ਦੇਸ਼ ਨੇ ਪੰਜ ਵਰ੍ਹਿਆਂ ਵਿੱਚ ਵੱਡੇ ਬਦਲਾਅ ਦੇਖੇ: ਮੋਦੀ
ਨਵੀਂ ਦਿੱਲੀ, 10 ਫਰਵਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ 17ਵੀਂ ਲੋਕ ਸਭਾ ਦੇ ਪੰਜ ਵਰ੍ਹੇ ਦੇਸ਼ ’ਚ ‘ਰਿਫਾਰਮ, ਪਰਫਾਰਮ ਅਤੇ ਟਰਾਂਸਫਾਰਮ’ ਵਾਲੇ ਰਹੇ ਅਤੇ ਦੇਸ਼ ਬੜੀ ਤੇਜ਼ੀ ਨਾਲ ‘ਵੱਡੇ ਬਦਲਾਅ’ ਵੱਲ ਅੱਗੇ ਵਧ ਰਿਹਾ ਹੈ। ਰਾਮ ਮੰਦਰ ਬਾਰੇ ਪੇਸ਼ ਵਿਸ਼ੇਸ਼ ਮਤੇ ’ਤੇ ਬੋਲਦਿਆਂ ਉਨ੍ਹਾਂ ਭਰੋਸਾ ਜਤਾਇਆ ਕਿ ਦੇਸ਼ 17ਵੀਂ ਲੋਕ ਸਭਾ ਨੂੰ ਆਸ਼ੀਰਵਾਦ ਦਿੰਦਾ ਰਹੇਗਾ। ਬਜਟ ਇਜਲਾਸ ਦੇ ਆਖਰੀ ਦਿਨ ਲੋਕ ਸਭਾ ’ਚ ਆਪਣੇ ਸੰਬੋਧਨ ਦੌਰਾਨ ਮੋਦੀ ਨੇ ਕਿਹਾ ਕਿ ਪਿਛਲੇ ਪੰਜ ਸਾਲਾਂ ’ਚ ਇਤਿਹਾਸਕ ਸੁਧਾਰ ਕੀਤੇ ਗਏ ਜਿਸ ਨੇ 21ਵੀ ਸਦੀ ਦੇ ਭਾਰਤ ਦੀ ਮਜ਼ਬੂਤ ਨੀਂਹ ਰੱਖੀ। ਉਨ੍ਹਾਂ ਕਿਹਾ ਕਿ ਸਦਨ ਦੇ ਸਾਰੇ ਮੈਂਬਰਾਂ ਨੇ ਆਪਣਾ ਅਹਿਮ ਯੋਗਦਾਨ ਪਾਇਆ ਹੈ ਅਤੇ ਅਜਿਹੇ ਕੰਮ ਮੁਕੰਮਲ ਹੋਏ ਹਨ ਜਿਨ੍ਹਾਂ ਦੀ ਲੋਕ ਸਦੀਆਂ ਤੋਂ ਉਡੀਕ ਕਰ ਰਹੇ ਸਨ। ‘ਕਈ ਪੀੜ੍ਹੀਆਂ ਤੋਂ ਲੋਕ ਇਕ ਸੰਵਿਧਾਨ ਦਾ ਸੁਫ਼ਨਾ ਦੇਖ ਰਹੇ ਸਨ ਪਰ ਇਸ ਸਦਨ ਨੇ ਧਾਰਾ 370 ਹਟਾ ਕੇ ਇਹ ਸੰਭਵ ਬਣਾਇਆ। ਕਈ ਚੁਣੌਤੀਆਂ ਦਾ ਡਟ ਕੇ ਟਾਕਰਾ ਕੀਤਾ ਗਿਆ ਅਤੇ ਦੇਸ਼ ਨੂੰ ਢੁੱਕਵੀਂ ਸੇਧ ਮਿਲੀ।’ ਪ੍ਰਧਾਨ ਮੰਤਰੀ ਨੇ ਸੰਸਦ ਮੈਂਬਰਾਂ ਅਤੇ ਲੋਕ ਸਭਾ ਸਪੀਕਰ ਓਮ ਬਿਰਲਾ ਦਾ ਵੀ ਧੰਨਵਾਦ ਕੀਤਾ। ‘ਤੁਹਾਡੇ (ਬਿਰਲਾ) ਚਿਹਰੇ ’ਤੇ ਹਮੇਸ਼ਾ ਮੁਸਕਰਾਹਟ ਬਣੀ ਰਹੀ। ਤੁਸੀਂ ਇਸ ਸਦਨ ਨੂੰ ਨਿਰਪੱਖ ਰਹਿ ਕੇ ਚਲਾਇਆ ਅਤੇ ਮੈਂ ਇਸ ਲਈ ਤੁਹਾਡੀ ਪ੍ਰਸ਼ੰਸਾ ਕਰਦਾ ਹਾਂ। ਕਈ ਵਾਰ ਗੁੱਸੇ ਅਤੇ ਦੋਸ਼ਾਂ ਦਾ ਸਾਹਮਣਾ ਕਰਨਾ ਪਿਆ ਪਰ ਤੁਸੀਂ ਹਾਲਾਤ ਨੂੰ ਸੰਜਮ ਨਾਲ ਸਿੱਝਿਆ ਅਤੇ ਸਦਨ ਨੂੰ ਪੂਰੀ ਸਿਆਣਪ ਨਾਲ ਚਲਾਇਆ।’ ਕੋਵਿਡ ਮਹਾਮਾਰੀ ਦਾ ਜ਼ਿਕਰ ਕਰਦਿਆਂ ਮੋਦੀ ਨੇ ਕਿਹਾ ਕਿ ਪਿਛਲੇ ਪੰਜ ਸਾਲਾਂ ਦੌਰਾਨ ‘ਸਦੀ ਦਾ ਸਭ ਤੋਂ ਵੱਡਾ ਸੰਕਟ’ ਦੇਖਣ ਨੂੰ ਮਿਲਿਆ ਅਤੇ ਬਿਰਲਾ ਨੇ ਸਦਨ ਦੀ ਮਰਿਆਦਾ ਬਹਾਲ ਰਖਦਿਆਂ ਅਜਿਹੇ ਪ੍ਰਬੰਧ ਕੀਤੇ ਕਿ ਸੰਸਦੀ ਕੰਮਕਾਰ ’ਤੇ ਕੋਈ ਅਸਰ ਨਾ ਪਵੇ। ਉਨ੍ਹਾਂ ਕਿਹਾ ਕਿ ਸਪੀਕਰ ਦੇ ਯਤਨਾਂ ਸਦਕਾ ਹੀ 17ਵੀਂ ਲੋਕ ਸਭਾ ਦੌਰਾਨ ਸੰਸਦ ਦੀ ਨਵੀਂ ਇਮਾਰਤ ਦਾ ਸੁਫ਼ਨਾ ਪੂਰਾ ਹੋਇਆ। ਸਪੀਕਰ ਦੀ ਰਹਿਨੁਮਾਈ ਹੇਠ ਹੀ ਸਦਨ ’ਚ ‘ਸੇਂਗੋਲ’ ਦੀ ਸਥਾਪਨਾ ਸੰਭਵ ਹੋ ਸਕੀ। ਉਨ੍ਹਾਂ ਕਿਹਾ ਕਿ 17ਵੀਂ ਲੋਕ ਸਭਾ ’ਚ 97 ਫ਼ੀਸਦ ਕੰਮਕਾਰ ਹੋਇਆ ਅਤੇ ਸਾਨੂੰ 18ਵੀਂ ਲੋਕ ਸਭਾ ’ਚ ਇਹ 100 ਫ਼ੀਸਦੀ ਤੋਂ ਵੱਧ ਵੱਲ ਲਿਜਾਣਾ ਚਾਹੀਦਾ ਹੈ। ਉਨ੍ਹਾਂ ਮਹਿਲਾ ਰਾਖਵਾਂਕਰਨ ਬਿੱਲ ਅਤੇ ਤੀਹਰੇ ਤਲਾਕ ਖ਼ਿਲਾਫ਼ ਬਣੇ ਕਾਨੂੰਨਾਂ ਦੀ ਵੀ ਸ਼ਲਾਘਾ ਕੀਤੀ।
ਕਾਂਗਰਸ ਆਗੂ ਗੌਰਵ ਗੋਗੋਈ ਨੇ ਚਰਚਾ ’ਚ ਹਿੱਸਾ ਲੈਂਦਿਆਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਸਾਰਿਆਂ ਦੀ ਭਲਾਈ ਦੀ ਕਾਮਨਾ ਕਰਦਿਆਂ ਮਹਾਤਮਾ ਗਾਂਧੀ ਦੇ ਰਾਮ ਰਾਜ ਦੀ ਕਲਪਨਾ ਦੇ ਆਧਾਰ ’ਤੇ ਦੇਸ਼ ਦੀ ਸੇਵਾ ਕਰਦੀ ਆਈ ਹੈ ਜਦਕਿ ਭਾਜਪਾ ਦੀ ਅਗਵਾਈ ਹੇਠਲੀ ਐੱਨਡੀਏ ਸਰਕਾਰ ’ਚ ਅਨੁਸੂਚਿਤ ਜਾਤੀ, ਅਨੁਸੂਚਿਤ ਜਨਜਾਤੀ, ਓਬੀਸੀ ਅਤੇ ਔਰਤਾਂ ਸਮੇਤ ਸਾਰਿਆਂ ਨਾਲ ਬੇਇਨਸਾਫ਼ੀ ਅਤੇ ਵਿਤਕਰਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਮੈਂਬਰਾਂ ਵੱਲੋਂ ‘ਜੈ ਸ੍ਰੀ ਰਾਮ’ ਦੇ ਨਾਅਰੇ ਗੁੱਸੇ ਅਤੇ ਨਫ਼ਰਤ ਵੱਲ ਇਸ਼ਾਰਾ ਕਰਦੇ ਹਨ। ਉਨ੍ਹਾਂ ਕਿਹਾ ਕਿ ਭਗਵਾਨ ਰਾਮ ਸਾਰਿਆਂ ਦੇ ਹਨ। ਹਾਕਮ ਧਿਰ ਦੇ ਮੈਂਬਰਾਂ ਵੱਲੋਂ ਕੀਤੇ ਜਾ ਰਹੇ ਵਿਰੋਧ ਦੌਰਾਨ ਉਨ੍ਹਾਂ ਕਿਹਾ ਕਿ ‘ਜੈ ਸ੍ਰੀ ਰਾਮ’ ਦੇ ਨਾਅਰੇ ’ਚ ਪਿਆਰ ਅਤੇ ਸਦਭਾਵਨਾ ਨਜ਼ਰ ਆਉਣੀ ਚਾਹੀਦੀ ਹੈ। ਜੇਕਰ ਤੁਹਾਡੇ ਦਿਲ ’ਚ ਨਫ਼ਰਤ ਹੈ, ਤੁਸੀਂ ਹੋਰਾਂ ਨੂੰ ਗੋਲੀਆਂ ਮਾਰਦੇ ਹੋ ਜਾਂ ਹੋਰ ਧਰਮਾਂ ਦੇ ਧਾਰਮਿਕ ਅਸਥਾਨਾਂ ਨੂੰ ਢਾਹੁੰਦੇ ਹੋ ਤਾਂ ਤੁਸੀਂ ‘ਰਾਮ ਭਗਤ’ ਨਹੀਂ ਹੋ ਸਕਦੇ ਹੋ। ਗੁਰੂ ਨਾਨਕ ਦੀ ਬਾਣੀ ਦਾ ਜ਼ਿਕਰ ਕਰਦਿਆਂ ਗੋਗੋਈ ਨੇ ਕਿਹਾ ਕਿ ਕਾਂਗਰਸ ਪਾਰਟੀ ਸਾਰਿਆਂ ਦਾ ਏਕਾ ਚਾਹੁੰਦੀ ਹੈ ਅਤੇ ਇਹੋ ਭਾਰਤ ਦੀ ਰਵਾਇਤ ਹੈ। ਉਨ੍ਹਾਂ ਕਿਹਾ ਕਿ ਦੇਸ਼ ਦਾ ਜਨਮ 2014 ਜਾਂ 22 ਜਨਵਰੀ, 2024 ਨੂੰ ਨਹੀਂ ਹੋਇਆ। ਰਾਮ ਲੱਲਾ ਪਹਿਲਾਂ ਵੀ ਸਾਡੇ ਨਾਲ ਸਨ ਅਤੇ ਹੁਣ ਭਵਿੱਖ ’ਚ ਵੀ ਸਾਡੇ ਨਾਲ ਰਹਿਣਗੇ। ਉਨ੍ਹਾਂ ਕਿਹਾ ਕਿ ਭਗਵਾਨ ਰਾਮ ਸਾਰਿਆਂ ਦੇ ਦਿਲਾਂ ’ਚ ਵਸਦੇ ਹਨ। ਇਸੇ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਰਾਮ ਤੋਂ ਬਿਨਾਂ ਭਾਰਤ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ ਅਤੇ 22 ਜਨਵਰੀ 2024 ਨੂੰ ਅਯੁੱਧਿਆ ’ਚ ਰਾਮ ਮੰਦਰ ਵਿੱਚ ਪ੍ਰਾਣ ਪ੍ਰਤਿਸ਼ਠਾ ਦਾ ਦਿਨ ਭਾਰਤ ਨੂੰ ਵਿਸ਼ਵ ਗੁਰੂ ਬਣਾਉਣ ਦੇ ਰਾਹ ’ਤੇ ਲਿਜਾਣ ਵਾਲਾ ਹੈ। ਉਨ੍ਹਾਂ ਕਿਹਾ ਕਿ ਅਯੁੱਧਿਆ ਮਾਮਲੇ ’ਚ ਸੁਪਰੀਮ ਕੋਰਟ ਦੇ ਫ਼ੈਸਲੇ ਨੇ ਭਾਰਤ ਦੇ ਧਰਮ ਨਿਰਪੱਖ ਚਰਿੱਤਰ ਨੂੰ ਸਾਹਮਣੇ ਲਿਆਂਦਾ ਹੈ ਅਤੇ ਦੁਨੀਆ ’ਚ ਕੋਈ ਵੀ ਮੁਲਕ ਅਜਿਹਾ ਨਹੀਂ ਹੈ ਜਿੱਥੇ ਬਹੁ-ਗਿਣਤੀ ਸਮਾਜ ਨੇ ਆਪਣੀ ਧਾਰਮਿਕ ਆਸਥਾ ਵਾਲੀ ਥਾਂ ਲਈ ਇੰਨੀ ਲੰਮੀ ਕਾਨੂੰਨੀ ਲੜਾਈ ਲੜੀ ਹੋਵੇ।
ਦੂਜੇ ਪਾਸੇ ਰਾਜ ਸਭਾ ਵਿੱਚ ਭਾਜਪਾ ਪ੍ਰਧਾਨ ਜੇਪੀ ਨੱਢਾ ਨੇ ਕਿਹਾ ਕਿ ਜਿਸ ਦਿਨ ਅਯੁੱਧਿਆ ਦੇ ਰਾਮ ਮੰਦਰ ਵਿੱਚ ਪ੍ਰਾਣ ਪ੍ਰਤਿਸ਼ਠਾ ਸਮਾਗਮ ਕਰਾਇਆ ਗਿਆ ਉਹ ਦੇਸ਼ ਦੀ ਅਧਿਆਤਮਕ ਤੇ ਸੱਭਿਆਚਾਰਕ ਚੇਤਨਾ ਦੇ ਪੁਨਰ ਜਾਗਰਣ ਦਾ ਦਿਨ ਸੀ ਜਿਸ ਨੂੰ ਕਈ ਸਦੀਆਂ ਤੱਕ ਯਾਦ ਰੱਖਿਆ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦੀ ਪਾਰਟੀ ਲਈ ਇਹ ਕਦੀ ਸਿਆਸੀ ਮੁੱਦਾ ਨਹੀਂ ਸੀ ਅਤੇ ਉਸ ਨੇ ਕਦੀ ਇਸ ਦਾ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਨਹੀਂ ਕੀਤੀ। -ਪੀਟੀਆਈ
ਕੀ ਸਰਕਾਰ ਸਿਰਫ਼ ਹਿੰਦੂਤਵ ਲਈ ਹੈ: ਓਵਾਇਸੀ
ਨਵੀਂ ਦਿੱਲੀ: ਏਆਈਐੱਮਆਈਐੱਮ ਮੁਖੀ ਅਸਦ-ਉਦ-ਦੀਨ ਓਵਾਇਸੀ ਨੇ ਮੋਦੀ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਇੰਜ ਜਾਪਦਾ ਹੈ ਕਿ ਮੌਜੂਦਾ ਸਰਕਾਰ ਸਿਰਫ਼ ਹਿੰਦੂਤਵ ਲਈ ਹੈ। ਉਨ੍ਹਾਂ ਕਿਹਾ ਕਿ ਜਿਥੇ ਬਾਬਰੀ ਮਸਜਿਦ ਉਸਾਰੀ ਗਈ ਸੀ, ਉਹ ਉਥੇ ਹੀ ਰਹੇਗੀ। ਰਾਮ ਮੰਦਰ ਦੀ ਉਸਾਰੀ ਬਾਰੇ ਲੋਕ ਸਭਾ ’ਚ ਹੋਈ ਚਰਚਾ ’ਚ ਹਿੱਸਾ ਲੈਂਦਿਆਂ ਓਵਾਇਸੀ ਨੇ ਕਿਹਾ ਕਿ ਦੇਸ਼ ਦੇ 17 ਕਰੋੜ ਮੁਸਲਮਾਨ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰ ਰਹੇ ਹਨ ਅਤੇ ਦੇਸ਼ ਨੂੰ ‘ਬਾਬਾ ਮੋਦੀ’ ਦੀ ਲੋੜ ਨਹੀਂ ਹੈ। ਹੈਦਰਾਬਾਦ ਤੋਂ ਸੰਸਦ ਮੈਂਬਰ ਓਵਾਇਸੀ ਨੇ ਕਿਹਾ ਕਿ ਉਹ ਬਾਬਰ, ਜਿਨਾਹ ਜਾਂ ਔਰੰਗਜ਼ੇਬ ਦੇ ਤਰਜਮਾਨ ਨਹੀਂ ਹਨ ਅਤੇ ਉਹ ਵੀ ਮਰਿਆਦਾ ਪੁਰਸ਼ੋਤਮ ਰਾਮ ਦਾ ਸਤਿਕਾਰ ਕਰਦੇ ਹਨ ਪਰ ਉਹ ਨਾਥੂਰਾਮ ਗੋਡਸੇ ਨੂੰ ਨਫ਼ਰਤ ਕਰਨਾ ਜਾਰੀ ਰਖਣਗੇ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਬਾਬਾ ਮੋਦੀ ਦੀ ਲੋੜ ਨਹੀਂ ਹੈ ਅਤੇ ਜਦੋਂ ਸਰਕਾਰ ਚਰਚਾ ਦਾ ਜਵਾਬ ਦੇਵੇ ਤਾਂ ਉਹ ਇਹ ਵੀ ਧਿਆਨ ਰੱਖੇ ਕਿ ਉਹ ਸਿਰਫ਼ ਹਿੰਦੂਤਵ ਆਬਾਦੀ ਦੀ ਨਹੀਂ ਸਗੋਂ 140 ਕਰੋੜ ਭਾਰਤੀਆਂ ਲਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਆਪਣੇ ਕੰਮਾਂ ਰਾਹੀਂ ਮੁਸਲਮਾਨਾਂ ਨੂੰ ਸੁਨੇਹਾ ਦੇ ਰਹੀ ਹੈ ਕਿ ਕੀ ਉਹ ਆਪਣੀ ਜਾਨ ਬਚਾਉਣਾ ਚਾਹੁੰਦੇ ਹਨ ਜਾਂ ਫਿਰ ਇਨਸਾਫ਼ ਚਾਹੁੰਦੇ ਹਨ। -ਪੀਟੀਆਈ
ਸੰਸਦ ਦੇ ਦੋਵੇਂ ਸਦਨਾਂ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਮੁਲਤਵੀ
ਨਵੀਂ ਦਿੱਲੀ: ਸੰਸਦ ਦੇ ਦੋਵੇਂ ਸਦਨਾਂ ਲੋਕ ਸਭਾ ਅਤੇ ਰਾਜ ਸਭਾ ਦੀ ਕਾਰਵਾਈ ਅੱਜ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀ ਗਈ। ਇਸ ਦੇ ਨਾਲ ਹੀ ਬਜਟ ਸੈਸ਼ਨ ਮੁਕੰਮਲ ਹੋ ਗਿਆ ਹੈ। ਅਪਰੈਲ-ਮਈ ’ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਹ ਸੰਸਦ ਦਾ ਆਖਰੀ ਸੈਸ਼ਨ ਸੀ। ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕਿਹਾ ਕਿ 17ਵੀਂ ਲੋਕ ਸਭਾ ’ਚ ਪਿਛਲੇ ਪੰਜ ਸਾਲਾਂ ਦੌਰਾਨ 222 ਬਿੱਲ ਪਾਸ ਕੀਤੇ ਗਏ ਹਨ। ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਨੇ ਕਿਹਾ ਕਿ ਛੋਟੇ ਪਰ ਅਹਿਮ ਸੈਸ਼ਨ ਦੌਰਾਨ ਸਦਨ ਨੌਂ ਦਿਨ ਤੱਕ ਬੈਠਿਆ ਜਿਸ ਵਿੱਚ ਸੰਸਦ ਮੈਂਬਰਾਂ ਨੇ 116 ਮੁੱਦਿਆਂ ’ਤੇ ਚਰਚਾ ਕੀਤੀ। ਸੈਸ਼ਨ ਦੌਰਾਨ 137 ਫੀਸਦ ਕੰਮ ਹੋਇਆ। -ਪੀਟੀਆਈ