉਸ ਨੇ ਤਸਕਰੀ ਦੀ ਮੁਖ਼ਬਰੀ ਪੁਲੀਸ ਕੋਲ ਕਰ ਦਿੱਤੀ। ਪੁਲੀਸ ਨੇ ਮੱਘਰ ਸਿੰਘ ਨੂੰ ਤਸਕਰਾਂ ਦੀ ਤਸਕਰੀ ਦੇ ਰਸਤੇ ਤੇ ਸਮੇਂ ਦੀ ਸਹੀ ਜਾਣਕਾਰੀ ਹਾਸਿਲ ਕਰ ਕੇ ਇਤਲਾਹ ਕਰਨ ਨੂੰ ਕਿਹਾ।

ਉਸ ਸਮੇਂ ਅੱਜ ਵਾਂਗ ਡਰੋਨਾਂ ਰਾਹੀਂ ਨਹੀਂ ਸਗੋਂ ਸਰਹੱਦ ਤੋਂ ਜ਼ਮੀਨੀ ਰਸਤੇ ਹੀ ਤਸਕਰੀ ਹੋਇਆ ਕਰਦੀ ਸੀ।

ਉਸ ਨੂੰ ਯਾਦ ਆ ਰਿਹਾ ਸੀ ਕਿ ਉਹ ਦਿਨ ਉਸ ਦੀ ਜ਼ਿੰਦਗੀ ਦਾ ਕੇਹਾ ਕਾਲਾ ਦਿਨ ਸੀ ਜਿਸ ਦਿਨ ਉਸ ਨੇ ਥਾਣੇਦਾਰ ਕੋਲ ਜਾ ਕੇ ਉਸ ਰਾਤ ਹੋ ਰਹੀ ਤਸਕਰੀ ਦੀ ਪੂਰੀ-ਪੂਰੀ ਜਾਣਕਾਰੀ ਦੇ ਦਿੱਤੀ ਸੀ ਕਿ ਪਿੰਡ ਦੇ ਫਲਾਣੇ-ਫਲਾਣੇ ਬੰਦੇ ਇਸ ਸਮੇਂ, ਇਸ ਰਸਤੇ ਨਸ਼ੇ ਅਤੇ ਹਥਿਆਰਾਂ ਦੀ ਗ਼ੈਰ ਕਾਨੂੰਨੀ ਖੇਪ ਲੈ ਕੇ ਆ ਰਹੇ ਹਨ। ਪੁਲੀਸ ਨੇ ਕਾਰਵਾਈ ਕਰਦਿਆਂ ਨਾਜ਼ਾਇਜ ਅਸਲੇ ਸਮੇਤ ਅਫੀਮ ਦੇ ਪੈਕਟ ਤਾਂ ਫੜ ਲਏ, ਪਰ ਤਸਕਰ ਭੱਜ ਨਿਕਲੇ। ਤਸਕਰ ਭੱਜਣ ਦਾ ਰਾਜ਼ ਮੱਘਰ ਸਿੰਘ ਨੂੰ ਅਜੇ ਤੱਕ ਸਮਝ ਨਹੀਂ ਆਇਆ ਸੀ। ਕੁਝ ਸਮੇਂ ਬਾਅਦ ਹੀ ਥਾਣੇਦਾਰ ਉਸ ਨੂੰ ਘਰੋਂ ਇਹ ਕਹਿ ਕੇ ਲੈ ਗਿਆ ਕਿ ਤੈਨੂੰ ਵੱਡੇ ਸਾਬ੍ਹ ਨੂੰ ਮਿਲਾਉਣਾ ਹੈ। ਮੱਘਰ ਸਿੰਘ ਸੋਚ ਰਿਹਾ ਸੀ ਕਿ ਸ਼ਾਇਦ ਕੋਈ ਇਨਾਮ ਵਗੈਰਾ ਦੇਣਾ ਹੋਵੇਗਾ, ਪਰ ਉਸ ਦੇ ਪੈਰਾਂ ਹੇਠੋਂ ਉਸ ਵੇਲੇ ਜ਼ਮੀਨ ਨਿਕਲ ਗਈ ਜਦੋਂ ਤਸਕਰੀ ਦਾ ਸਾਰਾ ਮਾਲ ਉਸ ਉੱਤੇ ਪਾ ਕੇ ਉਸ ਨੂੰ ਹਵਾਲਾਤ ਵਿੱਚ ਬੰਦ ਕਰ ਦਿੱਤਾ। ਦਿਨ ਚੜ੍ਹੇ ਤੋਂ ਇਹ ਖ਼ਬਰ ਸਾਰੇ ਇਲਾਕੇ ਵਿੱਚ ਫੈਲ ਗਈ। ਸਾਰੇ ਲੋਕ ਉਸ ਦੇ ਇਸ ਕਾਰੇ ‘ਤੇ ਹੈਰਾਨ ਹੋ ਗਏ। ਮੱਘਰ ਸਿੰਘ ਨੂੰ ਕੁਝ ਦਿਨਾਂ ਬਾਅਦ ਹੀ ਜੇਲ੍ਹ ਭੇਜ ਦਿੱਤਾ ਗਿਆ। ਇਸ ਅਣਹੋਣੀ ਨੂੰ ਸਹਿਣ ਨਾ ਕਰਦੀ ਹੋਈ ਮੱਘਰ ਸਿੰਘ ਦੀ ਪਤਨੀ ਨੂੰ ਅਧਰੰਗ ਦਾ ਦੌਰਾ ਪੈ ਗਿਆ ਜਿਸ ਕਰਕੇ ਉਸ ਦਾ ਇੱਕ ਪਾਸਾ ਪੱਕੇ ਤੌਰ ‘ਤੇ ਨਕਾਰਾ ਹੋ ਗਿਆ ਤੇ ਉਹ ਮੰਜੇ ਉੱਤੇ ਪੈ ਗਈ। ਕਿਰਨਦੀਪ ਮਾਂ ਦੀ ਦੇਖਭਾਲ ਕਰਦਾ ਅਤੇ ਨਾਲ-ਨਾਲ ਪੜ੍ਹਾਈ ਕਰਦਾ ਹੋਇਆ ਬਾਰ੍ਹਵੀਂ ਕਰ ਕੇ ਫ਼ੌਜ ਵਿੱਚ ਭਰਤੀ ਹੋ ਗਿਆ। ਘਰ ਆਪਣੀ ਮਾਂ ਦੀ ਸੇਵਾ ਲਈ ਆਪਣੀ ਮਾਸੀ ਦੀ ਧੀ ਨੂੰ ਛੱਡ ਕੇ ਆਪ ਟਰੇਨਿੰਗ ਲਈ ਚਲਾ ਗਿਆ।

ਦੂਜੇ ਪਾਸੇ ਸਮਾਂ ਆਪਣੀ ਚਾਲੇ ਚੱਲਦਾ ਰਿਹਾ ਸੀ, ਮੱਘਰ ਸਿੰਘ ਦੀ ਜ਼ਮਾਨਤ ਹੀ ਨਾ ਹੋ ਸਕੀ ਤੇ ਉਸ ਨੂੰ ਚੌਦਾਂ ਸਾਲ ਕੈਦ ਹੋ ਗਈ।

ਮੱਘਰ ਸਿੰਘ ਜੇਲ੍ਹ ਵਿੱਚ ਜਾ ਕੇ ਆਪਣੇ ਨਾਲ ਹੋਈ ਬੇਇਨਸਾਫ਼ੀ ਕਰਕੇ ਹੋਰ ਖ਼ਾਮੋਸ਼ ਹੋ ਗਿਆ। ਉਹ ਨਿੱਤਨੇਮ ਕਰਦਾ ਤੇ ਆਪਣੇ ਵੰਡੇ ਆਇਆ ਕੰਮ ਬਿਨਾਂ ਕਿਸੇ ਨਾਲ ਬੋਲੇ ਨਿਪਟਾ ਕੇ ਆਪਣੀ ਬੈਰਕ ਵਿੱਚ ਚਲਾ ਜਾਂਦਾ। ਓਧਰ ਮੱਘਰ ਸਿੰਘ ਦਾ ਵਾਰਡਨ ਉਸ ਦੇ ਇਸ ਤਰ੍ਹਾਂ ਦੇ ਰਹਿਣ-ਸਹਿਣ ਤੇ ਰੋਜ਼ਮਰ੍ਹਾ ਦੀ ਕਾਰਵਾਈ ਨੂੰ ਵੇਖ ਕੇ ਇਹ ਮਹਿਸੂਸ ਕਰਦਾ ਕਿ ਇਸ ਬੰਦੇ ਨਾਲ ਜ਼ਰੂਰ ਕੋਈ ਬੇਇਨਸਾਫ਼ੀ ਹੋਈ ਲੱਗਦੀ ਹੈ, ਇੰਨਾ ਸ਼ਾਂਤ-ਚਿੱਤ ਆਦਮੀ ਕਦੇ ਕੋਈ ਅਜਿਹਾ ਅਪਰਾਧ ਨਹੀਂ ਕਰ ਸਕਦਾ। ਇੱਕ ਦਿਨ ਵਾਰਡਨ ਨੇ ਮੱਘਰ ਸਿੰਘ ਨੂੰ ਉਸ ਦੇ ਕੇਸ ਦੀ ਕਹਾਣੀ ਜਾਣਨ ਲਈ ਉਸ ਨੂੰ ਆਪਣੇ ਕੋਲ ਬਿਠਾ ਲਿਆ ਤੇ ਕਿਹਾ, ”ਵੇਖ ਮੱਘਰ ਸਿੰਘ, ਮੇਰੀ ਪੱਚੀ ਸਾਲ ਦੀ ਨੌਕਰੀ ਇਸ ਜੇਲ੍ਹ ਵਿੱਚ ਹੀ ਲੰਘੀ ਏ। ਪਤਾ ਨਹੀਂ ਮੇਰਾ ਮਨ ਕਿਉਂ ਕਹਿੰਦਾ ਏ ਕਿ ਤੂੰ ਇਹ ਅਪਰਾਧ ਨਹੀਂ ਕੀਤਾ ਹੋਵੇਗਾ। ਕੀ ਤੂੰ ਮੈਨੂੰ ਆਪਣੇ ਕੇਸ ਬਾਰੇ ਦੱਸ ਸਕਦਾ ਏਂ?”

”ਦੇਖੋ ਭਰਾ ਜੀ, ਅਪਰਾਧ ਕੀਤਾ ਚਾਹੇ ਨਹੀਂ ਕੀਤਾ ਇਸ ਦਾ ਹੁਣ ਕੋਈ ਅਰਥ ਨਹੀਂ ਰਿਹਾ। ਮੈਂ ਅਦਾਲਤ ਦੁਆਰਾ ਦੋਸ਼ੀ ਪਾਇਆ ਗਿਆ ਹਾਂ ਤੇ ਬੱਸ ਦੋਸ਼ੀ ਹਾਂ।” ਮੱਘਰ ਸਿੰਘ ਨੇ ਬੱਸ ਇੰਨਾ ਹੀ ਜਵਾਬ ਦਿੱਤਾ।

ਫਿਰ ਵਾਰਡਨ ਦੇ ਜ਼ਿੱਦ ਕਰਨ ‘ਤੇ ਉਸ ਨੇ ਆਪਣੇ ਨਾਲ ਹੋਈ ਸਾਰੀ ਆਪਬੀਤੀ ਦੱਸੀ।

”ਓ ਮੇਰੇ ਮਾਲਕਾ! ਇਹ ਲੋਕ ਕਿੱਥੇ ਲੇਖਾ ਦੇਣਗੇ!” ਵਾਰਡਨ ਇੰਨਾ ਹੀ ਕਹਿ ਸਕਿਆ।

ਵਾਰਡਨ ਨੇ ਮੱਘਰ ਸਿੰਘ ਦੇ ਘਰ ਦਾ ਪਤਾ ਲੈ ਕੇ ਉਸ ਦੀ ਸਮੇਂ-ਸਮੇਂ ‘ਤੇ ਲੋੜੀਂਦੀ ਮਦਦ ਕਰਕੇ ਇਨਸਾਨੀਅਤ ਦਾ ਫ਼ਰਜ਼ ਨਿਭਾਅ ਕੇ ਪੁਲੀਸ ਮਹਿਕਮੇ ਵੱਲੋਂ ਕੀਤੀ ਬੇਇਨਸਾਫ਼ੀ ਦਾ ਕੁਝ ਨਾ ਕੁਝ ਹਿਸਾਬ ਚੁਕਾਉਣ ਦੀ ਕੋਸ਼ਿਸ਼ ਕੀਤੀ।

ਉਸ ਸਾਰੇ ਸਮਾਜਿਕ ਤੰਤਰ ਨਾਲ ਖਫ਼ਾ ਮੱਘਰ ਸਿੰਘ ਪੁੱਤਰ ਦੇ ਭਰਤੀ ਹੋਣ ਮਗਰੋਂ ਹੀ ਕੈਦ ਕੱਟ ਕੇ ਘਰ ਵਾਪਸ ਆਇਆ ਸੀ। ਬੇਸ਼ੱਕ ਕਿਰਨਦੀਪ ਛੁੱਟੀ ਆਏ ਤੋਂ ਜੇਲ੍ਹ ਵਿੱਚ ਜਾ ਕੇ ਆਪਣੇ ਪਿਤਾ ਨਾਲ ਇੱਕ-ਦੋ ਵਾਰ ਮੁਲਾਕਾਤ ਕਰ ਆਉਂਦਾ ਸੀ।

ਉਸ ਦੀਆਂ ਅੱਖਾਂ ਅੱਗੇ ਉਹ ਦ੍ਰਿਸ਼ ਵੀ ਆ ਰਹੇ ਸਨ ਜਦੋਂ ਉਹ ਆਪਣੇ ਪੁੱਤਰ ਕਿਰਨਦੀਪ ਨੂੰ ਇਸ ਬੱਸ ਸਟਾਪ ‘ਤੇ ਹੀ ਉਸ ਦੇ ਸਕੂਲ ਜਾਂਦੀ ਬੱਸ ਚੜ੍ਹਾਉਣ ਅਤੇ ਲੈਣ ਲਈ ਆਪਣੇ ਸਾਈਕਲ ‘ਤੇ ਆਇਆ ਕਰਦਾ ਸੀ ਤੇ ਕਿਵੇਂ ਕਿਰਨਦੀਪ ਸਕੂਲ ਦੀ ਬੱਸ ਵਿੱਚ ਬੈਠਾ ਦੂਰ ਤੱਕ ਉਸ ਨੂੰ ਵੇਖਦਾ-ਵੇਖਦਾ ਸਕੂਲ ਜਾਂਦਾ ਸੀ।

ਸੀਮਿੰਟ ਦੇ ਬੈਂਚ ‘ਤੇ ਬੈਠੇ ਖ਼ਿਆਲਾਂ ਵਿੱਚ ਗੁਆਚੇ ਮੱਘਰ ਸਿੰਘ ਨੂੰ ਪਤਾ ਹੀ ਨਾ ਲੱਗਾ ਕਦੋਂ ਕਿਰਨਦੀਪ ਨੇ ਕੋਲ ਆ ਕੇ ਉਸ ਨੂੰ ਕਲਾਵੇ ਵਿੱਚ ਲੈ ਕੇ ਉਸ ਦੇ ਖ਼ਿਆਲਾਂ ਦੀ ਲੜੀ ਤੋੜ ਦਿੱਤੀ।

ਆਪਣੇ ਬਾਪੂ ਨਾਲ ਹੋਈ ਬੇਇਨਸਾਫ਼ੀ ਕਰਕੇ ਕੁਝ ਸ਼ਬਦ ਅੱਖੀਆਂ ਵਿੱਚੋਂ ਵਹਿੰਦੇ ਹੰਝੂਆਂ ਨਾਲ ਆਪਮੁਹਾਰੇ ਹੀ ਪੁੱਤਰ ਦੇ ਮੂੰਹੋਂ ਨਿਕਲ ਗਏ, ”ਬਾਪੂ, ਮੈਂ ਤਰਸ ਗਿਆ ਸੀ ਤੈਨੂੰ ਗਲ ਨਾਲ ਲਾਉਣ ਲਈ। ਮੈਂ ਇੱਕ ਇੱਕ ਦਿਨ ਸਾਲਾਂ ਵਾਂਗ ਗੁਜ਼ਾਰਿਆ ਈ। ਸਾਡੇ ਨਾਲ ਏਡਾ ਧੱਕਾ। ਬਾਪੂ ਵਕਤ ਦੀ ਇਹ ਕੈਸੀ ਚਾਲ ਸੀ ਸਮਾਜ ਦੀ ਚਿੰਤਾ ਕਰਨ ਵਾਲਾ ਹੀ ਇਸ ਸਿਸਟਮ ਨੇ ਅਪਰਾਧੀ ਬਣਾ ਦਿੱਤਾ।” ਕਿਰਨਦੀਪ ਨੇ ਬਾਪੂ ਨੂੰ ਬਾਹਾਂ ਵਿੱਚ ਇੰਨੇ ਜ਼ੋਰ ਦੀ ਘੁੱਟ ਲਿਆ ਜਿਵੇਂ ਉਹ ਚੌਦਾਂ ਸਾਲਾਂ ਦੇ ਵਿਛੋੜੇ ਦੀ ਅੱਗ ਇੱਕ ਵਾਰ ਵਿੱਚ ਹੀ ਠਾਰਨੀ ਚਾਹੁੰਦਾ ਹੋਵੇ।

”ਵੇਖ ਪੁੱਤਰ! ਅੱਜ ਮੈਨੂੰ ਜ਼ਿੰਦਗੀ ਦੇ ਕੀਮਤੀ ਚੌਦਾਂ ਸਾਲ ਅਤੇ ਆਪਣਾ ਸਾਫ਼-ਸੁਥਰਾ ਅਕਸ ਗੁਆਉਣ ਦਾ ਵੀ ਦੁੱਖ ਨਹੀਂ ਹੋ ਰਿਹਾ ਕਿਉਂਕਿ ਜੇਕਰ ਮੈਂ ਸਾਰੀਆਂ ਮਾਵਾਂ ਦੇ ਪੁੱਤਰ ਅਪਰਾਧ ਦੀ ਦੁਨੀਆਂ ‘ਚੋਂ ਨਹੀਂ ਕੱਢ ਸਕਿਆ ਘੱਟ ਤੋਂ ਘੱਟ ਤੈਨੂੰ ਆਪਣੇ ਪੁੱਤਰ ਨੂੰ ਅਪਰਾਧ ਦੀ ਦੁਨੀਆਂ ਤੋਂ ਬਚਾ ਕੇ ਦੇਸ਼ ਦੀ ਸੇਵਾ ਲਈ ਫ਼ੌਜ ਵਿੱਚ ਭਰਤੀ ਹੋਇਆ ਵੇਖ ਕੇ ਖ਼ੁਸ਼ ਹਾਂ। ਮੈਨੂੰ ਇਸ ਗੱਲ ਦਾ ਪੂਰਾ ਵਿਸ਼ਵਾਸ ਹੈ ਕਿ ਜਿਸ ਬਾਰਡਰ ‘ਤੇ ਮੇਰਾ ਕਿਰਨਦੀਪ ਖੜ੍ਹਾ ਹੋਵੇਗਾ ਉਸ ਤੋਂ ਕਦੇ ਵੀ ਕਿਸੇ ਕਿਸਮ ਦੀ ਤਸਕਰੀ ਨਹੀਂ ਹੋ ਸਕੇਗੀ।” ਆਖਦਿਆਂ ਮੱਘਰ ਸਿੰਘ ਨੇ ਖ਼ੁਸ਼ੀ ਨਾਲ ਛਲਕੀਆਂ ਅੱਖਾਂ ਸਾਫ਼ ਕੀਤੀਆਂ।

ਸਾਈਕਲ ਦੇ ਕੈਰੀਅਰ ‘ਤੇ ਫ਼ੌਜੀ ਪੁੱਤਰ ਦਾ ਬੈਗ ਬੰਨ੍ਹ ਤੇ ਸਾਈਕਲ ਦੇ ਅਗਲੇ ਡੰਡੇ ‘ਤੇ ਕਿਰਨਦੀਪ ਨੂੰ ਬਿਠਾ ਕੇ ਅੱਜ ਮੱਘਰ ਸਿੰਘ ਜ਼ਿੰਦਗੀ ਦੇ ਚੌਦਾਂ ਸਾਲ ਪਿੱਛੇ ਪਹੁੰਚ ਇਸ ਤਰ੍ਹਾਂ ਮਹਿਸੂਸ ਕਰ ਰਿਹਾ ਸੀ ਜਿਵੇਂ ਉਹ ਆਪਣੇ ਪੁੱਤਰ ਨੂੰ ਸਕੂਲ ਤੋਂ ਘਰ ਲੈ ਕੇ ਜਾ ਰਿਹਾ ਹੋਵੇ।

ਮੱਘਰ ਸਿੰਘ ਨੂੰ ਪਤਾ ਹੀ ਨਾ ਲੱਗਾ ਕਦੋਂ ਹੱਸਦੇ ਖੇਡਦੇ ਕਿਰਨਦੀਪ ਦੀ ਦੋ ਮਹੀਨੇ ਦੀ ਛੁੱਟੀ ਖ਼ਤਮ ਹੋ ਗਈ। ਚਾਵਾਂ-ਸੱਧਰਾਂ ਨਾਲ ਉਹ ਆਪਣੇ ਫ਼ੌਜੀ ਪੁੱਤਰ ਨੂੰ ਸ਼ਹਿਰ ਜਾ ਕੇ ਨਵੀਂ ਪੋਸਟਿੰਗ ਜੰਮੂ ਕਸ਼ਮੀਰ ਲਈ ਬੱਸ ਚੜ੍ਹਾ ਆਇਆ।

ਜ਼ਿੰਦਗੀ ਕੁਝ ਰਵਾਂ ਹੋ ਗਈ। ਹੁਣ ਕਿਰਨਦੀਪ ਦਾ ਹਫ਼ਤੇ-ਦਸ ਦਿਨ ਬਾਅਦ ਆਪਣੇ ਮਾਤਾ-ਪਿਤਾ ਨੂੰ ਗੁਆਂਢ ਵਿੱਚ ਲੱਗੇ ਲੈਂਡਲਾਈਨ ਫ਼ੋਨ ‘ਤੇ ਫ਼ੋਨ ਆ ਜਾਂਦਾ ਜਿਸ ਨੂੰ ਸੁਣ ਕੇ ਮੱਘਰ ਸਿੰਘ ਤੇ ਉਸ ਦੀ ਪਤਨੀ ਜਿਉਣ ਜੋਗੇ ਹੋ ਜਾਂਦੇ।

ਇੱਕ ਦਿਨ ਮੱਘਰ ਸਿੰਘ ਨੂੰ ਗੁਆਢੀਆਂ ਘਰੋਂ ਆਵਾਜ਼ ਆਈ ਕਿ ਕਿਰਨਦੀਪ ਦਾ ਫੋਨ ਆਇਆ ਹੈ।”

ਮੱਘਰ ਸਿੰਘ ਦਾ ਫ਼ੋਨ ਸੁਣਦੇ ਸਾਰ ਹੀ ਸੀਨਾ ਫ਼ਖ਼ਰ ਨਾਲ ਚੌੜਾ ਹੋ ਗਿਆ। ਕਿਰਨਦੀਪ ਦੇ ਕੰਪਨੀ ਕਮਾਂਡਰ ਨੇ ਦੱਸਿਆ, ”ਤੁਹਾਡੇ ਬੇਟੇ ਦਾ ਨਾਂ ਗਲੈਂਟਰੀ ਮੈਡਲ ਲਈ ਨਾਮ ਨਾਮਜ਼ਦ ਹੋ ਗਿਆ ਹੈ। ਬਹੁਤ-ਬਹੁਤ ਮੁਬਾਰਕਾਂ। ਇਸ ਨੇ ਰਾਤ ਸਮੇਂ ਡਿਊਟੀ ਦੌਰਾਨ ਪਾਕਿਸਤਾਨ ਵਾਲੇ ਪਾਸਿਓਂ ਆ ਰਹੇ ਤਿੰਨ ਤਸਕਰਾਂ ਨੂੰ ਨਸ਼ੀਲੇ ਪਦਾਰਥਾਂ ਅਤੇ ਨਾਜਾਇਜ਼ ਅਸਲੇ ਦੀ ਖੇਪ ਸਮੇਤ ਗ੍ਰਿਫ਼ਤਾਰ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਇੱਕ ਵਾਰ ਫੇਰ ਮੁਬਾਰਕਾਂ ਸਰਦਾਰ ਸਾਹਿਬ।”

ਫ਼ੋਨ ਸੁਣਨ ਤੋਂ ਬਾਅਦ ਮੱਘਰ ਸਿੰਘ ਇਸ ਤਰ੍ਹਾਂ ਮਹਿਸੂਸ ਕਰ ਰਿਹਾ ਸੀ ਜਿਵੇਂ ਉਸ ਦੇ ਪੁੱਤਰ ਨੇ ਉਸ ਦੇ ਮੱਥੇ ‘ਤੇ ਲੱਗਿਆ ਤਸਕਰੀ ਦਾ ਦਾਗ਼ ਧੋ ਦਿੱਤਾ ਹੋਵੇ।

ਸੰਪਰਕ: 99888-11681

* * *

ਸਿਰਦਰਦ

ਪ੍ਰੋ. ਨਵ ਸੰਗੀਤ ਸਿੰਘ

ਚਾਹ ਦੀ ਦੁਕਾਨ ਦਾ ਮਾਲਕ ਸਵੇਰ ਤੋਂ ਰੁੱਝਿਆ ਹੋਇਆ ਸੀ। ਸ਼ਨਿੱਚਰਵਾਰ ਦਾ ਦਿਨ ਸੀ ਅਤੇ ਗਾਹਕ ਲਗਾਤਾਰ ਆ ਰਹੇ ਸਨ। ਉਹ ਗਾਹਕਾਂ ਨੂੰ ਸਵੇਰ ਤੋਂ ਸੰਭਾਲ ਰਿਹਾ ਸੀ। ਸ਼ਾਮ ਹੁੰਦੇ-ਹੁੰਦੇ ਉਹਦੇ ਸਿਰ ਵਿੱਚ ਦਰਦ ਹੋਣ ਲੱਗਿਆ। ਜਿਉਂ-ਜਿਉਂ ਸਮਾਂ ਬੀਤਦਾ ਗਿਆ, ਉਸ ਦਾ ਸਿਰ ਦਰਦ ਤੇਜ਼ ਹੁੰਦਾ ਗਿਆ। ਜਦੋਂ ਉਸ ਨੂੰ ਸਿਰ ਫਟਣ ਵਰਗਾ ਮਹਿਸੂਸ ਹੋਣ ਲੱਗਿਆ ਤਾਂ ਉਹਨੇ ਆਪਣੇ ਨੌਕਰ ਨੂੰ ਦੁਕਾਨ ਸੰਭਾਲਣ ਨੂੰ ਕਿਹਾ ਤੇ ਆਪ ਦਵਾਈ ਲੈਣ ਚਲਾ ਗਿਆ।

ਉਹ ਗਲੀ ਦੇ ਸਾਹਮਣੇ ਵਾਲੀ ਦੁਕਾਨ ‘ਤੇ ਗਿਆ। ਸਿਰ ਦਰਦ ਦੀ ਇੱਕ ਗੋਲੀ ਖਰੀਦੀ ਅਤੇ ਖਾ ਲਈ। ਗੋਲੀ ਖਾਣ ਪਿੱਛੋਂ ਉਹਨੂੰ ਤਸੱਲੀ ਹੋਈ ਕਿ ਹੁਣ ਕੁਝ ਦੇਰ ਨੂੰ ਉਹਦਾ ਸਿਰ ਦਰਦ ਦੂਰ ਹੋ ਜਾਵੇਗਾ।

ਜਦੋਂ ਉਹ ਉੱਥੋਂ ਜਾਣ ਲੱਗਿਆ ਤਾਂ ਉਸ ਨੇ ਦੁਕਾਨ ਦੇ ਸੇਲਜ਼ਮੈਨ ਤੋਂ ਪੁੱਛਿਆ, ”ਸ਼ਰਮਾ ਜੀ ਕਿੱਥੇ ਨੇ, ਅੱਜ ਦੁਕਾਨ ‘ਤੇ ਨਜ਼ਰ ਨਹੀਂ ਆ ਰਹੇ!” ਸੇਲਜ਼ਮੈਨ ਨੇ ਦੱਸਿਆ, ”ਸ਼ਰਮਾ ਜੀ ਦੇ ਸਿਰ ‘ਚ ਬੜਾ ਤੇਜ਼ ਦਰਦ ਹੋ ਰਿਹਾ ਸੀ, ਇਸ ਲਈ ਉਹ ਸਾਹਮਣੇ ਦੀ ਦੁਕਾਨ ‘ਤੇ ਚਾਹ ਪੀਣ ਗਏ ਨੇ। ਕਹਿੰਦੇ ਸਨ ਕਿ ਇੱਕ ਕੱਪ ਗਰਮਾ-ਗਰਮ ਚਾਹ ਪੀਣ ਨਾਲ ਉਨ੍ਹਾਂ ਦਾ ਸਿਰ ਦਰਦ ਠੀਕ ਹੋ ਜਾਵੇਗਾ।”

ਇਹ ਸੁਣ ਕੇ ਚਾਹ ਦੀ ਦੁਕਾਨ ਦਾ ਮਾਲਕ ਹੈਰਾਨ ਰਹਿ ਗਿਆ।

ਸੱਚ ਹੈ ਕਿ ਅਸੀਂ ਚੈਨ-ਸਕੂਨ ਬਾਹਰ ਲੱਭਦੇ ਹਾਂ, ਪਰ ਉਹ ਹਮੇਸ਼ਾ ਸਾਡੇ ਆਸ-ਪਾਸ ਹੀ ਹੁੰਦਾ ਹੈ, ਸਾਡੇ ਅੰਦਰ ਹੀ ਹੁੰਦਾ ਹੈ।

ਸੰਪਰਕ: 94176-92015

* * *

ਆਲ੍ਹਣੇ

ਗੁਰਦਿੱਤ ਸਿੰਘ ਸੇਖੋਂ

”ਆਹ ਮਾਰ ਯਾਰ ਦੇਸੂ, ਟਾਹਲੀ ਦੀ ਜੜ੍ਹ ‘ਚ ਕਹੀ। ਐਵੇਂ ਗੁਆਂਢੀ ਹਿੱਸਾ ਭਾਲਣਗੇ ਨਾ ਵੱਟ ਵੱਢ ਹੋਣੀ ਐ।” ਵੱਟ ਕੋਲ ਕਹੀ ਲਈ ਖੜ੍ਹੇ ਦੇਸੂ ਸੀਰੀ ਨੂੰ ਪ੍ਰੀਤਮ ਸਿੰਘ ਨੇ ਪਰਾਲੀ ਨੂੰ ਸੀਖ ਲਗਾਉਂਦਿਆਂ ਕਿਹਾ।

”ਚਾਚਾ ਪ੍ਰੀਤਮਾ, ਆਹ ਭਾਂਬੜ ਉੱਠ ਖੜ੍ਹਿਆ। ਟਟੀਹਰੀ ਨੇ ਆਂਡੇ ਰੱਖੇ ਸੀ ਇਹਦੇ ‘ਚ। ਛੇਤੀ ਦੇਣੀ ਆਂਡਿਆਂ ਨੂੰ ਚੁੱਕ ਕੇ ਕਿਤੇ ਹੋਰ ਰੱਖਦੀਏ,” ਦੇਸੂ ਨੇ ਘਬਰਾਹਟ ਵਿੱਚ ਪਰਾਲੀ ਫਰੋਲਣੀ ਸ਼ੁਰੂ ਕਰ ਦਿੱਤੀ।

”ਓ ਰਹਿਣ ਦੇ ਦੇਸੂ ਕਾਹਨੂੰ ਟਾਈਮ ਖ਼ਰਾਬ ਕਰਦੈਂ। ਆ ਜਾ ਪਿੰਡ ਕਲੱਬ ਆਲਿਆਂ ਨਾਲ ਆਲਣੇ ਟੰਗਾਉਣੇ ਨੇ ਪੰਛੀਆਂ ਵਾਸਤੇ। ਕਰੀਏ ਕੋਈ ਪੁੰਨ ਦਾ ਕੰਮ। ਨਾਲੇ ਆ ਕੇ ਆਹ ਨਿੰਮ ਵੀ ਪੱਟਣੈ। ਆ ਜਾ ਚੱਲੀਏ। ਮੈਂ ਕੀੜਿਆਂ ਦੇ ਭੌਣ ‘ਤੇ ਚੌਲ ਪਾਉਣੇ ਵੀ ਭੁੱਲ ਗਿਆ ਸੀ।” ਪ੍ਰੀਤਮ ਸਿੰਘ ਨੇ ਦੇਸੂ ਨੂੰ ਇੱਕੋ ਸਾਹ ਕਈ ਕੰਮ ਗਿਣਾਉਂਦਿਆਂ ਮੋਟਰਸਾਈਕਲ ਦੀ ਕਿੱਕ ਮਾਰੀ ਤੇ ਚੱਲ ਪਿਆ। ਸੜਦੀ ਪਰਾਲੀ ਦੇਖ ਟਟੀਹਰੀ ਸ਼ੋਰ ਪਾ ਰਹੀ ਸੀ।

ਸੰਪਰਕ: 97811-72781

Advertisement