ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪਹਿਲਾ ਮਰਣਿ ਕਬੂਲਿ

12:32 PM Feb 02, 2023 IST

ਕੈਫ਼ੀ ਕੌਣ

Advertisement

ਪੰਦਰਾਂ ਦਸੰਬਰ 2021, ਪਿਛਲੀ ਰਾਤ ਹਾਲੇ ਖ਼ਤਮ ਨਹੀਂ ਸੀ ਹੋਈ, ਅਗਲੀ ਸਵੇਰ ਹਾਲੇ ਸ਼ੁਰੂ ਨਹੀਂ ਸੀ ਹੋਈ। ਅਚਾਨਕ ਬੇਚੈਨੀ ਜਿਹੀ ਮਹਿਸੂਸ ਹੋਈ ਤੇ ਮੈਨੂੰ ਜਾਗ ਆ ਗਈ। ਆਦਤਨ, ਫ਼ੋਨ ਚੁੱਕ ਕੇ ਸਮਾਂ ਵੇਖਿਆ, ਸਵੇਰ ਦੇ 2 ਵੱਜ ਕੇ 14 ਮਿੰਟ ਹੋਏ ਸੀ।

ਪਤਾ ਨਹੀਂ ਕਿਉਂ, ਸਮਾਂ ਵੇਖਦਿਆਂ ਹੀ ਇਹ ਖ਼ਿਆਲ ਜ਼ਿਹਨ ਵਿਚ ਆਇਆ ਕਿ ਇਸ ਪਲ ਤੋਂ ਬਾਅਦ ਮੇਰੇ ਕੋਲ ਪੂਰਾ ਇਕ ਸਾਲ ਦਾ ਸਮਾਂ ਹੈ। ਠੀਕ ਇਕ ਸਾਲ ਬਾਅਦ 2022 ਦੇ ਦਸੰਬਰ ਮਹੀਨੇ ਦੀ 15 ਤਰੀਕ ਨੂੰ ਸਵੇਰ ਦੇ 2 ਵੱਜ ਕੇ 14 ਮਿੰਟ ‘ਤੇ ਮੈਂ ਇਸ ਦੁਨੀਆ ਨੂੰ ਅਲਵਿਦਾ ਕਹਿਣਾ ਹੈ।

Advertisement

ਬੜਾ ਅਜੀਬ ਜਿਹਾ ਖ਼ਿਆਲ ਸੀ। ਸ਼ਾਇਦ ਮੈਂ ਚਾਹੁੰਦਾ ਤਾਂ ਇਸ ਨੂੰ ਇਕ ਵਹਿਮ, ਬੁਰਾ ਖ਼ੁਆਬ ਜਾਂ ਮਜ਼ਾਕ ਸਮਝ ਕੇ ਖ਼ਾਰਿਜ ਕਰ ਸਕਦਾ ਸੀ, ਪਰ ਮੈਂ ਨਹੀਂ ਕੀਤਾ। ਪਤਾ ਨਹੀਂ ਕਿਉਂ ਨਹੀਂ ਕੀਤਾ। ਮੈਂ ਇਸ ਖ਼ਿਆਲ ਨੂੰ ਇਕ ਭਵਿੱਖਵਾਣੀ ਸਮਝ ਲਿਆ, ਇਸ ਨੂੰ ਹੋਣ ਵਾਲਾ ਸੱਚ ਮੰਨ ਲਿਆ। ਸ਼ਾਇਦ ਮੈਂ ਇਸ ਨੂੰ ਹੋਣ ਵਾਲਾ ਸੱਚ ਮੰਨਣਾ ਚਾਹੁੰਦਾ ਸੀ।

ਮੈਂ ਖ਼ੁਦ ਨੂੰ ਇਹੀ ਸਮਝਾਇਆ ਕਿ ਜ਼ਿੰਦਗੀ ਨੇ ਮੈਨੂੰ ਮੌਕਾ ਦੇ ਦਿੱਤਾ ਹੈ ਕਿ ਮੈਂ ਉਹ ਸਾਰੇ ਕੰਮ ਕਰ ਲਵਾਂ ਜੋ ਮੈਂ ਕਰਨਾ ਚਾਹੁੰਦਾ ਸੀ ਪਰ ਕਰ ਨਹੀਂ ਪਾ ਰਿਹਾ ਸੀ, ਜਾਂ ਟਾਲਦਾ ਆ ਰਿਹਾ ਸੀ। ਸੋ, ਸਭ ਤੋਂ ਪਹਿਲਾਂ ਮੈਂ ਉਨ੍ਹਾਂ ਸਾਰੇ ਕੰਮਾਂ ਦੀ ਸੂਚੀ ਬਣਾਈ। ਆਪਣੇ ਸਾਰੇ ਲੈਣੇ ਦੇਣੇ ਦਾ ਹਿਸਾਬ ਲਾਇਆ। ਮੈਨੂੰ ਲੱਗਿਆ ਕਿ ਨੌਕਰੀ ਤੋਂ ਮਿਲਣ ਵਾਲਾ ਪੈਸਾ ਇੰਨਾ ਨਹੀਂ ਕਿ ਕਰਜ਼ੇ ਉਤਾਰਨ ਤੋਂ ਬਾਅਦ ਕੁਝ ਖ਼ਾਸ ਬਚੇ। ਇਸ ਲਈ ਮੈਂ ਬੀਮਾ ਕਰਵਾਇਆ, ਜਿੰਨਾ ਵੱਧ ਤੋਂ ਵੱਧ ਕਰਵਾ ਸਕਦਾ ਸੀ, ਕਰਵਾ ਲਿਆ। ਹੁਣ ਘੱਟੋ-ਘੱਟ ਪੈਸਿਆਂ ਵੱਲੋਂ ਮੈਂ ਬੇਟੀਆਂ ਦੇ ਭਵਿੱਖ ਬਾਰੇ ਬੇਫ਼ਿਕਰ ਸੀ। ਬਾਕੀ ਸਾਰੇ ਹਿਸਾਬ ਕਿਤਾਬ ਵੀ ਇਕ ਕਾਗਜ਼ ‘ਤੇ ਲਿਖ ਕੇ ਰੱਖ ਦਿੱਤੇ। ਕਿਸ ਨੂੰ ਕਿੰਨੇ ਪੈਸੇ ਦਿੱਤੇ ਜਾਣ, ਕਿਵੇਂ ਦਿੱਤੇ ਜਾਣ। ਆਪਣੀ ਨਿਸ਼ਾਨੀ ਦੇ ਤੌਰ ‘ਤੇ ਸਭ ਲਈ ਕੁਝ ਤੋਹਫ਼ੇ ਵੀ ਖ਼ਰੀਦ ਕੇ ਰੱਖ ਦਿੱਤੇ। ਪਤਾ ਨਹੀਂ ਅਸੀਂ ਇਹ ਕਿਉਂ ਚਾਹੁੰਦੇ ਹਾਂ ਕਿ ਸਾਨੂੰ ਯਾਦ ਰੱਖਿਆ ਜਾਵੇ?

ਮੈਂ ਚਾਹੁੰਦਾ ਸੀ ਕਿ ਇਸ ਸਾਲ ਦੇ ਵਿਚ ਮੈਂ ਆਪਣੇ ਸਾਰੇ ਦੋਸਤਾਂ ਤੇ ਰਿਸ਼ਤੇਦਾਰਾਂ ਨੂੰ ਮਿਲ ਸਕਾਂ। ਕੋਸ਼ਿਸ਼ ਵੀ ਕੀਤੀ ਤੇ ਕਈਆਂ ਨੂੰ ਮਿਲ ਵੀ ਲਿਆ ਪਰ ਕਈਆਂ ਨੂੰ ਮਿਲਣਾ ਸੰਭਵ ਨਹੀਂ ਸੀ। ਉਨ੍ਹਾਂ ਨਾਲ ਵੀ ਇਕ ਵਾਰ ਫੋਨ ਰਾਹੀਂ ਵੀਡੀਓ ਕਾਲ ਹੋ ਗਈ। ਹਾਲਾਂਕਿ ਅਜੇ ਵੀ ਕੁਝ ਦੋਸਤ ਰਹਿ ਗਏ, ਪਰ ਫਿਰ ਵੀ ਕਾਫ਼ੀ ਹੱਦ ਤਕ ਮੈਂ ਇਹ ਸੂਚੀ ਮੁਕੰਮਲ ਕਰ ਲਈ ਸੀ।

ਮੇਰੀ ਇਕ ਖ਼ਾਹਿਸ਼ ਕੁਝ ਖ਼ਾਸ ਸ਼ਹਿਰਾਂ ਤੇ ਥਾਵਾਂ ਨੂੰ ਵੇਖਣ ਦੀ ਸੀ। ਲੇਹ ਲੱਦਾਖ, ਲਾਹੌਲ ਸਪਿਤੀ, ਖਜਿਆਰ, ਕਸ਼ਮੀਰ, ਗੋਆ, ਰੇਗਿਸਤਾਨ, ਸਵਿਟਜ਼ਰਲੈਂਡ ਤੇ ਪਾਕਿਸਤਾਨ। ਪਰ ਮੈਂ ਜਾਣਦਾ ਸੀ ਕਿ ਇਹ ਖ਼ਾਹਿਸ਼ ਤਾਂ ਕਿਸੇ ਵੀ ਤਰ੍ਹਾਂ ਪੂਰੀ ਨਹੀਂ ਹੋ ਸਕਦੀ ਕਿਉਂਕਿ ਇੰਨੀਆਂ ਥਾਵਾਂ ‘ਤੇ ਘੁੰਮਣ ਲਈ ਪੈਸਾ ਵੀ ਖੁੱਲ੍ਹਾ ਚਾਹੀਦਾ ਹੈ ਤੇ ਸਮਾਂ ਵੀ, ਤੇ ਮੇਰੇ ਕੋਲ ਦੋਹਾਂ ਦੀ ਕਮੀ ਸੀ। ਫਿਰ ਖ਼ੁਦ ਨੂੰ ਇਹ ਕਹਿ ਕੇ ਤਸੱਲੀ ਦੇ ਲਈ ਕਿ ਮਰਨ ਤੋਂ ਬਾਅਦ ਨਾ ਪੈਸੇ ਦੀ ਲੋੜ ਹੁੰਦੀ ਹੈ ਨਾ ਵੀਜ਼ੇ ਦੀ, ਸੋ ਉਦੋਂ ਵੇਖ ਲਵਾਂਗਾ ਇਹ ਸਾਰੀਆਂ ਥਾਵਾਂ।

ਇਕ ਹੋਰ ਚੀਜ਼ ਜੋ ਬਾਕੀਆਂ ਲਈ ਤਾਂ ਹਮੇਸ਼ਾ ਤੋਂ ਫਾਲਤੂ ਜਾਂ ਵਿਹਲੇ ਸਮੇਂ ਦੀ ਗੱਲ ਰਹੀ ਹੈ, ਪਰ ਮੇਰੇ ਲਈ ਬਹੁਤ ਅਹਿਮ ਸੀ। ਲਿਖਣ ਦਾ ਸ਼ੌਕ, ਕਿਤਾਬ ਛਪਣ ਦੀ ਖ਼ਾਹਿਸ਼, ਇਕ ਸ਼ਾਇਰ ਜਾਂ ਲੇਖਕ ਦੇ ਤੌਰ ‘ਤੇ ਪਛਾਣੇ ਜਾਣ ਦੀ ਚਾਹ। ਹਾਲਾਂਕਿ ਨਾਮ ਬਣਾਉਣ ਦੀ ਖ਼ਾਹਿਸ਼ ਹੁਣ ਬਹੁਤ ਹੱਦ ਤਕ ਖ਼ਤਮ ਹੋ ਚੁੱਕੀ ਸੀ, ਖ਼ਾਸ ਤੌਰ ਤੇ ਦਲੀਪ ਕੌਰ ਟਿਵਾਣਾ ਜੀ ਦੇ ਚਲੇ ਜਾਣ ਤੋਂ ਬਾਅਦ। ਮੇਰੇ ਲਈ ਮੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਪ੍ਰਾਪਤੀ ਇਹੀ ਸੀ ਕਿ ਮੇਰੀਆਂ ਕਵਿਤਾਵਾਂ ਟਿਵਾਣਾ ਜੀ ਨੇ ਪੜ੍ਹੀਆਂ ਤੇ ਪਸੰਦ ਵੀ ਕੀਤੀਆਂ। ਖ਼ੈਰ, ਮੈਂ ਕੋਸ਼ਿਸ਼ ਕੀਤੀ ਤੇ ਆਪਣੀਆਂ ਲਿਖੀਆਂ ਸਾਰੀਆਂ ਰਚਨਾਵਾਂ ਨੂੰ ਈ-ਬੁੱਕ ਬਣਾ ਕੇ ਐਮਾਜ਼ਾਨ, ਕਿੰਡਲ ਤੇ ਕੋਬੋ ਵਰਗੀਆਂ ਔਨਲਾਈਨ ਸਾਈਟਾਂ ‘ਤੇ ਅਪਲੋਡ ਕਰ ਦਿੱਤਾ। ਇਹ ਸੋਚ ਕੇ ਕਿ ਸ਼ਾਇਦ ਕਦੇ ਕੋਈ ਭੁੱਲੇ ਭਟਕੇ ਇਨ੍ਹਾਂ ਨੂੰ ਪੜ੍ਹ ਲਵੇ। ਕੁਝ ਲੇਖ ਲਿਖੇ ਸੀ। ਦੋ ਤਿੰਨ ਅਖ਼ਬਾਰ ਵਿਚ ਛਪ ਗਏ ਤਾਂ ਚੰਗਾ ਵੀ ਲੱਗਿਆ। ਹੋਰ ਤਿੰਨ ਚਾਰ ਭੇਜੇ ਸੀ, ਨਹੀਂ ਛਪੇ ਤਾਂ ਵੀ ਕੋਈ ਅਫ਼ਸੋਸ ਨਹੀਂ ਹੋਇਆ।

ਇਹ ਸਭ ਕਰਦਿਆਂ ਕਰੇਂਦਿਆਂ 14 ਦਸੰਬਰ 2022 ਦੀ ਰਾਤ ਆ ਗਈ। ਮੇਰੇ ਹਿਸਾਬ ਨਾਲ ਮੇਰੀ ਜ਼ਿੰਦਗੀ ਦੀ ਆਖ਼ਰੀ ਰਾਤ। ਆਪਣੇ ਵੱਲੋਂ ਮੈਂ ਜ਼ਿਆਦਾਤਰ ਕੰਮ ਨਿਬੇੜ ਲਏ ਸੀ। ਆਪਣੀਆਂ ਖ਼ਾਹਿਸ਼ਾਂ ਤੇ ਸੁਪਨਿਆਂ ਦੀ ਕਿਤਾਬ ਦਾ ਆਖ਼ਰੀ ਪੰਨਾ, ਕੁਝ ਲਿਖ ਲਿਆ ਸੀ ਤੇ ਕੁਝ ਖ਼ਾਲੀ ਰਹਿਣ ਦਿੱਤਾ।

“ਕਦੇ ਬਾਰਿਸ਼ ਬਣ ਜਾਵੀਂ, ਕਦੇ ਧੁੱਪ ਸਜਾ ਦੇਵੀਂ,

ਜੋ ਨਜ਼ਮ ਰਹਿ ਗਈ ਹੈ, ਕਿਤੇ ਹੋਰ ਸੁਣਾ ਦੇਵੀਂ”

ਜ਼ਿੰਦਗੀ ਨੂੰ ਇਹ ਆਖ਼ਰੀ ਅਲਫ਼ਾਜ਼ ਕਹਿ ਕੇ ਮੈਂ ਰਾਤ ਦੇ ਗਿਆਰਾਂ ਕੁ ਵਜੇ ਅੱਖਾਂ ਬੰਦ ਕਰ ਲਈਆਂ। ਮੈਨੂੰ ਪੂਰੀ ਉੱਮੀਦ ਸੀ ਕਿ ਹੁਣ ਮੈਨੂੰ ਅੱਖਾਂ ਖੋਲਣ ਦੀ ਜ਼ਹਿਮਤ ਨਹੀਂ ਕਰਨੀ ਪਵੇਗੀ, ਪਰ… ਕਰਨੀ ਪਈ।

15 ਦਸੰਬਰ 2022, ਪਿਛਲੀ ਰਾਤ ਹਾਲੇ ਖ਼ਤਮ ਨਹੀਂ ਸੀ ਹੋਈ, ਅਗਲੀ ਸਵੇਰ ਹਾਲੇ ਸ਼ੁਰੂ ਨਹੀਂ ਸੀ ਹੋਈ। ਅਚਾਨਕ ਪਿਆਸ ਜਿਹੀ ਲੱਗੀ ਤੇ ਮੇਰੀ ਨੀਂਦ ਖੁੱਲ੍ਹ ਗਈ। ਆਦਤਨ, ਫੋਨ ਚੁੱਕ ਕੇ ਸਮਾਂ ਵੇਖਿਆ। ਸਵੇਰ ਦੇ 3 ਵੱਜ ਕੇ 13 ਮਿੰਟ ਹੋਏ ਸੀ। ਸਮਾਂ ਵੇਖ ਕੇ ਇਕ ਅਜੀਬ ਜਿਹਾ ਖ਼ਾਲੀਪਣ ਮਹਿਸੂਸ ਹੋਇਆ। ਇਹ ਨਾ ਤਾਂ ਇਸ ਗੱਲ ਦੀ ਖ਼ੁਸ਼ੀ ਸੀ ਕਿ ਮੇਰੀ ਮੌਤ ਟਲ ਗਈ ਸੀ, ਤੇ ਨਾ ਹੀ ਇਸ ਗੱਲ ਦਾ ਅਫ਼ਸੋਸ ਕਿ ਹਾਲੇ ਜ਼ਿੰਦਗੀ ਨੇ ਹੋਰ ਧੱਕੇ ਖੁਆਉਣੇ ਨੇ। ਜਾਂ ਸ਼ਾਇਦ ਇਹ ਦੋਵੇਂ ਗੱਲਾਂ ਸੱਚ ਸਨ।

ਜ਼ਿੰਦਗੀ ਨੇ ਮੌਤ ਦਾ ਸੁਪਨਾ ਵਿਖਾਇਆ ਸੀ ਤਾਂ ਉਸ ਨੂੰ ਸਵੀਕਾਰ ਕਰ ਲਿਆ। ਹੁਣ ਲੱਗਦਾ ਹੈ ਮੌਤ ਨੇ ਜ਼ਿੰਦਗੀ ਦੀ ਨਵੀਂ ਡਾਇਰੀ ਹੱਥ ਵਿਚ ਫੜਾ ਦਿੱਤੀ ਹੈ ਤਾਂ ਇਹ ਵੀ ਕਬੂਲ ਹੈ। ਇਕ ਅਜੀਬ ਜਿਹੀ ਕਸ਼ਮਕਸ਼ ਵਿਚ ਗੁਜ਼ਰੇ ਇਸ ਸਾਲ ਨੇ ਇਕ ਬੜੀ ਚੰਗੀ ਗੱਲ ਦੱਸੀ ਹੈ ਕਿ ਸ਼ਾਇਦ ਅਸੀਂ ਆਪਣੇ ਆਪ ਨੂੰ ਲੋੜ ਤੋਂ ਵੱਧ ਅਹਿਮੀਅਤ ਦਿੰਦੇ ਹਾਂ। ਆਪਣੀ ਜ਼ਿੰਦਗੀ ਨੂੰ ਵੀ ਤੇ ਆਪਣੀ ਮੌਤ ਨੂੰ ਵੀ।

ਜਿਉਂਦੇ ਜੀ ਸਾਨੂੰ ਲੱਗਦਾ ਹੈ ਕਿ ਅਸੀਂ ਦੁਨੀਆ ‘ਤੇ ਪਤਾ ਨਹੀਂ ਕਿੰਨੇ ਕੁ ਜ਼ਰੂਰੀ ਕੰਮ ਕਰ ਰਹੇ ਹਾਂ। ਧਨ ਦੌਲਤ ਕਮਾ ਰਹੇ ਹਾਂ, ਕੁਝ ਰਚ ਰਹੇ ਹਾਂ, ਕੁਝ ਸਿਰਜ ਰਹੇ ਹਾਂ। ਮੌਤ ਬਾਰੇ ਵੀ ਸਾਨੂੰ ਇਹੀ ਖ਼ੁਸ਼ ਖ਼ਿਆਲੀ ਰਹਿੰਦੀ ਹੈ ਕਿ ਪਤਾ ਨਹੀਂ ਸਾਡੇ ਜਾਣ ਤੋਂ ਬਾਅਦ ਦੁਨੀਆ ਦਾ ਕੀ ਹੋਵੇਗਾ ਜਦੋਂਕਿ ਦੁਨੀਆ ‘ਤੇ ਕੋਈ ਕੰਮ ਨਹੀਂ ਰੁਕਦਾ। ਹਾਂ, ਕੁਝ ਦਿਨਾਂ ਲਈ, ਕੁਝ ਲੋਕਾਂ ਦੀ ਜ਼ਿੰਦਗੀ ਵਿਚ ਥੋੜ੍ਹੀ ਹਿਲਜੁਲ ਹੋ ਜਾਂਦੀ ਹੈ, ਪਰ ਫਿਰ ਸਭ ਉਸੇ ਤਰ੍ਹਾਂ ਚਲਦਾ ਰਹਿੰਦਾ ਹੈ।

ਹੁਣ ਵੀ ਸਭ ਉਸੇ ਤਰ੍ਹਾਂ ਚੱਲ ਰਿਹਾ ਹੈ। ਮੈਂ ਇਸ ਸਭ ‘ਚੋਂ ਆਪਣੇ ਆਪ ਨੂੰ ਮਨਫ਼ੀ ਕਰ ਕੇ ਵੇਖ ਰਿਹਾ ਹਾਂ। ਕਦੇ ਲੱਗਦਾ ਹੈ ਕਿ ਹੁਣ ਮੇਰੇ ਕੋਲ ਕਰਨ ਲਈ ਕੁਝ ਹੈ ਹੀ ਨਹੀਂ। ਸਾਰੇ ਕੰਮ ਤਾਂ ਮੈਂ ਨਿਬੇੜ ਦਿੱਤੇ ਸੀ। ਕੋਈ ਕਵਿਤਾ ਵੀ ਜ਼ਿਹਨ ਵਿਚ ਉਤਰ ਨਹੀਂ ਰਹੀ। ਕੀ ਸਾਰੇ ਵਿਸ਼ੇ ਮੁੱਕ ਗਏ ਨੇ। ਫਿਰ ਮੈਂ ਇਹ ਲੇਖ ਕਿਉਂ ਲਿਖ ਰਿਹਾ ਹਾਂ?
ਸੰਪਰਕ: 98156-38668

Advertisement