ਵੇਵਜ਼ ਸੰਮੇਲਨ ਦੇ ਉਦਘਾਟਨੀ ਸਮਾਗਮ ’ਚ ਪਹੁੰਚੀਆਂ ਵੱਡੀ ਗਿਣਤੀ ਬੌਲੀਵੁੱਡ ਹਸਤੀਆਂ
ਮੁੰਬਈ:
ਮੁੰਬਈ ਵਿੱਚ ਜੀਓ ਵਰਲਡ ਕਨਵੈਨਸ਼ਨ ਸੈਂਟਰ (ਜੇਡਬਲਿਊਸੀਸੀ) ਵਿੱਚ ਅੱਜ ਪਲੇਠੇ ‘ਵੇਵਜ਼ ਸਿਖਰ ਸੰਮੇਲਨ-2025’ ਦੇ ਉਦਘਾਟਨ ਮੌਕੇ ਬੌਲੀਵੁੱਡ ਅਦਾਕਾਰ ਸ਼ਾਹੁਰੁਖ਼ ਖਾਨ, ਅਨਿਲ ਕਪੂਰ, ਆਮਿਰ ਖਾਨ ਆਲੀਆ ਭੱਟ, ਅਕਸ਼ੈ ਕੁਮਾਰ, ਹੇਮਾ ਮਾਲਿਨੀ, ਦੀਪਿਕਾ ਪਾਦੂਕੋਨ ਤੇ ਨਿਰਦੇਸ਼ਕ ਐਸ. ਐਸ. ਰਾਜਾਮੌਲੀ ਸਣੇ ਕਈ ਹੋਰ ਕਲਾਕਾਰਾਂ ਨੇ ਹਾਜ਼ਰੀ ਲਵਾਈ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਵੇਵਜ਼ ਸੰਮੇਲਨ-2025’ ਦਾ ਉਦਘਾਟਨ ਕੀਤਾ। ਵੇਵਜ਼ ਇੰਡੀਆ ਦੇ ਇੰਸਟਾਗ੍ਰਾਮ ਹੈਂਡਲ ’ਤੇ ਤਸਵੀਰਾਂ ਮੁਤਾਬਕ ਸ਼ਾਹਰੁਖ ਖ਼ਾਨ ਪ੍ਰੋਗਰਾਮ ’ਚ ਪ੍ਰਬੰਧਕਾਂ ਤੇ ਸਟਾਫ ਮੈਂਬਰਾਂ ਨੂੰ ਮਿਲਦਾ ਹੋਇਆ ਦਿਖਾਈ ਦਿੱਤਾ। ਉੱਘੇ ਅਦਾਕਾਰ ਚਿਰੰਜੀਵੀ ਅਤੇ ਰਜਨੀਕਾਂਤ ਵੀ ਉਦਘਾਟਨੀ ਸਮਾਗਮ ਵਾਲੀ ਬਿਲਡਿੰਗ ’ਚ ਨਜ਼ਰ ਆਏ। ਆਮਿਰ ਖ਼ਾਨ ਕਾਲਾ ਲਿਬਾਸ ਪਹਿਨ ਕੇ ਪਹੁੰਚਿਆ ਜਦਕਿ ਆਲੀਆ ਭੱਟ ਆਪਣੇ ਰਣਵੀਰ ਕਪੂਰ ਨਾਲ ਪ੍ਰੋਗਰਾਮ ’ਚ ਪਹੁੁੰਚੀ। ਸਮਾਗਮ ’ਚ ਸੈਫ ਅਲੀ ਖਾਨ, ਸਾਰਾ ਅਲੀ ਖ਼ਾਨ, ਸ਼ਾਹਿਦ ਕਪੂਰ ਤੇ ਉਸ ਦੀ ਪਤਨੀ ਮੀਰਾ ਰਾਜਪੂਤ ਤੋਂ ਇਲਾਵਾ ਨਿਮਰਤ ਕੌਰ ਨੇ ਵੀ ਸ਼ਮੂਲੀਅਤ ਕੀਤੀ। ਸਿਖਰ ਸੰਮੇਲਨ ’ਚ ਪ੍ਰਸਾਰਨ, ਇੰਫੋਟੇਨਮੈਂਟ, ਈਵੀਜੀ-ਐਕਸਆਰ, ਫ਼ਿਲਮ ਤੇ ਡਿਜੀਟਲ ਮੀਡੀਆ ਆਦਿ ਬਾਰੇ ਕਈ ਸੈਸ਼ਨ ਹੋਣਗੇ। ਵੇਵਜ਼-2025 ’ਚ ਭਾਰਤ ਪਹਿਲੀ ਵਾਰ ਗਲੋਬਲ ਮੀਡੀਆ ਡਾਇਲਾਗ (ਜੀਐੱਮਡੀ) ਦੀ ਮੇਜ਼ਬਾਨੀ ਵੀ ਕਰੇਗਾ, ਜਿਸ ਵਿੱਚ 25 ਮੁਲਕਾਂ ਦੇ ਮੰਤਰੀ ਹਿੱਸਾ ਲੈਣਗੇ। ਸੰਮੇਲਨ ’ਚ ਵੇਵਜ਼ ਬਾਜ਼ਾਰ (ਆਲਮੀ ਈ-ਮਾਰਕੀਟ) ਵੀ ਸ਼ਾਮਲ ਹੋਵੇਗਾ, ਜਿਸ ਵਿੱਚ 6,100 ਤੋਂ ਵੱਧ ਖਰੀਦਦਾਰ, 5,200 ਵਿਕਰੇਤਾ ਤੇ 2,100 ਪ੍ਰਾਜੈਕਟ ਸ਼ਾਮਲ ਹਨ। ਇਸ ਦਾ ਮਕਸਦ ਲੋਕਲ ਤੇ ਆਲਮੀ ਖਰੀਦਦਾਰਾਂ ਤੇ ਵਿਕਰੇਤਾਵਾਂ ਨੂੰ ਜੋੜਨਾ ਹੈ। ਵੇਵਜ਼ ਸੰਮੇਲਨ ਦੇ ਉਦਘਾਟਨੀ ਸਮਾਗਮ ਮੌਕੇ ਹੁੁਨਰ ਵਿਕਾਸ ਬਾਰੇ ਕੇਂਦਰੀ ਰਾਜ ਮੰਤਰੀ ਜੈਅੰਤ ਚੌਧਰੀ, ਰਿਲਾਇੰਸ ਇੰਡਸਟਰੀ ਦੇ ਚੇਅਰਮੈਨ ਮੁਕੇਸ਼ ਅੰਬਾਨੀ, ਉਨ੍ਹਾਂ ਦੇ ਬੇਟੇ ਅਨੰਤ ਅੰਬਾਨੀ ਤੇ ਹੋਰ ਕਈ ਹਸਤੀਆਂ ਵੀ ਸ਼ਾਮਲ ਹੋਈਆਂ। ‘ਵੇਵਜ਼ ਸਿਖਰ ਸੰਮੇਲਨ-2025’ ਦੇ ਉਦੇਸ਼ 2029 ਤੱਕ 50 ਅਰਬ ਡਾਲਰ ਦਾ ਬਾਜ਼ਾਰ ਸਾਰਿਆਂ ਲਈ ਖੋਲ੍ਹਣਾ ਤੇ ਆਲਮੀ ਮਨੋਰੰਜਨ ਅਰਥਵਿਵਸਥਾ ਵਿੱਚ ਭਾਰਤ ਦੀ ਮੌਜੂਦਗੀ ਦਾ ਵਿਸਤਾਰ ਕਰਨਾ ਹੈ। -ਏਐੱਨਆਈ