ਦਸ ਦਿਨ ਬੀਤਣ ’ਤੇ ਵੀ ਨਾ ਸੁਲਝਿਆ ਸਹਾਇਕ ਪ੍ਰੋਫੈਸਰਾਂ ਦੀ ਬਹਾਲੀ ਦਾ ਮੁੱਦਾ
ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 10 ਜੂਨ
ਇੱਥੇ ਅਕਾਲ ਡਿਗਰੀ ਕਾਲਜ ਫਾਰ ਵਿਮੈਨ ਅੱਗੇ ਰੋਸ ਧਰਨੇ ‘ਤੇ ਬੈਠੇ ਸਹਾਇਕ ਪ੍ਰੋਫੈਸਰਾਂ ਦਾ ਮਾਮਲਾ ਦਸ ਦਿਨ ਬੀਤਣ ਦੇ ਬਾਵਜੂਦ ਅਜੇ ਤੱਕ ਕਿਸੇ ਤਣ ਪੱਤਣ ਲਈ ਲੱਗਿਆ। ਸਹਾਇਕ ਪ੍ਰੋਫੈਸਰ ਆਪਣੀਆਂ ਸੇਵਾਵਾਂ ਅਚਨਚੇਤ ਖਤਮ ਕਰਨ ਤੋਂ ਖਫ਼ਾ ਹਨ ਅਤੇ ਦਸ ਦਿਨਾਂ ਤੋਂ ਕਾਲਜ ਮੈਨੇਜਮੈਂਟ ਖ਼ਿਲਾਫ਼ ਰੋਸ ਧਰਨੇ ‘ਤੇ ਡਟੇ ਹੋਏ ਹਨ। ਭਾਵੇਂ ਕਿ ਸਹਾਇਕ ਪ੍ਰੋਫੈਸਰਾਂ ਵਲੋਂ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਦੇ ਭਰੋਸੇ ‘ਤੇ ਪੰਜਵੇਂ ਦਿਨ ਲੜੀਵਾਰ ਭੁੱਖ ਹੜਤਾਲ ਮੁਲਤਵੀ ਕਰ ਦਿੱਤੀ ਸੀ ਅਤੇ ਵਿਧਾਇਕ ਭਰਾਜ ਵਲੋਂ ਸਹਾਇਕ ਪ੍ਰੋਫੈਸਰਾਂ ਦੇ ਵਫ਼ਦ ਦੀ ਡੀਪੀਆਈ ਕਾਲਜਾਂ ਨਾਲ ਮੀਟਿੰਗ ਵੀ ਕਰਵਾ ਦਿੱਤੀ ਸੀ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ।
ਅੱਜ 10ਵੇਂ ਦਿਨ ਰੋਸ ਧਰਨੇ ‘ਚ ਦੇਸ਼ ਭਗਤ ਕਾਲਜ ਬਰੜਵਾਲ ਧੂਰੀ ਦੇ ਪ੍ਰੋਫੈਸਰਾਂ ਅਤੇ ਪੰਜਾਬ ਸਟੂਡੈਂਟਸ ਯੂਨੀਅਨ ਰੰਧਾਵਾ ਨੇ ਸ਼ਮੂਲੀਅਤ ਕੀਤੀ। ਇਸ ਤੋਂ ਇਲਾਵਾ ਭਾਕਿਯੂ ਏਕਤਾ ਉਗਰਾਹਾਂ ਅਤੇ ਭਾਕਿਯੂ ਏਕਤਾ ਅਜ਼ਾਦ ਵੀ ਸਹਾਇਕ ਪ੍ਰੋਫੈਸਰਾਂ ਦੇ ਸਮਰਥਨ ਵਿਚ ਹਨ ਅਤੇ ਕਿਸਾਨ ਰੋਸ ਧਰਨੇ ‘ਚ ਹਾਜ਼ਰੀ ਭਰ ਰਹੇ ਹਨ। ਕਿਸਾਨਾਂ ਵਲੋਂ ਸਹਾਇਕ ਪ੍ਰੋਫੈਸਰਾਂ ਨੂੰ ਸੇਵਾਵਾਂ ਤੋਂ ਫਾਰਗ ਕਰਨ ਦੇ ਫੈਸਲੇ ਦੀ ਨਿਖੇਧੀ ਕਰਦਿਆਂ ਮੰਗਾਂ ਪੂਰੀਆਂ ਹੋਣ ਤੱਕ ਧਰਨੇ ਨੂੰ ਸਮਰਥਨ ਦੇਣ ਦਾ ਮਤਾ ਵੀ ਪਾਸ ਕੀਤਾ ਗਿਆ। ਸਹਾਇਕ ਪ੍ਰੋਫੈਸਰਾਂ ਵਰਿੰਦਰ ਕੁਮਾਰ, ਸੰਦੀਪ ਕੌਰ, ਡਾ. ਕਰਮਜੀਤ ਕੌਰ, ਡਾ. ਸੋਨੀਆ ਅਤੇ ਦੀਪਾਂਸ਼ੂ ਨੇ ਕਿਹਾ ਕਿ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਵੱਲੋਂ ਡੀਪੀਆਈ ਕਾਲਜਾਂ ਨਾਲ ਮੀਟਿੰਗ ਕਰਵਾਈ ਸੀ ਪਰ ਇਸ ਮੀਟਿੰਗ ‘ਚ ਕੋਈ ਹੱਲ ਨਹੀਂ ਨਿਕਲਿਆ ਅਤੇ ਭਰੋਸੇ ਦੇ ਬਾਵਜੂਦ ਸਰਕਾਰ ਨੇ ਅਜੇ ਅੱਗੇ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ। ਸਹਾਇਕ ਪ੍ਰੋਫੈਸਰਾਂ ਨੇ ਮੰਗ ਕੀਤੀ ਕਿ ਉਨ੍ਹਾਂ ਦੀਆਂ ਸੇਵਾਵਾਂ ਤੁਰੰਤ ਬਹਾਲ ਕੀਤੀਆਂ ਜਾਣ। ਸਹਾਇਕ ਪ੍ਰੋਫੈਸਰਾਂ ਨੇ ਕਿਹਾ ਕਿ ਜੇਕਰ ਕਾਲਜ ਮੈਨੇਜਮੈਂਟ ਬੀਏ ਕੋਰਸ ਨੂੰ ਚਲਾਉਣ ਤੋਂ ਅਸਮਰੱਥ ਹੈ ਤਾਂ ਪੰਜਾਬ ਸਰਕਾਰ ਕਾਲਜ ਨੂੰ ਆਪਣੇ ਅਧੀਨ ਲੈ ਲਏ। ਉਨ੍ਹਾਂ ਕਿਹਾ ਕਿ ਸੇਵਾਵਾਂ ਦੀ ਬਹਾਲੀ ਤੱਕ ਰੋਸ ਧਰਨਾ ਲਗਾਤਾਰ ਜਾਰੀ ਰਹੇਗਾ। ਜੇਕਰ ਜਲਦੀ ਸੁਣਵਾਈ ਨਾ ਹੋਈ ਤਾਂ ਮੁੜ ਭੁੱਖ ਹੜਤਾਲ ਸ਼ੁਰੂ ਕੀਤੀ ਜਾਵੇਗੀ।