ਗੱਲਾਂ ਗੱਲਾਂ ਵਿੱਚ ਰਾਣੀਹਾਰ ਤੂੰ ਬਣਾਏ...
ਗੁਰਬਿੰਦਰ ਸਿੰਘ ਮਾਣਕ
ਕਦੇ ਕਦੇ ਝੂਠ ਬੋਲਣਾ ਵੀ ਚੰਗਾ ਲੱਗਦਾ ਹੈ। ਜੇ ਝੂਠ ਬੋਲਣ ਨਾਲ ਹੀ ਜ਼ਿੰਦਗੀ ਸੁਖਾਵੀਂ ਤੋਰੇ ਤੁਰੀ ਜਾਵੇ ਤਾਂ ਭਲਾ ਹਰਜ ਵੀ ਕੀ ਹੈ। ਕਈ ਵਾਰ ਕਿਸੇ ਦਫ਼ਤਰ ਦਾ ਮੁਲਾਜ਼ਮ, ਅਚਾਨਕ ਹੀ ਕੁਝ ਪ੍ਰਾਪਤ ਕਰਨ ਲਈ ਆਪਣੇ ਅਫ਼ਸਰ ਦੀ ਝੂਠੀ-ਮੂਠੀ ਚਮਚੀ ਮਾਰਨ ਲੱਗ ਜਾਂਦਾ ਹੈ। ਛੋਟੇ ਪੱਧਰ ਦਾ ਨੇਤਾ, ਵੱਡੇ ਨੇਤਾ ਦੀ ਝੂਠੀ ਤਾਰੀਫ਼ ਦੇ ਪੁਲ ਬੰਨ੍ਹਦਾ ਹੈ। ਵੱਡਾ ਅਫ਼ਸਰ ਆਪਣੇ ਮਹਿਕਮੇ ਦੇ ਵੱਡੇ ਅਫ਼ਸਰ ਦੀ ਝੂਠੀ ਸ਼ਾਨ ਵਿੱਚ ਕਸੀਦੇ ਪੜ੍ਹਦਾ ਹੈ। ਉਸ ਦੀਆਂ ਨਜ਼ਰਾਂ ਵਿੱਚ ਚੰਗਾ ਦਿਸਣ ਲਈ, ਉਹ ਕਈ ਪਾਪੜ ਵੇਲਦਾ ਹੈ ਤੇ ਸਮਾਜਿਕ ਸਬੰਧ ਬਣਾਉਣ ਦੀ ਕੋਸਿਸ਼ ਕਰਦਾ ਹੈ। ਪਤੀ ਆਪਣੀ ਪਤਨੀ ਦੀ ਝੂਠੀ ਤਾਰੀਫ਼ ਕਰਦਾ ਹੈ। ਵਿਆਹ-ਸ਼ਾਦੀ ਦੇ ਕਈ ਸਾਲਾਂ ਬਾਅਦ ਅਚਾਨਕ ਪਤਨੀ ‘ਖ਼ੂਬਸੂਰਤ’ ਲੱਗਣ ਲੱਗ ਜਾਂਦੀ ਹੈ।
ਉਸ ਦੀ ‘ਮੁਸਕਰਾਹਟ’ ਦੀ ਕਿਸੇ ਕਹਿੰਦੀ ਕਹਾਉਂਦੀ ਫਿਲਮੀ ਹੀਰੋਇਨ ਨਾਲ ਤੁਲਨਾ ਹੋਣ ਲੱਗਦੀ ਹੈ। ਰੋਜ਼ ਵਾਂਗ ਬਣਾਈ ਉਸ ਦੀ ਦਾਲ-ਸਬਜ਼ੀ ਵੀ ਅਚਾਨਕ ਬੇਹੱਦ ‘ਸੁਆਦ’ ਲੱਗਣ ਦੇ ਖੁਸ਼ਨੁਮਾ ਬੋਲ ਸੁਣਾਈ ਦਿੰਦੇ ਹਨ। ਪਤਾ ਅਗਲੇ ਨੂੰ ਵੀ ਹੁੰਦਾ ਹੈ ਕਿ ਇਹ ਸਭ ਕੁੱਝ ਝੂਠ ਦਾ ਪੁਲੰਦਾ ਹੈ ਤੇ ਇਸ ਪਿੱਛੇ ਕੋਈ ਖ਼ਾਸ ਗਰਜ਼ ਹੈ। ਕਿੰਨਾ ਕਿੰਨਾ ਚਿਰ ਇਹ ਮਤਲਬੀ ਝੂਠ ਚੱਲਦਾ ਰਹਿੰਦਾ ਹੈ। ਗੱਲ ਗੱਲ ’ਤੇ ਲੜਨ-ਝਗੜਨ ਵਾਲੇ ਪਤੀ-ਪਤਨੀ ਵਿੱਚ ਵੀ ਇਸ ਝੂਠ ਕਾਰਨ ਕੁੱਝ ਦਿਨ ਮਾਹੌਲ ਸ਼ਾਂਤ ਬਣਿਆ ਰਹਿੰਦਾ ਹੈ। ਜ਼ਿੰਦਗੀ ਦਾ ਕੋਈ ਅਜਿਹਾ ਪੱਖ ਨਜ਼ਰ ਨਹੀਂ ਆਉਂਦਾ ਜਿੱਥੇ ਝੂਠ ਨਾ ਹੋਵੇ, ਚੁਗਲੀ ਨਾ ਹੋਵੇ ਤੇ ਚਾਪਲੂਸੀ ਨਾ ਹੋਵੇ। ਅਸਲ ਵਿੱਚ ਝੂਠ ਬੋਲਣ ਦੀ ਚਲਾਕੀ ਵਿੱਚ ਪਤੀ-ਪਤਨੀ ਵਿੱਚੋਂ ਕੋਈ ਘੱਟ ਨਹੀਂ ਹੁੰਦਾ। ਜਦੋਂ ਕੋਈ ਸੂਟ-ਸਾੜ੍ਹੀ ਜਾਂ ਕੁੱਝ ਹੋਰ ਲੈਣਾ ਹੋਵੇ ਤਾਂ ਸ੍ਰੀਮਤੀ ਜੀ ਵੀ ਕੁੱਝ ਦਿਨਾਂ ਲਈ ਪਤੀ ਦੀ ਝੂਠੀ ਤਾਰੀਫ਼ ਦੇ ਪੁਲ ਬੰਨ੍ਹੀ ਰੱਖਦੀ ਹੈ। ਕਈ ਸਿਆਣੇ ਤਾਂ ਇਸ ਨੂੰ ਮੁਹੱਬਤ ਦੀ ‘ਐਕਟਿੰਗ’ ਕਹਿੰਦੇ ਹਨ।
ਹਰ ਮਨੁੱਖ ਨੂੰ ਉਸ ਦੇ ਬਚਪਨ ਵਿੱਚ ਦੱਸਿਆ ਜਾਂਦਾ ਹੈ ਕਿ ਝੂਠ ਬੋਲਣਾ ਪਾਪ ਹੈ, ਪਰ ਹਰ ਮਨੁੱਖ ਜੀਵਨ ਦੇ ਰਾਹ ਤੁਰਿਆ ਸੁਭਾਵਿਕ ਹੀ ਅਨੇਕਾਂ ਵਾਰ ਝੂਠ ਬੋਲਦਾ ਹੈ। ਬਹੁਗਿਣਤੀ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਸਵੇਰ ਤੋਂ ਸ਼ਾਮ ਤੱਕ ਜਾਣਦਿਆਂ ਸਮਝਦਿਆਂ ਹੋਇਆਂ ਵੀ ਝੂਠ ਬੋਲਣ ਤੋਂ ਗੁਰੇਜ਼ ਨਹੀਂ ਕਰਦੀ। ਇਹ ਨਿੱਕੇ ਨਿੱਕੇ ਝੂਠ ਕਿਸੇ ਦਾ ਕੋਈ ਨੁਕਸਾਨ ਨਹੀਂ ਕਰਦੇ, ਪਰ ਝੂਠ ਤਾਂ ਆਖਰ ਝੂਠ ਹੀ ਹੈ ਭਾਵੇਂ ਉਹ ਵੱਡਾ ਹੋਵੇ ਜਾਂ ਛੋਟਾ। ਆਪਣੇ ਬਚਪਨ ਵਿੱਚ ਜਦੋਂ ਅਸੀਂ ਸਕੂਲ ਪੜ੍ਹਦੇ ਸੀ ਤਾਂ ਆਮ ਤੌਰ ’ਤੇ ਸਕੂਲ ਦੀਆਂ ਕੰਧਾਂ ਉੱੱਤੇ ਮਾਟੋ ਲਿਖੇ ਹੁੰਦੇ ਸਨ ਜਿਨ੍ਹਾਂ ਵਿੱਚ ਇਹ ਵੀ ਹੁੰਦਾ ਸੀ ਕਿ ‘ਸਦਾ ਸੱਚ ਬੋਲੋ।’ ਕਦੇ ਕਦੇ ਮਨ ਵਿੱਚ ਇੱਕ ਖ਼ਿਆਲ ਆਉਂਦਾ ਸੀ ਕਿ ਹਮੇਸ਼ਾਂ ਸੱਚ ਕਿਵੇਂ ਬੋਲਿਆ ਜਾ ਸਕਦਾ ਹੈ। ਬੱਚੇ ਤੋਂ ਲੈ ਕੇ ਵੱਡੇ ਮਨੁੱਖ ਤੱਕ ਕਦੇ ਕਦਾਈਂ ਅਜਿਹੀ ਨੌਬਤ ਆ ਹੀ ਜਾਂਦੀ ਹੈ ਕਿ ਜਦੋਂ ਝੂਠ ਬੋਲਣ ਬਿਨਾਂ ਸਰਦਾ ਹੀ ਨਹੀਂ। ਬਾਅਦ ਵਿੱਚ ਅਧਿਆਪਕ ਹੁੰਦਿਆਂ ਇੱਕ ਸਕੂਲ ਦੀ ਦੀਵਾਰ ’ਤੇ ਇਹ ਵੀ ਲਿਖਿਆ ਪੜ੍ਹਿਆ ਕਿ ‘ਸੱਚ ਬੋਲੋ।’ ਭਾਵ ਜ਼ਰੂਰੀ ਨਹੀਂ ਕਿ ਹਮੇਸ਼ਾਂ ਸੱਚ ਹੀ ਬੋਲਿਆ ਜਾਵੇ। ਜੇ ਨਿੱਕਾ ਜਿਹਾ ਝੂਠ ਬੋਲਿਆਂ ਕਿਸੇ ਦਾ ਬਚਾਅ ਹੁੰਦਾ ਹੋਵੇ ਤਾਂ ਕੀ ਹਰਜ ਹੈ ਝੂਠ ਬੋਲਣ ਵਿੱਚ। ਸਿਆਣਿਆਂ ਨੇ ਕਿਹਾ ਵੀ ਹੈ ਕਿ ਜੇਕਰ ਕਿਸੇ ਗਊ ਗ਼ਰੀਬ ਤੇ ਬੇਦੋਸ਼ੇ ਦੀ ਰੱਖਿਆ ਲਈ ਝੂਠ ਬੋਲਣਾ ਵੀ ਪਏ ਤਾਂ ਪਾਪ ਨਹੀਂ ਲੱਗਦਾ। ਉਂਜ ਕਈ ਮਨੁੱਖ ਤਾਂ ਰੱਬ ਦੇ ਨਾਂ ਦੀਆਂ ਝੂਠੀਆਂ ਸਹੁੰਆਂ ਵੀ ਖਾਈ ਜਾਂਦੇ ਹਨ।
ਬੱਚੇ ਦਾ ਪਹਿਲਾ ਸਕੂਲ ਉਸ ਦਾ ਘਰ ਹੁੰਦਾ ਹੈ। ਘਰ ਦੇ ਜੀਆਂ ਵਿੱਚ ਵਿਚਰਦਾ ਬੱਚਾ ਹਰ ਗੱਲ ਵਿੱਚ ਉਨ੍ਹਾਂ ਦੀ ਨਕਲ ਕਰਦਾ ਹੈ। ਜੇ ਬੱਚੇ ਸਾਹਮਣੇ ਘਰ ਦੇ ਵੱਡੇ ਝੂਠ ਬੋਲਦੇ ਹਨ ਤਾਂ ਇਸ ਦਾ ਪ੍ਰਭਾਵ ਸਿੱਧੇ ਰੂਪ ਵਿੱਚ ਬੱਚੇ ’ਤੇ ਵੀ ਪੈਂਦਾ ਹੈ। ਨਿੱਕੇ ਬੱਚੇ ਦੇ ਮਨ ਵਿੱਚ ਹਰ ਗੱਲ ਨੂੰ ਜਾਣਨ ਦੀ ਤੀਬਰ ਜਗਿਆਸਾ ਹੁੰਦੀ ਹੈ। ਇਸ ਕਾਰਨ ਉਹ ਹਰ ਗੱਲ ਬਾਰੇ ਕਈ ਤਰ੍ਹਾਂ ਦੇ ਸੁਆਲ ਕਰਦਾ ਹੈ। ਅਕਸਰ ਬੱਚਿਆਂ ਨੂੰ ਜਾਂ ਤਾਂ ਝਿੜਕ ਕੇ ਚੁੱਪ ਕਰਾ ਦਿੱਤਾ ਜਾਂਦਾ ਹੈ ਜਾਂ ਬੱਚੇ ਨੂੰ ਮਨਘੜਤ ਤੇ ਝੂਠੀ ਜਾਣਕਾਰੀ ਦੇ ਕੇ ਚੁੱਪ ਕਰਾ ਦਿੱਤਾ ਜਾਂਦਾ ਹੈ। ਅਕਸਰ ਮਾਵਾਂ ਛੋਟੇ ਬੱਚੇ ਨੂੰ ਡਰਾਉਣ ਲਈ ‘ਮਾਊਂ’ ਜਾਂ ਭੂਤਾਂ-ਪ੍ਰੇਤਾਂ ਦਾ ਡਰਾਵਾ ਦੇ ਦਿੰਦੀਆਂ ਹਨ। ਬੱਚਿਆਂ ਨਾਲ ਹਾਸੇ-ਮਜ਼ਾਕ ਵਿੱਚ ਬੋਲਿਆ ਝੂਠ ਵੀ ਉਨ੍ਹਾਂ ਦੇ ਅਗਾਊਂ ਜੀਵਨ ਦੇ ਵਿਕਾਸ ਵਿੱਚ ਕਈ ਰੁਕਾਵਟਾਂ ਪੈਦਾ ਕਰਦਾ ਹੈ।
ਮਾਵਾਂ ਅਕਸਰ ਬੱਚਿਆਂ ਨੂੰ ਸਿਖਾਉਂਦੀਆਂ ਹਨ ਕਿ ਘਰੋਂ ਬਾਹਰ ਜਾ ਕੇ ਆਪਣੇ ਘਰ ਬਾਰੇ ਸੱਚ ਨਾ ਦੱਸਣ। ਜਿਵੇਂ ਮਾਂ-ਬਾਪ ਦੂਜਿਆਂ ਨੂੰ ਆਪਣੇ ਘਰ ਬਾਰੇ ਵਧਾ-ਚੜ੍ਹਾਅ ਕੇ ਦੱਸਦੇ ਹਨ, ਉਸੇ ਤਰ੍ਹਾਂ ਹੀ ਬੱਚੇ ਵੀ ਝੂਠ ਤੇ ਗ਼ਲਤ-ਬਿਆਨੀ ਕਰਨ ਦੇ ਰਾਹ ਤੁਰ ਪੈਂਦੇ ਹਨ। ਕਈ ਵਾਰ ਬੱਚੇ ਕੋਈ ਚੀਜ਼-ਵਸਤ ਚੋਰੀ ਕਰਕੇ ਘਰ ਲੈ ਆਉਂਦੇ ਹਨ। ਜੇਕਰ ਮਾਪੇ ਬੱਚਿਆਂ ਨੂੰ ਇਨ੍ਹਾਂ ਨਿੱਕੀਆਂ ਨਿੱਕੀਆਂ ਚੋਰੀਆਂ ਤੋਂ ਸ਼ੁਰੂ ਵਿੱਚ ਹੀ ਨਹੀਂ ਵਰਜਣਗੇ ਤਾਂ ਬੱਚਿਆਂ ਦੀ ਇਹ ਆਦਤ ਪੱਕ ਜਾਵੇਗੀ। ਉਹ ਹਰ ਗੱਲ ’ਤੇ ਝੂਠ ਬੋਲੇਗਾ।
ਚੁਗਲੀਆਂ ਵੀ ਇੱਕ ਤਰ੍ਹਾਂ ਨਾਲ ਝੂਠ ਦਾ ਹੀ ਰੂਪ ਹੁੰਦੀਆਂ ਹਨ। ਕਿਸੇ ਬਾਰੇ ਵਧਾਅ-ਚੜ੍ਹਾਅ ਕੇ ਗੱਲ ਕਰਨੀ ਤੇ ਉਸ ਨੂੰ ਨੀਵਾਂ ਦਿਖਾਉਣ ਦੀ ਪ੍ਰਵਿਰਤੀ ਅਕਸਰ ਦੇਖਣ ਨੂੰ ਮਿਲਦੀ ਹੈ। ਔਰਤਾਂ ਇਕੱਠੀਆਂ ਹੋ ਕੇ ਜਦੋਂ ਕਿਸੇ ਹੋਰ ਬਾਰੇ ਇੱਕ ਦੂਜੇ ਨਾਲ ਗੱਲਾਂ ਕਰਦੀਆਂ ਹਨ ਤਾਂ ਉਨ੍ਹਾਂ ਦੇ ਚਿਹਰੇ ਦੇ ਹਾਵ-ਭਾਵ ਦੇਖਣ ਵਾਲੇ ਹੁੰਦੇ ਹਨ। ਪਲਾਂ-ਛਿਣਾਂ ਵਿੱਚ ਹੀ ਉਹ ਇੱਕ ਦੂਜੀ ਨਾਲ ਕਈਆਂ ਦੇ ਪੋਤੜੇ ਫੋਲ ਜਾਂਦੀਆਂ ਹਨ। ਇਸ ਵਿੱਚ ਬਹੁਤਾ ਝੂਠ ਹੀ ਹੁੰਦਾ ਹੈ। ਇਸੇ ਝੂਠ ਕਾਰਨ ਗੁਆਂਢਣਾਂ-ਗੁਆਂਢਣਾਂ ਵਿੱਚ ਕਈ ਵਾਰ ‘ਜੰਗ’ ਵੀ ਛਿੜ ਜਾਂਦੀ ਹੈ। ਇਸ ਤਰ੍ਹਾਂ ਇਹ ਝੂਠ ਅਕਾਰਨ ਹੀ ਸਾਡੀ ਜ਼ਿੰਦਗੀ ਵਿੱਚ ਕੁੜੱਤਣ ਭਰ ਦਿੰਦੇ ਹਨ।
ਸਿਆਸਤਦਾਨ ਬਣਨ ਲਈ ਤਾਂ ਸ਼ਾਇਦ ਪਹਿਲੀ ਸ਼ਰਤ ਹੀ ਇਹ ਹੈ ਕਿ ਬੰਦਾ ਝੂਠ ਬੋਲਣ ਵਿੱਚ ਮਾਹਿਰ ਹੋਵੇ। ਅਸੀਂ ਅਕਸਰ ਦੇਖਦੇ ਹਾਂ ਕਿ ਨੇਤਾ ਜਿਸ ਢੰਗ ਨਾਲ ਝੂਠ ਨੂੰ ਸੱਚ ਬਣਾ ਕੇ ਪੇਸ਼ ਕਰਦੇ ਹਨ ਕਿ ਏਨੀ ਸਫ਼ਾਈ ਨਾਲ ਤਾਂ ਹੋਰ ਕੋਈ ਝੂਠ ਵੀ ਨਾ ਬੋਲ ਸਕਦਾ ਹੋਵੇ। ਪਿਛਲੇ ਕਈ ਦਹਾਕਿਆਂ ਤੋਂ ਰਾਜ ਕਰਨ ਵਾਲੀਆਂ ਸਿਆਸੀ ਪਾਰਟੀਆਂ ਦੇ ਵੱਡੀ ਗਿਣਤੀ ਨੇਤਾ ਝੂਠ ਦੇ ਸਿਰ ’ਤੇ ਹੀ ਰਾਜ ਕਰੀ ਜਾ ਰਹੇ ਹਨ ਤੇ ਲੋਕਾਂ ਨੂੰ ਬੇਵਕੂਫ਼ ਬਣਾਈ ਜਾ ਰਹੇ ਹਨ। ਵੋਟਰਾਂ ਨਾਲ ਝੂਠੇ ਵਾਅਦੇ ਕਰਨੇ ਤੇ ਪੰਜਾਂ ਸਾਲਾਂ ਬਾਅਦ ਉਸੇ ਝੂਠ ਨੂੰ ਦੁਹਰਾਉਣਾ ਆਮ ਗੱਲ ਬਣ ਗਈ ਹੈ। ਇਹ ਹੁਣ ਤੱਕ ਆਮ ਲੋਕਾਂ ਨੂੰ ਵਾਅਦਿਆਂ ਤੇ ਦਾਅਵਿਆਂ ਦੇ ਰੰਗੀਨ ਭਰਮਜਾਲ ਵਿੱਚ ਫਸਾ ਕੇ ਅਸਲੀਅਤ ਦਾ ਅਜਿਹਾ ਭਰਮ ਸਿਰਜਦੇ ਹਨ ਕਿ ਲੋਕ ਇਨ੍ਹਾਂ ਦੀਆਂ ਗੱਲਾਂ ਵਿੱਚ ਫਸ ਜਾਂਦੇ ਹਨ। ਜਦੋਂ ਤੱਕ ਅਸਲੀਅਤ ਸਾਹਮਣੇ ਆਉਂਦੀ ਹੈ, ਉਦੋਂ ਤੱਕ ਵਕਤ ਲੰਘ ਚੁੱਕਾ ਹੁੰਦਾ ਹੈ।
ਬਹੁਤੇ ਦਫ਼ਤਰ ਤਾਂ ਚੱਲਦੇ ਹੀ ਝੂਠ ਦੇ ਸਹਾਰੇ ਹਨ। ਦਫ਼ਤਰ ਦੇ ਕਈ ਬਾਬੂ ਹਰ ਝੂਠ ਨੂੰ ਸੱਚ ਤੇ ਹਰ ਸੱਚ ਨੂੰ ਝੂਠ ਬਣਾਉਣ ਵਿੱਚ ਵਿਸ਼ੇਸ਼ ਮੁਹਾਰਤ ਰੱਖਦੇ ਹਨ। ਕਿਸੇ ਬਾਬੂ ਵੱਲੋਂ ‘ਝੂਠ’ ਐਲਾਨੇ ਗਏ ਕੰਮ ਨੂੰ ‘ਸੱਚ’ ਬਣਾਉਣ ਲਈ ਲੋਕਾਂ ਨੂੰ ਕਿਹੜੇ ਕਿਹੜੇ ਪਾਪੜ ਵੇਲਣੇ ਪੈਂਦੇ ਹਨ, ਇਸ ਦਾ ਬਹੁਤਿਆਂ ਨੂੰ ਤਲਖ ਤਜਰਬਾ ਹੈ। ਕੋਈ ਦੁਕਾਨਦਾਰ ਜੇ ਆਪਣੇ ਗਾਹਕਾਂ ਨਾਲ ਝੂਠ ਨਾ ਬੋਲੇ ਤਾਂ ਦੁਕਾਨਦਾਰੀ ਸੰਭਵ ਹੀ ਨਹੀਂ। ਹਰ ਦੁਕਾਨਦਾਰ ਗਾਹਕ ਨੂੰ ਇਹੀ ਕਹੇਗਾ, ‘ਦੇਖੋ ਜੀ, ਇਹ ਡਿਸਕਾਊਂਟ ਤਾਂ ਸਿਰਫ਼ ਤੁਹਾਡੇ ਲਈ ਹੈ, ਬਾਕੀਆਂ ਲਈ ਤਾਂ ਰੇਟ ਪੂਰਾ ਹੈ।’ ਮਿੱਠੀ ਜ਼ੁਬਾਨ ਨਾਲ ਦੁਕਾਨਦਾਰ ਆਪਣੇ ਗਾਹਕਾਂ ਨੂੰ ਝੂਠ ਦੇ ਜਾਲ ਵਿੱਚ ਇਸ ਤਰ੍ਹਾਂ ਫਸਾ ਲੈਂਦੇ ਹਨ ਕਿ ਗਾਹਕ ਨੂੰ ਸੋਚਣ-ਵਿਚਾਰਨ ਦਾ ਮੌਕਾ ਹੀ ਨਹੀਂ ਮਿਲਦਾ।
ਜੇ ਸਹੀ ਅਰਥਾਂ ਵਿੱਚ ਦੇਖੀਏ ਤਾਂ ਫਿਲਮਾਂ ਵੀ ਝੂਠੀ ਮੁਹੱਬਤ ਦੀ ਪੇਸ਼ਕਾਰੀ ਤੋਂ ਬਿਨਾਂ ਕੁੱਝ ਨਹੀਂ ਹੁੰਦੀਆਂ। ਝੂਠਾ ਮਾਹੌਲ, ਮੇਕਅੱਪ ਤੇ ਕੈਮਰਿਆਂ ਨਾਲ ਸਿਰਜੀ ਅਦਾਕਾਰਾਂ ਦੀ ਖ਼ੂਬਸੂਰਤੀ, ਮਾਰ-ਧਾੜ ਲੜਾਈ, ਗੋਲੀਆਂ, ਕਤਲ ਸਭ ਕੁੱਝ ‘ਅਸਲੀਅਤ’ ਦਾ ਭਰਮ ਹੀ ਸਿਰਜਦੇ ਹਨ। ਸਾਡੀਆਂ ਫਿਲਮਾਂ ਦਾ ਹੀਰੋ ਤਾਂ ‘ਸੋਲਾਂ ਕਲਾਂ ਸੰਪੂਰਨ’ ਹੁੰਦਾ ਹੈ। ਉਹਦੇ ਸਾਹਮਣੇ ਕੋਈ ਟਿਕ ਨਹੀਂ ਸਕਦਾ। ਉਹ ਜੀਪ ਕਾਰ ਨਾਲੋਂ ਵੀ ਤੇਜ਼ ਦੌੜ ਸਕਦਾ ਹੈ। ਉਹ ਇਕੱਲਾ ਹੀ ਬਿਨਾਂ ਹਥਿਆਰਾਂ ਤੋਂ ਗੁੰਡਿਆਂ ਦੀ ਧਾੜ ਦਾ ‘ਮੁਕਾਬਲਾ’ ਕਰਕੇ ਹਰੋਇਨ ਦੀ ਇੱਜ਼ਤ ਨੂੰ ਬਚਾਉਣ ਦੀ ਸਮਰੱਥਾ ਰੱਖਦਾ ਹੈ। ਟੀਵੀ ਚੈਨਲਾਂ ’ਤੇ ਵੱਖ ਵੱਖ ਵਸਤਾਂ ਦੀ ਇਸ਼ਤਿਹਾਰਬਾਜ਼ੀ ਵੀ ਨਿਰਾ ਝੂਠ ਹੀ ਹੁੰਦੀ ਹੈ। ਝੂਠ ਦੇ ਸਹਾਰੇ ਹੀ ਕੰਪਨੀਆਂ ਲੋਕਾਂ ਨੂੰ ਲੁੱਟੀ ਜਾ ਰਹੀਆਂ ਹਨ।
ਸਿਆਣੇ ਕਹਿੰਦੇ ਹਨ ਕਿ ਬਚਪਨ ਵਿੱਚ ਬੋਲਿਆ ਝੂਠ ਕਿਸੇ ਨੂੰ ਬਹੁਤਾ ਅੱਖਰਦਾ ਨਹੀਂ, ਇਸ ਨੂੰ ਬੱਚੇ ਦੀ ਮਾਸੂਮੀਅਤ ਕਹਿ ਕੇ ਛੱਡ ਦਿੱਤਾ ਜਾਂਦਾ ਹੈ। ਜੁਆਨੀ ਵਿੱਚ ਵੀ ਥੋੜ੍ਹਾ-ਬਹੁਤਾ ਝੂਠ ਹਊ-ਪਰੇ ਕਰ ਦਿੱਤਾ ਜਾਂਦਾ ਹੈ, ਪਰ ਜ਼ਿੰਦਗੀ ਦੇ ਆਖਰੀ ਪਹਿਰ ਜੇ ਕੋਈ ‘ਝੂਠ’ ਦਾ ਸਹਾਰਾ ਲਵੇ ਤਾਂ ਉਹ ਕਿਸੇ ਨੂੰ ਘੱਟ ਹੀ ਸੁਖਾਉਂਦਾ ਹੈ।
ਸੰਪਰਕ: 98153-56086