ਬ੍ਰਹਮਾ ਕੁਮਾਰੀਆਂ ਦੇ ਮੁਖੀ ਦਾਦੀ ਰਤਨ ਮੋਹਿਨੀ ਦਾ ਦੇਹਾਂਤ
ਰਾਜ ਸਦੋਸ਼
ਅਬੋਹਰ, 08 ਅਪਰੈਲ
ਅਧਿਆਤਮਿਕ ਆਗੂ ਅਤੇ ਬ੍ਰਹਮਾ ਕੁਮਾਰੀਆਂ ਦੇ ਮੁੱਖ ਪ੍ਰਸ਼ਾਸਕ ਦਾਦੀ ਰਤਨ ਮੋਹਿਨੀ ਦਾ ਮੰਗਲਵਾਰ ਨੂੰ ਦੇਹਾਂਤ ਹੋ ਗਿਆ। ਉਨ੍ਹਾਂ ਦਾ 100ਵਾਂ ਜਨਮਦਿਨ 25 ਮਾਰਚ ਨੂੰ ਮਨਾਇਆ ਗਿਆ ਸੀ। ਦਾਦੀ ਰਤਨ ਮੋਹਿਨੀ ਇਕ ਸਦੀ ਦੇ ਇਸ ਮਹੱਤਵਪੂਰਨ ਮੀਲ ਪੱਥਰ ’ਤੇ ਪਹੁੰਚਣ ਵਾਲੀ ਬ੍ਰਹਮਾ ਕੁਮਾਰੀਆਂ ਦੀ ਦੂਜੀ ਮੁਖੀ ਸਨ।। ਪਹਿਲੀ, ਦਾਦੀ ਜਾਨਕੀ (1 ਜਨਵਰੀ, 1916 - 27 ਮਾਰਚ, 2020), ਨੇ ਸੰਗਠਨ ਦੀ ਮੁਖੀ ਵਜੋਂ ਵੀ ਸੇਵਾ ਨਿਭਾਈ। ਦਾਦੀ ਰਤਨ ਮੋਹਿਨੀ ਪਿਛਲੇ ਹਫ਼ਤੇ ਤੋਂ ਬਿਮਾਰ ਸਨ। ਐਤਵਾਰ ਸ਼ਾਮ ਨੂੰ ਉਨ੍ਹਾਂ ਦੀ ਹਾਲਤ ਵਿਗੜ ਗਈ ਸੀ ਅਤੇ ਉਨ੍ਹਾਂ ਨੂੰ ਰਾਜਸਥਾਨ ਦੇ ਆਬੂ ਰੋਡ ਦੇ ਸ਼ਾਂਤੀਵਨ ਦੇ ਟਰਾਮਾ ਸੈਂਟਰ ਵਿਚ ਡਾਇਲਸਿਸ ਲਈ ਤਬਦੀਲ ਕਰ ਦਿਤਾ ਗਿਆ। ਇਸ ਉਪਰੰਤ ਮੰਗਲਵਾਰ ਨੂੰ ਸਵੇਰੇ 1:20 ਵਜੇ ਉਨ੍ਹਾਂ ਦਾ ਦੇਹਾਂਤ ਹੋ ਗਿਆ।
ਜਾਣਕਾਰੀ ਅਨੁਸਾਰ ਉਨ੍ਹਾਂ ਦੀ ਦੇਹ ਨੂੰ ਅੰਤਿਮ ਸੰਸਕਾਰ ਲਈ ਆਬੂ ਰੋਡ ਸਥਿਤ ਬ੍ਰਹਮਾ ਕੁਮਾਰੀਆਂ ਦੇ ਮੁੱਖ ਦਫ਼ਤਰ ਸ਼ਾਂਤੀਵਨ ਲਿਆਂਦਾ ਜਾਵੇਗਾ, ਜਿਸ ਦਾ ਸਮਾਂ ਅਜੇ ਤੈਅ ਨਹੀਂ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਦੀਦੀ ਰਤਨ ਮੋਹਿਨੀ ਨੇ 1954 ਵਿਚ ਜਾਪਾਨ ’ਚ ਵਿਸ਼ਵ ਸ਼ਾਂਤੀ ਸੰਮੇਲਨ ਵਿਚ ਬ੍ਰਹਮਾ ਕੁਮਾਰੀਆਂ ਦੀ ਨੁਮਾਇੰਦਗੀ ਕੀਤੀ ਅਤੇ ਬਾਅਦ ਵਿਚ ਉਨ੍ਹਾਂ ਹਾਂਗ ਕਾਂਗ, ਸਿੰਗਾਪੁਰ ਅਤੇ ਮਲੇਸ਼ੀਆ ਵਿਚ ਅਧਿਆਤਮਿਕ ਸੇਵਾ ਕਰਦੇ ਹੋਏ ਏਸ਼ੀਆ ਭਰ ਦੀ ਯਾਤਰਾ ਕੀਤੀ।