ਸਿੱਖਿਆ ਦੇ ਖੇਤਰ ’ਚ ਕ੍ਰਾਂਤੀ ਆਈ: ਰਹਿਮਾਨ
ਸੰਦੌੜ, 28 ਅਪਰੈਲ
ਵਿਧਾਇਕ ਜਮੀਲ-ਉਰ-ਰਹਿਮਾਨ ਨੇ ਹਲਕਾ ਮਾਲੇਰਕੋਟਲਾ ਦੇ ਪਿੰਡ ਮਹੋਲੀ ਖੁਰਦ ਅਤੇ ਮਹੋਲੀ ਕਲਾਂ ਵਿੱਚ 23 ਲੱਖ 5 ਹਜ਼ਾਰ ਦੀ ਲਾਗਤ ਨਾਲ ਸਰਕਾਰੀ ਸਕੂਲਾਂ ’ਚ ਕੀਤੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ। ਇਸ ਮੌਕੇ ਵਿਧਾਇਕ ਮਾਲੇਰਕੋਟਲਾ ਦੀ ਪਤਨੀ ਫਰਿਆਲ ਰਹਿਮਾਨ ਵੀ ਹਾਜ਼ਰ ਸਨ। ਜਮੀਲ-ਉਰ-ਰਹਿਮਾਨ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਵਿੱਚ ਸ਼ੁਰੂ ਹੋਈ ‘ਪੰਜਾਬ ਸਿੱਖਿਆ ਕ੍ਰਾਂਤੀ’ ਨਾਲ ਸੂਬੇ ਦੇ 12 ਹਜ਼ਾਰ ਸਰਕਾਰੀ ਸਕੂਲਾਂ ਵਿੱਚ ਇਤਿਹਾਸਕ ਇਨਕਲਾਬ ਦੀ ਸ਼ੁਰੂਆਤ ਹੋਈ ਹੈ ਅਤੇ ਪੰਜਾਬ ਸਰਕਾਰ ਨੇ ਸੂਬੇ ਦੇ ਇਤਿਹਾਸ ਵਿੱਚ ਪਹਿਲੀ ਵਾਰ ਸਿੱਖਿਆ ਦੇ ਖੇਤਰ ਵਿੱਚ 12 ਫ਼ੀਸਦੀ ਬਜਟ ਦਾ ਵਾਧਾ ਕਰਕੇ ਇਤਿਹਾਸ ਸਿਰਜਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿਚ ਅਧਿਆਪਕਾਂ ਦੀ ਘਾਟ ਪੂਰੀ ਕਰਨ ਲਈ ਕਰੀਬ 20 ਹਜ਼ਾਰ ਅਧਿਆਪਕਾਂ ਦੀ ਭਰਤੀ ਕੀਤੀ ਗਈ ਹੈ ਅਤੇ ਸਕੂਲ ਆਫ਼ ਐਮੀਨੈਂਸ ਦੇ ਵਿਦਿਆਰਥੀਆਂ ਨੂੰ ਆਈਏਐੱਸ., ਆਈਪੀਐੱਸ, ਪੀਸੀਐੱਸ ਤੇ ਆਈਆਈਟੀ ਆਦਿ ਉੱਚ ਵਿਸ਼ਿਆਂ ਸਬੰਧੀ ਸਿੱਖਿਆ ਪ੍ਰਦਾਨ ਕਰਕੇ ਉਨ੍ਹਾਂ ਦਾ ਭਵਿੱਖ ਉੱਜਲ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੀਆਂ ਸਿੱਖਿਆ ਵਿਰੋਧੀ ਨੀਤੀਆਂ ਕਾਰਨ ਸੂਬੇ ਦੇ ਸਰਕਾਰੀ ਸਕੂਲ ਮਾੜੀ ਹਾਲਤ ਵਿੱਚ ਪਹੁੰਚ ਗਏ ਸਨ ਅਤੇ ਲੋਕ ਵੀ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਾਉਣ ਨੂੰ ਤਰਜੀਹ ਦੇਣ ਲੱਗ ਪਏ ਸਨ ਪਰ ਹੁਣ ਮੁੜ ਸਰਕਾਰੀ ਸਕੂਲਾਂ ਵਿੱਚ ਦਾਖ਼ਲੇ ਵਧੇ ਹਨ। ਇਸ ਮੌਕੇ ਪਿੰਡ ਮਹੋਲੀ ਖੁਰਦ ਦੇ ਸਰਪੰਚ ਰੇਸ਼ਮਪਾਲ ਸਿੰਘ ਵੱਲੋਂ ਵਿਧਾਇਕ ਦਾ ਸਨਮਾਨ ਕੀਤਾ ਗਿਆ।