ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਰੂਸ ਦਾ ਹੀਰਾ ਹਿਰਨ ਵਿਕਟਰ ਸਨੇਯੇਵ

07:36 PM Jun 23, 2023 IST

ਪ੍ਰਿੰ. ਸਰਵਣ ਸਿੰਘ

Advertisement

ਵਿਕਟਰ ਸਨੇਯੇਵ ਤੀਹਰੀ ਛਾਲ ਦਾ ਹੀਰਾ ਹਿਰਨ ਸੀ। ਤੀਹਰੀ ਛਾਲ ਯਾਨੀ ਹੌਪ, ਸਟੈੱਪ ਐਂਡ ਜੰਪ, ਜਿਸ ਨੂੰ ‘ਟ੍ਰਿਪਲ ਜੰਪ’ ਵੀ ਕਿਹਾ ਜਾਂਦੈ। ਉਸ ਨੇ ਸੋਵੀਅਤ ਰੂਸ ਵੱਲੋਂ ਚਾਰ ਓਲੰਪਿਕਸ ਵਿੱਚ ਭਾਗ ਲਿਆ ਤੇ ਚਾਰੇ ਵਾਰ ਜਿੱਤ ਮੰਚ ‘ਤੇ ਚੜ੍ਹਿਆ। ਮੈਕਸੀਕੋ-68, ਮਿਊਨਿਖ-72 ਤੇ ਮੌਂਟਰੀਅਲ-76 ਦੀਆਂ ਓਲੰਪਿਕ ਖੇਡਾਂ ‘ਚ ਹੈਟ੍ਰਿਕ ਮਾਰਦਿਆਂ ਸੋਨੇ ਦੇ ਤਿੰਨ ਤਗ਼ਮੇ ਜਿੱਤੇ। ਮਾਸਕੋ-1980 ਦੀਆਂ ਓਲੰਪਿਕ ਖੇਡਾਂ ‘ਚੋਂ ਚਾਂਦੀ ਦਾ ਤਗ਼ਮਾ ਜਿੱਤਿਆ। ਤੀਹਰੀਆਂ ਛਾਲਾਂ ਲਾਉਣ ਦਾ ਇਹ ਨਿਆਰਾ ਰਿਕਾਰਡ ਹੈ। ਅਜਿਹੇ ਰਿਕਾਰਡ ਛੇਤੀ ਕੀਤਿਆਂ ਨਹੀਂ ਟੁੱਟਦੇ।

ਜਿਵੇਂ ਡਿਸਕਸ ਸੁਟਾਵੇ ਅਲ ਓਰਟਰ ਨੇ ਓਲੰਪਿਕ ਖੇਡਾਂ ਦੇ ਲਗਾਤਾਰ ਚਾਰ ਗੋਲਡ ਮੈਡਲ ਜਿੱਤੇ ਉਵੇਂ ਵਿਕਟਰ ਨੇ ਵੀ ਲਗਾਤਾਰ ਇੱਕ ਸਿਲਵਰ ਤੇ ਤਿੰਨ ਗੋਲਡ ਮੈਡਲ ਜਿੱਤੇ। ਓਰਟਰ ਦਾ ਮੈਕਸੀਕੋ ਓਲੰਪਿਕਸ ਵਾਲਾ ਮੈਡਲ ਚੌਥਾ ਸੀ ਜਦ ਕਿ ਵਿਕਟਰ ਦਾ ਪਹਿਲਾ। ਬਾਅਦ ਵਿੱਚ ਕਾਰਲ ਲਿਊਸ ਨੇ ਵੀ ਲਗਾਤਾਰ ਚਾਰ ਓਲੰਪਿਕਸ ਜਿੱਤਣ ਦਾ ਕ੍ਰਿਸ਼ਮਾ ਕਰ ਵਿਖਾਇਆ। ਇਸ ਤੋਂ ਸਿੱਧ ਹੁੰਦੈ ਕਿ ਮੁਨੱਖੀ ਜੁੱਸੇ ਦੇ ਦਮ ਦਾ ਕੋਈ ਪਾਰਾਵਾਰ ਨਹੀਂ। ਮਨੁੱਖ ਦੀ ਦੌੜਾਂ ਲਾਉਣ ਦੀ ਸਪੀਡ ਵੀ ਵਧ ਰਹੀ ਹੈ, ਛਾਲਾਂ ਲਾਉਣ ਦੀ ਉਚਾਈ ਤੇ ਲੰਬਾਈ ਵੀ, ਭਾਰ ਚੁੱਕਣ ਦੀ ਸ਼ਕਤੀ ਵੀ ਤੇ ਮੈਰਾਥਨ ਦੌੜਾਂ ਲਾਉਣ ਦਾ ਦਮ ਵੀ। ਕੁਝ ਖਿਡਾਰੀ ਤਾਂ ਚਾਰ ਹੀ ਨਹੀਂ, ਛੇ ਓਲੰਪਿਕਸ ਤੱਕ ਵੀ ਸਿਖਰ ਦੀ ਫਾਰਮ ਵਿੱਚ ਜੂਝਦੇ ਰਹੇ ਹਨ।

Advertisement

ਵਿਕਟਰ ਸਨੇਯੇਵ ਦਾ ਜਨਮ 3 ਅਕਤੂਬਰ 1945 ਨੂੰ ਗ਼ਰੀਬ ਮਾਪਿਆਂ ਦੇ ਘਰ ਕਾਲੇ ਸਾਗਰ ਦੇ ਕੰਢੇ ਜਾਰਜੀਆ ਰਾਜ ਦੇ ਸੁਖਮੀ ਨਗਰ ਵਿੱਚ ਹੋਇਆ ਸੀ। ਪਿਤਾ ਪੋਲੀਓ ਦੀ ਮਾਰ ਕਾਰਨ ਇੱਕ ਤਰ੍ਹਾਂ ਅਪਾਹਜ ਸੀ ਜੋ ਅੱਧਖੜ ਉਮਰ ‘ਚ ਹੀ ਗੁਜ਼ਰ ਗਿਆ। ਵਿਕਟਰ ਉਦੋਂ ਪੰਦਰਾਂ ਸਾਲ ਦਾ ਪਠੀਰ ਮੁੰਡਾ ਸੀ ਤੇ ਸਕੂਲੇ ਪੜ੍ਹਦਾ ਸੀ। ਉੱਥੇ ਉਹ ਉੱਚੀ ਛਾਲ ਲਾਉਣੀ ਸਿੱਖ ਰਿਹਾ ਸੀ, ਪਰ ਉਹਦੇ ਪੈਰ ਦੀ ਹੱਡੀ ਵਿੱਚ ਨੁਕਸ ਪੈ ਗਿਆ। ਉਹਦੇ ਨਾਲ ਉਹਦੀਆਂ ਉੱਚੀਆਂ ਛਾਲਾਂ ਲੱਗਣੀਆਂ ਬੰਦ ਹੋ ਗਈਆਂ। ਫਿਰ ਉਹ ਬਾਸਕਟਬਾਲ ਖੇਡਣ ਲੱਗਾ। ਸਕੂਲ ਦੀ ਪ੍ਰਿੰਸੀਪਲ ਨੇ ਉਸ ਨੂੰ ਢਾਰਸ ਦਿੱਤੀ ਤੇ ਕਰਸੇਲੀਅਨ ਨਾਂ ਦੇ ਕੋਚ ਨੂੰ ਉਹਦਾ ਵਿਸ਼ੇਸ਼ ਧਿਆਨ ਰੱਖਣ ਦੀ ਜ਼ਿੰਮੇਵਾਰੀ ਸੌਂਪੀ। ਵਿਕਟਰ ਦੇ ਜੁੱਸੇ ਨੂੰ ਪਰਖਦਿਆਂ ਕੋਚ ਨੇ ਉਸ ਨੂੰ ਟ੍ਰਿਪਲ ਜੰਪ ਲਾਉਣ ਦੀ ਟ੍ਰੇਨਿੰਗ ਦੇਣੀ ਸ਼ਰੂ ਕਰ ਲਈ ਜਿਸ ਨਾਲ ਉਹਦਾ ਪੈਰ ਚੰਗਾ ਉੱਠਣ ਲੱਗ ਪਿਆ। 17 ਸਾਲ ਦੀ ਉਮਰ ਵਿੱਚ ਉਹਦਾ ਕੱਦ 6 ਫੁੱਟ 2 ਇੰਚ ਉੱਚਾ ਤੇ ਵਜ਼ਨ ਵੀ 70 ਕਿਲੋ ਸੀ। ਲੱਤਾਂ ਹੋਰ ਤਕੜੀਆਂ ਕਰਨ ਲਈ ਉਸ ਨੂੰ ਵਿਸ਼ੇਸ਼ ਕਸਰਤਾਂ ਕਰਾਈਆਂ ਜਾਣ ਲੱਗੀਆਂ। ਮੰਤਿਆਦੀ ਦੇ ਰਹਾਇਸ਼ੀ ਸਪੋਰਟਸ ਸਕੂਲ ਵਿੱਚ ਉਹ ਛੇ ਸਾਲ ਪੜ੍ਹਿਆ। ਉੱਥੇ ਉਹ ਭਾਰੇ ਵਜ਼ਨ ਨਾਲ ਵੇਟ ਟ੍ਰੇਨਿੰਗ ਕਰਨ ਲੱਗਾ ਅਤੇ ਸਕੂਲੀ ਪੱਧਰ ‘ਤੇ ਮੁਕਾਬਲੇ ਜਿੱਤਣ ਲੱਗਾ। ਫਿਰ ਉਸ ਨੂੰ ਸੋਵੀਅਤ ਸਪੋਰਟਸ ਦੀ ਪ੍ਰਮੋਸ਼ਨ ਸਕੀਮ ਦਾ ਸਕਾਲਰਸ਼ਿਪ ਮਿਲ ਗਿਆ ਜਿਸ ਦੀ ਉਸ ਨੂੰ ਤੀਬਰ ਲੋੜ ਸੀ। ਪੌਸ਼ਟਿਕ ਖੁਰਾਕ ਨਾਲ ਉਹਦਾ ਭਾਰ 78 ਕਿਲੋ ਹੋ ਗਿਆ ਜੋ ਉਸ ਨੇ ਛਾਲਾਂ ਲਾਉਣ ਕਰਕੇ ਹੋਰ ਨਾ ਵਧਣ ਦਿੱਤਾ।

ਉਹ 23ਵੇਂ ਸਾਲ ਵਿੱਚ ਸੀ ਜਦੋਂ ਮੈਕਸੀਕੋ ਦੀਆਂ ਓਲੰਪਿਕ ਖੇਡਾਂ ਆਈਆਂ। ਉਸ ਤੋਂ ਪਹਿਲਾਂ ਉਹ ਸੋਵੀਅਤ ਰੂਸ ਦਾ ਕੌਮੀ ਚੈਂਪੀਅਨ ਬਣ ਚੁੱਕਾ ਸੀ, ਪਰ ਹੋਰਨਾਂ ਮੁਲਕਾਂ ਦੇ ਟ੍ਰਿਪਲ ਜੰਪਰ ਉਸ ਤੋਂ ਵੱਧ ਛਾਲਾਂ ਲਾ ਰਹੇ ਸਨ। ਮੈਕਸੀਕੋ ਦੀਆਂ ਓਲੰਪਿਕ ਖੇਡਾਂ ਵਿੱਚ ਉਸ ਦੀ ਗੁੱਡੀ ਅਮਰੀਕਾ ਦੇ ਬੌਬ ਬੀਮਨ ਵਾਂਗ ਹੀ ਚੜ੍ਹੀ ਜਿਸ ਨੇ ਲੰਮੀ ਛਾਲ ਦੇ ਮੁਕਾਬਲੇ ਵਿੱਚ 8.90 ਮੀਟਰ ਦੀ ਛਾਲ ਲਾ ਕੇ ਦੁਨੀਆ ਦੰਗ ਕਰ ਦਿੱਤੀ! ਉਸ ਛਾਲ ਨੂੰ ਵਾਰ ਵਾਰ ਮਿਣਿਆ ਗਿਆ ਕਿਉਂਕਿ ਉਹ ਪਹਿਲੇ ਵਿਸ਼ਵ ਰਿਕਾਰਡ ਤੋਂ ਕਾਫ਼ੀ ਅੱਗੇ ਸੀ। ਬੌਬ ਬੀਮਨ ਆਪ ਵੀ ਹੈਰਾਨ ਸੀ ਕਿ ਉਹਤੋਂ ਏਨੀ ਲੰਮੀ ਛਾਲ ਕਿਵੇਂ ਲੱਗ ਗਈ। ਉਸ ਛਾਲ ਨੂੰ ਵੀਹਵੀਂ ਸਦੀ ਦੀ ਇੱਕੀਵੀਂ ਸਦੀ ‘ਚ ਛਾਲ ਦਾ ਨਾਂ ਦਿੱਤਾ ਗਿਆ।

ਮੈਕਸੀਕੋ ਸਿਟੀ ਉਚੇਰੀ ਸਤ੍ਵਾ ‘ਤੇ ਹੋਣ ਕਰਕੇ ਵਾਯੂਮੰਡਲ ਦਾ ਦਬਾਓ ਘੱਟ ਸੀ। ਉੱਥੇ ਨਾ ਸਿਰਫ਼ ਛਾਲਾਂ ਦੇ ਰਿਕਾਰਡ ਟੁੱਟੇ ਬਲਕਿ ਸਪਰਿੰਟ ਦੌੜਾਂ ਦੇ ਵੀ ਬੜੇ ਰਿਕਾਰਡ ਨਵਿਆਏ ਗਏ। ਅਫ਼ਰੀਕਨ ਮੂਲ ਦੇ ਕਾਲੇ ਅਮਰੀਕੀ ਦੌੜਾਕਾਂ ਨੇ ਟਰੈਕ ਵਿੱਚ ਸਪਰਿੰਟਾਂ ਦੀਆਂ ‘ਨੇਰ੍ਹੀਆਂ ਲਿਆ ਦਿੱਤੀਆਂ। ਉੱਥੇ ਰੱਖੇ ਰਿਕਾਰਡ ਕਈ ਸਾਲਾਂ ਤੱਕ ਕਾਇਮ ਰਹੇ। ਵਿਕਟਰ ਓਲੰਪਿਕ ਖੇਡਾਂ ਵਿੱਚ ਪਹਿਲੀ ਵਾਰ ਭਾਗ ਲੈ ਰਿਹਾ ਸੀ। ਮੁਕਾਬਲੇ ਵਿੱਚ ਮੈਲਬੌਰਨ-56 ਤੇ ਰੋਮ-60 ਦੀਆਂ ਓਲੰਪਿਕ ਖੇਡਾਂ ਦਾ ਚੈਂਪੀਅਨ ਪੋਲੈਂਡੀਆ ਜੌਸਫ਼ ਸਮਿੱਟ, ਬ੍ਰਾਜ਼ੀਲੀਅਨ ਨੈਲਸਨ ਪਰੂਡੈਂਸੀਓ, ਸੈਨੇਗਲੀਆ ਮਮਾਦੌ, ਅਮਰੀਕਨ ਆਰਥਰ ਵਾਕਰ ਤੇ ਇਤਾਲਵੀ ਜੈਂਟੀਲ ਉਹਤੋਂ ਤਕੜੇ ਟ੍ਰਿਪਲ ਜੰਪਰ ਸਨ। ਉਨ੍ਹਾਂ ਤੋਂ ਬਿਨਾਂ ਰੂਸੀ ਅਲੈਗਜ਼ੈਂਡਰ ਜ਼ੋਲੋਤਰਯੋਵ ਵੀ ਸੀ ਜਿਸ ਦੇ ਨਾਂ ਰੂਸੀ ਰਿਕਾਰਡ ਸੀ।

ਕੁਆਲੀਫਾਈਂਗ ਗੇੜ ਵਿੱਚ ਹੀ ਜੈਂਟੀਲ ਨੇ 17.20 ਮੀਟਰ ਟ੍ਰਿਪਲ ਜੰਪ ਲਾ ਕੇ ਸਭਨਾਂ ਨੂੰ ਚਕਾਚੌਂਧ ਕਰ ਦਿੱਤਾ! ਇਸ ਤੋਂ ਪਹਿਲਾਂ ਓਲੰਪਿਕ ਰਿਕਾਰਡ 17.03 ਮੀਟਰ ਸੀ ਜੋ ਉਸ ਨੇ ਰੋਮ-60 ਦੀਆਂ ਓਲੰਪਿਕ ਖੇਡਾਂ ਵਿੱਚ ਰੱਖਿਆ ਸੀ। ਫਾਈਨਲ ਮੁਕਾਬਲੇ ਸ਼ੁਰੂ ਹੋਏ ਤਾਂ ਜੈਂਟੀਲ ਨੇ 17.22 ਮੀਟਰ ਤੀਹਰੀ ਛਾਲ ਲਾ ਕੇ ਦੂਜੀ ਵਾਰ ਵਿਸ਼ਵ ਰਿਕਾਰਡ ਤੋੜ ਦਿੱਤਾ। ਵਿਕਟਰ ਦੀ ਵਾਰੀ ਆਈ ਤਾਂ ਉਸ ਨੇ 17.23 ਮੀਟਰ ਛਾਲ ਨਾਲ ਵਿਸ਼ਵ ਰਿਕਾਰਡ ਵਿੱਚ ਹੋਰ ਵਾਧਾ ਕਰ ਦਿੱਤਾ। ਉਸ ਪਿੱਛੋਂ ਨੈਲਸਨ ਪਰੂਡੈਂਸੀਓ 17.27 ਮੀਟਰ ਨਾਲ ਹੋਰ ਅੱਗੇ ਵਧ ਗਿਆ। ਦੋ ਹੋਰ ਟ੍ਰਿਪਲ ਜੰਪਰ ਵੀ ਪਹਿਲੇ ਵਿਸ਼ਵ ਰਿਕਾਰਡ ਨੂੰ ਮਾਤ ਪਾ ਗਏ। ਵਿਕਟਰ ਨੇ ਅੰਤਰ ਧਿਆਨ ਹੋ ਕੇ ਆਪਣੀਆਂ ਸਾਰੀਆਂ ਸ਼ਕਤੀਆਂ ਇਕਸੁਰ ਕੀਤੀਆਂ। ਪਿੱਛੋਂ ਉਹਦੇ ਉਸਤਾਦ ਦੀ ਆਵਾਜ਼ ਆਈ, ”ਏਹੋ ਮੌਕਾ ਐ! ਤੂੰ ਜੋ ਚਾਹੇਂ ਸੋ ਕਰ ਸਕਦਾ ਏਂ!”

”ਕਰ ਸਕਦਾ ਏਂ” ਦੀ ਵੰਗਾਰ ਵਿਕਟਰ ਦੇ ਕੰਨਾਂ ਵਿੱਚ ਗੂੰਜਣ ਲੱਗੀ। ਉਸ ਨੇ ਨਿੱਗਰ ਕਦਮਾਂ ਨਾਲ ਛਾਲ ਲਾਉਣੀ ਆਰੰਭ ਕੀਤੀ। ਤੇਜ਼ ਦੌੜਦਿਆਂ ਪੈਰ ਫੱਟੀ ਉਤੇ ਪੂਰਾ ਸਹੀ ਆਇਆ। ਜਦੋਂ ਉਹ ਹੌਪ, ਸਟੈੱਪ ਤੇ ਜੰਪ ਲੈਣ ਪਿੱਛੋਂ ਪਿੱਚ ‘ਚ ਡਿੱਗਾ ਤਾਂ ਅਖਾੜੇ ਦੀ ਬੂਰੇ ਵਰਗੀ ਰੇਤ ਫੁਹਾਰੇ ਵਾਂਗ ਉੱਛਲੀ। ਸਟੇਡੀਅਮ ਵਿੱਚ ਨਤੀਜਾ ਜਾਣਨ ਲਈ ਸੰਨਾਟਾ ਸੀ। ਸਕੋਰ ਬੋਰਡ ਉਤੇ 17.39 ਮੀਟਰ ਦੇ ਅੱਖਰ ਜਗਮਗਾਏ ਤਾਂ ਤਾੜੀਆਂ ਦਾ ਸ਼ੋਰ ਬੱਦਲ ਵਾਂਗ ਗਰਜਿਆ। ਛੁਪੇ ਰੁਸਤਮ ਨੇ ਕਮਾਲ ਕਰ ਦਿੱਤੀ ਸੀ। ਇਸ ਛਾਲ ਨਾਲ ਪਹਿਲਾ ਓਲੰਪਿਕ ਗੋਲਡ ਮੈਡਲ ਵੀ ਜਿੱਤਿਆ ਗਿਆ ਤੇ ਵਿਸ਼ਵ ਰਿਕਾਰਡ ਵੀ ਵਿਕਟਰ ਦੇ ਨਾਂ ਹੋ ਗਿਆ। ਉਂਜ ਉੱਥੇ ਛੇ ਛਲਾਰੂਆਂ ਨੇ ਅੱਠ ਵਾਰ ਵਿਸ਼ਵ ਰਿਕਾਰਡ ਤੋੜਿਆ। ਬਾਅਦ ਵਿੱਚ ਵਿਕਟਰ ਨੇ ਆਪਣੀ ਕਾਰ ਦਾ ਪਲੇਟ ਨੰਬਰ ਜੀ ਜੀ ਏ 17.39 ਰੱਖ ਕੇ ਆਪਣੀ ਪਹਿਲੀ ਵੱਡੀ ਜਿੱਤ ਦਾ ਜਸ਼ਨ ਮਨਾਇਆ।

ਉਦੋਂ ਉਹਦੇ ਜੁੱਸੇ ਦੀ ਐਨੀ ਤਿਆਰੀ ਸੀ ਕਿ ਉਹ 170 ਕਿਲੋਗ੍ਰਾਮ ਭਾਰ ਮੋਢਿਆਂ ‘ਤੇ ਰੱਖ ਕੇ ਬੈਠਕਾਂ ਕੱਢ ਸਕਦਾ ਸੀ। ਤੇਜ਼ ਤਰਾਰ ਏਨਾ ਸੀ ਕਿ 100 ਮੀਟਰ ਦੀ ਦੌੜ 10.4 ਸਕਿੰਟ ਵਿੱਚ ਲਾ ਲੈਂਦਾ ਤੇ ਉਹਦੀ ਲੰਮੀ ਛਾਲ 7.90 ਮੀਟਰ ਲੱਗਣ ਲੱਗ ਪਈ ਸੀ। ਟ੍ਰਿਪਲ ਜੰਪ ਬਾਰੇ ਖੇਡ ਮਾਹਿਰਾਂ ਦਾ ਕਹਿਣਾ ਹੈ ਕਿ ਉੱਚ ਪੱਧਰੀ ਮੁਕਾਬਲਿਆਂ ਵਿੱਚ ਹੌਪ ਲਾਉਂਦਿਆਂ ਜੰਪਰ ਦੀ ਲੱਤ ਉਤੇ ਜਿੰਨਾ ਬੋਝ ਆਉਂਦਾ ਹੈ ਉਹ ਨੌਂ ਕੁਇੰਟਲ ਦੇ ਕਰੀਬ ਹੁੰਦਾ ਹੈ। ਤੀਹਰੀ ਛਾਲ ਲਾਉਂਦਿਆਂ ਮੂਲੋਂ ਤਕੜੀਆਂ ਲੱਤਾਂ ਹੀ ਇਹ ਬੋਝ ਝੱਲ ਸਕਦੀਆਂ ਹਨ। ਖੇਡ ਮਾਹਿਰ ਇਹ ਵੀ ਕਹਿੰਦੇ ਹਨ ਕਿ ਤੀਹਰੀ ਛਾਲ ਲਾਉਣ ਵੇਲੇ ਜੰਪਰ ਦੀ ਸਪੀਡ ਪ੍ਰਤੀ ਸਕਿੰਟ 10 ਮੀਟਰ ਹੋਣੀ ਚਾਹੀਦੀ ਹੈ। ਇਸ ਲਈ ਵਿਕਟਰ ਦੀ ਦੌੜ ਲੱਕ ਨੂੰ ਖਿੱਚਾਂ ਪਾ ਪਾ ਤੇਜ਼ ਤੋਂ ਤੇਜ਼ ਕਰਵਾਈ ਗਈ। ਇਹਦੇ ਨਾਲ ਉਹਦਾ ਹੌਪ ਹੀ 6 ਮੀਟਰ ਤੋਂ ਵੱਧ ਪੈਣ ਲੱਗ ਪਿਆ ਸੀ।

ਮਿਊਨਿਖ ਦੀਆਂ ਓਲੰਪਿਕ ਖੇਡਾਂ-72 ਤੋਂ ਪਹਿਲਾਂ ਵਿਕਟਰ ਦੇ ਪੈਰ ਦਾ ਨੁਕਸ ਫਿਰ ਵਧ ਗਿਆ ਤੇ ਉਹਦਾ ਓਲੰਪਿਕ ਖੇਡਾਂ ‘ਚ ਭਾਗ ਲੈਣਾ ਸ਼ੱਕੀ ਹੋ ਗਿਆ ਸੀ। ਉਹ ਮਾਸਕੋ ਤੋਂ ਵਾਪਸ ਸੁਖਮੀ ਚਲਾ ਗਿਆ। ਉੱਥੇ ਓਲੰਪਿਕ ਖੇਡਾਂ ਦਾ ਫਿਕਰ ਭੁੱਲ ਕੇ ਕੁਝ ਦਿਨ ਕਾਲੇ ਸਾਗਰ ਦੀ ਸਿਹਤਮੰਦ ਹਵਾ ‘ਚ ਘੁੰਮਦਾ ਰਿਹਾ। ਉਹਦੇ ਪੈਰ ਦਾ ਨੁਕਸ ਕਾਫ਼ੀ ਠੀਕ ਹੋ ਗਿਆ। ਵਾਪਸ ਕੈਂਪ ਵਿੱਚ ਗਿਆ ਤਾਂ ਉਸ ਨੇ 17 ਮੀਟਰ ਦੇ ਕਰੀਬ ਤੀਹਰੀ ਛਾਲ ਲਾ ਦਿੱਤੀ ਜਿਸ ਨਾਲ ਉਸ ਨੂੰ ਮੁੜ ਟੀਮ ਵਿੱਚ ਪਾ ਲਿਆ ਗਿਆ। ਮਿਊਨਿਖ ਵਿੱਚ ਮੁਕਾਬਲੇ ਸ਼ੁਰੂ ਹੋਏ ਤਾਂ ਵਿਕਟਰ ਨੇ ਪਹਿਲੀ ਹੀ ਛਾਲ 17.35 ਮੀਟਰ ਮਾਰੀ ਜੋ ਵਿਸ਼ਵ ਰਿਕਾਰਡ ਤੋਂ ਕੇਵਲ 5 ਸੈਂਟੀਮੀਟਰ ਘੱਟ ਸੀ। ਸਭ ਹੱਕੇ ਬੱਕੇ ਰਹਿ ਗਏ। ਉਸ ਛਾਲ ਦਾ ਹੋਰਨਾਂ ‘ਤੇ ਅਜਿਹਾ ਮਨੋਵਿਗਿਆਨਕ ਪ੍ਰਭਾਵ ਪਿਆ ਕਿ ਕੋਈ ਹੋਰ ਜੰਪਰ ਉਸ ਤੋਂ ਅੱਗੇ ਨਾ ਲੰਘ ਸਕਿਆ। 17.40 ਮੀਟਰ ਦਾ ਵਿਸ਼ਵ ਰਿਕਾਰਡ ਰੱਖਣ ਵਾਲਾ ਜਾਰਗ ਡ੍ਰੈਮਲ ਵੀ 17.31 ਮੀਟਰ ਛਾਲ ਹੀ ਲਾ ਸਕਿਆ। ਵਿਕਟਰ ਦੂਜੀ ਵਾਰ ਫਿਰ ਗੋਲਡ ਮੈਡਲ ਜਿੱਤ ਗਿਆ, ਪਰ ਉਹ ਪੂਰਾ ਖ਼ੁਸ਼ ਨਾ ਹੋਇਆ ਕਿਉਂਕਿ ਉਸ ਤੋਂ ਜਾਰਗ ਦਾ ਵਿਸ਼ਵ ਰਿਕਾਰਡ ਨਹੀਂ ਸੀ ਟੁੱਟਾ।

1968 ਵਿੱਚ ਵਿਸ਼ਵ ਰਿਕਾਰਡ ਨਾਲ ਜਿੱਤੇ ਵਿਕਟਰ ਦੇ ਓਲੰਪਿਕ ਮੈਡਲ ਕਰਕੇ ‘ਸਨੇਯੇਵ ਕੱਪ’ ਹੋਣਾ ਸ਼ੁਰੂ ਹੋ ਗਿਆ ਸੀ। ਅਗਲਾ ਸਨੇਯੇਵ ਕੱਪ ਮਿਊਨਿਖ ਦੀਆਂ ਓਲੰਪਿਕ ਖੇਡਾਂ ਤੋਂ ਬਾਅਦ ਸੀ। ਉਹਦੇ ਲਈ ਉੱਥੇ ਫਿਰ ਵਿਸ਼ਵ ਰਿਕਾਰਡ ਤੋੜਨ ਦਾ ਮੌਕਾ ਸੀ। 1972 ‘ਚ ਹੀ ਵਿਕਟਰ ਦਾ ਖ਼ੂਬਸੂਰਤ ਖਿਡਾਰਨ ਤਤਿਆਨਾ ਨਾਲ ਵਿਆਹ ਹੋਇਆ। ਵਿਆਹ ਤੋਂ ਅਗਲੇ ਦਿਨ ਹੀ ਸਨੇਯੇਵ ਕੱਪ ਦੇ ਮੁਕਾਬਲੇ ਸਨ। ਵਿਕਟਰ ਨੇ ਵਿਆਹ ਦੀ ਰਸਮ ਵਜੋਂ ਸ਼ੈਂਪੇਨ ਦਾ ਗਲਾਸ ਵੀ ਨਾ ਪੀਤਾ ਮਤਾਂ ਉਹ ਵਿਸ਼ਵ ਰਿਕਾਰਡ ਤੋੜਨੋਂ ਖੁੰਝ ਜਾਵੇ। ਸਿੱਟੇ ਵਜੋਂ ‘ਸਨੇਯੇਵ ਕੱਪ’ ਵਿੱਚ ਵਿਕਟਰ ਨੇ 17.44 ਮੀਟਰ ਛਾਲ ਦਾ ਨਵਾਂ ਵਿਸ਼ਵ ਰਿਕਾਰਡ ਰੱਖ ਦਿੱਤਾ। ਇੰਜ ਮੈਕਸੀਕੋ ਤੇ ਮਿਊਨਿਖ ਦੇ ਸੋਨ ਤਗ਼ਮਿਆਂ ਸਮੇਤ ਉਸ ਨੇ ਨਵੇਂ ਵਿਸ਼ਵ ਰਿਕਾਰਡ ਦਾ ਤੋਹਫ਼ਾ ਵੀ ਆਪਣੀ ਨਵ ਵਿਆਹੀ ਨੂੰ ਦਿੱਤਾ।

ਮੌਂਟਰੀਅਲ-1976 ਦੇ ਓਲੰਪਿਕ ਮੁਕਾਬਲਿਆਂ ਵਿੱਚ ਪਹਿਲੇ ਦੋ ਯਤਨਾਂ ਵਿੱਚ ਕੋਈ ਵੀ ਜੰਪਰ 17 ਮੀਟਰ ਤੋਂ ਅੱਗੇ ਨਾ ਵਧ ਸਕਿਆ ਹਾਲਾਂਕਿ ਬ੍ਰਾਜ਼ੀਲ ਦੇ ਡੀ ਓਲੀਵੀਰਾ ਨੇ 17.89 ਮੀਟਰ ਦਾ ਨਵਾਂ ਵਿਸ਼ਵ ਰਿਕਾਰਡ ਰੱਖ ਦਿੱਤਾ ਸੀ! ਤੀਜੇ ਯਤਨ ਵਿੱਚ ਵਿਕਟਰ ਨੇ 17.06 ਮੀਟਰ ਛਾਲ ਲਾਈ। ਚੌਥੇ ਯਤਨ ‘ਚ ਉਹਦੀ ਛਾਲ ਤਾਂ 17.50 ਮੀਟਰ ਚਲੀ ਗਈ, ਪਰ ਮਾਮੂਲੀ ਫਾਊਲ ਕਾਰਨ ਰੱਦ ਹੋ ਗਈ। ਅਮਰੀਕਾ ਦਾ ਜੇਮਜ਼ ਬੱਟ 17.18 ਮੀਟਰ ਨਾਲ ਉਸ ਤੋਂ ਅੱਗੇ ਨਿਕਲ ਗਿਆ। ਵਿਕਟਰ ਲਈ ਇਹ ਅਤਿ ਨਾਜ਼ਕ ਘੜੀ ਸੀ। ਉਸ ਨੇ ਮੈਕਸੀਕੋ ਵਾਂਗ ਇਕਾਗਰ ਚਿੱਤ ਹੋ ਕੇ ਪੰਜਵੀਂ ਛਾਲ ਲਾਈ ਜੋ 17.29 ਮੀਟਰ ਲੱਗ ਗਈ। ਉਹਦੇ ਨਾਲ ਉਹ ਓਲੰਪਿਕ ਖੇਡਾਂ ਦਾ ਲਗਾਤਾਰ ਤੀਜਾ ਗੋਲਡ ਮੈਡਲ ਜਿੱਤਣ ਦੀ ਹੈਟ੍ਰਿਕ ਮਾਰ ਗਿਆ। ਇਹਦੇ ਨਾਲ ਹੀ ਉਸ ਨੇ ਆਪਣੀ ਪਤਨੀ ਨੂੰ ਨਵਜੰਮੇ ਪੁੱਤਰ ਦਾ ਅਨਮੋਲ ਤੋਹਫ਼ਾ ਬਖ਼ਸ਼ ਦਿੱਤਾ ਜਿਸ ਦਾ ਨਾਂ ਅਲੈਗਜ਼ੈਂਡਰ ਸਨੇਯੇਵ ਉਰਫ਼ ‘ਅਲੈਕਸੀ’ ਰੱਖਿਆ ਗਿਆ।

ਮਾਸਕੋ ਦੀਆਂ ਓਲੰਪਿਕ ਖੇਡਾਂ-1980 ਸਮੇਂ ਵਿਕਟਰ 35 ਸਾਲਾਂ ਦਾ ਹੋ ਗਿਆ ਸੀ। ਉਸ ਨੂੰ ਓਲੰਪਿਕ ਖੇਡਾਂ ਦੇ ਮਾਣ ਵਜੋਂ ਆਖ਼ਰੀ ਮਿਸ਼ਾਲਚੀ ਬਣਨ ਦਾ ਸਨਮਾਨ ਦਿੱਤਾ ਗਿਆ। ਇਸ ਵਾਰ ਬਹੁਤੀ ਆਸ ਨਹੀਂ ਸੀ ਕਿ ਉਹ ਜਿੱਤ ਮੰਚ ‘ਤੇ ਚੜ੍ਹ ਸਕੇਗਾ। ਵਿਕਟਰ ਮੌਂਟਰੀਅਲ ਤੋਂ ਜਿੱਤਿਆ ਸੋਨ ਤਗ਼ਮਾ ਆਪਣੇ ਪੁੱਤਰ ਅਲੈਕਸੀ ਨੂੰ ਭੇਟ ਕਰਨ ਪਿੱਛੋਂ ਨਿਰੰਤਰ ਅਭਿਆਸ ਕਰਦਾ ਰਿਹਾ ਸੀ ਜਿਸ ਦੇ ਸਿੱਟੇ ਵਜੋਂ ਮਾਸਕੋ ਵਿੱਚ 17.24 ਮੀਟਰ ਛਾਲ ਲਾ ਕੇ ਚਾਂਦੀ ਦਾ ਤਗ਼ਮਾ ਜਿੱਤ ਗਿਆ। ਉਸ ਨੇ ਯੂਰਪੀਨ ਚੈਂਪੀਅਨਸ਼ਿਪ ਅਤੇ ਹੋਰ ਕਈ ਕੌਮਾਂਤਰੀ ਕੱਪਾਂ ਵਿੱਚੋਂ ਵੀ ਦਰਜਨਾਂ ਮੈਡਲ ਜਿੱਤੇ। ਉਸ ਨੂੰ ਹੋਰਨਾਂ ਰੂਸੀ ਪੁਰਸਕਾਰਾਂ ਨਾਲ ਸੋਵੀਅਤ ਰੂਸ ਦੇ ਸਿਖਰਲੇ ਐਵਾਰਡ ਆਰਡਰ ਆਫ ਲੈਨਿਨ ਨਾਲ ਸਨਮਾਨਿਆ ਗਿਆ। ਫਿਰ ਉਹ ਚਾਰ ਸਾਲ ਸੋਵੀਅਤ ਟੀਮਾਂ ਦਾ ਕੋਚ ਰਿਹਾ।

1990 ਵਿੱਚ ਜਦ ਸੋਵੀਅਤ ਯੂਨੀਅਨ ਟੁੱਟੀ ਤਾਂ ਜਾਰਜੀਆ ਵਿੱਚ ਬਦਅਮਨੀ ਫੈਲ ਗਈ। ਸਿਵਲ ਵਾਰ ‘ਚੋਂ ਬਚਦਿਆਂ ਵਿਕਟਰ ਨੂੰ ਆਪਣੀ ਪਤਨੀ ਤੇ 15 ਸਾਲ ਦੇ ਪੁੱਤਰ ਨਾਲ ਸੁਖਮੀ ਛੱਡ ਕੇ ਆਸਟਰੇਲੀਆ ਜਾਣਾ ਪੈ ਗਿਆ। ਉੱਥੇ ਉਸ ਨੂੰ ਕੋਚਿੰਗ ਦੀ ਕੋਈ ਯੋਗ ਨਿਯੁਕਤੀ ਮਿਲਣ ਤੋਂ ਪਹਿਲਾਂ ਪੀਜ਼ਾ ਢੋਣ ਵਰਗੀਆਂ ਨਿੱਕੀਆਂ ਮੋਟੀਆਂ ਨੌਕਰੀਆਂ ਕਰਨੀਆਂ ਪਈਆਂ। ਫਿਰ ਅਜਿਹੇ ਦਿਨ ਵੀ ਆਏ ਜਦ ਉਹ ਓਲੰਪਿਕ ਮੈਡਲ ਵੇਚਣ ਬਾਰੇ ਸੋਚਣ ਲੱਗਾ ਹਾਲਾਂਕਿ ਉਹਦੇ ਕੋਲ ਸਰੀਰਕ ਸਿੱਖਿਆ ਤੇ ਐਗਰੀਕਲਚਰ ਦੀਆਂ ਡਿਗਰੀਆਂ ਵੀ ਸਨ। ਉਹ ਗ਼ਰੀਬੀ ‘ਚ ਜੰਮਿਆ ਸੀ ਤੇ ਅਮੀਰੀ ਹੰਢਾਅ ਕੇ ਆਖ਼ਰ ਗ਼ਰੀਬੀ ‘ਚ ਹੀ ਆਸਟਰੇਲੀਆ ਦੇ ਸ਼ਹਿਰ ਸਿਡਨੀ ਵਿੱਚ ਪਤਨੀ ਤੇ ਪੁੱਤਰ ਨੂੰ ਵਿਲਕਦਿਆਂ ਛੱਡ ਕੇ 3 ਜਨਵਰੀ 2022 ਨੂੰ ਪਰਲੋਕ ਸਿਧਾਰ ਗਿਆ। ਅਜਿਹਾ ਜੰਮਣਾ, ਜਿਊਣਾ ਤੇ ਮਰਨਾ ਸੀ ਸੋਵੀਅਤ ਰੂਸ ਦੇ ਹੀਰੇ ਹਿਰਨ ਦਾ।
ਈ-ਮੇਲ: principalsarwansingh@gmail.com

Advertisement